
ਪੁਰਾਤਨ ਸਮੇਂ ਤੋਂ ਸਿੱਖ-ਪੰਥ ਵੱਲੋਂ ਕੀਤੀ ਜਾਣ ਵਾਲੀ ਅਰਦਾਸ ਵਿੱਚ ਇਹ ਸ਼ਬਦ ਹਰ ਅਰਦਾਸੀਆ ਸਿੰਘ ਉਚਾਰਨ ਕਰਦਾ ਹੈ–
“ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ”
ਅਸੀਂ ਇਥੇ ਇਨ੍ਹਾਂ ਤਿੰਨਾਂ ਦੇ ਨਾਵਾਂ ਦੇ ਅਰਥ, ਇਨ੍ਹਾਂ ਦਾ ਸਰੂਪ ਤੇ ਇਨ੍ਹਾਂ ਦੇ ਆਰੰਭਤੇ ਵਰਤਮਾਨ ਬਾਰੇ ਸੰਖੇਪ ਵੀਚਾਰ ਪੇਸ਼ ਕਰਾਂਗੇ —
ਚਾਰ ਪਹਿਰੇਦਾਰਾਂ ਦੀ ਟੋਲੀ ਨੂੰ ਵੀ ਚੌਂਕੀ ਆਖਦੇ ਹਨ ਜਿਵੇਂ ਕਿ ਮਹਾਂਵਾਕ ਹੈ-ਚਉਕੀ ਚਉਗਿਰਦ ਹਮਾਰੇ ॥ (ਸੋਰਠਿ ਮਹਲਾ ੫, ਪੰ: ੬੨੬)
ਚੌਂਕੀਆਂ- ਸਿੱਖ ਭਾਸ਼ਾ ਵਿੱਚ ਚੌਂਕੀ ਦਾ ਅਰਥ-ਗੁਰਬਾਣੀ ਦੇ ਸ਼ਬਦ ਗਾਉਣ ਵਾਲਾ
ਚਾਰ ਸਿੰਘਾਂ ਦਾ ਜੱਥਾ ‘ਗਾਵਤ ਚਉਂਕੀ ਸ਼ਬਦ ਪ੍ਰਕਾਸ਼’ (ਗੁਰ ਪ੍ਰਤਾਪ ਸੂਰਜ) ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਰਾਗੀ ਜਥਿਆਂ ਨੂੰ ਵੀ ਚੌਂਕੀਆਂ ਕਹਿੰਦੇ ਹਨ । ਜਿਨ੍ਹਾਂ ‘ਚੋਂ ਪੰਜ ਮੁੱਖ ਚੌਂਕੀਆਂ ਹਨ । ਇਥੇ ਚੌਂਕੀਆਂ ਤੋਂ ਭਾਵ ਉਹ ਸ਼ਬਦੀ ਜਥੇ ਹਨ ਜੋ ਦੋ ਹਿੱਸਿਆਂ ਵਿੱਚ ਹੋ ਕੇ ਬਿਨਾਂ ਸਾਜ਼ਾਂ ਤੋਂ ਜੋਟੀਆਂ ਦੇ ਸ਼ਬਦ ਪੜ੍ਹਦੇ ਚਲਦੇ ਹਨ । ਖਾਸ ਕਰ ਕੇ ਸ਼ਬਦ ਪੜ੍ਹਦੇ ਸ੍ਰੀ ਅੰਮ੍ਰਿਤਸਰ ਸਰੋਵਰ ਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਕਰਦੇ ਹਨ। ਇਸ ਸਮੇਂ ਇਹ ਪੰਜ ਚੌਂਕੀਆਂ ਹਨ –
੧. ਪਹਿਲੀ ਚੌਂਕੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿਲ੍ਹਾ ਗੁਆਲੀਅਰ ਵਿਖੇ ਨਜ਼ਰਬੰਦ ਹੋਣ ‘ਤੇ ਸਤਿਗੁਰਾਂ ਦੀ ਯਾਦ ਵਿੱਚ ਬਾਬਾ ਬੁੱਢਾ ਜੀ ਨੇ ਆਰੰਭ ਕੀਤੀ ਸੀ। ਇਸ ਚੌਂਕੀ ਦੀ ਪੂਰਨ ਮਰਯਾਦਾ ਇਸ ਪ੍ਰਕਾਰ ਹੈ :-
ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਉਪਰ ਸ੍ਰੀ ਰਹਿਰਾਸ ਦੇ ਪਾਠ ਦਾ ਭੋਗ ਪੈਣ ਉਪ੍ਰੰਤ ਚੌਂਕੀ ਦੇ ਮੁੱਖੀ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆ ਹਾਜ਼ਰ ਹੁੰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਸਾਹਿਬ ਇਨ੍ਹਾਂ ਨੂੰ ਸ੍ਰੀ ਸਾਹਿਬ ਤੇ ਇਕ ਨਿਸ਼ਾਨ ਸਾਹਿਬ ਬਖਸ਼ਸ਼ ਕਰਦੇ ਹਨ । ਇਹ ਦੋਨੋਂ ਵਸਤਾਂ ਪ੍ਰਾਪਤ ਕਰ ਕੇ ਇਨ੍ਹਾਂ ‘ਚੋਂ ਇਕ ਸਿੰਘ ਅਰਦਾਸ ਕਰਦਾ ਹੈ, ਉਪ੍ਰੰਤ ਗੁਰਬਾਣੀ ਦਾ ਸ਼ਬਦ ਗਾਉਣ ਨਾਲ ਚੌਂਕੀ ਦਾ ਆਰੰਭ ਹੋ ਜਾਂਦਾ ਹੈ । ਸ਼ਬਦ ਪੜ੍ਹਨ ਵਾਲੇ ਪ੍ਰੇਮੀਆਂ ਦੇ ਦੋ ਜਥੇ ਬਣ ਜਾਂਦੇ ਹਨ । ਅਗਲਾ ਜਥਾ ਸ਼ਬਦ ਪੜ੍ਹਦਾ ਹੈ ਤੇ ਦੂਜਾ ਜਥਾ ਉਸੇ ਤੁਕ ਨੂੰ ਪਹਿਲੇ ਜਥੇ ਵਾਂਗ ਮਗਰ ਪੜ੍ਹਦਾ ਹੈ । ਇਕ ਮਸਾਲਚੀ ਰੌਸ਼ਨੀ ਹਿੱਤ ਚੌਂਕੀ ਦੇ ਅੱਗੇ ਚਲਦਾ ਹੈ ਤੇ ਦੂਜਾ ਪਿੱਛੇ ਇਕ ਚੋਬਦਾਰ ਚੌਂਕੀ ਦੇ ਅੱਗੇ ਚਲਦਾ ਹੈ ਜੋ ਪ੍ਰਕਰਮਾ ਵਿੱਚ ਸੁੱਤੇ ਪਏ, ਲੰਮੇ ਪਏ, ਬੈਠੇ ਜਾਂ ਖੜ੍ਹੇ ਜਾਂ ਗੱਲਾਂ ਕਰਦੇ ਯਾਤਰੂਆਂ ਨੂੰ ਸਾਵਧਾਨ ਕਰਦਾ ਜਾਂਦਾ ਹੈ ।
