ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਨਮ ਦੀਵਾਨ ਕੌੜਾ ਮੱਲ ਦੇ ਵੰਸ਼ਜ ਡਾ. ਚਰਨ ਸਿੰਘ ਦੇ ਘਰ ਬੀਬੀ ਉੱਤਮ ਕੌਰ ਦੀ ਕੁਖੋਂ 5 ਦਸੰਬਰ 1872 ਈ. ਵਿਚ ਕਟੜਾ ਗਰਬਾ ਸਿੰਘ, ਅੰਮ੍ਰਿਤਸਰ ਵਿਚ ਹੋਇਆ। ਭਾਈ ਸਾਹਿਬ ਦੇ ਦਾਦਾ ਕਾਹਨ ਸਿੰਘ ਅਤੇ ਨਾਨਾ ਗਿ.
ਹਜ਼ਾਰਾ ਸਿੰਘ ਜੀ ਸਿੰਘ ਸਭਾ ਲਹਿਰ ਦੇ ਪ੍ਰਸਿੱਧ ਵਿਦਵਾਨ ਸਨ । ਭਾਈ ਸਾਹਿਬ ਦਾ ਬਚਪਨ ਗਿ. ਹਜ਼ਾਰਾ ਸਿੰਘ ਨਾਨਾ ਜੀ ਪਾਸ ਹੀ ਬੀਤਿਆ। ਭਾਈ ਵੀਰ ਸਿੰਘ ਨੇ ਉਰਦੂ-ਫ਼ਾਰਸੀ ਦੀ ਜਾਣਕਾਰੀ ਇਕ ਮੁੱਲਾਂ ਪਾਸੋਂ ਅਤੇ ਪੰਜਾਬੀ ਭਾਸ਼ਾ ਦਾ ਗਿਆਨ ਗਿਆਨੀ ਹਰਭਜਨ ਸਿੰਘ ਹੋਰਾਂ ਪਾਸੋਂ ਪ੍ਰਾਪਤ ਕੀਤਾ। ਅੱਠ ਸਾਲ ਦੀ ਉਮਰ ਵਿਚ ਭਾਈ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਮੁਕੰਮਲ ਕੀਤਾ। 1891 ਈ. ਵਿਚ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ ਪ੍ਰਵੇਸ਼ ਪ੍ਰੀਖਿਆ ਜ਼ਿਲ੍ਹੇ ਭਰ ‘ਚੋਂ ਅਵੱਲ ਰਹਿ ਕੇ ਪਾਸ ਕੀਤੀ । ਆਪ ਦਾ ਵਿਆਹ 17 ਸਾਲ ਦੀ ਉਮਰ ਵਿਚ ਅੰਮ੍ਰਿਤਸਰ ਨਿਵਾਸੀ ਬੀਬੀ ਚਤੁਰ ਕੌਰ ਨਾਲ ਹੋਇਆ। ਸਾਹਿਤ ਸਿਰਜਨਾ ਦਾ ਕੰਮ ਆਪ ਨੇ 20 ਸਾਲਾਂ ਦੀ ਉਮਰ ਵਿਚ 1892 ਈ. ਤੋਂ ਸ਼ੁਰੂ ਕਰ ਦਿੱਤਾ ਸੀ ਪਰ ਪਹਿਲੀ ਪੁਸਤਕ ‘ਸੁੰਦਰੀ’ 1898 ਈ. ਵਿਚ ਛਪੀ । ਭਾਈ ਵੀਰ ਸਿੰਘ ਜੀ ਨੇ ਕੌਮ ਨੂੰ ਜਾਗਰਤ ਕਰਨ ‘ਤੇ ਅਮੀਰ ਵਿਰਸੇ ਨਾਲ ਜੋੜਨ ਲਈ ਬੇਅੰਤ ਸਾਹਿਤ ਰਚਿਆ। ਮਾ. ਤਾਰਾ ਸਿੰਘ ਜੀ ਆਪ ਜੀ ਰਚਿਤ ‘ਸੁੰਦਰੀ’ ਨਾਵਲ ਪੜ੍ਹ ਕੇ ਹੀ ਗ਼ੈਰ ਸਿੱਖ ਤੋਂ ਸਿੱਖ ਬਣੇ ਸਨ। ਆਪ ਜੀ ਦੀਆਂ ਸਾਹਿਤ ਸੇਵਾਵਾਂ ਬਦਲੇ 1949 ਈ. ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ‘ਡਾਕਟਰ ਆਫ਼ ਓਰੀਐਂਟਲ’ ਲਿਟਰੇਚਰ ਦੀ ਡਿਗਰੀ ਪ੍ਰਦਾਨ ਕੀਤੀ ਗਈ ਸੀ। 1956 ਈ. ਵਿਚ ਗਣਰਾਜ ਦਿਵਸ ਮੌਕੇ ਭਾਈ ਵੀਰ ਸਿੰਘ ਜੀ ਨੂੰ ‘ਪਦਮ ਭੂਸ਼ਨ’ ਨਾਲ ਸਨਮਾਨਿਤ ਕੀਤਾ ਗਿਆ। ਭਾਈ ਵੀਰ ਸਿੰਘ ਜੀ 10 ਜੂਨ 1957 ਈ. ਸੋਮਵਾਰ ਦੀ ਸ਼ਾਮ ਨੂੰ ਚਾਰ ਵੱਜ ਕੇ 25 ਮਿੰਟ ‘ਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਭਾਈ ਵੀਰ ਸਿੰਘ ਜੀ ਨੇ ਗੁਰਬਾਣੀ ਦੀ ਵਿਆਖਿਆਕਾਰੀ, ਇਤਿਹਾਸਕਾਰੀ ਰਾਹੀਂ ਜੋ ਸਿੱਖ ਕੌਮ ਦੀ ਸੇਵਾ ਕੀਤੀ ਹੈ, ਉਸ ਕਰਕੇ ਕੌਮ ਉਨ੍ਹਾਂ ਦੀ ਰਿਣੀ ਰਹੇਗੀ।
(ਡਾ. ਗੁਰਪ੍ਰੀਤ ਸਿੰਘ)
