ਤਦ ਮੈਂ ਮੈਡੀਕਲ ਕਾਲਜ ਅੰਮ੍ਰਿਤਸਰ ਪੜ੍ਹਾਉਂਦਾ ਸਾਂ। ਡਾਕਟਰ ਸੇਵਾ ਸਿੰਘ ਵੀ ਉੱਥੇ ਅਧਿਆਪਕ ਸਨ ਤੇ ਮੇਰੇ ਬੜੇ ਸਨੇਹੀ ਸਨ। ਇਕ ਦਿਨ ਮੈਨੂੰ ਕਹਿਣ ਲੱਗੇ, “ਚੱਲ ਯਾਰ ਭਾਈ ਵੀਰ ਸਿੰਘ ਹੋਰਾਂ ਨੂੰ ਮਿਲ ਆਈਏ। ”
ਅਸੀਂ ਦੋਵੇਂ ਪੈਦਲ ਉਨ੍ਹਾਂ ਦੀ ਕੋਠੀ ਵੱਲ ਤੁਰ ਪਏ। ਰਸਤੇ ਵਿਚ ਇਕ ਮਾਈ ਮਿਲੀ। ਉਸ ਦੇ ਚਿਹਰੇ ‘ਤੇ ਬੜੀ ਸ਼ਾਂਤੀ ਸੀ। ਕਿਸੇ ਰੰਗ ਵਿਚ ਰੰਗੀ ਜਾਪਦੀ ਸੀ। ਉਹ ਡਾਕਟਰ ਸੇਵਾ ਸਿੰਘ ਹੋਰਾਂ ਨੂੰ ਜਾਣਦੀ ਸੀ। ਪੁੱਛਣ ਲੱਗੀ, “ਭਾਈ ਸਾਹਿਬ ਵੱਲ ਜਾ ਰਹੇ ਹੋ?” ਡਾਕਟਰ ਸੇਵਾ ਸਿੰਘ ਜੀ ਨੇ ‘ਹਾਂ’ ਵਿਚ ਸਿਰ ਹਿਲਾਇਆ। ਆਖਣ ਲੱਗੀ, “ਜਾਓ, ਅੱਜ ਉਹ ਬੜੇ ਰੰਗ ਵਿਚ ਹਨ। ” ਫਿਰ ਮੁਸਕ੍ਰਾਈ ਤੇ ਵਿਦਾ ਹੋ ਗਈ।
ਅਸੀਂ ਜਦ ਭਾਈ ਸਾਹਿਬ ਦੀ ਕੋਠੀ ਪਹੁੰਚੇ ਤਾਂ ਉਹ ਆਪਣੇ ਬਾਗ ਵਿਚ ਟਹਿਲ ਰਹੇ ਸਨ। ਅਸੀਂ ਆਏ ਤਾਂ ਉਹ ਕਹਿਣ ਲੱਗੇ, “ਸੇਵਾ ਸਿੰਘ ਜੀ ਇਹ ਕੌਣ ਆਤਮਾ ਆਪ ਜੀ ਦੇ ਨਾਲ ਆਈ ਹੈ?” ਸੇਵਾ ਸਿੰਘ ਜੀ ਨੇ ਮੇਰਾ ਪਰਿਚਯ ਕਰਾਉਂਦਿਆਂ ਕਿਹਾ, “ਇਹ ਡਾਕਟਰ ਜਸਵੰਤ ਸਿੰਘ ਹਨ। ਕਵਿਤਾ ਵੀ ਲਿਖਦੇ ਹਨ। ਨੇਕੀ ਇਨ੍ਹਾਂ ਦਾ ਤਖ਼ੱਲੁਸ ਹੈ। ਮੇਰੇ ਬੜੇ ਸਨੇਹੀ ਹਨ। ਅੱਜ ਮੇਰੇ ਨਾਲ ਆਪ ਜੀ ਨੂੰ ਮਿਲਣ ਲਈ ਚਲੇ ਆਏ ਹਨ।” ਭਾਈ ਸਾਹਿਬ ਨੇ ਮੇਰੇ ਮੋਢੇ ‘ਤੇ ਹਲਕੀ ਜਿਹੀ ਥਾਪੀ ਦੇਂਦਿਆਂ ‘ਜੀਓ ਆਇਆਂ’ ਆਖਿਆ। ਫਿਰ ਅਸੀਂ ਦੋਵੇਂ ਉਨ੍ਹਾਂ ਦੀ ਚਹਿਲਕਦਮੀ ਵਿਚ ਸ਼ਾਮਲ ਹੋ ਗਏ।
ਤਦ ਇਕ ਬੜੀ ਸੁੰਦਰ ਤਿਤਲੀ ਉਡਦੀ ਉਡਦੀ ਇਕ ਸੁਹਣੇ ਖਿੜੇ ਫੁੱਲ ਉੱਪਰ ਆਣ ਉਤਰੀ। ਅਸੀਂ ਤਿੰਨੇ ਉੱਥੇ ਖਲੋ ਗਏ। ਝੱਟ ਨੂੰ ਉਹ ਤਿਤਲੀ ਉਡ ਗਈ।
ਭਾਈ ਸਾਹਿਬ ਨੇ ਸੇਵਾ ਸਿੰਘ ਹੋਰਾਂ ਨੂੰ ਮੁਖਾਤਬ ਕਰ ਕੇ ਕਿਹਾ, “ਗੁਰੂ ਪਿਆਰਿਓ ਕੀ ਵੇਖਿਆ ਜੇ?” ਸੇਵਾ ਸਿੰਘ ਜੀ ਕਹਿਣ ਲੱਗੇ, “ਇਕ ਤਿਤਲੀ ਆਈ, ਫੁੱਲ ‘ਤੇ ਬੈਠੀ ਤੇ ਫਿਰ ਉਡ ਗਈ।” ਫਿਰ ਭਾਈ ਸਾਹਿਬ ਨੇ ਮੇਰੇ ਵੱਲ ਆਪਣੀ ਸਵਾਲੀਆ ਨਜ਼ਰ ਫੇਰੀ, ਮੈਂ ਕਿਹਾ, “ਇਕ ਸੁੰਦਰਤਾ ਨੇ ਦੂਜੀ ਸੁੰਦਰਤਾ ਨੂੰ ਚੁੰਮਿਆ, ਰਸ ਲਿਆ ਤੇ ਚਲੀ ਗਈ। ” ਭਾਈ ਸਾਹਿਬ ਮੁਸਕ੍ਰਾਏ ਤੇ ਕਹਿਣ ਲੱਗੇ, ‘ਬੜੀ ਸੁੰਦਰ ਦ੍ਰਿਸ਼ਟੀ ਹੈ ਤੁਹਾਡੀ, ਪਰ, ਅਜੇ ਦੈਤ ਵਿਚ ਹੈ।’ ਤਦ ਅਸਾਂ ਦੋਹਾਂ, ਜਿਵੇਂ, ਇਕ ਆਵਾਜ਼ ਹੋ ਕੇ ਪੁੱਛਿਆ, ‘ਭਾਈ ਸਾਹਿਬ ਜੀ ਤੁਸਾਂ ਕੀ ਵੇਖਿਆ?” ਮੁਸਕ੍ਰਾ ਕੇ ਆਖਣ ਲੱਗੇ ਆਪੇ ਰਸੀਆ ਆਪ ਰਸ ਆਪੇ ਰਾਵਣਹਾਰ ਉਹ ਸੱਚਮੁੱਚ ਰੰਗ ਵਿਚ ਸਨ!
-ਡਾ. ਜਸਵੰਤ ਸਿੰਘ ਨੇਕੀ