ਇਸ ਚੌਂਕੀ ਵਿੱਚ ਕੁਝ ਗਿਣੇ-ਮਿਥੇ ਸ਼ਬਦ ਹੀ ਪੜ੍ਹੇ ਜਾਂਦੇ ਹਨ । ਜਿਨ੍ਹਾਂ ਸ਼ਬਦਾਂ ਦੇ ਵੱਖਰੇ ਗੁਟਕੇ ਵੀ ਇਸ ਚੌਂਕੀ ਵੱਲੋਂ ਛਪਵਾਏ ਹੋਏ ਮਿਲਦੇ ਹਨ । ਇਨ੍ਹਾਂ ਸ਼ਬਦਾਂ ਦੇ ਪੜ੍ਹਨ ਦਾ ਢੰਗ ਵੀ ਬਹੁਤ ਪੁਰਾਣਾ ਤੇ ਆਪਣੀ ਹੀ ਕਿਸਮ ਦਾ ਹੈ । ਨਵੇਂ ਆਏ ਸੱਜਣ ਨੂੰ ਕਾਫੀ ਸਮਾਂ ਇਹ ਪਤਾ ਨਹੀਂ ਚਲਦਾ ਕਿ ਕੇਹੜਾ ਸ਼ਬਦ ਪੜ੍ਹਿਆ ਜਾ ਰਿਹਾ ਹੈ। ਇਸ ਤਰ੍ਹਾਂ ਪ੍ਰੇਮ ਨਾਲ ਸ਼ਬਦ ਪੜ੍ਹਦਿਆਂ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸਾਰੀ ਪ੍ਰਕਰਮਾ ਕਰ ਕੇ ਦਰਸ਼ਨੀ ਦਰਵਾਜ਼ੇ ਰਾਹੀਂ ਸਰੋਵਰ ਦੇ ਪੁਲ ਉੱਪਰ ਦੀ ਇਹ ਚੌਂਕੀ ਸੰਗਤ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਦਰਵਾਜ਼ੇ ਦੇ ਨਜ਼ਦੀਕ ਪੁੱਜ ਦੀ ਹੈ ਤਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋ ਰਿਹਾ ਕੀਰਤਨ ਬੰਦ ਹੋ ਜਾਂਦਾ ਹੈ ਪਰ ਅੰਦਰਲੀ ਸੰਗਤ ਸਜੀ (ਬੈਠੀ) ਰਹਿੰਦੀ ਹੈ । ਚੌਂਕੀ ਸ਼ਬਦ ਪੜ੍ਹਦੀ ਸਹਿਜੇ-ਸਹਿਜੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕਰਦੀ ਜਦ ਮੁੜ ਕੇ ਪਹਿਲੇ ਦਰਵਾਜ਼ੇ ਅੱਗੇ ਆ ਕੇ ਖੜ੍ਹੀ ਹੋ ਜਾਂਦੀ ਹੈ ਤਾਂ ਚੌਂਕੀ ਦਾ ਅਰਦਾਸੀਆ ਸਿੰਘ ਅਰਦਾਸ ਕਰ ਕੇ ਸ਼ਬਦ ਚੌਂਕੀ ਦਾ ਭੋਗ ਪਾ ਦਿੰਦਾ ਹੈ । ਉਸੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਆਰੰਭ ਹੋ ਜਾਂਦਾ ਹੈ। ਚੌਂਕੀ ਵਾਲੇ ਸੱਜਣ ਜੋ ਪਤਾਸੇ, ਬਰਫੀ ਜਾਂ ਕੜਾਹ ਪ੍ਰਸ਼ਾਦ ਲਿਆਏ ਹੁੰਦੇ ਹਨ, ਸੰਗਤ ਵਿੱਚ ਬਾਹਰ ਹੀ ਵਰਤਾ ਦੇਂਦੇ ਹਨ । ਵਾਪਸ ਅਕਾਲ ਤਖਤ ਸਾਹਿਬ ਉੱਪਰ ਜਾ ਕੇ ਸ੍ਰੀ ਸਾਹਿਬ ਤੇ ਨਿਸ਼ਾਨ ਸਾਹਿਬ ਡਿਊਟੀ ਵਾਲੇ ਸਿੰਘ ਨੂੰ ਵਾਪਸ ਕਰ ਦੇਂਦੇ ਹਨ ।
ਸ਼ਹਿਰ ਦੀ ਸੰਗਤ ਦੀ ਇਸ ਚੌਂਕੀ ਉੱਪਰ ਬਹੁਤ ਸ਼ਰਧਾ ਹੈ । ਸ਼ਰਧਾਲੂ ਇਸ ਚੌਂਕੀ ਵਿੱਚ ਸ਼ਾਮਲ ਹੋ ਕੇ ਸੁੱਖਣਾ ਸੁਖਦੇ ਹਨ ਤੇ ਕਹਿੰਦੇ ਹਨ ਕਿ ਚੌਂਕੀ ਦੀ ਹਾਜ਼ਰੀ ਭਰਨ ਨਾਲ ਕਾਮਨਾਂ ਵਾਲਿਆਂ ਦੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ । ਇਸ ਦਾ ਖਰਚਾ ਸ੍ਰੀ ਦਰਬਾਰ ਸਾਹਿਬ ਵੱਲੋਂ ਹੁੰਦਾ ਹੈ । ਇਹ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਆਰੰਭ ਕੀਤੀ ਹੋਣ ਕਰ ਕੇ ਇਤਿਹਾਸਕ ਚੌਂਕੀ ਹੈ ।
ਉਪ੍ਰੋਕਤ ਚੌਂਕੀ ਤੋਂ ਪ੍ਰਭਾਵਤ ਹੋ ਕੇ ਕੁਝ ਪ੍ਰੇਮੀਆਂ ਨੇ ਹੋਰ ਸਮਿਆਂ ‘ਤੇ ਕੁਝ ਚੌਂਕੀਆਂ ਆਰੰਭ ਕਰ ਲਈਆਂ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
