views 9 secs 0 comments

ਜਿਨ੍ਹਾਂ ਧਰਮ ਨਹੀਂ ਹਾਰਿਆ

ਲੇਖ
May 14, 2026

ਸੰਘਰਸ਼ ਧਰਮ ਤੇ ਇਖਲਾਕ ਕੇਵਲ ਗਿਆਨ ਗੋਸ਼ਟੀ ਤੀਕ ਹੀ ਰਾਖਵੇਂ ਨਹੀਂ ਹਨ ਬਲਕਿ ਸਥਾਪਿਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਹਿੱਤ ਆਪਾ ਕੁਰਬਾਨ ਕਰ ਦੇਣ ਦਾ ਨਾਮ ਹੈ। ਗੁਰੂ ਨਾਨਕ ਸਾਹਿਬ ਨੂੰ ਜਦੋਂ ਸਿੱਧਾਂ ਨੇ ਉਦਾਸੀਆਂ ਦਾ ਮਕਸਦ ਪੁੱਛਿਆ ਤਾਂ ਪਾਤਸ਼ਾਹ ਦਾ ਜਵਾਬ ਸੀ ਗੁਰਮੁਖਿ ਖੋਜਤ ਭਏ ਉਦਾਸੀ ਇਹ ਤਲਖ ਹਕੀਕਤ ਹੈ ਤੇ ਸਿੱਖ ਧਰਮ ਦੀ ਵਿਲੱਖਣਤਾ ਵੀ ਕਿ ਸਿੱਖ ਗੁਰੂ ਸਾਹਿਬਾਨ ਦੁਆਰਾ ਘੜ੍ਹੀ ਸ਼ਬਦ ਦੀ ਸੱਚੀ ਟਕਸਾਲ ਦੀ ੨੩੦ ਸਾਲਾਂ ਦੀ ਘਾਲਣਾ ਨਾਲ ਜਦੋਂ ਗੁਰਮੁਖ/ਆਦਰਸ਼ਕ ਮਨੁੱਖ ਨੇ ਸਤਿਗੁਰ ਆਗੈ ਸੀਸੁ ਭੇਟ ਦੇਉ ਦੀ ਅਗੰਮੀ ਪ੍ਰੀਖਿਆ ਪਾਸ ਕਰ ਲਈ ਤਾਂ ਸੰਤ-ਸਿਪਾਹੀ ਦੇ ਰੂਪ ਵਿਚ ਖਾਲਸੇ ਦੀ ਪਦਵੀ ਨੂੰ ਪ੍ਰਾਪਤ ਹੋਏ। ਇਸੇ ਖਾਲਸੇ ਨੂੰ ਮਾਣ ਪ੍ਰਾਪਤ ਹੋਇਆ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ ਅਤੇ ਨਿਆਸਰਿਆਂ ਦਾ ਆਸਰਾ ਬਣਨ ਦਾ। ਲੇਕਿਨ ਇਸ ਮੁਕਾਮ ਤੀਕ ਪੁੱਜਣ ਲਈ ਖਾਲਸੇ ਨੂੰ ਅਸਹਿ ਤੇ ਅਕਹਿ ਤਸੀਹੇ ਸਹਾਰਦਿਆਂ ਸ਼ਹਾਦਤਾਂ ਵੀ ਦੇਣੀਆਂ ਪਈਆਂ ਤੇ ਉਸ ਨੇ ਹਰ ਕੁਰਬਾਨੀ ਨੂੰ ਖਿੜੇ ਮੱਥੇ ਸਹਾਰਿਆ ਵੀ। ਤੇਰਾ ਭਾਣਾ ਮੀਠਾ ਲਾਗੇ ਤੋਂ ਤੇਰਾ ਕੀਆ ਮੀਠਾ ਲਾਗੇ ਤੀਕ ਦਾ ਸਫਰ ਹੀ ਸਿੱਖ ਕੌਮ ਵਿਚ ਸ਼ਹਾਦਤ ਅਤੇ ਸੰਤ-ਸਿਪਾਹੀ ਦੇ ਜਾਹਿਰਾ ਮਾਰਗ ਦਾ ਮੁੱਢ ਬੰਨਦਾ ਹੈ । ਸੰਤ ਸਿਪਾਹੀ ਦੇ ਇਸ ਅਦੁੱਤੀ ਮਾਰਗ ‘ਤੇ ਚੱਲਣ ਵਾਲੇ ਅਣਗਿਣਤ ਸਿੱਦਕਵਾਨ ਸਿੰਘ-ਸਿੰਘਣੀਆਂ ਤੇ ਭੁਝੰਗੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਸੀਂ ਨਿਤ ਪ੍ਰਤੀ ਦੀ ਅਰਦਾਸ ਵਿਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ‘ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, . . . ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ’. . . ਦਾ ਧਿਆਨ ਧਰ ਕੇ ਵਾਹਿਗੁਰੂ ਉਚਾਰਦੇ ਹਾਂ।

