ਪਿਆਰ ਨਾਲ ਜੋ ਪ੍ਰਭੂ ਦਾ ਨਾਮ ਸਿਮਰਦੇ ਹਨ, ਉਹ ਉਸ ਅੰਦਰ ਸਮਾ ਜਾਂਦੇ ਹਨ।
ਜਿਨ੍ਹਾਂ ਮਹਾਂਪੁਰਖਾਂ ਸਾਰੀ ਉਮਰ ਆਪ ਨਾਮ ਦੀ ਆਰਾਧਨਾ ਕੀਤੀ ਤੇ ਹੋਰਨਾਂ ਤੋਂ ਆਰਾਧਨਾ ਕਰਵਾਈ, ਨਾਮ ਜਪਦਿਆਂ ਜਿਨ੍ਹਾਂ ਰੂਹਾਨੀਅਤ ਦੀਆਂ ਸਮੱਸਤ ਮੰਜ਼ਿਲਾਂ ਤੈਅ ਕੀਤੀਆਂ ਤੇ ਸਾਰੇ ਅਧਿਆਤਮਕ ਰਹੱਸਾਂ ਤੋਂ ਜਾਣੂ ਹੋਏ, ਓਹੀ ਨਾਮ ਜਪਣ ਦੀ ਮਹੱਤਾ ਲਖ ਤੇ ਦੱਸ ਸਕਣ ਦੇ ਅਧਿਕਾਰੀ ਹਨ। ਐਸੇ ਵਿਰਲੇ ਮਹਾਂਪੁਰਖਾਂ ਵਿੱਚੋਂ ਇਕ ਗੁਰਮੁਖ ਬਾਬਾ ਹਰੀ ਸਿੰਘ ਜੀ ਹੋਏ ਹਨ, ਜਿਨ੍ਹਾਂ ਨੇ ਇਹਨਾਂ ਰਹੱਸਾਂ ਦੀ ਸਵਿਸਥਾਰ ਚਰਚਾ ਆਪਣੀ ਮਹਾਨ ਪੁਸਤਕ ਰਾਹਨੁਮਾਏ ਦੀਦਾਰੇ ਹੱਕ ਵਿਚ ਕੀਤੀ ਹੈ । ਹੇਠਾਂ ਉਸੇ ਪੁਸਤਕ ਵਿੱਚੋਂ ਪ੍ਰਾਪਤ ਹੋਏ ਵਿਚਾਰਾਂ ਦਾ ਸਾਰੰਸ਼ ਹੈ।
ਸਤਿਨਾਮ ਅਥਵਾ ‘ਇਸਮੇ ਆਜ਼ਮ’ ਦੇ ਜਾਪ ਅਥਵਾ ਵਿਰਦ ਦੀਆਂ ਬੜੀਆਂ ਜੁਗਤਾਂ ਹਨ, ਜਿਨ੍ਹਾਂ ਦਾ ਇਕੀਸ਼ਵਰ-ਉਪਾਸ਼ਨਾ ਵਿਚ ਵੱਡਾ ਦਖ਼ਲ ਹੈ। ਸਾਰੇ ਰਿਸ਼ੀ ਮੁਨੀ ਇਹਨਾਂ ਜਾਪ-ਜੁਗਤਾਂ ਨੂੰ ਗੁਪਤ ਰੱਖਦੇ ਤੇ ਸੀਨਾ-ਬ-ਸੀਨਾ ਹੀ ਅੱਗੇ ਤੋਰਦੇ ਸਨ। ਗੁਪਤ ਰੱਖਣ ਦੇ ਕੁਝ ਜ਼ਰੂਰੀ ਕਾਰਨ ਸਨ । ਪਹਿਲਾ ਇਹ ਕਿ ਇਸ ਨਾਮ ਦੀ ਪਵਿੱਤਰਤਾ ਕਾਇਮ ਰਹੇ। ਇਸ ਲਈ ਗੁਰੂ ਕੇਵਲ ਉਸੇ ਸਾਧਕ ਨੂੰ ਨਾਮ ਦਾਨ ਦੇਂਦਾ ਸੀ, ਜੋ ਇਸ ਦਾ ਅਧਿਕਾਰੀ ਹੋਵੇ । ਗੁਰੂ ਜਿਸ ਨੂੰ ਨਾਮ ਦਾਨ ਦੇਂਦਾ ਸੀ, ਉਸ ਪਾਸੋਂ ਉਮੀਦ ਕਰਦਾ ਸੀ ਕਿ ਉਹ ਉਸ ਨੂੰ ਗੁਪਤ ਰੱਖੇਗਾ, ਕਿਉਂਕਿ ਜੇ ਹਾਰੀ-ਸਾਰੀ ਨਾਮ ਦਾਨ ਦੇਣ ਲੱਗ ਪਿਆ ਤੇ ਅਣ-ਅਧਿਕਾਰੀਆਂ ਪਾਸ ਚਲਾ ਗਿਆ ਤਾਂ ਇਸ ਦਾ ਕੁਪਰਿਣਾਮ ਹੋਣ ਦੀ ਸੰਭਾਵਨਾ ਬੜੀ ਹੋ ਜਾਂਦੀ ਹੈ।
ਦੂਜਾ ਕਾਰਨ ਇਹ ਸੀ ਕਿ ਨਾਮ ਵੰਡਣ ਵਾਲੇ ਦੀ ਆਪਣੀ ਕਮਾਈ ਇਤਨੀ ਹੋਵੇ ਕਿ ਉਹ ਆਪ ਉਸ ਸਾਧਕ ਦੀ, ਜਿਸ ਨੂੰ ਉਹ ਨਾਮ ਦੇਵੇ, ਅਗਵਾਈ ਕਰਨ ਤੇ ਸਹਾਇਤਾ ਕਰਨ ਦੇ ਸਮਰੱਥ ਹੋਵੇ। ਇਉਂ ਇਕ ਗੁਪਤ ਰਿਸ਼ਤਾ ਗੁਰੂ ਤੇ ਸੇਵਕ ਵਿਚਾਲੇ ਪੈਦਾ ਹੋ ਜਾਂਦਾ ਸੀ, ਜਿਸ ਸਦਕਾ :
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥
ਸੇਵਕ ਕਉ ਗੁਰੁ ਸਦਾ ਦਇਆਲ ॥
(ਗਉੜੀ ਸੁਖਮਨੀ ਮ: ੫, ਅੰਗ 286)
ਤੀਸਰਾ ਕਾਰਨ ਇਹ ਹੁੰਦਾ ਸੀ ਕਿ ਜਿਸ ਸਾਧਕ ਤਾਈਂ ਗੁਰੂ ਗੁਪਤ ਨਾਮ ਪ੍ਰਗਟ ਕਰ ਕੇ ਦੇਂਦਾ ਸੀ, ਉਸ ਦਾ ਆਤਮ ਬਲ ਤੇ ਆਤਮ ਵਿਸ਼ਵਾਸ ਵੱਧ ਜਾਂਦਾ ਸੀ । ਅਧਿਆਤਮਕ ਮਾਰਗ ਦਾ ਸਫ਼ਰ ਆਤਮ ਬਲ ਤੇ ਗੁਰੂ ਕਿਰਪਾ ਦੇ ਸਿਰ ‘ਤੇ ਹੀ ਸੰਪੂਰਨ ਤੇ ਸੁਖੈਨ ਕੀਤਾ ਜਾ ਸਕਦਾ ਹੈ।
ਚੌਥਾ ਕਾਰਨ ਇਹ ਸੀ ਕਿ ਸਾਧਕ ਨੂੰ ਵਿਸ਼ਵਾਸ ਹੋ ਜਾਂਦਾ ਸੀ ਕਿ ਜਿਸ ਗੁਰੂ ਨੇ ਉਸ ਦੇ ਲਈ ਗੁਹਜ ਨਾਮ ਦਾ ਪ੍ਰਗਾਸ ਕੀਤਾ ਹੈ, ਸਦਾ ਉਸ ਦੀ ਆਗਿਆ ਵਿਚ ਰਹਿ ਕੇ ਤੇ ਉਸ ਦੇ ਆਦੇਸ਼ ‘ਤੇ ਚੱਲ ਕੇ ਹੀ ਉਹ ਅਧਿਆਤਮਕ ਮਾਰਗ ਦਾ ਬਿਖੜਾ ਪੈਂਡਾ ਤੈਅ ਕਰ ਸਕੇਗਾ।