੨. ਚੌਂਕੀ ਮਹੰਤ ਸੋਭਾ ਸਿੰਘ ਜੀ । ੩. ਚੌਂਕੀ ਮਹੰਤ ਦੀਨਾ ਨਾਥ ਜੀ । ਪਹਿਲਾਂ ਇਹ ਇਕੋ ਚੌਂਕੀ ਸੀ, ਜਿਸ ਨੂੰ ੧੮੩੦ ਈ: ਵਿੱਚ ਭਾਈ ਘਨੱਯਾ ਸਿੰਘ ਅੱਡਣਸ਼ਾਹੀ ਨੇ ਆਰੰਭਕੀਤਾ ਸੀ, ਪਰ ਹੁਣ ਇਹ ਚੌਂਕੀ ਉਪ੍ਰੋਕਤ ਦੋਹਾਂ ਮਹੰਤਾਂ ਦੇ ਨਾਮ ‘ਤੇ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ, ਭਾਵ ਦੋ ਚੌਂਕੀਆਂ ਬਣ ਗਈਆਂ ਹਨ । ਇਹ ਦੋਵੇਂ ਚੌਂਕੀਆਂ ਪਹਿਲੀ ਚੌਂਕੀਤੋਂ ਬਾਅਦ ਤੇ ਸਮਾਪਤੀ ਤੋਂ ਪਹਿਲਾਂ ਪਹਿਲਾਂ ਅੱਗੜ-ਪਿੱਛੜ ਚੜ੍ਹਦੀਆਂ ਹਨ । ਤੀਜੀ ਚੌਂਕੀ ਦੇ ਇਸ ਵਕਤ ਦੋ ਮਹੰਤ ਹਨ- ਮਹੰਤ ਕਰਮ ਸਿੰਘ ਜੀ ਅਤੇ ਮਹੰਤ ਅਮਰ ਸਿੰਘ ਜੀ । ਦੀਨਾ ਨਾਥ ਅੰਮ੍ਰਿਤ ਛਕ ਕੇ ਦੀਨਾ ਸਿੰਘ ਬਣ ਗਏ ਸਨ । ਮਹੰਤ ਅਮਰ ਸਿੰਘ ਜੀ ਮਹੰਤ ਦੀਨਾ ਸਿੰਘ ਦੇ ਸਪੁੱਤਰ ਹਨ।
੪. ਇਹ ਚੌਥੀ ਚੌਂਕੀ ਭਾਈ ਅਰਜਨ ਸਿੰਘ ਬਾਗਾਂ ਵਾਲੇ ਦੇ ਭਰਾ ਭਾਈ ਨਰੈਣ ਸਿੰਘ ਨੇ ੧੯੦੫ ਈ: ਵਿੱਚ ਆਰੰਭ ਕੀਤੀ ਸੀ । ਇਹ ਚੌਂਕੀ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪੁੱਜਣ ਤੋਂ ਬਾਅਦ ਆਰੰਭ ਹੁੰਦੀ ਹੈ ।
੫. ਇਹ ਪੰਜਵੀਂ ਚੌਂਕੀ ਪਹਿਲੇ ਮਹੰਤ ਭਾਈ ਸੰਤ ਸਿੰਘ ਜੀ ਕਲੀ ਵਾਲਿਆਂ ਨੇ ੧੯੧੦ ਈ: ਵਿੱਚ ਆਰੰਭ ਕੀਤੀ ਸੀ । ਇਹ ਚੌਂਕੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਆਸਾ ਜੀ ਦੀ ਵਾਰ ਦੇ ਭੋਗ, ਅਰਦਾਸ ਤੇ ਮਹਾਂਵਾਕ ਹੋਣ ਤੋਂ ਬਾਅਦ ਆਰੰਭ ਹੁੰਦੀ ਹੈ । ਇਹ ਪੰਜੇ ਚੌਂਕੀਆਂ ਸਿਰਫ ਅੰਮ੍ਰਿਤਸਰ ਸਰੋਵਰ ਦੀ ਹੀ ਪ੍ਰਕਰਮਾ ਕਰਦੀਆਂ ਹਨ।
( ੬. ਇਕ ਚੌਂਕੀ ਹਰ ਮੱਸਿਆ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਪੈਦਲ ਸ਼ਬਦ ਪੜ੍ਹਦਿਆਂ ਰਸਤੇ ਵਿੱਚ ਸੰਗਤਾਂ ਵੱਲੋਂ ਪ੍ਰਸ਼ਾਦਾ ਤੇ ਚਾਹ-ਪਾਣੀ ਦੇ ਲੰਗਰ ਛਕਦਿਆਂ ਸ੍ਰੀ ਦਰਬਾਰ ਸਾਹਿਬ ਤਰਨ-ਤਾਰਨ ਸਾਹਿਬ ਵਿਖੇ ਅੰਮ੍ਰਿਤ ਵੱਲੇ ਦੇ ਪਹਿਲੇ ਮਹਾਂਵਾਕ ਹੋਣ ਤੋਂ ਪਹਿਲਾਂ-ਪਹਿਲਾਂ ਉਥੇ ਪਹੁੰਚ ਜਾਂਦੀ ਹੈ ।
੭. ਏਸੇ ਤਰ੍ਹਾਂ ਹਰ ਪੁੰਨਿਆ ਤੋਂ ਪਹਿਲੇ ਦਿਨ, ਰਾਤ ਨੂੰ ਇਕ ਚੌਂਕੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਅੰਮ੍ਰਿਤ ਵੇਲੇ ਦੇ ਮਹਾਂਵਾਕ ਤੋਂ ਪਹਿਲਾਂ ਗੋਇੰਦਵਾਲ ਪੁੱਜ ਜਾਂਦੀ ਹੈ । ਇਹ ਦੋਵੇਂ ਚੌਂਕੀਆਂ ਵਾਪਸ ਮੁੜਦਿਆਂ ਬੱਸ ਜਾਂ ਰੋਲ ‘ਤੇ ਵਾਪਸ ਅੰਮ੍ਰਿਤਸਰ ਆ ਜਾਂਦੀਆਂ ਹਨ ।
ਇਨ੍ਹਾਂ ਉਪ੍ਰੋਕਤ ਚੌਂਕੀਆਂ ਤੋਂ ਇਲਾਵਾ ਖਾਸ ਗੁਰਪੁਰਬਾਂ ਜਾਂ ਸਾਲਾਨਾ ਜੋੜ-ਮੇਲਿਆਂ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਛੇਹਰਟੇ, ਵੇਰਕੇ, ਵੱਲੇ, ਝਬਾਲ, ਬੀੜ ਬਾਬਾ ਬੁੱਢਾ ਸਾਹਿਬ, ਗੁ: ਸੰਨ੍ਹ ਸਾਹਿਬ ਬਾਸਰਕੇ ਅਤੇ ਗੁ: ਵਡਾਲੀ ਸਾਹਿਬ ਆਦਿ ਸਥਾਨਾਂ ਨੂੰ ਸਾਲ ਵਿੱਚ ਇਕ ਇਕ ਵਾਰ ਹਰ ਇਕ ਚੌਂਕੀ ਚੜ੍ਹਦੀ ਹੈ । ਇਨ੍ਹਾਂ ਚੌਂਕੀਆਂ ਨੂੰ ਯਾਤ੍ਹਾ-ਚੌਂਕੀਆਂ ਕਹਿੰਦੇ ਹਨ । ਇਨ੍ਹਾਂ ਚੌਂਕੀਆਂ ਦਾ ਸੰਬੰਧ ਬਾਹਰਲੇ ਗੁਰਦੁਆਰਿਆਂ ਨਾਲ ਹੋਣ ਕਰ ਕੇ ਅਤੇ ਵਿਸਥਾਰ ਦੇ ਭੈ ਤੋਂ ਇਨ੍ਹਾਂ ਚੌਂਕੀਆਂ ਬਾਰੇ ਇਥੇ ਵਿਸਥਾਰ ਸਹਿਤ ਵਰਣਨ ਨਹੀਂ ਕੀਤਾ ।