ਨਾਨਕ ਨਿਰਮਲ ਪੰਥ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਆਗਮਨ ੧੪੬੯ ਈ. ਤੋਂ ਲੈ ਕੇ ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ੧੭੦੮ ਈ. ਤਕ ਅਤੇ ਇਸ ਤੋਂ ਬਾਅਦ ਦੇ ਸਿੱਖ ਸੰਘਰਸ਼, ਸਿੱਖ ਰਾਜ, ਦੇਸ਼ ਵੰਡ ਅਤੇ ਹੁਣ ਤੀਕ ਦਾ ਤਕਰੀਬਨ ਸਾਢੇ ਪੰਜ ਸੌ ਸਾਲਾਂ ਦਾ ਇਹ ਵਿਲੱਖਣ ਇਤਿਹਾਸ ਹੈ। ਜਿੱਥੇ ਸਿੱਖੀ ਦੀ ਅਮਰਵੇਲ ਨੂੰ ਚੰਬੜੇ ਗੰਗੂਆਂ ਤੇ ਚੰਦੂਆਂ ਅਤੇ ਇਨ੍ਹਾਂ ਦੀਆਂ ਸਲਾਹਾਂ ‘ਤੇ ਬਾਬਰ, ਜਹਾਂਗੀਰ, ਔਰੰਗਜ਼ੇਬ ਅਤੇ ਇੰਦਰਾ ਵਰਗੇ ਜਾਬਰ ਸਿੱਖੀ ਦੇ ਬੂਟੇ ਨੂੰ ਮਸਲਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਉੱਥੇ ਇਸ ਸਭ ਦੇ ਬਾਵਜੂਦ ਵੀ ਇਹ ਬੂਟਾ ਹਰਿਆ-ਭਰਿਆ ਰਿਹਾ ਹੈ ਕਿਉਂਕਿ ਸਮੁੱਚੀ ਮਨੁੱਖਤਾ ਨੂੰ ਇਕ ਆਦਰਸ਼ਕ ਇਨਸਾਨ ਬਣਨ ਦੀ ਪ੍ਰੇਰਨਾ ਦੇਣ ਵਾਲੇ ਇਸ ਦੇ ਪਾਲਣਹਾਰੇ ਗੁਰੂ ਸਾਹਿਬਾਨ ਨੇ ਜੀਵਨ ਦੇ ਉੱਚ ਆਦਰਸ਼ਾਂ ਖਾਤਰ ਖ਼ੁਦ ਨੂੰ ਕੁਰਬਾਨ ਕਰਨ ਤੋਂ ਗੁਰੇਜ਼ ਨਹੀ ਕੀਤਾ।

ਪੰਜਵੇਂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਮੁਗ਼ਲਾਂ ਦੇ ਰਾਜਸੀ ਹੰਕਾਰ ਦੇ ਵਿਰੋਧ ਵਿਚ ਅਤੇ ਆਪਣੇ ਪੁਰਖਿਆਂ ਦੁਆਰਾ ਉਚਾਰੀ ਬਾਣੀ ਦੇ ਅਦਬ ਸਤਿਕਾਰ ਖਾਤਰ ਸ਼ਹਾਦਤ ਦੇਣ ਵਾਲੇ ਪਹਿਲੇ ਗੁਰੂ ਹਨ। ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਅੰਤਮ ਸਮੇਂ ਗੁਰਸਿੱਖੀ ਮਾਰਗ ਦੀ ਜ਼ਿੰਮੇਵਾਰੀ ਪ੍ਰਤੀ ਬਚਨ ਕਹੇ ਸਨ ‘ਬਾਬਾ ਬਕਾਲਾ’ (ਭਾਵ ਅਗਲਾ ਗੁਰੂ ਬਾਬਾ ਬਕਾਲੇ ਵਿਖੇ ਹੈ) । ਬਾਬਾ ਬਕਾਲਾ ਵਿਖੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿਚ ਲੀਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਨੁੱਖੀ ਹੱਕਾਂ ਦੀ ਰਾਖੀ ਲਈ ਸੀਸ ਦੇ ਕੇ ਆਪਣੇ ਪੁਰਖਿਆਂ ਦੁਆਰਾ ਚਲਾਈ ਸ਼ਹਾਦਤ ਦੀ ਪਰੰਪਰਾ ਨੂੰ ਅੱਗੇ ਤੋਰਿਆ। ਸਨਾਤਨੀ ਮਤ ਅਨੁਸਾਰ ਪਹਿਨਾਏ ਜਾਣ ਵਾਲੇ ਜਨੇਊ ਨੂੰ ਨਾਂਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਛੋਟੀ ਉਮਰ ਵਿਚ ਹੀ ਕਰ ਦਿੱਤੀ ਸੀ, ਲੇਕਿਨ ਕਸ਼ਮੀਰੀ ਪੰਡਿਤਾਂ ਦਾ ਜਬਰੀ ਜਨੇਊ ਲਾਹੇ ਜਾਣ ਦੀ ਵਿਰੋਧਤਾ ਜਿਤਾਉਂਦਿਆਂ ਤੇ ਧਰਮ ਦੀ ਅਜ਼ਾਦੀ ਬਹਾਲ ਰੱਖਣ ਖਾਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸੀਸ ਦਿੱਤਾ ਸੀ, ਜਿਨ੍ਹਾਂ ਦੇ ਦੋ ਪੋਤਰੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਧਰਮ ਖਾਤਰ ਚਮਕੌਰ ਦੇ ਮੈਦਾਨ ਵਿਚ ਦੁਸ਼ਮਣਾਂ ਨਾਲ ਲੜਦਿਆਂ ਸ਼ਹੀਦ ਹੋਏ ਅਤੇ ਦੋ ਪੋਤਰੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੇ ਧਰਮ ਛੱਡਣ ਦੀ ਬਜਾਇ ਜਿਊਂਦੇ ਨੀਂਹਾਂ ਵਿਚ ਚਿਣੇ ਜਾਣਾ ਕਬੂਲ ਕੀਤਾ। ਸਿੱਖ ਇਤਿਹਾਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰੇ ਪੋਤਰਿਆਂ ਨੂੰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਜੋਂ ਪ੍ਰਵਾਨ ਕਰਦਿਆਂ ਸਤਿਕਾਰ ਕੀਤਾ ਜਾਂਦਾ ਹੈ। ਪਹਿਲਾਂ ਪਿਤਾ, ਫਿਰ ਪੁੱਤਰ, ਮਾਤਾ ਅਤੇ ਫਿਰ ਜਾਨ ਤੋਂ ਪਿਆਰੇ ਅਣਗਿਣਤ ਸਿੰਘਾਂ ਨੂੰ ਪੰਥ ਦੀ ਖਾਤਰ ਕੁਰਬਾਨ ਕਰਨ ਉਪਰੰਤ ਵੀ ਪਰਮ ਪੁਰਖ ਦੀ ਰਜ਼ਾ ਵਿਚ ਰਹਿਣ ਵਾਲੇ ਦਸਮੇਸ਼ ਪਿਤਾ ਦਾ ਧਰਮ ਚਲਾਵਨ ਸੰਤ ਉਭਾਰਨ ਦਾ ਮਿਸ਼ਨ ਜਾਰੀ ਰਹਿੰਦਾ ਹੈ।

