ਬੜੀ ਵਾਰ ਅਸੀਂ ਪਰਛਾਵਿਆਂ ਬਾਰੇ ਵਾਦ-ਵਿਵਾਦ ਕਰਦੇ ਹਾਂ ਤੇ ਅਸਲ ਵਸਤ ਨੂੰ ਨਜ਼ਰ-ਅੰਦਾਜ਼ ਕਰੀ ਰੱਖਦੇ ਹਾਂ।
ਮਨੁੱਖ ਦੀ ਹਾਲਤ ਕੀ ਹੈ ? ਉਸ ਦੇ ਨੈਣ ਪਰਾਈ ਸੁੰਦਰਤਾ ਪਿੱਛੇ ਵਿਕਾਰੀ ਹੋਏ ਸੁੰਘਦੇ ਫਿਰਦੇ ਹਨ। ਉਸ ਦੇ ਕੰਨ ਨਿੰਦਿਆ ਭਰੇ ਵਿਚਾਰ ਸੁਣ ਸੁਣ ਗ਼ਾਫ਼ਲ ਹੋਏ ਰਹਿੰਦੇ ਹਨ। ਉਸ ਦੀ ਰਸਨਾ ਰਸਾਂ ਵਿਚ ਗ਼ਲਤਾਨ ਹੋਈ ਸੁੱਤੀ ਪਈ ਰਹਿੰਦੀ ਹੈ। ਉਸ ਦਾ ਮਨ ਮਾਇਆ ਦੇ ਜ਼ਹਿਰੀਲੇ ਨਸ਼ੇ ਵਿਚ ਮਸਤ ਬੇਹੋਸ਼ ਪਿਆ ਰਹਿੰਦਾ ਹੈ। ਇਥੇ ਕੋਈ ਜਾਗਦਾ ਵੀ ਹੈ ? ਇਥੇ ਕੋਈ ਵਿਰਲਾ ਵਿਚਾਰਵਾਨ ਹੀ ਜਾਗਦਾ ਹੈ । ਬਾਕੀ ਤਾਂ ਸਭ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹਨ। ਆਪਣੇ ਖੱਪਰ ਵਿਚ ਪਰਾਏ ਵਿਚਾਰ ਪੁਆਈ ਫਿਰਦੇ ਹਨ। ਪਰ ਕਈਆਂ ਦੇ ਤਾਂ ਖੱਪਰ ਵੀ ਟੁੱਟੇ ਭੱਜੇ ਹਨ। ਉਹ ਤਾਂ ਵਿਚਾਰਾਂ ਦੀ ਭਿਖਿਆ ਵੀ ਠੀਕ ਤਰ੍ਹਾਂ ਨਹੀਂ ਪੁਆ ਸਕਦੇ । ਪਰਾਏ ਵਿਚਾਰਾਂ ਦੇ ਬੰਧਨਾਂ ਵਿਚ ਹੀ ਬੱਝੇ ਫਿਰਦੇ ਹਨ। ਇਥੇ ਤਾਂ ਜੋ ਵਿਦਵਾਨ ਵੀ ਹਨ, ਪੰਡਿਤ ਵੀ ਹਨ, ਉਹ ਵੀ ਪੁਸਤਕਾਂ ਤਾਂ ਪੜ੍ਹੇ ਹੋਏ ਹਨ, ਪਰ ਵਿਚਾਰਵਾਨ ਨਹੀਂ ਹੋਏ। ਜਿਸ ਕਿਸੇ ਪਾਸ ਵਿਚਾਰਾਂ ਦਾ ਅਸਲ ਚੱਜ ਹੈ, ਉਹ ਤਾਂ ਸਾਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ। ਉਹ ਵੀ ਵਖ਼ਤ ਵਿਚਾਰਦਾ ਹੈ, ਉਹ ਵਿਰਲਾ ਹੀ ਅਸਲ ਵਿਚਾਰਵਾਨ ਪੰਡਿਤ ਹੈ। ਉਹੀ ਵਿਚਾਰ ਵਿਚਾਰ ਕੇ ਕਦਮ ਪੁੱਟਦਾ ਹੈ। ਬਾਕੀ ਦੀ ਪੰਡਿਤਾਈ ਤਾਂ ਨਿਰਾ ਬੰਧਨ ਹੈ। ਫਿਰ ਤਾਂ ਵੇਦ ਪਾਠ ਵੀ ਸੰਸਾਰ ਦੀ ਕਾਰ ਹੈ, ਜੋ ਬੰਨ੍ਹਦੀ ਹੈ। ਪੜ੍ਹ ਪੜ੍ਹ ਕੇ ਵੀ ਨਿਰੀ ਖ਼ੁਆਰੀ ਹੀ ਪ੍ਰਾਪਤ ਹੋਈ ਹੈ। ਤੱਤ ਵਿਚਾਰ ਦਾ ਰਤਨ ਤਾਂ ਕੋਈ ਪਾਰਖੂ ਹੀ ਪਛਾਣਦਾ ਹੈ। ਬਾਕੀ ਤਾਂ ਵਾਦ-ਵਿਵਾਦ ਦੇ ਝਗੜੇ ਵਿਚ ਹੀ ਬੱਝੇ ਫਿਰਦੇ ਹਨ :
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥
(ਵਾਰ ਗਉੜੀ ਮ: ੪, ਅੰਗ 316)
ਡਾ. ਜਸਵੰਤ ਸਿੰਘ ਨੇਕੀ