ਝੰਡੇ (ਭਾਵ ਨਿਸ਼ਾਨ ਸਾਹਿਬ)- ੧. ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਤਿਆਰ
ਹੋਇਆ, ਤਦੋਂ ਬਾਂਸ ਦੀ ਲੱਕੜ ਦਾ ਝੰਡਾ ਖੜ੍ਹਾ ਕੀਤਾ ਗਿਆ । ਨਿਸ਼ਾਨ ਸਾਹਿਬ ਚੁੱਕਣ ਵਾਲਿਆਂ ਵਿੱਚੋਂ ਇਕ ਨਿਸ਼ਾਨਚੀ ਝੰਡੇ ਦੀ ਸੇਵਾ ਵਾਸਤੇ ਮੁਕੱਰਰ ਹੋਇਆ ।
੨. ਸੰਮਤ ੧੮੪੦ ਬਿ: ਵਿੱਚ ਸ੍ਰੀ ਮਹੰਤ ਪ੍ਰੀਤਮ ਦਾਸ ਨਿਰਬਾਣ ਅਤੇ ਸ੍ਰੀ ਮਹੰਤ ਸੰਤੋਖ ਦਾਸ ਨਿਰਬਾਣ (ਜੋ ਕਿ ਗੁਰੂ ਕੇ ਉਦਾਸੀ ਪੰਥ ਦੇ ਮੁਖੀ ਸਨ) ਇਕ ਵਾਰ ਗੁਰਧਾਮਾਂ ਦੀ ਯਾਤਰਾ ‘ਤੇ ਧਰਮ ਪ੍ਰਚਾਰ ਕਰਦੇ ਹੋਏ ਹਰਿਦੁਆਰ ਤੋਂ ਅੱਗੇ ਦੇਹਰਾ ਰਾਮ ਰਾਇ (ਜਿਸ ਨੂੰ ਹੁਣ ਦੇਹਰਾਦੂਨ ਕਹਿੰਦੇ ਹਨ) ਵਿਖੇ ਪਹੁੰਚੇ । ਸਾਲ੍ਹ ਦੇ ਦਰੱਖਤ ਦਾ ਇਕ ਲੰਬਾ ਛੜ (ਵਲ੍ਹਾ) ਝੰਡਾ ਸਾਹਿਬ ਵਾਸਤੇ ਬੜੇ ਤਰੱਦਦ ਨਾਲ ਲੈ ਕੇ ਅੰਮ੍ਰਿਤਸਰ ਆਏ। ਬਾਂਸ ਦੀ ਲੱਕੜ ਦੀ ਥਾਂ ਸਾਲ੍ਹ ਦੀ ਲੱਕੜ ਦੇ ਵਲ੍ਹੇ ਦਾ ਝੰਡਾ ਖੜ੍ਹਾ ਕਰ ਦਿੱਤਾ ।
੩. ਸੰਮਤ ੧੮੭੭ ਬਿ: ਨੂੰ ਸ: ਦੇਸਾ ਸਿੰਘ ਮਜੀਠਾ ਨੇ ਜੋ ਮਹਾਰਾਜਾ ਰਣਜੀਤ ਸਿੰਘ ਦਾ ਮੁਲਾਜ਼ਮ ਸੀ, ਲੋਹੇ ਦਾ ਝੰਡਾ ਬਣਵਾ ਕੇ ਉਸ ਉੱਪਰ ਤਾਂਬੇ ਦਾ ਖੋਲ ਚੜ੍ਹਾ ਕੇ ਉਸ ਨੂੰ ਸੋਨੇ ਦੇ ਵਰਕ ਚੜ੍ਹਾ ਕੇ ਸੁਨਿਹਰੀ ਕਰ ਦਿੱਤਾ ਗਿਆ । ਮਹੰਤ ਪ੍ਰੀਤਮ ਦਾਸ ਤੇ ਮਹੰਤ ਸੰਤੋਖ ਦਾਸ ਵੱਲੋਂ ਦੇਹਰਾਦੂਨ ਤੋਂ ਲਿਆਂਦਾ ਸਾਲ੍ਹ ਦਾ ਝੰਡਾ ਉਖੇੜ ਕੇ ਸਰੋਵਰ ਦੇ ਜਲ ਵਿੱਚ ਰੱਖ ਦਿੱਤਾ ਤੇ ਆਪਣਾ ਬਣਾਇਆ ਲੋਹੇ ਦਾ ਸੁਨਹਿਰੀ ਝੰਡਾ ਖੜ੍ਹਾ ਕਰ ਦਿੱਤਾ। ਜਦੋਂ ਮਹਾਰਾਜ ਰਣਜੀਤ ਸਿੰਘ ਵੱਲੋਂ ਲੋਹੇ ਦਾ ਝੰਡਾ ਬਣਵਾ ਕੇ ਤੇ ਸੁਨਹਿਰੀ ਕਰ ਕੇ ਖੜ੍ਹਾ ਕਰਨ ਦਾ ਹੁਕਮ ਹੋਇਆ ਤਾਂ ਦੇਸਾ ਸਿੰਘ ਨੇ ਲੋਹੇ ਦਾ ਝੰਡਾ ਬਣਵਾ ਤਾਂ ਦਿੱਤਾ ਤੇ ਸੁਨਹਿਰੀ ਵੀ ਕਰ ਦਿੱਤਾ ਪਰ ਉਸ ਨੂੰ ਖੜ੍ਹਾ ਨਾ ਕੀਤਾ । ਉਸ ਨੂੰ ਇਹ ਡਰ ਹੋ ਗਿਆ ਕਿ ਮਹਾਰਾਜੇ ਵੱਲੋਂ ਬਣਾਇਆ ਲੋਹੇ ਦਾ ਸੁਨਹਿਰੀ
ਝੰਡਾ ਖੜ੍ਹਾ ਹੋ ਗਿਆ ਤਾਂ ਮੇਰੇ ਵੱਲੋਂ ਖੜ੍ਹਾ ਕੀਤਾ ਝੰਡਾ ਪੁੱਟਣਾ ਪਵੇਗਾ । ਇਸ ਲਈ ਮਹਾਰਾਜੇ ਵੱਲੋਂ ਤਿਆਰ ਕੀਤਾ ਲੋਹੇ ਦਾ ਸੁਨਹਿਰੀ ਕੀਤਾ ਝੰਡਾ ਕਾਫੀ ਸਾਲ ਰਾਮਗੜ੍ਹੀਆ ਬੁੰਗੇ ਦੇ ਨੇੜੇ ਪਿਆ ਰਿਹਾ।
