
ਭਾਈ ਰੇਸ਼ਮ ਸਿੰਘ ਸੁਖਮਨੀ ਸੇਵਾ ਵਾਲੇ
ਗੁਰੁ ਨਾਨਕ ਐਵੀਨਿਊ, ਮਜੀਠਾ ਰੋਡ,
ਅੰਮ੍ਰਿਤਸਰ। ਮੋ. 9815143526
1. ਜਿਹੜੇ ਸਿੱਖ ਦੇ ਗਲ ਵਿਚ ਰੱਬ ਆਪਣੀ ਭਗਤੀ ਦਾ ਪਟਾ ਪਾ ਦਿੰਦਾ ਹੈ, ਐਸਾ ਸਿੱਖ ਰੱਬ ਦਾ ਕੂਕਰ ਬਣ ਜਾਂਦਾ ਹੈ।
2. ਜਿਹੜੇ ਸਿੱਖ ਦੇ ਹਿਰਦੇ ਅੰਦਰ ਰੱਬੀ ਨਾਮ ਦੀ ਤੜਫ ਪੈਦਾ ਹੋ ਜਾਂਦੀ ਹੈ, ਐਸਾ ਸਿੱਖ ਰੱਬ ਦੇ ਦਰ ’ਤੇ ਪ੍ਰਵਾਨ ਹੋ ਜਾਂਦਾ ਹੈ।
3. ਜਿਹੜੇ ਸਿੱਖ ਦੇ ਹਿਰਦੇ ਅੰਦਰ ਗੁਰਬਾਣੀ ਵਸ ਜਾਂਦੀ ਹੈ, ਐਸੇ ਸਿੱਖ ਦੇ ਹਿਰਦੇ ਅੰਦਰ ਰੱਬੀ ਨਾਮ ਦਾ ਪ੍ਰੇਮ ਉਤਰਨ ਲੱਗ ਪੈਂਦਾ ਹੈ।
4. ਜਿਹੜਾ ਸਿੱਖ ਹਰ ਰੋਜ਼ ਅਰਦਾਸ ਵਿਚ ਰੱਬੀ ਨਾਮ ਹੀ ਮੰਗਦਾ ਹੈ, ਐਸੇ ਸਿੱਖ ਨੂੰ ਗੁਰੂ ਮੋਕਸ਼ ਦੀ ਦਾਤ ਦੇ ਦਿੰਦਾ ਹੈ।
5. ਜਿਹੜਾ ਸਿੱਖ ਗੁਰਸ਼ਬਦ ਦੀ ਕਮਾਈ ਕਰਦਾ ਹੈ, ਗੁਰੂ ਸ਼ਬਦ ਦੀ ਕੀਤੀ ਕਮਾਈ ਹੀ ਉਸਨੂੰ ਰੱਬ ਦੇ ਨੇੜੇ ਲੈ ਜਾਂਦੀ ਹੈ।
6. ਜਿਹੜੇ ਮਨੁੱਖ ਦੇ ਹਿਰਦੇ ਅੰਦਰ ਰੱਬੀ ਨਾਮ ਦੀ ਪ੍ਰਤੀਤ ਨਹੀਂ ਹੁੰਦੀ, ਐਸੇ ਮਨੱੁਖ ਦੇ ਹਿਰਦੇ ਅੰਦਰ ਰੱਬੀ ਨਾਮ ਦੀ ਪ੍ਰੀਤ ਵੀ ਨਹੀ ਹੁੰਦੀ
7. ਗੁਰਦੁਆਰਾ ਸੋਨੇ ਜਾਂ ਪੱਥਰਾਂ ਕਰਕੇ ਸੋਹਣਾ ਨਹੀ ਹੁੰਦਾ ਗੁਰਦੁਆਰਾ ਗੁਰੂ ਕਰਕੇ ਸੋਹਣਾ ਹੁੰਦਾ ਹੈ।
8. ਫਿੱਕੇ ਬੋਲ ਬੋਲਣ ਵਾਲੇ ਮਨੱੁਖ ਦੇ ਕੋਲ ਨਾ ਬਹਿਣ ਦਾ ਸੁਆਦ ਹੁੰਦਾ ਹੈ ਅਤੇ ਨਾ ਹੀ ਰਹਿਣ ਦਾ ਸੁਆਦ ਹੁੰਦਾ ਹੈ।
9. ਮਨੱੁਖ ਦੇ ਹਿਰਦੇ ਅੰਦਰ ਗੁਰੂ ਪ੍ਰਤੀ ਜਿਹੋ ਜਿਹੀ ਭਾਵਨਾ ਹੁੰਦੀ ਹੈ, ਐਸੇ ਮਨੁੱਖ ਨੂੰ ਉਹੋ ਜਿਹਾ ਹੀ ਫਲ ਪ੍ਰਾਪਤ ਹੋ ਜਾਂਦਾ ਹੈ।
10. ਜਿਸ ਦਿਨ ਸਿੱਖ ਦਾ ਧਿਆਨ ਪ੍ਰਮਾਤਮਾ ਵੱਲ ਹੋ ਜਾਂਦਾ ਹੈ, ਉਸ ਦਿਨ ਪ੍ਰਮਾਤਮਾ ਦਾ ਧਿਆਨ ਵੀ ਸਿੱਖ ਵੱਲ ਹੋ ਜਾਂਦਾ ਹੈ।
11. ਜਿਸ ਦਿਨ ਗੁਰੂ ਸਿੱਖ ’ਤੇ ਮਿਹਰ ਦੀ ਨਿਗਾਹ ਨਾਲ ਵੇਖ ਲੈਂਦਾ ਹੈ। ਉਸ ਦਿਨ ਸਿੱਖ ਦੀ ਬੁੱਧੀ ਵੀ ਬਿਬੇਕ ਹੋ ਜਾਂਦੀ ਹੈ।
