ਪਰਉਪਕਾਰੀ ਮਨੁੱਖ ਤਾਂ ਆਪਣੇ ਸੁਭਾਅ ਅਨੁਸਾਰ ਸ਼ੁੱਭ ਕਰਮ ਨਿਰਸਵਾਰਥ ਕਰੀ ਜਾਂਦੇ ਹਨ। ਦੂਜੇ ਪਾਸੇ ਨੇਕ ਤੇ ਭਲੇ ਵਿਅਕਤੀ ਕੀਤੇ ਗਏ ਪਰਉਪਕਾਰ ਜਾਂ ਗੁਣ ਦਾ ਅਹਿਸਾਨ ਪੁਸ਼ਤ-ਦਰ-ਪੁਸ਼ਤ ਵੀ ਨਹੀਂ ਭੁਲਦੇ; ਉਹ ਆਪਣੇ ਆਪ ਨੂੰ ਰਿਣੀ ਮਹਿਸੂਸ ਕਰਦੇ ਰਹਿੰਦੇ ਹਨ ਅਤੇ ਅਹਿਸਾਨ ਦਾ ਕਰਜ਼ ਉਤਾਰਨ ਲਈ ਸਦਾ ਯਤਨਸ਼ੀਲ ਰਹਿੰਦੇ ਹਨ। ਕਈ ਵਾਰ ਤਾਂ ਪੂਰੀ ਕੌਮ ਅਜਿਹੇ ਕਰਮ ਲਈ ਅਹਿਸਾਨਮੰਦੀ ਰਹਿੰਦੀ ਹੈ। ਸਿੱਖ ਇਤਿਹਾਸ ਵਿੱਚੋਂ ਉਪਰੋਕਤ ਨਾਲ ਸੰਬੰਧਿਤ ਕੁਝ ਮਿਸਾਲਾਂ ਦਾ ਉਲੇਖ ਕੀਤਾ ਜਾ ਸਕਦਾ ਹੈ।
ਦਸੰਬਰ ੧੭੦੫ ਈ. ਵਿਚ ਫੌਜਦਾਰ ਵਜੀਰ ਖਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾਉਣ ਵੇਲੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਬੱਚਿਆਂ ‘ਤੇ ਹੋ ਰਹੇ ਜ਼ੁਲਮ ਤੇ ਬੇਇਨਸਾਫੀ ਵਿਰੁੱਧ ‘ਹਾਅ’ ਦਾ ਨਾਅਰਾ ਮਾਰਿਆ ਸੀ। ਮਨੁੱਖੀ ਅਧਿਕਾਰਾਂ ਦੇ ਪੱਖ ਵਿਚ ਨਵਾਬ ਸਾਹਿਬ ਦੇ ਨਿਡਰਤਾ ਨਾਲ ਕਹੇ ਸ਼ਬਦ ਸਿੱਖ ਹਿਰਦਿਆਂ ਤੇ ਅਮਿੱਟ ਛਾਪ ਛੱਡ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ੧੭੧੦ ਈ. ਵਿਚ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ। ਆਸ-ਪਾਸ ਦੇ ਹੋਰ ਇਲਾਕੇ ‘ਤੇ ਵੀ ਕਬਜ਼ਾ ਕੀਤਾ ਪਰ ਗੁਆਂਢੀ ਰਿਆਸਤ ਮਲੇਰਕੋਟਲਾ ਵੱਲ, ਨਵਾਬ ਸਾਹਿਬ ਦੇ ਅਦਬ ਵਜੋਂ, ਅੱਖ ਚੁੱਕ ਕੇ ਵੀ ਨਾ ਵੇਖਿਆ। ਸੰਨ ੧੯੪੭ ਈ. ਵਿਚ ਭਾਰਤ ਦੀ ਵੰਡ ਸਮੇਂ ਭੜਕੀ ਅੱਗ ਦੌਰਾਨ ਵੀ ਸਿੱਖਾਂ ਨੇ ਮਲੇਰਕੋਟਲਾ ਤੇ ਇਸ ਦੇ ਵਾਸੀਆਂ ਦੀ ਜੀਅ ਜਾਨ ਨਾਲ ਰੱਖਿਆ ਕਰ ਕੇ ਨਵਾਬ ਸਾਹਿਬ ਵੱਲੋਂ ਕੀਤੇ ਅਹਿਸਾਨ ਦਾ ਬੋਝ ਕੁਝ ਹਲਕਾ ਕੀਤਾ।
ਅੱਜ ਤਕ ਵੀ ਸਿੱਖ ਉਸ ਘਟਨਾ ਨੂੰ ਯਾਦ ਕਰ ਕੇ ਨਵਾਬ ਸਾਹਿਬ ਤੇ ਉਸ ਦੇ ਸ਼ਹਿਰ ਅਤੇ ਉੱਥੋਂ ਦੇ ਵਾਸੀਆਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਦੇ ਹਨ।
ਪਿਛਲੀ ਸਦੀ ਦੇ ਸੱਤਰਵਿਆਂ ਵਿਚ ਸਿੱਖਾਂ ਨੇ ਇੰਗਲੈਂਡ ਵਿਚ ਮੋਟਰਸਾਈਕਲ ਸਵਾਰਾਂ ਲਈ ਹੈਲਮੈਟ ਲਾਜ਼ਮੀ ਪਹਿਨਣ ਵਾਲੇ ਕਾਨੂੰਨ ਵਿੱਚੋਂ ਛੋਟ ਲੈਣ ਲਈ ਅੰਦੋਲਨ ਕੀਤਾ। ਉਸ ਵੇਲੇ ਦੇ ਸਾਊਥਹਾਲ ਤੋਂ ਪਾਰਲੀਮੈਂਟ ਮੈਂਬਰ ਮਿ. ਬਿੰਡਵੈਲ, ਮਿ. ਲਾਰਡ ਵਿਨਸਟਨ ਚਰਚਿਲ (ਪ੍ਰਧਾਨ ਮੰਤਰੀ ਸਰ ਚਰਚਿਲ ਦੇ ਪੋਤਰੇ) ਤੇ ਮਿ. ਲਾਰਡ ਮਾਊਬਰੇ ਨੇ ਪਾਰਲੀਮੈਂਟ ਵਿਚ ਸਿੱਖਾਂ ਦੀ ਡਟ ਕੇ ਹਮਾਇਤ ਕੀਤੀ। ਮਿ. ਲਾਰਡ ਚਰਚਿਲ ਨੇ ਆਪਣੇ ਇਤਿਹਾਸਿਕ ਭਾਸ਼ਣ ਵਿਚ ਕਿਹਾ ਕਿ ਹੈਲਮੈਟ ਦੀ ਥਾਂ ਪਗੜੀ ਪਹਿਨਣਾ ਸਿੱਖਾਂ ਦਾ ਧਾਰਮਿਕ ਅਧਿਕਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਬ੍ਰਿਟੇਨ ਦੇ ਲੋਕਾਂ ਸਿਰ ਸਿੱਖਾਂ ਦਾ ਭਾਰੀ ਕਰਜ਼ ਅਤੇ ਅਹਿਸਾਨ ਹੈ। ਦੋ ਸੰਸਾਰ ਯੁੱਧਾਂ ਵਿਚ ਸਿੱਖਾਂ ਨੇ ਸਾਡੀ ਬਹੁਤ ਮਦਦ ਕੀਤੀ, ਉਹ ਪਗੜੀਆਂ ਬੰਨ੍ਹ ਕੇ ਹੀ ਸਾਡੇ ਲਈ ਲੜੇ ਤੇ ਮਰੇ। ਉਨ੍ਹਾਂ ਦੀ ਕੁਰਬਾਨੀ ਦੀ ਬਦੌਲਤ ਹੀ ਅਸੀਂ ਅੱਜ ਇੱਜ਼ਤ, ਮਾਣ ਅਤੇ ਅਜ਼ਾਦੀ ਨਾਲ ਜੀਅ ਰਹੇ ਹਾਂ। ਜੇ ਅਸੀਂ ਉਸ ਵੇਲੇ ਉਨ੍ਹਾਂ ਲਈ ਹੈਲਮੈਟ ਪਾ ਕੇ ਲੜਨ ਦੀ ਜ਼ਿੱਦ ਨਹੀਂ ਸੀ ਕੀਤੀ ਤਾਂ ਹੁਣ ਵੀ ਉਨ੍ਹਾਂ ਨੂੰ ਹੈਲਮੈਟ ਪਾਉਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਮਿ.ਲਾਰਡ ਮਾਊਬਰੇ ਨੇ ਵੀ ਇਸੇ ਤਰਜ਼ ਵਿਚ ਕਿਹਾ ਕਿ ਇਨ੍ਹਾਂ ਬਹਾਦਰ ਤੇ ਅਦਭੁਤ ਲੋਕਾਂ ਦੀ ਵੱਧ ਤੋਂ ਵੱਧ ਹਮਾਇਤ ਕਰ ਕੇ ਸਾਨੂੰ ਆਪਣੇ ਸਿਰੋਂ ਕਰਜ਼ ਦਾ ਬੋਝ ਕੁਝ ਹਲਕਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਬ੍ਰਿਟਿਸ਼ ਪਾਰਲੀਮੈਂਟ ਦੇ ੧੫ ਨਵੰਬਰ, ੧੯੭੬ ਈ. ਨੂੰ ਉਚੇਚੇ ਸੱਦੇ ਸੈਸ਼ਨ ਵਿਚ ਸਿੱਖਾਂ ਨੂੰ ਪਗੜੀ ਬੰਨ੍ਹ ਕੇ ਤੇ ਬਿਨਾਂ ਹੈਲਮੈਟ ਪਾਏ ਮੋਟਰਸਾਈਕਲ ਚਲਾਉਣ ਦਾ ਅਧਿਕਾਰ ਪ੍ਰਵਾਨ ਕਰ ਲਿਆ ਗਿਆ।
ਇਸੇ ਸੰਦਰਭ ਵਿਚ ਦਾਸ (ਲੇਖਕ) ਪਾਠਕਾਂ ਨਾਲ ਇਕ ਜ਼ਾਤੀ ਤਜ਼ਰਬਾ ਵੀ ਸਾਂਝਾ ਕਰਨਾ ਚਾਹੇਗਾ। ਕੁਝ ਅਮਰੀਕਨ ਤੇ ਦਿੱਲੀ ਦੇ ਸਿੱਖ ਲੀਡਰਾਂ ਦੇ ਕਹਿਣ ‘ਤੇ ਪਾਕਿਸਤਾਨ ਦੇ ਉਸ ਵੇਲੇ ਕਾਨੂੰਨ ਮੰਤਰੀ, ਜਨਾਬ ਸੱਯਦ ਅਫ਼ਜ਼ਲ ਹੈਦਰ ਨੇ ਨਵੰਬਰ ੨੦੦੭ ਈ. ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਗੁਰਪੁਰਬ ‘ਤੇ ਨਨਕਾਣਾ ਸਾਹਿਬ ਵਿਖੇ ਅਨੰਦ ਮੈਰਿਜ ਐਕਟ ੧੯੦੯ ਵਿਚ ਰਜਿਸਟ੍ਰੇਸ਼ਨ ਦੀ ਧਾਰਾ ਜੋੜਨੀ ਮੰਨ ਲਈ, ਜਦਕਿ ਭਾਰਤ ਸਰਕਾਰ ਇਸ ਮਸਲੇ ‘ਤੇ ਅਜੇ ਆਨਾਕਾਨੀ ਕਰ ਰਹੀ ਸੀ। ਜਨਾਬ ਸੱਯਦ ਹੈਦਰ ਨੇ ੬ ਦਸੰਬਰ, ੨੦੦੭ ਈ. ਨੂੰ ਲਾਹੌਰ ਦੇ ਪਰਲਜ਼ ਹੋਟਲ ਵਿਚ ਸਿੱਖ ਨੁਮਾਇੰਦਿਆਂ ਨੂੰ ਇਸ ਸਬੰਧੀ ਵਿਚਾਰ-ਵਟਾਂਦਰੇ ਲਈ ਬੁਲਾ ਲਿਆ। ਮੰਤਰੀ ਜੀ ਬਿਲਕੁਲ ਠੀਕ ਟਾਈਮ ‘ਤੇ ਪਹੁੰਚੇ ਅਤੇ ਦੱਸਿਆ ਕਿ ਮੈਂ ਪੰਜ ਧਾਰਾਵਾਂ ਵਾਲਾ ਅਨੰਦ ਮੈਰਿਜ ਐਕਟ ਪੜ੍ਹ ਕੇ, ਉਸ ਵਿਚ ਰਜਿਸਟ੍ਰੇਸ਼ਨ ਵਾਸਤੇ ਛੇਵੀਂ ਧਾਰਾ ਦਾ ਡਰਾਫਟ ਤਿਆਰ ਕਰਵਾ ਕੇ ਅਤੇ ਉਸ ਡਰਾਫਟ ਨੂੰ ਆਰਡੀਨੈਂਸ ਰਾਹੀਂ ਕਾਨੂੰਨ ਬਣਾਉਣ ਦੀ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਤੋਂ ਅਗਾਉਂ ਮਨਜ਼ੂਰੀ ਲੈ ਕੇ ਹੀ ਮੀਟਿੰਗ ਵਿਚ ਆਇਆ ਹਾਂ। ਜੇਕਰ ਸਿੱਖ ਪ੍ਰਤੀਨਿਧ ਇਸ ਡਰਾਫਟ ਨੂੰ ਠੀਕ ਸਮਝਦੇ ਹਨ ਤਾਂ ਇਹ ਆਰਡੀਨੈਂਸ ਕੱਲ੍ਹ ਹੀ ਤੁਹਾਡੇ ਵਾਪਸ ਸ੍ਰੀ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਜਾਰੀ ਹੋ ਕੇ ਕਾਨੂੰਨ ਬਣ ਜਾਵੇਗਾ ਅਤੇ ਜੇ ਸਿੱਖ ਕੁਝ ਹੋਰ ਚਾਹੁੰਦੇ ਹਨ ਤਾਂ ਦੱਸ ਦੇਣ ਤਾਂ ਉਹ ਮੈਂ ਆਪਣੇ ਮਾਤਹਿਤ ਅਮਲੇ ਤੋਂ ਚੈੱਕ ਕਰਵਾ ਕੇ ਹਫਤੇ ਦੋ ਹਫਤੇ ਵਿਚ ਕਾਨੂੰਨ ਬਣਵਾ ਦੇਵਾਂਗਾ ਬਸ਼ਰਤੇ ਇਸ ਵਿਚ ਕੋਈ ਗੱਲ ਪਾਕਿਸਤਾਨੀ ਹਿੱਤਾਂ ਖ਼ਿਲਾਫ਼ ਨਾ ਹੋਵੇ। ਇਸ ਉਪਰੰਤ ਅਸੀਂ ਆਪਣੇ ਵੱਲੋਂ ਤਿਆਰ ਕੀਤਾ ਹੋਇਆ ਸਿੱਖ ਮੈਰਿਜ ਬਿੱਲ ਪਾਸ ਕਰਵਾਉਣ ਦੀ ਗੱਲ ਕਹੀ ਤਾਂ ਮੰਤਰੀ ਜੀ ਨੇ ਖਿੜੇ ਮੱਥੇ ਉਸ ਨੂੰ ਪ੍ਰਵਾਨ ਕਰਦੇ ਹੋਏ ਕਾਨੂੰਨ ਬਣਾਉਣ ਦਾ ਵਚਨ ਦਿੱਤਾ। ਕਰੀਬ ਦੋ ਹਫਤੇ ਬਾਅਦ ਹੀ ਸਭਨੇ ਪਾਕਿਸਤਾਨੀ ਸਿੱਖ ਮੈਰਿਜ ਐਕਟ ਪਾਸ ਹੋਣ ਦੀ ਖ਼ਬਰ ਅਖ਼ਬਾਰਾਂ ਵਿਚ ਪੜ੍ਹ ਲਈ।
