ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥ (ਅੰਗ ੧੩੬੬)
ਮਾਨਸ ਜਨਮ ਬਹੁਤ ਕੀਮਤੀ ਹੈ ਪਰ ਕੀਮਤ ਦਾ ਅਹਿਸਾਸ ਗਿਆਨ ਤੋਂ ਬਗੈਰ ਨਹੀਂ ਹੋ ਸਕਦਾ। ਸਤਿਗੁਰਾਂ ਨੇ ਵਾਰ-ਵਾਰ ਮਾਨਵਤਾ ਨੂੰ ਸੁਚੇਤ ਕੀਤਾ ਹੈ :
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥
(ਅੰਗ ੬੩੧)
ਹੁਣ ਜੇ ਸੁੱਤੀਆਂ ਸੋਚਾਂ ਜਾਗਣ ਤਾਂ ਹੀ ਦੈਵੀ ਗਿਆਨ ਤੋਂ ਲਾਹਾ ਲੈ ਸਕਦੀਆਂ ਹਨ ਜਾਂ ਇੰਝ ਕਹੀਏ ਕਿ ਬੰਦਾ ਗਿਆਨ ਵਾਲੇ ਮਾਰਗ ਉੱਪਰ ਤੁਰੇ ਤਾਂ ਹੀ ਲਾਹਾ ਲੈ ਸਕਦਾ ਹੈ।
ਇਸੇ ਤਰਾਂ ਲੋਕ-ਸਾਹਿਤ ਵਿਚ ਸਰਲ ਉਦਾਹਰਨਾਂ ਦੇ ਕੇ ਵੀ ਮਾਨਵਤਾ ਨੂੰ ਸਮਝਾਇਆ ਕਿ ਕਿਸੇ ਆਜੜੀ ਦੇ ਬੱਚੇ ਕੀਮਤੀ ਹੀਰਿਆਂ ਨੂੰ ਪੱਥਰ ਸਮਝ ਕੇ ਹੀ ਬੱਚਿਆਂ ਵਾਲੀਆਂ ਖੇਡਾਂ ਖੇਡੀ ਗਏ ਜਾਂ ਇਕ ਲੱਕੜਹਾਰਾ ਅਗਿਆਨਤਾ ਵਿਚ ਹੀ ਚੰਦਨ ਦੀਆਂ ਲੱਕੜਾਂ ਵੱਢ-ਵੱਢ ਕੇ ਬਜ਼ਾਰ ਵਿਚ ਬਾਲਣ ਦੇ ਭਾਅ ਵੇਚੀ ਗਿਆ। ਇਸ ਤਰ੍ਹਾਂ ਦੀਆਂ ਲੋਕ-ਕਥਾਵਾਂ ਦਰਅਸਲ ਮਨ ਦੇ ਤਲ ਉਤੇ ਸੁੱਤਿਆਂ ਨੂੰ ਜਗਾਉਣ ਅਤੇ ਸਵੈ-ਚਿੰਤਨ ਲਈ ਪ੍ਰੇਰਨ ਦਾ ਹੀ ਇਕ ਢੰਗ ਹਨ।