12. ਮਾਇਆ ਦੇ ਮੋਹ ਕਰਕੇ ਮਨੱੁਖ ਆਪਣੀ ਇਨਸਾਨੀਅਤ ਵੀ ਵੇਚ ਦਿੰਦਾ ਹੈ।
13. ਜਿਸ ਸਿੱਖ ਦਾ ਮਨ ਸ਼ੁੱਧ ਹੋ ਜਾਂਦਾ ਹੈ, ਐਸੇ ਸਿੱਖ ਦਾ ਵੀਚਾਰ, ਅਹਾਰ ਅਤੇ ਕਿਰਦਾਰ ਵੀ ਸ਼ੁੱਧ ਹੋ ਜਾਂਦਾ ਹੈ।
14. ਰੱਬ ਦੀ ਰਜਾ ਵਿਚ ਰਹਿਣਾ ਹੀ, ਰੱਬੀ ਨਾਮ ਦੀ ਕਮਾਈ ਹੁੰਦੀ ਹੈ।
15. ਜਿਸ ਮਨੁੱਖ ਦੇ ਵੀਚਾਰ ਸ਼ੁੱਧ ਨਹੀਂ ਹੁੰਦੇ, ਐਸੇ ਮਨੱੁਖ ਦਾ ਕਿਰਦਾਰ ਸ਼ੁੱਧ ਵੀ ਨਹੀਂ ਹੁੰਦਾ।
16. ਜਦੋਂ ਸੁਰਤ ਅਤੇ ਸ਼ਬਦ ਦਾ ਸੁਮੇਲ ਹੋ ਗਿਆ. ਸਮਝੋ ਕਿ ਸਿੱਖ ਦਾ ਤੇ ਰੱਬ ਦਾ ਹੁਣ ਮੇਲ ਹੋ ਗਿਆ।
17. ਜਿਹੜਾ ਸਿੱਖ ਰੱਬ ਨੂੰ ਵਿਸਾਰ ਕੇ, ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ ਜੁੜ ਜਾਂਦਾ ਹੈ, ਐਸਾ ਮਨੱੁਖ ਅਕ੍ਰਿਤਘਣ ਨਿਆਈ ਹੁੰਦਾ ਹੈ।
18. ਜਦੋਂ ਸਿੱਖ ਦਾ ਧਿਆਨ ਇਕ ਪ੍ਰਮਾਤਮਾ ’ਤੇ ਕੇਂਦਰ ਬਿੰਦੂ ਹੋ ਜਾਂਦਾ ਹੈ, ਐਸੇ ਸਿੱਖ ਦੇ ਸਾਰੇ ਦੁਖ, ਕਸ਼ਟ ਅਤੇ ਵਿਘਨ ਉਸਦੇ ਅੰਦਰ ਹੀ ਸੜ ਜਾਂਦੇ ਹਨ।
19. ਮਨੱੁਖ ਦੇ ਸੁਆਸ ਮੁਕ ਜਾਣ ਨਾਲ ਮਨੱੁਖੀ ਸਰੀਰ ਦੀ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨੱੁਖੀ ਮਨ ਦੇ ਫੁਰਨੇ ਮੁਕ ਜਾਣ ਨਾਲ ਮਨੁੱਖੀ ਮਨ ਦੀ ਮੌਤ ਹੋ ਜਾਂਦੀ ਹੈ।
20. ਜਿਹੜਾ ਸਿੱਖ ਜਿਉਂਦੇ ਜੀਅ ਦੁਨੀਆ ਦੀ ਆਸ ਅਤੇ ਮਾਇਆ ਦੀ ਪਿਆਸ ਛੱਡ ਦਿੰਦਾ ਹੈ, ਐਸੇ ਸਿੱਖ ਦੇ ਹਿਰਦੇ ਅੰਦਰ ਰੱਬੀ ਨਾਮ ਦੀ ਬਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ।
21. ਜਿਸ ਤਰ੍ਹਾਂ ਇਕ ਮਾਂ ਆਪਣੇ ਸੁੱਤੇ ਹੋਏ ਬੱਚੇ ਨੂੰ ਸਕੂਲ ਜਾਣ ਲਈ ਅੰਮ੍ਰਿਤ ਵੇਲੇ ਉਠਾਉਂਦੀ ਹੈ, ਇਸੇ ਤਰ੍ਹਾਂ ਗੁਰੂ ਵੀ ਆਪਣੇ ਸਿੱਖ ਨੂੰ ਅੰਮ੍ਰਿਤ ਵੇਲੇ ਉਠਾ ਕੇ ਆਪਣੇ ਨਾਲ ਜੋੜ ਲੈਂਦਾ ਹੈ।