ਉਪਰੋਕਤ ਚਰਚਾ ਤੋਂ ਬਾਅਦ ਸੱਯਦ ਅਫ਼ਜ਼ਲ ਹੈਦਰ ਨੇ ਗੈਰ-ਰਸਮੀ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਸਾਡੇ ਨਾਲ ਦੋਸਤਾਨਾ ਵਰਤਾਰੇ ਪਿੱਛੇ ਇਕ ਖਾਸ ਕਾਰਨ ਹੈ। ਉਨ੍ਹਾਂ ਦੱਸਿਆ ਕਿ ਉਹ ਬਾਬਾ ਫਰੀਦ ਜੀ (ਭਗਤ ਸ਼ੇਖ ਫਰੀਦ ਜੀ) ਦੇ ਸਿੱਧੇ ਉੱਤਰਾਧਿਕਾਰੀਆਂ ਵਿੱਚੋਂ ਹਨ ਤੇ ਉਨ੍ਹਾਂ ਦੇ ਪਰਵਾਰ ਦੀ ਪਾਕਿਸਤਾਨ ਵਿਚ ਮਕਬੂਲੀਅਤ ਤੇ ਉਨ੍ਹਾਂ ਦਾ ਵਜ਼ੀਰ ਬਣਨਾ ਇਸੇ ਕਾਰਨ ਕਰਕੇ ਹੈ ਅਤੇ ਇਹ ਸਭ ਕੁਝ ਤਾਂ ਹੀ ਸੰਭਵ ਹੋਇਆ ਕਿਉਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਸ਼ੇਖ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਕੇ ਉਨ੍ਹਾਂ ਨੂੰ ਵਿਲੱਖਣ ਪਛਾਣ ਦਿੱਤੀ ।
ਉਨ੍ਹਾਂ ਕਿਹਾ ਕਿ ਉਹ ਸਿੱਖਾਂ ਲਈ ਜੋ ਵੀ ਕੁਝ ਵੀ ਮੁਮਕਿਨ ਹੋਵੇ, ਕਰ ਕੇ ਅਹਿਸਾਨ ਦੀ ਅਦਾਇਗੀ ਕਰਨਾ ਚਾਹੁੰਦੇ ਹਨ। ਉਨ੍ਹਾਂ ਉਲਟਾ ਸਾਡਾ ਸ਼ੁਕਰੀਆ ਅਦਾ ਕੀਤਾ ਕਿ ਤੁਸੀਂ ਮੈਨੂੰ ਕੋਈ ਕੰਮ ਦੱਸ ਕੇ ਮੇਰੀ ਉਸ ਫਰਜ਼ ਪੂਰਤੀ ਵਿਚ ਮਦਦ ਕੀਤੀ ਹੈ।
-ਡਾ. ਕਸ਼ਮੀਰ ਸਿੰਘ
(ਸਾਬਕਾ ਮੁਖੀ ਤੇ ਡੀਨ, ਕਾਨੂੰਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ।
ਮੋ: +੯੧੯੮੧੫੬-੦੮੮੧੬)