ਉਂਝ ਵਿਵਹਾਰਕ ਜੀਵਨ ਵਿਚ ਇਸ ਸਮਾਜ ‘ਚ ਵਿਚਰਦਾ ਆਮ ਮਨੁੱਖ ਆਪਣੇ ਆਪ ਬਾਰੇ ਏਨਾ ਕੁ ਬੇਪਰਵਾਹ ਹੁੰਦਾ ਹੈ ਕਿ ਉਹ ਦਾਤੇ ਦੀ ਬਖ਼ਸ਼ੀ ਦਾਤ ਦੀ ਕੀਮਤ ਨਹੀਂ ਜਾਣਦਾ। ਜਦੋਂ ਕਿਧਰੇ ਕੁਦਰਤੀ ਥੋੜਾ ਜਿਹਾ ਨੁਕਸ ਪੈ ਜਾਵੇ ਤਾਂ ਸਰੀਰ ਚੱਲਦਾ ਰੱਖਣ ਲਈ ਇਕ-ਇਕ ਅੰਗ ਦੀ ਕੀਮਤ ਲੱਖਾਂ ਵਿਚ ਤਾਰਨੀ ਪੈਂਦੀ ਹੈ। ਦਾਨਿਆਂ ਦਾ ਕਥਨ ਹੈ ਕਿ ਨਜ਼ਰ ਦੀ ਕੀਮਤ ਨੇਤਰਹੀਣ ਨੂੰ ਪੁੱਛੋ, ਪੈਰਾਂ ਦੀ ਕੀਮਤ ਪੈਰਾਂ ਤੋਂ ਅਪਾਹਜ਼ ਨੂੰ, ਹੱਥਾਂ ਦੀ ਕੀਮਤ ਹੱਥ ਗੁਆ ਬੈਠਿਆਂ ਨੂੰ ਪੁੱਛੋ ਤੇ ਘੱਟ ਖਾਣ ਦਾ ਫਾਇਦਾ ਇਕ ਦੇਰ ਨਾਲ ਜਾਗਿਆ ਹੋਇਆ ਗੋਗੜਧਾਰੀ ਹੀ ਦੱਸ ਸਕਦਾ ਹੈ।
ਇਸ ਸੰਸਾਰ ਦੇ ਬੰਦਿਆਂ ਦੀ ਬੇਪਰਵਾਹੀ ਤੋਂ ਸਦਕੇ ਜਾਈਏ ਕਿ ਜੇਕਰ ਇਨ੍ਹਾਂ ਮਸ਼ੀਨਰੀ ਵਿਚ ਤੇਲ ਭਰਵਾਉਣਾ ਹੋਵੇ ਤਾਂ ਇਹ ਗੱਡੀ ਦੀ ਔਸਤ (ਐਵਰੇਜ) ਤੋਂ ਲੈ ਕੇ ਇੰਜਣ ਦੇ ਫਾਇਦੇ-ਨੁਕਸਾਨ ਤਕ ਪੂਰੇ ਫਿਕਰਮੰਦ ਹਨ ਪਰ ਦੂਜੇ ਪਾਸੇ ਸਰੀਰ ਰੂਪੀ ਇੰਜਣ ਵਿਚ ਪਦਾਰਥ ਪਾਉਣੇ ਹੋਣ ਤਾਂ ਬਹੁਗਿਣਤੀ ਲੋਕ ਹਰੇਕ ਬੁਰੀ ਵਸਤ, ਤਰਲ, ਠੋਸ, ਨਸ਼ਾ ਤਕ ਬਿਨਾ ਵਿਚਾਰਿਆਂ ਪੇਟ ਵਿਚ ਤੂੜੀ ਜਾਂਦੇ ਹਨ।