੪. ਸੰਮਤ ੧੮੯੮ ਬਿ: ਵਿੱਚ ਜਦ ਮਹਾਰਾਜਾ ਸ਼ੇਰ ਸਿੰਘ ਗੱਦੀ-ਨਸ਼ੀਨ ਹੋਏ ਤਾਂ ਉਸ ਸਮੇਂ ਅਜਿਹਾ ਭਾਰੀ ਤੂਫਾਨ ਆਇਆ, ਜਿਸ ਨੇ ਸ: ਦੇਸਾ ਸਿੰਘ ਵਾਲੇ ਝੰਡੇ ਨੂੰ ਤੋੜ ਦਿੱਤਾ ਜਿਸ ਨੂੰ ਸ: ਦੇਸਾ ਸਿੰਘ ਦੇ ਪੁੱਤਰ ਸ: ਲਹਿਣਾ ਸਿੰਘ ਨੇ ਮੁਰੰਮਤ ਕਰਵਾ ਕੇ ਖੜ੍ਹਾ ਕਰ ਦਿੱਤਾ । ਉਸ ਵਕਤ ਮਹਾਰਾਜਾ ਰਣਜੀਤ ਸਿੰਘ ਵੱਲੋਂ ਤਿਆਰ ਕੀਤਾ ਝੰਡਾ ਵੀ ਖੜ੍ਹਾ ਕਰ ਦਿੱਤਾ ਗਿਆ । ਉਸ ਤੋਂ ਬਾਅਦ ਇਹ ਦੋਵੇਂ ਲੋਹੇ ਦੇ ਝੰਡੇ ਜਿਨ੍ਹਾਂ ਉੱਪਰ ਤਾਂਬੇ ਦਾ ਖੋਲ ਚੜ੍ਹਾ ਕੇ ਉਨ੍ਹਾਂ ਨੂੰ ਸੋਨੇ ਦੇ ਵਰਕ ਚੜ੍ਹਾ ਕੇ ਸੁਨਹਿਰੀ ਕੀਤਾ ਹੋਇਆ ਸੀ ਕਾਫੀ ਅਰਸੇ ਤੱਕ ਸ਼ਾਨ ਨਾਲ ਝੂਲਦੇ ਰਹੇ ।
ਪਰ ਵਰਤਮਾਨ ਵਿਦਵਾਨ ਚਿੰਤਕਾਂ ਦਾ ਵੀਚਾਰ ਹੈ ਕਿ ਇਕ ਨਿਸ਼ਾਨ ਸਾਹਿਬ ਪੰਚਮ ਪਾਤਸ਼ਾਹ ਅਤੇ ਦੂਜਾ ਛੇਵੇਂ ਪਾਤਸ਼ਾਹ ਨੇ ਖੜ੍ਹਾ ਕੀਤਾ ਇਹ ਦੋਨੋਂ ਨਿਸ਼ਾਨ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੀਰੀ ਅਤੇ ਮੀਰੀ ਦੇ ਚਿੰਨ੍ਹ ਰੂਪ ਗੁਰੂ ਸਾਹਿਬਾਨ ਵੱਲੋਂ ਹੀ ਸਥਾਪਤ ਕੀਤੇ ਹੋਏ ਹਨ।
੫. ਉਪ੍ਰੋਕਤ ਦੋਵੇ ਨਿਸ਼ਾਨ ਸਾਹਿਬ ਪੁਰਾਣੇ ਤੇ ਖਸਤਾ ਹੋਣ ਕਰ ਕੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ੧੯੬੨ ਈ: ਵਿੱਚ ਇਨ੍ਹਾਂ ਦੋਹਾਂ ਦੀ ਥਾਂ ਦੋ ਨਵੇਂ ਨਿਸ਼ਾਨ ਸਾਹਿਬ ਬਣਵਾ ਕੇ ਖੜ੍ਹੇ ਕਰਨ ਦਾ ਫੈਸਲਾ ਕੀਤਾ । ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਸਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹ ਸਿੰਘ ਜੀ । ਦੋਹਾਂ ਸੰਤਾਂ ਨੇ ਸ: ਆਤਮਾ ਰਾਮ ਸਿੰਘ ਨੂੰ (ਜੋ ਕਾਫੀ ਸਮਾਂ ਅਫ਼ਰੀਕਾ ਰਹਿ ਆਏ ਸਨ) ਇਹ ਸੇਵਾ ਸੌਂਪੀ । ਇਨ੍ਹਾਂ ਕੁਝ ਮਾਇਆ ਆਪਣੇ ਕੋਲੋਂ ਕੁਝ ਸੰਗਤਾਂ ਪਾਸੋਂ ਤੇ ਬਾਕੀ ਸ੍ਰੀ ਦਰਬਾਰ ਸਾਹਿਬ ਦੇ ਖਜ਼ਾਨੇ ‘ਚੋਂ ਖਰਚ ਕਰ ਕੇ ਆਪਣੀ ਨਿਗਰਾਨੀ ਵਿੱਚ ਦੋਵੇਂ ਨਿਸ਼ਾਨ ਸਾਹਿਬ ਤਿਆਰ ਕਰਵਾਏ । ਲੋਹੇ ਦੇ ਤਿਆਰ ਕਰ ਕੇ ਉੱਪਰ ਤਾਂਬੇ ਦੇ ਖੋਲ ਚੜਾਏ । ਤਾਂਬੇ ਉੱਪਰ ਛੇ-ਛੇ ਵਰਕ ਸੋਨੇ ਦੇ ਚੜ੍ਹਾਏ ਗਏ, ਵਿਚਕਾਰੋਂ ਗੋਲ, ਮੋਟਾ ਸੁਰਾਖ ਰੱਖਿਆ, ਜਿਸ ਰਾਹੀਂ ਬਿਜਲੀ ਦੀਆਂ ਤਾਰਾਂ ਉੱਪਰ ਤੱਕ ਜਾਣ, ਜਿਨ੍ਹਾਂ ਨਾਲ ਨਿਸ਼ਾਨ ਸਾਹਿਬ ਦੇ ਉੱਪਰ ਬਿਜਲੀ ਦੇ ਬਲਬ ਜਗ ਸਕਣ। ਜਦ ਦੋਵੇਂ ਨਿਸ਼ਾਨ ਸਾਹਿਬ ਮੁਕੰਮਲ ਤਿਆਰ ਹੋ ਗਏ ਤਾਂ ਪੁਰਾਣੇ ਨਿਸ਼ਾਨ ਸਾਹਿਬ ਉਖਾੜ ਕੇ ਪਾਸੇ ਰੱਖ ਦਿੱਤੇ। ਪੁਰਾਣੇ ਨਿਸ਼ਾਨ ਸਾਹਿਬ ਪਹਿਲੀ ਪ੍ਰਕਰਮਾਂ ਦੇ ਨੇੜੇ ਤੇ ਨਵੀਂ ਡਿਉਢੀ ਤੋਂ ਦੂਰ ਸਨ ਚੂੰਕਿ, ਨਵੇਂ ਨਿਸ਼ਾਨ ਸਾਹਿਬ ਨਵੀਂ ਡਿਉਢੀ ਦੇ ਨੇੜੇ ਖੜ੍ਹੇ ਕਰਨੇ ਸਨ, ਇਸ ਲਈ ਉਨ੍ਹਾਂ ਵਾਸਤੇ ਨਵੇਂ ਟੋਏ ਪੁੱਟਣ ਦੀ ਆਰੰਭਕ ਰਸਮ ਲਈ ਅਰਦਾਸ ਕਰ ਕੇ ਪੰਜਾਂ ਪਿਆਰਿਆਂ ਨੇ (੧੯੨੩ ਈ: ਦੀ ਕਾਰ- ਸੇਵਾ ਵਿੱਚ ਵਰਤੀਆਂ) ਸੋਨੇ ਦੀਆਂ ਪੰਜਾਂ ਕਹੀਆਂ ਨਾਲ ਪੰਜ-ਪੰਜ ਟੱਕ ਲਾ ਕੇ ਸੇਵਾ ਆਰੰਭਕੀਤੀ । ਪੰਜ ਪਿਆਰੇ ਇਹ ਸਨ :
੧. ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ।
੨. ਸਿੰਘ ਸਾਹਿਬ ਗਿਆਨੀ ਅੱਛਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ।
