ਜੰਗਲੀ ਯੁੱਗ ਤੋਂ ਲੈ ਕੇ ਅੱਜ ਦੇ ਵਿਗਿਆਨਕ ਯੁੱਗ ਤਕ ਮਨੁੱਖ ਨੇ ਜਿੰਨਾ ਵੀ ਵਿਕਾਸ ਕੀਤਾ ਹੈ ਆਪਣੀ ਅਣਥੱਕ ਮਿਹਨਤ ਅਤੇ ਘਾਲਣਾ ਨਾਲ ਕੀਤਾ ਹੈ। ਮਨੁੱਖ ਨੂੰ ਆਦਿ ਕਾਲ ਤੋਂ ਹੀ ਆਪਣੇ ਜੀਵਨ ਨੂੰ ਕਾਇਮ ਰੱਖਣ ਲਈ ਤੇ ਜੀਵਨ ਦੇ ਨਿਰਬਾਹ ਲਈ ਪ੍ਰਕਿਰਤੀ ਦੀਆਂ ਤਾਕਤਾਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਸਖਤ ਮਿਹਨਤ ਕਰਨੀ ਪਈ ਹੈ। ਸਮਾਜਿਕ ਵਿਵਸਥਾ ਦੇ ਸਥਾਪਿਤ ਹੋਣ ਨਾਲ ਮਨੁੱਖਾਂ ਦੇ ਦਰਮਿਆਨ ਆਪਸ ਵਿਚ ਵਿਤਕਰਾ ਹੋਣ ਲੱਗਾ। ਕੁਝ ਮਨੁੱਖ ਆਗੂ ਬਣਨ ਲੱਗੇ ਤੇ ਕੁਝ ਉਨ੍ਹਾਂ ਦੇ ਅਧੀਨ ਹੋ ਗਏ। ਸਮਾਜਿਕ ਤਰੱਕੀ ਦੇ ਨਾਲ ਸਮਾਜਿਕ ਵੰਡ ਤੇ ਵਰਗ ਵੀ ਹੋਰ ਮਜਬੂਤ ਹੋਣ ਲੱਗੇ। ਕੁਝ ਲੋਕ ਕੰਮ ਲੈਣ ਵਾਲੇ ਹੋ ਗਏ ਤੇ ਕੁਝ ਕੰਮ ਕਰਨ ਵਾਲੇ ਹੋ ਗਏ ਅਤੇ ਕੁਝ ਲੋਕ ਦੂਜਿਆਂ ਦੇ ਕੰਮ ਦਾ ਲਾਭ ਉਠਾਉਣ ਲੱਗੇ।
ਭਾਰਤੀ ਸਮਾਜ ਚਾਰ ਵਰਣਾਂ ਵਿਚ ਵੰਡਿਆ ਗਿਆ। ਕੰਮ ਦਾ ਭਾਰ ਨਿਚਲੇ ਵਰਗ ਦੇ ਲੋਕਾਂ ‘ਤੇ ਆ ਗਿਆ। ਇਨ੍ਹਾਂ ਨੂੰ ਕਥਿਤ ਸ਼ੂਦਰ ਕਿਹਾ ਜਾਂਦਾ ਸੀ । ਬ੍ਰਾਹਮਣ, ਖੱਤਰੀ ਤੇ ਵੈਸ਼ ਤਿੰਨੇ ਵਰਗ ਇਨ੍ਹਾਂ ਦਾ ਸ਼ੋਸ਼ਣ ਕਰਨ ਲੱਗੇ। ਸਮਾਜ ਦੇ ਵਿਕਾਸ ਵਿਚ ਵਧੇਰੇ ਯੋਗਦਾਨ ਗਰੀਬ ਤੇ ਨਿਚਲੇ ਵਰਗ ਦੇ ਲੋਕਾਂ ਦਾ ਹੀ ਪਾਇਆ ਹੋਇਆ ਹੈ।
ਇਸ ਦੇ ਬਾਵਜੂਦ ਇਨ੍ਹਾਂ ਲੋਕਾਂ ਦਾ ਸਮਾਜ ਵਿਚ ਤ੍ਰਿਸਕਾਰ ਕੀਤਾ ਜਾਂਦਾ ਸੀ। ਇਸ ਤਰ੍ਹਾਂ ਕੰਮ ਕਰਨ ਵਾਲਾ ਵਰਗ ਗਰੀਬੀ ਹੇਠ ਪਿਸ ਕੇ ਕਮਜ਼ੋਰ ਹੁੰਦਾ ਗਿਆ। ਇਸ ਦੇ ਮੁਕਾਬਲੇ ‘ਤੇ ਦੂਜੇ ਵਰਗ ਦੇ ਲੋਕ ਵਿਹਲੜ ਅਤੇ ਦਲਿੱਦਰੀ ਹੋ ਗਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਉੱਤੇ ਪਹਿਲੀ ਵਾਰ ਕਿਰਤ ਦੀ ਮਹਾਨਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਮਲਕ ਭਾਗੋ ਦੀ ਕਮਾਈ ਨੂੰ ਪਾਪ ਦੀ ਕਮਾਈ ਦੱਸਿਆ ਤੇ ਉਸ ਦਾ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਉੱਤਮ ਸਮਝਿਆ ਕਿਉਂਕਿ ਇਹ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰ ਕੇ ਤਿਆਰ ਕੀਤੀ ਗਈ ਸੀ। ਗੁਰੂ ਜੀ ਨੇ ਆਪਣੇ ਆਪ ਨੂੰ ਕਿਰਤ
ਕਮਾਈ ਕਰਨ ਵਾਲੇ ਅਖੌਤੀ ਨੀਚ ਵਰਗਾਂ ਦੇ ਲੋਕਾਂ ਦਾ ਸਾਥੀ ਹੋਣ ਦਾ ਐਲਾਨ ਕੀਤਾ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੁ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਬ੍ਰਾਹਮਣ, ਖੱਤਰੀ ਤੇ ਵੈਸ਼ ਵਰਗ ਤੋਂ ਇਲਾਵਾ ਜੋਗੀ, ਸੰਨਿਆਸੀ, ਕਾਜ਼ੀ ਅਤੇ
ਹੋਰ ਅਖੌਤੀ ਧਾਰਮਿਕ ਵਿਅਕਤੀ ਵੀ ਆਪ ਹੱਥਾਂ ਨਾਲ ਕਮਾ ਕੇ ਖਾਣਾ ਪਾਪ ਸਮਝਦੇ ਸਨ। ਉਹ ਦੂਜਿਆਂ ਤੋਂ ਦਾਨ ਲੈਣਾ, ਵੱਢੀਆਂ ਲੈਣੀਆਂ ਆਪਣਾ ਅਧਿਕਾਰ ਮੰਨਦੇ ਸਨ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸਮਾਜ ਵਿਚ ਸਭ ਤੋਂ ਵੱਡੀ ਕ੍ਰਾਂਤੀ ਇਹ ਲਿਆਂਦੀ ਕਿ ਉਨ੍ਹਾਂ ਨੇ ਧਰਮ ਨੂੰ ਕਿਰਤ ਨਾਲ ਜੋੜ ਦਿੱਤਾ। ਉਨ੍ਹਾਂ ਨੇ ਕਿਰਤ ਕਰਨ ਅਤੇ ਨਾਮ ਜਪਣ ਵਾਲੇ ਨੂੰ ਹੀ ਸੱਚਾ ਧਾਰਮਿਕ ਤੇ ਗਿਆਨ ਦਾ ਅਧਿਕਾਰੀ ਮੰਨਿਆ। ਗੁਰੂ ਜੀ ਨੇ ਲੋਕਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਘਰ-ਬਾਰ ਛੱਡਣ ਤੋਂ ਰੋਕਿਆ ਤੇ ਗ੍ਰਿਹਸਤ ਵਿਚ ਰਹਿੰਦਿਆਂ ਨਾਮ ਜਪਣ, ਦਸਾਂ ਨਹੁੰਆਂ ਦੀ ਕਿਰਤ ਕਰਨ ਤੇ ਵੰਡ ਛਕਣ ਦਾ ਮਾਰਗ ਦਰਸਾਇਆ। ਗੁਰੂ ਜੀ ਨੇ ਦਰਿੱਦਰ ਦੀ ਥਾਂ ਉੱਦਮ ਕਰਨ ਦਾ ਉਪਦੇਸ਼ ਦਿੱਤਾ :
-ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥
-ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ-ਮੰਤਰ ਵਿਚ ਅਕਾਲਪੁਰਖ ਨੂੰ “ਕਰਤਾ ਪੁਰਖ” ਲਿਖਿਆ ਹੈ। ਸੱਚਮੁਚ ਹੀ ਅਕਾਲ ਪੁਰਖ ਸਭ ਤੋਂ ਵੱਡਾ ਕਿਰਤੀ ਹੈ, ਕਰਤਾ-ਕਰਤਾਰ ਹੈ, ਉੱਚਤਮ ਕਲਾਕਾਰ ਹੈ, ਵਿਲੱਖਣ ਸ਼ਿਲਪਕਾਰ ਹੈ। ਇਹ ਸ੍ਰਿਸ਼ਟੀ, ਪ੍ਰਕਿਰਤੀ ਅਰਥਾਤ ਤ੍ਰਿਭਵਣ ਉਸੇ ਅਕਾਲ ਪੁਰਖ ਦੀ ਸਾਜੀ, ਸਵਾਰੀ ਅਤੇ ਸ਼ਿੰਗਾਰੀ ਅਨਮੋਲ, ਅਦਭੁੱਤ ਅਤੇ ਚਮਤਕਾਰੀ ਕਿਰਤ ਹੈ– “ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥” ਉਹ ਇਸ ਨੂੰ ਬਣਾਉਂਦਾ ਅਤੇ ਢਾਹੁੰਦਾ ਰਹਿੰਦਾ ਹੈ। ਇਹ ਉਸ ਦੀ ਖੇਡ ਹੈ। ਗੁਰਵਾਕ ਹੈ :
-ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥
-ਕਈ ਬਾਰ ਪਸਰਿਓ ਪਾਸਾਰ॥-ਨਾਨਕ ਸਚੇ ਕੀ ਸਾਚੀ ਕਾਰ ॥
-ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ॥
ਇਹ ਮਨੁੱਖ ਉਸੇ ਸਿਰਜਣਹਾਰੇ ਭੰਜਨ-ਘੜਨ ਅਤੇ ਸਮਰੱਥ ਸੁਆਮੀ ਦੀ ਅੰਸ਼-ਵੰਸ਼ ਹੈ। ਜੋ ਮਨੁੱਖ ਕਿਰਤ ਤੋਂ ਕੰਨੀ ਕਤਰਾਉਂਦਾ ਹੈ, ਵਿਹਲੜ ਅਤੇ ਸਮਾਜ ਉੱਤੇ ਬੋਝ ਹੈ। ਉਹ ਤਾਂ ਅਕਾਲ ਪੁਰਖ ਤੋਂ ਬੇਮੁਖ ਹੀ ਹੋਇਆ। ਇਸ ਲਈ ਕਿਰਤ ਹੀ ਧਰਮ-ਕਰਮ ਹੈ।
ਧਰਮ ਦੇ ਨਾਂ ‘ਤੇ ਜੋ ਲੋਕ ਵਿਹਲੇ ਬੈਠ ਕੇ ਛਕਦੇ ਸਨ ਗੁਰੂ ਜੀ ਨੇ ਉਨ੍ਹਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਲੋਕਾਂ ਨੂੰ ਉਨ੍ਹਾਂ ਦਾ ਕੋਈ ਸਤਿਕਾਰ ਨਾ ਕਰਨ ਦਾ ਆਦੇਸ਼ ਦਿੱਤਾ। ਗੁਰੂ ਜੀ ਨੇ ਉਨ੍ਹਾਂ ਨੂੰ ਦੈਵੀ ਸ਼ਕਤੀਆਂ ਦੇ ਮਾਲਕ,
ਮਹਾਂਪੁਰਖ ਤੇ ਕਰਾਮਾਤੀ ਮੰਨਣ ਦੀ ਥਾਂ ਸਮਾਜ ਦਾ ਉਜਾੜਾ ਕਰਨ ਵਾਲੇ ਕਿਹਾ ਹੈ। ਗੁਰੂ ਜੀ ਅਨੁਸਾਰ ਵਿਹਲੜ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ ਬਲਕਿ ਉਹ ਵਿਅਕਤੀ ਹੀ ਕਰ ਸਕਦਾ ਹੈ ਜੋ ਆਪ ਕੰਮ ਕਰ ਕੇ ਖਾਂਦਾ ਹੈ ਤੇ ਪਰਉਪਕਾਰ ਹਿੱਤ ਵੀ ਕੁਝ ਖਰਚ ਕਰਦਾ ਹੈ। ਗੁਰੂ ਜੀ ਦਾ ਫੁਰਮਾਨ ਹੈ:
ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥
ਗੁਰਮਤਿ ਦਾ ਮੁੱਖ ਉਦੇਸ਼ ਪ੍ਰਭੂ ਦੀ ਪ੍ਰਾਪਤੀ ਹੈ। ਜੀਵਨ ਨਿਰਬਾਹ ਦੀ ਖਾਤਰ ਕੰਮ ਕਰਦਿਆਂ ਜੀਵ ਨੇ ਇਸ ਉਦੇਸ਼ ਨੂੰ ਹਮੇਸ਼ਾਂ ਸਾਹਮਣੇ ਰੱਖਣਾ ਹੈ ਸਿਰਫ ਦੁਨਿਆਵੀ ਕੰਮਾਂ-ਕਾਰਾਂ ਵਿਚ ਹੀ ਉਲਝ ਕੇ ਨਹੀਂ ਰਹਿ ਜਾਣਾ। ਗੁਰਮਤਿ ਅਤੇ ਮਾਰਕਸਵਾਦ ਵਿਚ ਇਸ ਪੱਖ ਤੋਂ ਵੱਡਾ ਅੰਤਰ ਹੈ। ਗੁਰਮਤਿ ਦਾ ਦ੍ਰਿਸ਼ਟੀਕੋਣ ਸਮਾਜਵਾਦ ਵਾਂਗ ਸਿਰਫ ਪਦਾਰਥ ਤਕ ਹੀ ਸੀਮਤ ਨਹੀਂ ਹੈ। ਗੁਰਮਤਿ ਅਨੁਸਾਰ ਮਨੁੱਖ ਦੀ ਆਤਮਾ ਅਤੇ ਸਰੀਰ ਦੋਹਾਂ ਨੂੰ ਬਲਵਾਨ ਬਣਾਉਣਾ ਹੈ। ਇਹ ਦੋਹਾਂ ਦੀਆਂ ਵੱਖ-ਵੱਖ ਲੋੜਾਂ ਨੂੰ ਪੂਰਾ ਕਰਨ ਦਾ ਸਿਧਾਂਤ ਹੈ। ਗੁਰੂ ਦਾ ਆਸ਼ਾ ਦੋਵੇਂ ਲੋਕਾਂ ਨੂੰ ਸੁਹੇਲੇ ਕਰਨਾ ਹੈ। ਇਸ ਲਈ ਮਨੁੱਖ ਨੇ ਕਿਰਤ ਕਰਦਿਆਂ ਆਪਣਾ ਚਿਤ ਨਿਰੰਜਨ ਭਾਵ ਪਰਮਾਤਮਾ ਨਾਲ ਜੋੜੀ ਰੱਖਣਾ ਹੈ। ਗੁਰਬਾਣੀ ਦਾ ਮਹਾਂਵਾਕ ਹੈ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥
ਲੋਕਾਂ ਦੀ ਲੁੱਟ-ਖਸੁੱਟ ਕਰ ਕੇ ਆਪਣੀਆਂ ਗੋਗੜਾਂ ਭਾਰੀ ਕਰਨ ਅਤੇ ਐਸ਼-ਪ੍ਰਸਤੀ ਕਰਨ ਵਾਲੇ ਲੋਕਾਂ ਨੂੰ ਵੀ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ। ਲੋਕਾਂ ਨੂੰ ਲੁੱਟਣ ਅਤੇ ਕੁੱਟਣ ਵਾਲੇ ਸੱਜਣ ਠੱਗ ਅਤੇ ਉਸ ਵਰਗੇ ਹੋਰ ਅਨੇਕਾਂ ਹੀ ਕੁਰਾਹੇ ਪਿਆਂ ਨੂੰ ਗੁਰੂ ਜੀ ਨੇ ਸਹੀ ਰਸਤਾ ਵਿਖਾਇਆ ਅਤੇ ਹੱਥੀਂ ਧਰਮ ਦੀ ਕਿਰਤ (ਸੁਕ੍ਰਿਤ) ਕਰਨ ਲਈ ਪ੍ਰੇਰਿਆ।
ਅਧਿਆਤਮ ਅਤੇ ਨੈਤਿਕਤਾ ਦੇ ਰੰਗ ਵਿਚ ਰੰਗੇ ਜਾਣ ਨਾਲ ਮਨੁੱਖ ਦਾ ਸੰਸਾਰਕ ਕਾਰਜ ਵੀ ਇਕ ਸੁਕ੍ਰਿਤ ਭਾਵ ਸੁੱਚੀ ਕਿਰਤ ਬਣ ਜਾਂਦਾ ਹੈ। ਇਸ ਤਰ੍ਹਾਂ ਦੇ ਮਨੁੱਖ ਦਾ ਆਸ਼ਾ ਕਿਰਤ ਕਰ ਕੇ ਮੁਨਾਫਾ ਕਮਾਉਣਾ ਜਾਂ ਵੱਧ ਤੋਂ ਵੱਧ ਧਨ ਜੋੜਨਾ ਨਹੀਂ ਹੁੰਦਾ। ਉਹ ਤਾਂ ਕਿਰਤ ਇਸ ਲਈ ਕਰਦਾ ਹੈ ਕਿ ਦੂਜਿਆਂ ‘ਤੇ ਬੋਝ ਨਾ ਬਣੇ ਅਤੇ ਲੋੜਵੰਦਾਂ ਦੀ ਸਹਾਇਤਾ ਕਰੇ। ਭਾਈ ਗੁਰਦਾਸ ਜੀ ਨੇ ਲਿਖਿਆ ਹੈ:
ਹਥੀ ਕਾਰ ਕਮਾਵਣੀ ਪੈਰੀ ਚਲਿ ਸਤਿਸੰਗ ਮਿਲੇਹੀ। ਕਿਰਤਿ ਵਿਰਤਿ ਕਰ ਧਰਮ ਦੀ ਖਟਿ ਖਵਾਲਣੁ ਕਾਰਿ ਕਰੇਹੀ।
(ਵਾਰ ੧:੩)
ਗੁਰਮਤਿ ਤਾਂ ਹੱਥੀਂ ਕਾਰ ਭਾਵ ਕਿਰਤ ਜਾਂ ਸੇਵਾ ਨਾ ਕਰਨ ਵਾਲੇ ਦੇ ਹੱਥਾਂ-ਪੈਰਾਂ ਨੂੰ ਹੀ ਬੇਅਰਥ ਸਮਝਦੀ ਹੈ– “ਵਿਣੁ ਸੇਵਾ ਧ੍ਰਿਗ ਹਥ ਪੈਰ ਹੋਰ ਨਿਹਫਲ ਕਰਣੀ॥” ਹੱਥੀਂ ਕਿਰਤ ਕਰਨ ਵਾਲਾ ਮਨੁੱਖ ਸਵੈਮਾਣ ਅਤੇ ਸੰਤੁਸ਼ਟੀ ਦੀ ਜ਼ਿੰਦਗੀ ਜਿਊਂਦਾ ਹੈ। ਉਸ ਨੂੰ ਕਿਸੇ ਦੀ ਮੁਛੰਦਗੀ ਨਹੀਂ ਹੁੰਦੀ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰਸਾਇਆ ਕਿਰਤ ਦੀ ਮਹੱਤਤਾ ਦਾ ਮਾਰਗ ਅੱਜ ਦੇ ਯੁੱਗ ਵਿਚ ਵੀ ਮਹੱਤਤਾ ਰੱਖਦਾ ਹੈ। ਅੱਜ ਸਾਡੀ ਨੌਜਵਾਨ ਪੀੜ੍ਹੀ ਹੱਥੀਂ ਕਿਰਤ ਕਰਨ ਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੀ ਹੈ ਤੇ ਕਿਰਤ ਕਰਨ ਤੋਂ ਗੁਰੇਜ਼ ਕਰਦੀ ਹੈ। ਇਸ ਕਾਰਨ ਸਾਡਾ ਸਮਾਜ ਫਿਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਸਾਡੇ ਨੌਜਵਾਨਾਂ ਨੇ ਜੇ ਆਪਣਾ ਭਵਿੱਖ ਸੁਧਾਰਨਾ ਹੈ ਤਾਂ ਉਨ੍ਹਾਂ ਨੂੰ ਮੁਸ਼ੱਕਤ ਤੇ ਕਿਰਤ ਕਰਨ ਦੀ ਆਦਤ ਬਣਾਉਣੀ ਹੋਵੇਗੀ। ਜਿਹੜੇ ਮੁਲਕਾਂ ਨੇ ਤਰੱਕੀ ਕੀਤੀ ਹੈ, ਉਨ੍ਹਾਂ ਨੇ ਸਖਤ ਮਿਹਨਤ ਅਰਥਾਤ ਕਿਰਤ ਦੇ ਸਿਰ ‘ਤੇ ਕੀਤੀ ਹੈ। ਸਾਡੇ ਲੋਕਾਂ ਵਿਚ ਬਾਹਰਲੇ ਮੁਲਕਾਂ ਨੂੰ ਜਾਣ ਦੀ ਹੋੜ ਲੱਗੀ ਹੋਈ ਹੈ। ਉੱਥੇ ਜਾ ਕੇ ਇਹ ਹਰ ਤਰ੍ਹਾਂ ਦਾ ਕੰਮ ਕਰਨ ਨੂੰ ਤਿਆਰ ਹੁੰਦੇ ਹਨ। ਇਸ ਨੂੰ ਫੋਕੀ ਹਉਮੈਂ ਜਾਂ ਗੁਲਾਮ ਜਹਿਨੀਅਤ ਹੀ ਕਿਹਾ ਜਾ ਸਕਦਾ ਹੈ। ਇਸ ਰੁਚੀ ਕਾਰਨ ਸਾਡੇ ਮੁਲਕ ਦਾ ਸੰਤੁਲਨ ਵਿਗੜ ਰਿਹਾ ਹੈ। ਸਾਡੀ ਮਨੁੱਖੀ ਸ਼ਕਤੀ ਵਿਅਰਥ ਜਾ ਰਹੀ ਹੈ। ਜੇ ਸਾਡੇ ਨੌਜਵਾਨ ਕਿਰਤ ਦਾ ਸਤਿਕਾਰ ਕਰਨ ਲੱਗ ਜਾਣ ਤਾਂ ਸਾਨੂੰ ਬਾਹਰਲੇ ਮੁਲਕਾਂ ਨੂੰ ਨਾ ਦੌੜਨਾ ਪਵੇ ਤੇ ਸਾਡੀ ਬੇਰੁਜ਼ਗਾਰੀ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ।
ਕਿਰਤ ਬਿਨਾ ਮਨੁੱਖ ਦਾ ਜੀਵਨ ਬੇਕਾਰ ਤੇ ਨਿਕਮਾ ਹੋ ਜਾਂਦਾ ਹੈ। ਉਹ ਘੋਰ ਨਿਰਾਸ਼ਾ ਵਿਚ ਰਹਿੰਦਾ ਹੈ ਤੇ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਬੁਰਾਈਆਂ, ਬਿਮਾਰੀਆਂ, ਆਲਸਪੁਣੇ ਅਤੇ ਦਲਿੱਦਰ ਦਾ ਸ਼ਿਕਾਰ ਹੋ ਜਾਂਦਾ ਹੈ। ਉਂਝ ਵੀ ਵਿਹਲਾ ਮਨ ਸ਼ੈਤਾਨ ਦੀ ਵਰਕਸ਼ਾਪ ਹੀ ਹੁੰਦਾ ਹੈ। ਸਾਡੇ ਸਮਾਜ ਵਿਚ ਪਤਿਤਪੁਣਾ ਤੇ ਨਸ਼ਿਆਂ ਦੇ ਸੇਵਨ ਵਰਗੀਆਂ ਬਿਮਾਰੀਆਂ ਕਿਰਤ ਦੀ ਘਾਟ ਕਰਕੇ ਹੀ ਪੈਦਾ ਹੋ ਰਹੀਆਂ ਹਨ। ਕਿਰਤ ਕਰਦਿਆਂ ਮਨੁੱਖ ਦਾ ਧਿਆਨ ਗਲਤ ਪਾਸੇ ਜਾ ਹੀ ਨਹੀਂ ਸਕਦਾ। ਉਹ ਜੀਵਨ ਦਾ ਅਨੰਦ ਮਾਣਦਾ ਹੋਇਆ ਆਪਣੀ ਆਤਮਾ ਦੇ ਵਿਕਾਸ ਲਈ ਵੀ ਯਤਨ ਕਰਦਾ ਹੈ।
ਕਿਰਤ ਕਰਨ ਨਾਲ ਮਨੁੱਖ ਦਾ ਸਵੈਮਾਣ ਤੇ ਸਤਿਕਾਰ ਵਧਦਾ ਹੈ। ਸਮਾਜ ਵਿਚ ਉਸ ਦੀ ਇੱਜ਼ਤ ਹੁੰਦੀ ਹੈ। ਕਿਰਤ ਤੋਂ ਬਿਨਾ ਮਨੁੱਖ ਦੂਜਿਆਂ ਦਾ ਮੁਥਾਜ ਹੁੰਦਾ ਹੈ ਤੇ ਉਸ ਦਾ ਜੀਵਨ ਇਕ ਵਰਦਾਨ ਨਹੀ ਸਗੋਂ ਲਾਹਨਤ ਬਣ ਕੇ ਰਹਿ ਜਾਂਦਾ ਹੈ। ਭਗਤ
ਫਰੀਦ ਜੀ ਫੁਰਮਾਉਂਦੇ ਹਨ :
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਉੱਤੇ ਨਿਕਲਣ ਤੋਂ ਪਹਿਲਾਂ ਮੋਦੀਖਾਨੇ ਵਿਚ ਨੌਕਰੀ ਕੀਤੀ ਅਤੇ ਉਦਾਸੀਆਂ ਉਪਰੰਤ ਕਰਤਾਰਪੁਰ ਸਾਹਿਬ ਵਿਖੇ ਤਕਰੀਬਨ ੧੭ ਸਾਲ ਹੱਥੀਂ ਕਿਰਤ (ਖੇਤੀਬਾੜੀ) ਕੀਤੀ ਅਤੇ ਦੁਨੀਆ ਦੇ ਸਾਹਮਣੇ ਇਕ ਵਿਲੱਖਣ ਮਿਸਾਲ ਕਾਇਮ ਕਰ ਦਿੱਤੀ। ਗੁਰੂ ਸਾਹਿਬਾਨ ਨੇ ਹੱਥੀਂ ਕੋਹੜ ਦੇ ਰੋਗੀਆਂ ਦੀ ਸੇਵਾ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਸਿਰ ਉੱਤੇ ਇੱਟਾਂ, ਚੂਨਾ ਆਦਿ ਢੋਇਆ ਅਤੇ ਘੁੰਗਣੀਆਂ ਵੇਚ ਕੇ ਆਪਣਾ ਗੁਜ਼ਾਰਾ ਕੀਤਾ ਅਤੇ ਕਿਰਤ ਕਰਨ ਦੀ ਇਕ ਸ਼ਾਨਦਾਰ ਮਿਸਾਲ ਕਾਇਮ ਕੀਤੀ।