ਇਹ ਧਰਤੀ ਦਾ ਸੱਚ ਹੈ ਕਿ ਬਹੁਤੀਆਂ ਬਿਮਾਰੀਆਂ ਮਨੁੱਖ ਬੇਪਰਵਾਹੀ ਵਿਚ ਸਹੇੜਦਾ ਹੈ ਅਤੇ ਇਸ ਦੀ ਰਸਾਂ-ਕਸਾਂ ਦੀ ਗੁਲਾਮ ਹੋਈ ਛੋਟੀ ਜਿਹੀ ਜੀਭ ਕਈ ਵਾਰ ਜਲਦੀ ਹੀ ਕਬਰ ਖੋਦ ਦਿੰਦੀ ਹੈ। ਉਸ ਸਮੇਂ ਇਸ ਨੂੰ ਕੀਮਤੀ ਜੀਵਨ ਦਾ ਦੇਰ ਨਾਲ ਅਹਿਸਾਸ ਹੁੰਦਾ ਹੈ।
ਵਰਤਮਾਨ ਸਮੇਂ ਉੱਪਰ ਝਾਤ ਮਾਰੀਏ ਤਾਂ ਸੜਕਾਂ ਉੱਪਰ ਚੱਲਦੀਆਂ ਅੰਨ੍ਹੇਵਾਹ ਤੇਜ਼ ਰਫਤਾਰ ਗੱਡੀਆਂ, ਛੋਟੇ-ਛੋਟੇ ਬੱਚਿਆਂ ਦੇ ਹੱਥ ਸੌਂਪੀ ਮਸ਼ੀਨਰੀ, ਇਕ-ਦੂਜੇ ਨੂੰ ਪਛਾੜ ਕੇ ਅੱਗੇ ਭੱਜ ਨਿਕਲਣ ਦੀ ਲਾਲਸਾ, ਮੋਬਾਇਲ ਦੀ ਦੁਰਵਰਤੋਂ ਰੋਜ਼ਾਨਾ ਹੀ ਸੜਕਾਂ ‘ਤੇ ਵਧ ਰਹੀਆਂ ਦੁਰਘਟਨਾਵਾਂ, ਥਾਂ-ਥਾਂ ਪੈਂਦੇ ਕੀਰਨੇ, ਰਿਸ਼ਤਿਆਂ ਦਾ ਵਿਰਲਾਪ ਆਦਿ ਇਸ ਮਾਨਵਤਾ ਲਈ ਖ਼ਤਰੇ ਦਾ ਘੜਿਆਲ ਹਨ। ਮਨੁੱਖ ਨੂੰ ਮੰਜ਼ਲਾਂ ‘ਤੇ ਪਹੁੰਚਾਉਣ ਵਾਲੀਆਂ ਸੜਕਾਂ ਕਤਲਗਾਹਾਂ ਬਣਦੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਨਵੀਂ ਕਿਸਮ ਦੇ ਸ਼ੌਕ-ਨਸ਼ਿਆਂ ਤੋਂ ਲੈ ਕੇ ਅਵਾਰਾਗਰਦੀ ਤਕ ਅਤੇ ਫੈਸ਼ਨ-ਪ੍ਰਸਤੀ ਤੋਂ ਲੈ ਕੇ ਨੈਤਿਕ ਕਦਰਾਂ-ਕੀਮਤਾਂ ਦੇ ਘਾਣ ਤਕ, ਨਤੀਜਾ ਦੇਖੋ ਤਾਂ ਮਾਨਵਤਾ ਪਲੀਤ ਵਹਿਣਾਂ ‘ਚ ਵਹਿ ਰਹੀ ਹੈ। ਬਹੁ-ਗਿਣਤੀ ਤਨ ਤੇ ਮਨ ਖ਼ਤਰਨਾਕ ਰੋਗਾਂ ਦੀ ਭੇਟ ਚੜ੍ਹ ਗਏ ਹਨ।
ਇਕ ਪ੍ਰਸ਼ਨ ਹੈ ਕਿ ਕੀ ਮਨੁੱਖ ਜਾਗੇਗਾ ਤੇ ਹੋਰਨਾਂ ਨੂੰ ਜਗਾਏਗਾ?
ਇਸ ਤਾ ਉੱਤਰ ਹੈ ਕਿ ਮਨੁੱਖ ਜਾਗੇ ਵੀ ਹਨ ਤੇ ਜਗਾ ਵੀ ਰਹੇ ਹਨ ਪਰ ਇਹ ਗਿਣਤੀ ਵਧਾਉਣ ਦੀ ਲੋੜ ਹੈ। ਜੇਕਰ ਇਹ ਗਿਣਤੀ ਨਿੱਜ ਤੋਂ ਸ਼ੁਰੂ ਕੀਤੀ ਜਾਵੇ ਤਾਂ ਕੋਈ ਮਸਲਾ ਹੀ ਨਹੀਂ ਹੈ।
ਹੁਣ ਤੱਤਸਾਰ ਭਗਤ ਕਬੀਰ ਜੀ ਦੇ ਸਲੋਕ ਵਿਚ ਦਰਜ ਹੈ ਕਿ ਮਨੁੱਖਾ ਜਨਮ ਦੁਰਲੱਭ ਹੈ, ਜੋ ਵਾਰ-ਵਾਰ ਪ੍ਰਾਪਤ ਨਹੀਂ ਹੋਣਾ। ਜਿਵੇਂ ਵਣਾਂ ਵਿਚ ਫਲ ਪੱਕ ਕੇ ਜਦ ਧਰਤੀ ਉੱਪਰ ਡਿੱਗ ਪੈਂਦੇ ਹਨ ਤਾਂ ਫਿਰ ਉਹ ਡਾਲੀ ਨਾਲ ਨਹੀਂ ਲੱਗ ਸਕਦੇ ਭਾਵ ਕਿ ਜੀਵਨ ਲੀਲਾ ਖ਼ਤਮ ਹੋ ਜਾਂਦੀ ਹੈ। ਇਸ ਤਰ੍ਹਾਂ ਜੇਕਰ ਮਨੁੱਖ ਆਪਣੇ ਨਿੱਜੀ ਜੀਵਨ ਤੇ ਧਰਮ-ਕਰਮ ਪ੍ਰਤੀ ਜਾਗ ਪਵੇ ਤਾਂ ਇਹੋ ਧਰਤੀ ਸਵਰਗ ਬਣ ਜਾਵੇ ਤੇ ਉਸੇ ਦੀ ਇਹ ਮਾਨਵੀ ਜੀਵਨ ਰੂਪੀ ਯਾਤਰਾ ਹੀ ਸਫਲ ਮੰਨੀ ਜਾਵੇਗੀ।
ਵਿਵਹਾਰਕ ਪੱਖ ਦੇ ਨਾਲ ਹੁਣ ਅਧਿਆਤਮਕ ਪੱਖ ਵੀ ਹੈ, ਜੋ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥” ਦਾ ਸਤ ਉਪਦੇਸ਼ ਹੈ।
ਸਿੱਖ ਫ਼ਲਸਫ਼ੇ ਅਨੁਸਾਰ ਸਮੁੱਚੀ ਮਾਨਵਤਾ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਕੀਤਾ ਹੈ ਕਿ ਪ੍ਰਭੂ ਮਿਲਾਪ ਦੀ ਇਹੀ ਵਾਰੀ ਜਾਂ ਸਮਾਂ ਹੈ। ਪੰਚਮ ਪਾਤਸ਼ਾਹ ਜੀ ਫ਼ਰਮਾਉਂਦੇ ਹਨ ਕਿ ਚੌਰਾਸੀ ਲੱਖ ਜੂਨਾਂ ਵਿੱਚੋਂ ਮਾਨਸ ਜਨਮ ਉੱਤਮ ਜੀਵਨ ਹੈ ਅਤੇ ਜੇਕਰ ਫਿਰ ਵੀ ਪ੍ਰਭੂ-ਮਿਲਾਪ ਤੋਂ ਵਾਂਝਾ ਰਹਿ ਗਿਆ ਤਾਂ ਜਨਮ-ਮਰਨ ਦਾ ਦੁੱਖ ਭੋਗਦਾ ਰਹੇਗਾ :
ਲਖ ਚਉਰਾਸੀਹ ਜੋਨਿ ਸਬਾਈ॥
ਮਾਣਸ ਕਉ ਪ੍ਰਭਿ ਦੀਈ ਵਡਿਆਈ॥
ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ (ਅੰਗ ੧੦੭੫)
ਸੰਸਾਰ ਤੋਂ ਲੈ ਕੇ ਨਿਰੰਕਾਰ ਤਕ ਸਭ ਭਲੇ ਕਾਰਜ ਮਨੁੱਖਾ ਜਨਮ ਵਿਚ ਹੀ ਹੋ ਸਕਦੇ ਹਨ। ਆਓ, ਇਸ ਮਾਨਸ ਜਨਮ ਦੀ ਕੀਮਤ ਪਹਿਚਾਣੀਏ।
ਡਾ. ਇੰਦਰਜੀਤ ਸਿੰਘ ਗੋਗੋਆਣੀ