੩. ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ, ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ।
੪. ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ‘ਖਾਲਸਾ’ ਮੁੱਖੀ ਸੰਪ੍ਰਦਾਇ ਭਿੰਡਰਾਂ ।
੫. ਦਾਸ (ਗਿਆਨੀ ਕਿਰਪਾਲ ਸਿੰਘ), ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ।
ਹਿਸਾਬ ਨਾਲ ਡੂੰਘੇ ਟੋਏ ਪੁੱਟਣ ਤੋਂ ਬਾਅਦ ਇੰਜੀਨੀਅਰਾਂ ਨੇ ਹੋਰ ਤਜਰਬਾਕਾਰ ਵਿਅਕਤੀਆਂ ਦੀ ਦੇਖ-ਰੇਖ ਹੇਠ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਦੋਨੋਂ ਸੁਨਹਿਰੀ ਨਿਸ਼ਾਨ ਸਾਹਿਬ ਖੜ੍ਹੇ ਕਰ ਕੇ, ਝੰਡਾ ਬੁੰਗਾ ਡਿਉਢੀ ਵਿੱਚ ਲੋਹੇ ਦੇ ਬਾਹਰ ਵਧਵੇਂ, ਮੋਟੇ ਕੁੰਡਿਆਂ ਨਾਲ ਕੱਸ ਦਿੱਤੇ ਤੇ ਦੋਹਾਂ ਨੂੰ ਆਪਸ ਵਿੱਚ ਵੀ ਲੋਹੇ ਦੇ ਮੋਟੇ ਪੱਤਾਂ ਨਾਲ ਕੱਸ ਦਿੱਤਾ । ਜੋ ਦੋਨੋਂ ਸੁਨਹਿਰੀ ਨਿਸ਼ਾਨ ਸਾਹਿਬ ਇਸ ਸਮੇਂ ਬੜੀ ਸ਼ਾਨ ਨਾਲ ਝੂਲ ਰਹੇ ਹਨ ਤੇ ਪੰਥ ਦੀ ਸ਼ਾਨ ਨੂੰ ਚਾਰ ਚੰਨ ਲਾ ਰਹੇ ਹਨ।
ਇਨ੍ਹਾਂ ਉਪ੍ਰੋਕਤ ਦੋ ਵੱਡੇ ਝੰਡਿਆਂ (ਨਿਸ਼ਾਨ ਸਾਹਿਬਾਂ) ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੀ ਤੀਜੀ ਮੰਜ਼ਲ ਦੇ ਬਰਾਬਰ ਪਹਿਲਾਂ ਇਕ ਲੱਕੜ ਦਾ ਚੋਬੀ ਝੰਡਾ ਸੀ ਪਰ ਸੰਮਤ ੧੮੮੩ ਬਿ: ਵਿੱਚ ਲਾਲਾ ਰਾਮ ਕ੍ਰਿਸ਼ਨ ਅਤੇ ਲਾਲ ਚੰਦ ਖੱਤ੍ਰੀ ਨੇ ਚੋਬੀ ਝੰਡੇ ਉੱਪਰ ਸੁਨਹਿਰੀ ਰੰਗ ਕਰਵਾ ਦਿੱਤਾ । ਇਹ ਝੰਡਾ ਹੁਣ ਵੀ ਝੂਲ ਰਿਹਾ ਹੈ ।
(ਦੇਖੋ ਤਵਾਰੀਖ ਅੰਮ੍ਰਿਤਸਰ ਪੰਨਾ ੨੭)
ਏਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੀਜੀ ਮੰਜ਼ਲ ‘ਤੇ ਵੀ ਇਕ ਛੋਟਾ ਝੰਡਾ ਖੜ੍ਹਾ ਕੀਤਾ ਹੋਇਆ ਸੀ ਤੇ ਇਕ ਛੋਟਾ ਝੰਡਾ ਸ੍ਰੀ ਅਕਾਲ ਤਖਤ ਦੀ ਉੱਤਰ-ਪੱਛਮੀ ਕੋਨ ਦੇ ਨੇੜੇ ਹੇਠ ਸਿਹਨ ਦੇ ਫਰਸ਼ ‘ਤੇ ਗੋਲ ਥੜ੍ਹਾ ਬਣਾ ਕੇ ਉਸ ਦੇ ਵਿਚਕਾਰ ਖੜ੍ਹਾ ਕੀਤਾ ਹੋਇਆ ਸੀ, ਜੋ ਜੂਨ ੧੯੮੪ ਈ: ਦੇ ਨੀਲਾ ਤਾਰਾ ਘਲੂਘਾਰੇ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਵੀਂ ਇਮਾਰਤ ਉਸਾਰਨ ਲਈ ਪਹਿਲੀ ਇਮਾਰਤ ਨੂੰ ਢਾਹੁਣ ਸਮੇਂ ਦੋਨੋਂ ਛੋਟੇ ਝੰਡੇ ਵੀ ਉਖਾੜ ਦਿੱਤੇ ਗਏ ਸਨ । ਨਵੀਂ ਇਮਾਰਤ ਦੇ ਮੁਕੰਮਲ ਹੋਣ ‘ਤੇ ਇਹ ਦੋਵੇਂ ਨਿਸ਼ਾਨ ਸਾਹਿਬ ਫਿਰ ਨਵੇਂ ਬਣਾ ਕੇ ਖੜ੍ਹੇ ਕਰ ਦਿੱਤੇ ਜਾਣਗੇ ।