ਅਸੀਂ ਜੇ ਮੁਲਕ ਦਾ ਸਹੀ ਵਿਕਾਸ ਕਰਨਾ ਹੈ ਤਾਂ ਸਾਨੂੰ ਕਿਰਤ ਦਾ ਸਹੀ ਮਹੱਤਵ ਸਮਝਣਾ ਹੋਵੇਗਾ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਵੱਲੋਂ ਹਰ ਸਾਲ ਕਿਰਤੀਆਂ ਦੀ ਮਹੱਤਤਾ ਨੂੰ ਦਰਸਾਉਣ ਲਈ ੧ ਮਈ ਨੂੰ ਵਿਸ਼ੇਸ਼ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਸਰਕਾਰੀ ਛੁੱਟੀ ਵੀ ਕੀਤੀ ਜਾਂਦੀ ਹੈ। ਇਸ ਲਈ ਇੰਨਾ ਹੀ ਕਾਫੀ ਨਹੀਂ। ਕਿਰਤ ਦੀ ਮਹੱਤਤਾ ਨੂੰ ਸਥਾਪਿਤ ਕਰਨ ਲਈ ਸਰਕਾਰ ਨੂੰ ਕਿਰਤੀਆਂ ਦੀ ਕਦਰ ਵੀ ਕਰਨੀ ਹੋਵੇਗੀ। ਇਹ ਵੀ ਵੇਖਣਾ ਹੋਵੇਗਾ ਕਿ ਕਿਰਤੀਆਂ ਦੀ ਕਿਰਤ ਦਾ ਸਹੀ ਮੁੱਲ ਮਿਲੇ, ਕੋਈ ਕਿਰਤੀਆਂ ਦਾ ਸ਼ੋਸ਼ਣ ਨਾ ਕਰੋ। ਇਹ ਸਭਤਾਂ ਹੀ ਹੋ ਸਕਦਾ ਹੈ ਜੇ ਦੇਸ਼ ਵਿਚ ਕੋਈ ਬੇਰੁਜ਼ਗਾਰ ਨਾ ਹੋਵੇ। ਬੇਰੁਜ਼ਗਾਰ ਵਿਅਕਤੀ ਦਾ ਸ਼ੋਸ਼ਣ ਕੋਈ ਵੀ ਅਸਾਨੀ ਨਾਲ ਕਰ ਸਕਦਾ ਹੈ। ਉਹ ਗਰਜ਼ਮੰਦ ਹੁੰਦਾ ਹੈ। ਉਸ ਵਿਚ ਆਪਣੀ ਕਿਰਤ ਦਾ ਸਹੀ ਮੁੱਲ ਲੈ ਸਕਣ ਦਾ ਆਤਮ-ਵਿਸ਼ਵਾਸ ਤੇ ਸਵੈਮਾਣ ਨਹੀਂ ਹੁੰਦਾ। ਅੱਜ ਮੁੱਖ ਲੋੜ ਹੈ ਕਿ ਲੋਕਾਂ ਨੂੰ ਕੰਮ ਮਿਲੇ। ਸਰਕਾਰ ਦਾ ਕੰਮ ਲੋਕਾਂ ਨੂੰ ਕੰਮ ਦੇਣਾ ਭਾਵ ਕਿਰਤ ਮੁਹੱਈਆ ਕਰਵਾਉਣਾ ਹੈ। ਜੇ ਲੋਕਾਂ ਨੂੰ ਮੁਲਕ ਵਿਚ ਉੱਚਿਤ ਕੰਮ ਮਿਲ ਸਕਦਾ ਹੋਵੇ ਤਾਂ ਉਹ ਵਿਦੇਸ਼ਾਂ ਵਿਚ ਜਾਣ ਲਈ ਯਤਨ ਨਾ ਕਰਨ ਅਤੇ ਏਜੰਟਾਂ ਦੇ ਹੱਥ ਚੜ੍ਹ ਕੇ ਖੁਆਰ ਨਾ ਹੁੰਦੇ ਫਿਰਨ। ਕੰਮ ਨਾ ਮਿਲਣ ਕਾਰਨ ਸਾਡੀ ਜਵਾਨੀ ਦੇਸ਼ ਵਿਚ ਵੀ ਰੁਲ ਰਹੀ ਹੈ ਤੇ ਵਿਦੇਸ਼ਾਂ ਵਿਚ ਜਾ ਕੇ ਵੀ ਰੁਲਦੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਸਮਝੀਏ ਅਤੇ ਉਸ ਨੂੰ ਆਪਣੇ ਜੀਵਨ ਵਿਚ ਅਪਣਾਈਏ ਤੇ ਕੰਮ ਕਰਨ ਵਾਲੇ ਦੀ ਕਦਰ ਕਰੀਏ ਤੇ ਉਨ੍ਹਾਂ ਦੇ ਸਾਥੀ ਬਣੀਏ।
ਗੁਰੂ ਸਾਹਿਬਾਨ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ, ਕਰਤਾਰਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਆਦਿ ਕਈ ਨਗਰ ਵਸਾਏ ਸਨ। ਇਨ੍ਹਾਂ ਵਿਚ ਵੱਖ-ਵੱਖ ਕਿੱਤਿਆਂ ਦੇ ਕਿਰਤੀ ਲੋਕ ਵਿਸ਼ੇਸ਼ ਤੌਰ ‘ਤੇ ਬੁਲਾ ਕੇ ਵਸਾਏ ਗਏ ਸਨ। ਇਹ ਲੋਕ ਅੱਜ ਵੀ ਇਨ੍ਹਾਂ ਸ਼ਹਿਰਾਂ ਵਿਚ ਵੱਸਦੇ ਹਨ। ਇਸ ਨਾਲ ਲੋਕਾਂ ਦੀਆਂ ਲੋੜਾਂ ਵੀ ਪੂਰੀਆਂ ਹੁੰਦੀਆਂ ਸਨ ਅਤੇ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਕੰਮ ਕਰ ਕੇ ਕਮਾਈ ਕਰਨ ਦਾ ਮੌਕਾ ਵੀ ਉਪਲਬਧ ਹੋਇਆ ਸੀ।
ਅਜ਼ਾਦ ਭਾਰਤ ਵਿਚ ਰਾਜਨੀਤਕ ਸੱਤਾ ‘ਤੇ ਕੁਝ ਪੂੰਜੀਪਤੀ ਕਾਬਜ਼ ਹੋ ਗਏ ਹਨ। ਇੱਥੇ ਸਹੀ ਅਰਥਾਂ ਵਿਚ ਲੋਕ ਰਾਜ ਸਥਾਪਿਤ ਨਹੀਂ ਹੋ ਸਕਿਆ। ਇਸ ਵਿਹਲੜ ਨਿਜ਼ਾਮ ਦਾ ਸਭ ਤੋਂ ਵੱਡਾ ਨੁਕਸ ਇਹ ਹੈ ਕਿ ਇਸ ਦੇ ਸ਼ਾਸਨ ਵਿਚ ਕਿਰਤ ਦੀ ਬਹੁਤ ਬੇਕਦਰੀ ਹੋ ਰਹੀ ਹੈ। ਪੂੰਜੀਪਤੀ ਲੋਕ ਰਾਜਨੀਤਕ ਨੇਤਾਵਾਂ ਨਾਲ ਗਠਜੋੜ ਕਰ ਕੇ ਕਿਰਤ ਦਾ ਸ਼ੋਸ਼ਣ ਕਰ ਰਹੇ ਹਨ। ਇਸ ਨਾਲ ਦੇਸ਼ ਵਿਚ ਸਾਧਨਾਂ ਦੀ ਕਾਣੀ ਵੰਡ ਹੋ ਰਹੀ ਹੈ। ਅਮੀਰ ਹੋਰ ਅਮੀਰ ਹੋ ਰਹੇ ਹਨ, ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਹਨ। ਜਿਹੜੇ ਵਿਅਕਤੀ ਕੰਮ ਕਰਨ ਦੇ ਯੋਗ ਹਨ, ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਬੇਰੁਜ਼ਗਾਰ ਲੋਕਾਂ ਦੀ ਯੋਗਤਾ ਦਾ ਸ਼ੋਸ਼ਣ ਹੋ ਰਿਹਾ ਹੈ। ਉਨ੍ਹਾਂ ਦੀ ਕਿਰਤ ਨੂੰ ਸਸਤੇ ਮੁੱਲ ਖਰੀਦਿਆ ਜਾਂਦਾ ਹੈ। ਅੱਜ ਫਿਰ ਲੋੜ ਹੈ ਕਿ ਦੇਸ਼ ਦੇ ਹਿਤੈਸ਼ੀ, ਬੁੱਧੀਜੀਵੀ, ਚਿੰਤਕ, ਵਿਦਵਾਨ, ਸਾਇੰਸਦਾਨ ਤੇ ਸਮਾਜ ਦੇ ਸਾਰੇ ਕਿਰਤੀ ਵਰਗ ਇਕਮੁਠ ਹੋ ਜਾਣ ਤਾਂ ਜੋ ਗੁਰੂ ਸਾਹਿਬਾਨ ਦੇ ਆਦਰਸ਼ਾਂ ਅਨੁਸਾਰ ਭਾਰਤ ਵਿਚ ਆਰਥਿਕ ਸੁਤੰਤਰਤਾ ਲਿਆਂਦੀ ਜਾਵੇ, ਕਿਰਤ ਅਤੇ ਕਿਰਤੀਆਂ ਦਾ ਸਤਿਕਾਰ ਬਹਾਲ ਕਰ ਕੇ, ਦੇਸ਼ ਨੂੰ ਖੁਸ਼ਹਾਲ ਕਰ ਕੇ ਸਰਬੱਤ ਦਾ ਭਲਾ ਕੀਤਾ ਜਾਵੇ।
-ਪ੍ਰੋ. ਕਿਰਪਾਲ ਸਿੰਘ ਬਡੂੰਗਰ