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਹਾਸਲ ਕਰ ਪੰਜਾਬ ‘ਚੋਂ ਮੁਗ਼ਲ ਰਾਜ ਦੀਆਂ ਜੜ੍ਹਾਂ ਉਖਾੜਨ ਅਤੇ ਖਾਲਸਾ ਰਾਜ ਦੀ ਸਥਾਪਨਾ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਸਾਹਿਬਾਨ ਅਤੇ ਗੁਰੂ ਪਰਵਾਰ ਤੋਂ ਬਾਅਦ ਪਹਿਲਾ ਕੌਮੀ ਸੂਰਬੀਰ ਯੋਧਾ ਤੇ ਸਿੱਖ ਆਗੂ ਹੈ। ਸਿੱਖ ਕੌਮ ਦੀ ਅੱਡਰੀ, ਨਿਆਰੀ ਹਸਤੀ ਅਤੇ ਵਿੱਲਖਣ ਹੋਂਦ-ਹਸਤੀ ਬਰਕਰਾਰ ਰੱਖਣ, ਆਪਣੇ ਗੁਰਧਾਮਾਂ ਅਤੇ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਮਾਣ-ਮਰਯਾਦਾ ਕਾਇਮ ਰੱਖਣ ਲਈ ਆਪਾ ਵਾਰਨ ਵਾਲੇ ਕੌਮ ਦੇ ਅਜਿਹੇ ਜਾਂਬਾਂਜ਼ ਸਿੱਖਾਂ ਦੀ ਫਰਿਸਤ ਕਾਫੀ ਲੰਮੀ ਹੈ। ਬੰਦ-ਬੰਦ ਕਟਵਾ ਕੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਭਾਈ ਮਨੀ ਸਿੰਘ ਜੀ, ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਸੀਸ ਤਲੀ ‘ਤੇ ਟਿਕਾ ਕੇ ਲੜਨ ਵਾਲੇ ੮੦-ਸਾਲਾ ਬਜ਼ੁਰਗ ਬਾਬਾ ਦੀਪ ਸਿੰਘ ਜੀ, ਖੋਪੜੀ ਲੁਹਾ ਕੇ ਸਿੱਖੀ ਕਾਇਮ ਰੱਖਣ ਵਾਲੇ ਭਾਈ ਤਾਰੂ ਸਿੰਘ ਜੀ, ਸਿੱਖੀ ਸਿਦਕ ਲਈ ਦੇਗ ਵਿਚ ਉਬਾਲੇ ਜਾਣ ਵਾਲੇ ਭਾਈ ਦਿਆਲਾ ਜੀ, ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਸ਼ਹਾਦਤਾਂ ਪਾਉਣ ਵਾਲੇ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ, ਬਾਬਾ ਨੌਧ ਸਿੰਘ, ਬਾਬਾ ਗੁਰਬਖਸ਼ ਸਿੰਘ, ਖਾਲਸੇ ਦੀ ਹੋਂਦ ਬਰਕਰਾਰ ਰੱਖਣ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਆਦਿ ਸਾਡੇ ਲਈ ਅਤਿ ਸਤਿਕਾਰ ਯੋਗ ਹਨ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਖਾਲਸਾ ਰਾਜ ਦੀ ਕੀਤੀ ਸਥਾਪਨਾ ਤੋਂ ਲੈ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਸਥਾਪਿਤ ਕਰਨ ਵਿਚ ਬਾਬਾ ਅਕਾਲੀ ਫੂਲਾ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਅਤੇ ਬਾਬਾ ਬਘੇਲ ਸਿੰਘ ਕਰੋੜਸਿੰਘੀਆ ਜਿਹੇ ਫੌਲਾਦੀ ਮਰਦ ਅਤੇ ਵਡੇਰੀ ਉਮਰ ਦੇ ਯੋਧਿਆਂ ਵਰਤਮਾਨ ਦੌਰ ਦੇ ਸ਼ਹੀਦਾਂ ਦੀ ਦੇਣ ਨੂੰ ਕਦੇ ਅਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

ਸਿੱਖ ਸਿਧਾਂਤਾਂ, ਗੁਰਧਾਮਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਅਤੇ ਮਾਣ ਮਰਯਾਦਾ ਖਾਤਰ ਜੂਝਣ ਵਾਲੇ ਸਮੁੱਚੇ ਸਿੱਦਕੀ, ਸਿਰੜੀ ਕੌਮੀ ਸ਼ਹੀਦਾਂ ਦੀ ਲਾਸਾਨੀ ਦਾਸਤਾਂ ਅੱਜ ਵੀ ਸਾਡਾ ਮਾਰਗ-ਦਰਸ਼ਨ ਕਰਦੀ ਹੈ ਤੇ ਕਰਦੀ ਰਹੇਗੀ।

-ਸ. ਗੁਰਮੀਤ ਸਿੰਘ