6 ਗੁਰੂ ਸਾਹਿਬ ਵੱਲੋਂ ਸਥਾਪਤ ਕੀਤੇ ਝੰਡਿਆਂ ਤੋਂ ਪ੍ਰੇਰਤ ਹੋ ਕੇ ਹੁਣ ਹਰ ਇਤਿਹਾਸਕ ਤੇ ਸਥਾਨਕ ਗੁਰਦੁਆਰੇ ਵਿੱਚ ਆਪੋ ਆਪਣੇ ਵਿੱਚ ਮੁਤਾਬਕ ਵੱਡੇ ਛੋਟੇ ਝੰਡੇ ਖੜ੍ਹੇ ਕੀਤੇ ਹੋਏ ਹਨ । ਇਨ੍ਹਾਂ ਉੱਪਰ ਕੇਸਰੀ ਰੰਗ ਦੇ ਚੋਲੇ ਚੜ੍ਹਾਏ ਜਾਂਦੇ ਹਨ । ਨਿਹੰਗ ਸਿੰਘ ਸੁਰਮਈ ਰੰਗ ਦੇ ਚੋਲੇ ਚੜ੍ਹਾਉਂਦੇ ਹਨ । ਝੰਡੇ ਦੇ ਸਿਰ ਉੱਪਰ ਲੋਹੇ ਦਾ ਤੀਰ ਜਾਂ ਨੇਜ਼ੇ ਦਾ ਚਿੰਨ੍ਹ ਜੜਿਆ ਹੁੰਦਾ ਹੈ । ਅੱਜ-ਕਲ੍ਹ ਕਈ ਜਗ੍ਹਾ ਚੱਕਰ ਵਿਚਕਾਰ ਦੋ ਕ੍ਰਿਪਾਨਾਂ ਵਾਲਾ ਚਿੰਨ੍ਹ ਵੀ ਲਾ ਲੈਂਦੇ ਹਨ । ਸਿੱਖਰ ‘ਤੇ ਤਿੰਨ-ਕੋਨਾ ਕਪੜੇ ਦਾ ਫਰਰਾ ਲਹਿਰਾਉਂਦਾ ਰਹਿੰਦਾ ਹੈ । ਫਰਰੇ ਉੱਪਰ ਓ ਜਾਂ ਚੱਕਰ ਵਿੱਚ ਕ੍ਰਿਪਾਨਾਂ ਤੇ ਖੰਡੇ ਵਾਲਾ ਚਿੰਨ੍ਹ ਸੁਰਮਈ ਰੰਗ ਦਾ ਬਣਾਇਆ ਹੁੰਦਾ ਹੈ ।
ਬੁੰਗੇ- ਸ੍ਰੀ ਹਰਿਮੰਦਰ ਸਾਹਿਬ, ਸਰੋਵਰ, ਪ੍ਰਕਰਮਾ ਤੇ ਬੁੰਗਿਆਂ ਅਤੇ ਸਾਰੇ ਸ਼ਹਿਰ ਅੰਮ੍ਰਿਤਸਰ ਦੀ ਜ਼ਮੀਨ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਇਰਦ-ਗਿਰਦ ਦੇ ਪਿੰਡਾਂ ਦੇ ਜ਼ਿਮੀਂਦਾਰਾਂ ਪਾਸੋਂ ਮੁੱਲ ਖਰੀਦੀ ਸੀ, ਜਿਸ ਕਰ ਕੇ ਸ਼ਹਿਰ ਦੀ ਕੁਲ ਜ਼ਮੀਨ ਦੀ ਮਾਲਕੀ ਗੁਰੂ ਘਰ ਦੀ ਸੀ । ਜਦ ਸ੍ਰੀ ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ, ਤਾਂ ਸਰੋਵਰ ਵਿੱਚੋਂ ਨਿਕਲੀ ਸਾਰੀ ਮਿੱਟੀ ਪ੍ਰਕਰਮਾ ਤੋਂ ਬਾਹਰ-ਵਾਰ ਚੁਫੇਰੇ ਸੁਟਵਾ ਦਿੱਤੀ । ਕਾਰ-ਸੇਵਾ ਤੇ ਦਰਸ਼ਨ ਹਿੱਤ ਆਈਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਲਈ ਗੁਰੂ ਸਾਹਿਬ ਨੇ ਸਰੋਵਰ ਦੀ ਪ੍ਰਕਰਮਾ ਦੇ ਬਾਹਰਵਾਰ ਆਲੇ-ਦੁਆਲੇ ਛੱਪਰੀਆਂ ਅਤੇ ਮਕਾਨ ਬਣਵਾਏ । ਬਾਅਦ ਵਿੱਚ ਛੱਪਰੀਆਂ ਦੇ ਥਾਂ ਕੁਝ ਕੱਚੇ ਮਕਾਨ ਬਣਾਏ ਤੇ ਬਾਅਦ ਵਿੱਚ ਕੱਚੇ ਮਕਾਨਾਂ ਦੇ ਥਾਂ ਪੱਕੇ ਮਕਾਨ ਬਣ ਗਏ, ਜਿਨ੍ਹਾਂ ਵਿੱਚ ਦੀਵਾਲੀ ਤੇ ਵੈਸਾਖੀ ਦੇ ਸਾਲਾਨਾ ਅਤੇ ਮੱਸਿਆ, ਪੁੰਨਿਆਂ, ਸੰਗਰਾਂਦ ਦੇ ਮਾਹਵਾਰੀ ਜੋੜ ਮੇਲਿਆਂ ਸਮੇਂ ਸੰਗਤਾਂ ਦੇ ਲੰਗਰ ਤੇ ਆਰਾਮ ਦਾ ਪ੍ਰਬੰਧ ਹੁੰਦਾ ਰਿਹਾ, ਪਰ ਜਦ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਨਾਲ ਉਡਾ ਦਿੱਤਾ, ਸਰੋਵਰ ਮਿੱਟੀ ਨਾਲ ਭਰ ਦਿੱਤਾ, ਤਾਂ ਇਹ ਮਕਾਨ ਵੀ ਢਾਹ ਦਿੱਤੇ ਗਏ ।
ਸਿੱਖ ਮਿਸਲਾਂ ਦੇ ਸਮੇਂ ਜਦ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨਵੇਂ ਸਿਰਿਓਂ ਉਸਾਰੀ ਗਈ ਤੇ ਸਰੋਵਰ ਦੀ ਮੁਰੰਮਤ ਕੀਤੀ ਗਈ, ਤਾਂ ਮਿਸਲਾਂ ਦੇ ਮੁਖੀਆਂ ਨੇ ਬੁੰਗਿਆਂ ਦੀਆਂ ਨਵੀਆਂ ਪੱਕੀਆਂ ਇਮਾਰਤਾਂ ਬਣਾਉਣੀਆਂ ਆਰੰਭ ਕੀਤੀਆਂ । ਜਦੋਂ ਸਿੱਖ ਰਿਆਸਤਾਂ ਕਾਇਮ ਹੋਈਆਂ, ਤਾਂ ਸਿੱਖ ਰਾਜਿਆਂ ਨੇ ਗੁਰੂ-ਘਰ ਦੀ ਸੇਵਾ ਸਮਝ ਕੇ ਸੰਗਤਾਂ ਦੇ ਆਰਾਮ ਵਾਸਤੇ ਪੱਕੇ ਬੁੰਗੇ ਬਣਵਾਏ । ਇਨ੍ਹਾਂ ਦੀ ਦੇਖਾ-ਦੇਖੀ ਹੋਰ ਕਈ ਸਰਦਾਰਾਂ, ਇਲਾਕਿਆਂ ਤੇ ਨਗਰਾਂ ਦੀਆਂ ਸੰਗਤਾਂ ਨੇ ਗੁਰੂ ਕੀਆਂ ਖੁਸ਼ੀਆਂ ਲੈਣ ਲਈ ਬੁੰਗਿਆਂ ਦੀ ਸੇਵਾ ਕਰਵਾਈ । ਬੁੰਗਿਆਂ ਦੇ ਨਾਮ ਸਿੱਖ ਸਰਦਾਰਾਂ, ਰਾਜੇ ਮਹਾਰਾਜਿਆਂ, ਮਿਸਲਾਂ, ਇਲਾਕਿਆਂ ਤੇ ਨਗਰਾਂ ਦੇ ਨਾਮ ‘ਤੇ ਪ੍ਰਸਿੱਧ ਹੋਏ । ਗਿਆਨੀਆਂ ਦੇ ਬੁੰਗਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ, ਅਰਥ ਤੇ ਵਿਆਖਿਆ ਦੀ ਸਿਖਲਾਈ ਦਿੱਤੀ ਜਾਂਦੀ ਸੀ । ਰਾਗੀਆਂ ਦੇ ਬੁੰਗਿਆਂ ‘ਚ ਗੁਰਮਤਿ ਸੰਗੀਤ ਤੇ ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਜਦ ਕਿ ਅਕਾਲੀਆਂ ਦੇ ਬੁੰਗਿਆਂ ‘ਚ ਸ਼ਸਤ ਵਿੱਦਿਆ ਦਾ ਅਭਿਆਸ ਕਰਵਾਇਆ ਜਾਂਦਾ ਸੀ ਇਸ ਤੋਂ ਇਲਾਵਾ ਹਰ ਬੁੰਗੇ ਵਿੱਚ ਯਾਤਰੂਆਂ ਦੇ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਵੀ ਸੀ ।
ਬੁੰਗਿਆਂ ਨੂੰ ਗੁਰਦੁਆਰੇ ਦਾ ਹਿੱਸਾ ਹੀ ਸਮਝਿਆ ਜਾਂਦਾ ਰਿਹਾ ਹੈ । ਆਮ ਸਿੱਖ ਸੰਗਤਾਂ ਤੋਂ ਇਲਾਵਾ ਮਿਸਲਾਂ ਦੇ ਸਮੇਂ ਸਿੱਖ ਸਰਦਾਰ ਆਪਣੇ ਜੰਗੀ ਸਵਾਰਾਂ ਸਮੇਤ ਜਦ ਅੰਮ੍ਰਿਤਸਰ ਦੇ ਦਰਸ਼ਨ-ਇਸ਼ਨਾਨ ਲਈ ਆਉਂਦੇ, ਤਾਂ ਇਨ੍ਹਾਂ ਬੁੰਗਿਆਂ ਵਿੱਚ ਹੀ ਠਹਿਰਦੇ ਸਨ। ਹਰ ਇਕ ਬੁੰਗੇ ਵਿੱਚ ਇਕ ਬੁੰਗਈ ਹੁੰਦਾ ਸੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਅਤੇ ਬੁੰਗੇ ਆਦਿ ਦੀ ਸਫਾਈ ਅਤੇ ਆਏ ਗਏ ਯਾਤਰੂਆਂ ਦੀ ਸੇਵਾ ਕਰਦਾ ਹੁੰਦਾ ਸੀ ।
ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਦ ਕੋਈ ਸਿੱਖ ਸਰਦਾਰ ਜਾਂ ਰਾਜਾ ਮਹਾਰਾਜਾ ਆਉਂਦਾ ਸੀ, ਤਾਂ ਉਹ ਬੁੰਗਿਆਂ ਦੀ ਟਹਿਲ-ਸੇਵਾ ਦੇ ਬਦਲੇ ਸਰਬਰਾਹ ਸ੍ਰੀ ਦਰਬਾਰ ਸਾਹਿਬ ਨੂੰ ਕੁਝ ਮਾਇਆ ਤੇ ਮਿਠਾਈ ਦੇ ਜਾਂਦਾ ਸੀ, ਅੱਗੋਂ ਸਰਬਰਾਹ ਸਾਰੇ ਬੁੰਗਈਆਂ ਨੂੰ ਵੰਡ ਦੇਂਦਾ ਸੀ । ਵੱਡੇ ਵੱਡੇ ਬੁੰਗਿਆਂ ਦੀ ਮੁਰੰਮਤ ਲਈ ਸ੍ਰੀ ਦਰਬਾਰ ਸਾਹਿਬ ਵੱਲੋਂ ਰੁਜ਼ੀਨਾ ਅਤੇ ਅਕਾਲ ਤਖ਼ਤ ਸਾਹਿਬ ਵੱਲੋਂ ਨਾਵਾਂ ਮਿਲਦਾ ਹੁੰਦਾ ਸੀ । ਸਰਬਰਾਹ ਵੱਲੋਂ ਬੰਗਿਆਂ ਦੀ ਸਫਾਈ, ਸਫੈਦੀ ਤੇ ਮੁਰੰਮਤ ਕਰਨ ਬਾਰੇ ਅਤੇ ਬੁੰਗਿਆਂ ਵਿੱਚ ਬਦਮਾਸ਼ੀ ਜਾਂ ਹੋਰ ਕੋਈ ਕੁਕਰਮ ਨਾ ਕਰਨ ਬਾਰੇ ਆਰਡਰ ਨਿਕਲਦੇ ਹੁੰਦੇ ਸਨ ਪਰ ਜਿਸ ਤਰ੍ਹਾਂ ਸਿੱਖ ਰਾਜ ਜਾਣ ਤੋਂ ਬਾਅਦ ਅੰਗਰੇਜ਼ੀ ਰਾਜ ਆ ਜਾਣ ‘ਤੇ ਗੁਰਦੁਆਰਿਆਂ ਦਾ ਪ੍ਰਬੰਧ ਬਹੁਤ ਢਿੱਲਾ ਹੋ ਗਿਆ, ਉਸੇ ਤਰ੍ਹਾਂ ਬੁੰਗਿਆਂ ਦਾ ਪ੍ਰਬੰਧ ਵੀ ਕੋਈ ਤਸੱਲੀ-ਬਖਸ਼ ਨਾ ਰਿਹਾ । ਬੁੰਗਿਆਂ ਵਿੱਚ ਚੋਰੀਆਂ, ਬਦਮਾਸ਼ੀਆਂ ਅਤੇ ਸਿੱਖ ਧਰਮ ਦੇ ਵਿਰੁੱਧ ਪ੍ਰਚਾਰ ਦੇ ਕੰਮ ਹੋਣ ਲੱਗ ਪਏ । ਜਿਸ ਦੇ ਸੁਧਾਰ ਹਿਤ ਤੇ ਗੁਰਦੁਆਰਿਆਂ ਵਿੱਚ ਪੰਥਕ ਪ੍ਰਬੰਧ ਲਿਆਉਣ ਲਈ ਅਕਾਲੀ ਲਹਿਰ ਦਾ ਜਨਮ ਹੋਇਆ । ਪੰਥਕ ਪ੍ਰਬੰਧ ਆ ਜਾਣ ਨਾਲ ਬੁੰਗਿਆਂ ਵਿੱਚੋਂ ਬਦਮਾਸ਼ੀਆਂ ਤੇ ਕੁਰੀਤੀਆਂ ਦੂਰ ਹੋ ਗਈਆਂ । ਕਾਰ-ਸੇਵਾ ਅਤੇ ਮੋਰਚਿਆਂ ਦੇ ਦਿਨਾਂ ਵਿੱਚ ਸੰਗਤਾਂ ਅਤੇ ਅਕਾਲੀ ਜਥੇ ਇਨ੍ਹਾਂ ਬੁੰਗਿਆਂ ਵਿੱਚ ਹੀ ਰਹਿੰਦੇ ਸਨ ।
ਗਿਆਨੀ ਕਿਰਪਾਲ ਸਿੰਘ