views 13 secs 0 comments

ਨਾਮ

ਲੇਖ
June 10, 2026

ਨਾਮ ਬੜਾ ਵਿਚਿੱਤ੍ਰ ਸ਼ਬਦ ਹੈ। ਕੁਝ ਭਾਸ਼ਾ ਵਿਗਿਆਨੀ ਇਸ ਨੂੰ ਸੰਸਕ੍ਰਿਤ ਦੇ ‘ਣਮ’ ਪਦ ਤੋਂ ਉਪਜਿਆ ਮੰਨਦੇ ਹਨ, ਕੁਝ ਇਸੇ ਭਾਸ਼ਾ ਦੇ ‘ਮਨਾ’ ਪਦ ਤੋਂ। ਕੁਝ ਦਾ ਵਿਚਾਰ ਹੈ ਕਿ ਇਹ ਫ਼ਾਰਸੀ ਦੇ ਸ਼ਬਦ ‘ਨਾਮ’ ਨੂੰ ਤਦਸਮ ਰੂਪ ਵਿਚ ਅਪਨਾ ਲਿਆ ਗਿਆ ਹੈ। ਕਈ ਯੂਰਪੀ ਬੋਲੀਆਂ ਵਿਚ ਨਾਮ (Nam) ਸ਼ਬਦ ਇਹੋ ਭਾਵ ਦੇਂਦਾ ਹੈ। ਅੰਗਰੇਜ਼ੀ ਭਾਸ਼ਾ ਵਿਚ ਇਹ ‘ਨੇਮ’ (Name) ਬਣ ਗਿਆ ਹੈ। ਬਹਰਹਾਲ ਇਸ ਦਾ ਅਰਥ, ‘ਬੋਧ ਕਰਾਉਣ ਵਾਲੀ ਸੰਗਿਆ’ ਹੈ। ਐਸੀ ਸੰਗਿਆ, ਦੋ ਪ੍ਰਕਾਰਾਂ ਦੀ ਮੰਨੀ ਗਈ ਹੈ-ਵਸਤੂ-ਵਾਚਕ ਤੇ ਭਾਵ-ਵਾਚਕ।

ਗੁਰਬਾਣੀ ਵਿਚ ਇਹ ਪਦ ਵਾਹਿਗੁਰੂ ਦੇ ਨਾਮ ਵਾਸਤੇ ਵਰਤਿਆ ਗਿਆ ਹੈ। ਕਈ ਥਾਈਂ ਇਹ ਪਦ ਉਸ ਦਾ ਹੁਕਮ ਬੋਧ ਕਰ ਕੇ ਵੀ ਪ੍ਰਵਾਨਿਆ ਗਿਆ ਹੈ। ਗੁਰਬਾਣੀ ਵਿਚ ਇਹ ਕਈ ਰੂਪਾਂ ਵਿਚ ਆਇਆ ਹੈ, ਜਿਵੇਂ: ਨਾਮੁ, ਨਾਉ, ਨਾਇ, ਨਾਈ, ਨਾਵ, ਨਾਵੈ ਆਦਿ।

ਮੂਲ ਮੰਤ੍ਰ ਵਿਚ ਇਹ ਸਤਿ ਦੇ ਨਾਲ ਆਇਆ ਹੈ। ਉਥੇ ਇਹ ‘ਸਤਿ’ ਨੂੰ ਪ੍ਰਗਟ ਕਰਦਾ ਪ੍ਰਤੀਤ ਹੁੰਦਾ ਹੈ। ਸਤ ਬੋਧ ਰੂਪ (Signified) ਹੈ ਤੇ ਨਾਮੁ ਬੋਧਕ ਰੂਪ (Signifier)। ਸਤਿ ਉਹ ਹੈ ਜੋ ‘ਹੈ’, ਜਿਸ ਦੀ ਹੋਂਦ ਯਕੀਨੀ ਹੈ ਤੇ ਨਾਮ ਉਸ ਦਾ ਬੋਧ ਕਰਾਉਂਦਾ ਹੈ। ਸਤਿ ਇਸ ਲੇਖੇ ‘ਨਾਮੀ’ ਹੈ ਤੇ ਨਾਮੀ ਨਾਲ ਨਾਮ ਦਾ ਅਨਿਖੜ ਸੰਬੰਧ ਹੈ।

ਜੇ ਵਾਹਿਗੁਰੂ ਦਾ ਨਾਮ ਲਈਏ ਤਾਂ ਕੀ ਉਹ ਵੀ ਅੱਗੋਂ ਹੁੰਗਾਰਾ ਭਰਦਾ ਹੈ? ਜਦ ਅਸੀਂ ਉਸ ਨੂੰ ‘ਹੇ ਪਿਆਰੇ ਪਿਤਾ’ ਕਹਿ ਕੇ ਪੁਕਾਰਦੇ ਹਾਂ ਤਾਂ ਉਹ ਅਵੱਸ਼ ‘ਹਾਂ ਮੇਰੇ ਬੱਚੇ’ ਕਹਿ ਕੇ ਸਾਨੂੰ ਸੰਬੋਧਨ ਕਰਦਾ ਹੈ—ਭਾਵੇਂ ਅਸੀਂ ਸੰਸਾਰਕ ਲੋਕ ਉਸ ਦੇ ਇਸ ਹੁੰਗਾਰੇ ਨੂੰ ਪਛਾਣ ਨਹੀਂ ਸਕਦੇ। ਸਾਰੇ ਸ੍ਰੇਸ਼ਟ ਧਰਮਾਂ ਅਨੁਸਾਰ ਕੇਵਲ ਨਾਮ ਹੀ ਸੱਚ ਹੈ, ਬਾਕੀ ਸਭ ਹੋਂਦ ਸੰਸਾਰਕ ਕੂੜ ਹੈ। ਇਹੋ ਨਾਮ ਸਾਰੇ ਖੰਡਾਂ-ਬ੍ਰਹਿਮੰਡਾਂ, ਆਕਾਸ਼ਾਂ ਪਾਤਾਲਾਂ, ਸਮੱਸਤ ਆਕਾਰਾਂ, ਸਗਲੇ ਜੀਆਂ ਜੰਤਾਂ, ਉਹਨਾਂ ਦੇ ਧਿਆਨਾਂ, ਧਰਮਾਂ, ਧਰਮ ਗ੍ਰੰਥਾਂ, ਅਰਥਾਤ ਸਾਰੇ ਵਿਸ਼ਵ ਨੂੰ ਧਾਰੀ ਬੈਠਾ ਹੈ।

ਇਸੇ ਨਾਮ ਰਾਹੀਂ ਪਾਰਬ੍ਰਹਮ ਪਰਮੇਸ਼ਰ ਆਪਣਾ ਆਪਾ ਸਾਰੀ ਸਿਰਜਣਾ ਉਪਰ ਪ੍ਰਗਟ ਕਰ ਰਿਹਾ ਹੈ। ਜੋ ਕੋਈ ਵੀ ਇਸ ਨਾਮ ਦਾ ਧਿਆਨ ਧਰਦੇ ਅਥਵਾ ਸਿਮਰਦੇ ਹਨ, ਉਹਨਾਂ ਨੂੰ ਹੀ ਸੱਦ ਪੈਂਦੀ ਹੈ। ਉਹਨਾਂ ਨੂੰ ਹੀ ਪਰਮੇਸ਼ਰ ਮਿਲਦਾ ਹੈ।

ਡਾ. ਜਸਵੰਤ ਸਿੰਘ ਨੇਕੀ