ਬਰਤਾਨਵੀ ਸੰਸਦ ਮੈਂਬਰਾਂ ਵੱਲੋਂ ਹਥਿਆਰ ਨੂੰ ਧਰਮ ਨਾਲ ਨਾ ਜੋੜੇ ਜਾਣ ਦੀ ਅਪੀਲ

ਲੰਡਨ-ਬਰਤਾਨੀਆ ’ਚ ਨੌਜਵਾਨ ਹੈਨਰੀ ਨੋਵਾਕ ਦੀ ਹੱਤਿਆ ਲਈ ਦੋਸ਼ੀ ਵਿਕਰਮ ਦਿਗਵਾ ਵੱਲੋਂ ਵਰਤੇ ਗਏ ਹਥਿਆਰ ਨੂੰ ਧਰਮ ਨਾਲ ਜੋੜੇ ਜਾਣ ਦੀ ਕੋਸ਼ਿਸ਼ ਮਗਰੋਂ ਮੁਲਕ ’ਚ ਤਣਾਅ ਲਗਾਤਾਰ ਵਧ ਰਿਹਾ ਹੈ। ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਬੁਲਾਰੇ ਅਤੇ ਸਿੱਖ ਸੰਸਦ ਮੈਂਬਰਾਂ ਨੇ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨੌਜਵਾਨ ਦੀ ਹੱਤਿਆ ’ਚ ਵਰਤੇ ਗਏ ਹਥਿਆਰ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਹੈ।

ਇਹ ਮਾਮਲਾ ਉਦੋਂ ਹੋਰ ਭਖ ਗਿਆ ਜਦੋਂ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਸੋਸ਼ਲ ਮੀਡੀਆ ’ਤੇ ਪੁਲੀਸ ਬਾਡੀ ਕੈਮਰੇ ਦੀ ਵੀਡੀਓ ਸਾਂਝੀ ਕਰਦਿਆਂ ਇਸ ਕਤਲ ਲਈ ਪਰਵਾਸੀਆਂ ਦੇ ਵੱਡੇ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ। ਸਟਾਰਮਰ ਦੇ ਤਰਜਮਾਨ ਨੇ ਇਸ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ, ‘‘ਕੁਝ ਲੋਕ ਸਾਡੇ ਲੋਕਤੰਤਰ ’ਚ ਦਖ਼ਲ ਦੇਣ ਅਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨੋਵਾਕ ਦਾ ਪਰਿਵਾਰ ਨਹੀਂ ਚਾਹੁੰਦਾ ਕਿ ਇਸ ਵਾਰਦਾਤ ਦੀ ਵਰਤੋਂ ਨਫ਼ਰਤ ਜਾਂ ਤਣਾਅ ਪੈਦਾ ਕਰਨ ਲਈ ਕੀਤੀ ਜਾਵੇ।’’

ਦੂਜੇ ਪਾਸੇ 11 ਬਰਤਾਨਵੀ ਸਿੱਖ ਸੰਸਦ ਮੈਂਬਰਾਂ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਜਸ ਅਠਵਾਲ, ਸਤਵੀਰ ਕੌਰ, ਬੀ ਸ਼ੰਕਰ, ਜੀਵਨ ਸੰਧਰ, ਸੋਨੀਆ ਕੁਮਾਰ, ਹਰਪ੍ਰੀਤ ਕੌਰ ਉੱਪਲ, ਵਰਿੰਦਰ ਜੱਸ, ਕਿਰਿਥ ਐਂਟਵਿਸਲ ਅਤੇ ਗੁਰਿੰਦਰ ਸਿੰਘ ਜੋਸਨ ਨੇ ਸਾਂਝਾ ਬਿਆਨ ਜਾਰੀ ਕਰ ਕੇ ਸਪੱਸ਼ਟ ਕੀਤਾ ਕਿ ਇਹ ਕਤਲ ਸਿੱਖ ਧਰਮ ਨਾਲ ਸਬੰਧਤ ਨਹੀਂ ਹੈ ਅਤੇ ਵਰਤਿਆ ਗਿਆ ਹਥਿਆਰ ‘ਕਿਰਪਾਨ’ ਨਹੀਂ ਸੀ। ਉਨ੍ਹਾਂ ਕਿਹਾ ਕਿ ਅਦਾਲਤ ਨੇ ਵੀ ਇਸ ਨੂੰ ਘਾਤਕ ਹਥਿਆਰ ਮੰਨਿਆ ਹੈ। ਉੱਧਰ, ਸਾਊਥੈਂਪਟਨ ’ਚ ਗੁਰਦੁਆਰਾ ਖਾਲਸਾ ਦਰਬਾਰ ਦੇ ਤਰਜਮਾਨ ਨੇ ਕਿਹਾ ਕਿ ਇਸ ਘਟਨਾ ਮਗਰੋਂ ਸਿੱਖ ਭਾਈਚਾਰਾ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸ ਦੌਰਾਨ ਸਾਊਥੈਂਪਟਨ ’ਚ ਦਿਗਵਾ ਦੇ ਘਰ ਨੇੜੇ ਹੋਈਆਂ ਹਿੰਸਕ ਝੜਪਾਂ ਦੇ ਸਬੰਧ ਵਿੱਚ ਪੁਲੀਸ ਨੇ ਹੁਣ ਤੱਕ ਅੱਠ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।