views 24 secs 0 comments

ਕੜਾਹ ਪ੍ਰਸ਼ਾਦ

ਲੇਖ
April 30, 2026

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਗੁਰੂ ਹਨ। ਉਨ੍ਹਾਂ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਨੇ ਇਸ ਧਰਮ ਫ਼ਲਸਫ਼ੇ ਅਤੇ ਸਿਧਾਂਤ ਨੂੰ ਪ੍ਰਫੁਲਿਤ ਕਰਨ ਅਤੇ ਪ੍ਰਚਾਰ ਲਈ ਸੇਵਾਵਾਂ ਨਿਭਾਈਆਂ। ਹਰ ਗੁਰੂ ਸਾਹਿਬ ਨੇ ਇਸ ਧਰਮ ਦੇ ਜ਼ਰੀਏ ਸਮਾਜਿਕ ਬੁਰਾਈਆਂ ਨੂੰ ਖਤਮ ਕਰ ਕੇ ਮਾਨਵਵਾਦੀ ਅਤੇ ਬਰਾਬਰੀ ਦੇ ਸੰਦੇਸ਼ ‘ਤੇ ਪਹਿਰਾ ਦਿੱਤਾ। ਜਾਤੀਵਾਦ, ਊਚ-ਨੀਚ, ਛੂਆ-ਛਾਤ, ਗ਼ਰੀਬ-ਅਮੀਰ, ਵਿਤਕਰੇ-ਬਾਜੀ, ਭੇਦਭਾਵ ਆਦਿ ਦਾ ਖੰਡਨ ਕਰ ਕੇ ਸਭੇ ਸਾਝੀਵਾਲ ਸਦਾਇਨਿ ਤੂ ਕਿਸੈ ਨ ਦਿਸਹਿ ਬਾਹਰਾ ਜੀਉ ਦੀ ਲੋੜ ‘ਤੇ ਪਹਿਰਾ ਦੇਣ ‘ਤੇ ਜ਼ੋਰ ਦਿੱਤਾ। ਇਸ ਸਭ ਕਾਸੇ ਲਈ ਗੁਰੂ ਸਾਹਿਬਾਨ ਨੇ ਸੰਗਤ-ਪੰਗਤ ਦੀ ਪ੍ਰਥਾ ਚਲਾ ਕੇ ਇਨਸਾਨੀਅਤ ਬਰਾਬਰੀ ਦੀ ਸਿੱਖਿਆ ਦਿੱਤੀ ਹੈ।

ਗੁਰੂ ਕੇ ਲੰਗਰ ਅਤੇ ਕੜਾਹ ਪ੍ਰਸ਼ਾਦ ਦੀ ਵੰਡ ਸਮੇਂ ਛੂਤ-ਛਾਤ, ਜਾਤ-ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦੇ ਭੇਦ-ਭਾਵ ਨੂੰ ਗੁਰੂ ਸਾਹਿਬ ਮੁਤਾਬਿਕ ਕੋਈ ਥਾਂ ਨਹੀਂ ਹੈ। ਸਿੱਖ ਲਈ ਇਹ ਸਭ ਭੇਦ-ਭਾਵ ਭੁੱਲ ਕੇ ਏਕਤਾ, ਸਾਂਝੀਵਾਲਤਾ, ਪਿਆਰ, ਇਕਸਾਰਤਾ, ਬਰਾਬਰਤਾ ਆਦਿ ਦਾ ਧਾਰਨੀ ਹੋਣਾ ਵੀ ਇਸੇ ਕੜੀ ਦਾ ਪ੍ਰਤੀਕ ਹੈ। ‘ਸਿੱਖ ਰਹਿਤ ਮਰਯਾਦਾ’ ਵਿਚ ਇਸ ਸੰਬੰਧੀ ਕਰੜੀ ਹਦਾਇਤ ਕੀਤੀ ਗਈ ਹੈ, “ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਸਭ ਸਿੱਖ, ਗੈਰ ਸਿੱਖ ਨੀਚ-ਊਚ ਜਾਤ ਵਾਲੇ ਨੂੰ ਇੱਕੋ ਜਿਹਾ ਵਰਤਾਵੇ। ਕੜਾਹ ਪ੍ਰਸ਼ਾਦਿ ਵਰਤਾਉਣ ਵੇਲੇ ਸੰਗਤ ਵਿਚ ਬੈਠੇ ਕਿਸੇ ਮਨੁੱਖ ਤੋਂ ਜਾਤ-ਪਾਤ, ਛੂਤ-ਛਾਤ ਦਾ ਖ਼ਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ। “… ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਕੜਾਹ ਪ੍ਰਸ਼ਾਦ ਤਿਆਰ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਲੀ ਸੰਗਤ ‘ਚ ਵਰਤਾਇਆ ਜਾਂਦਾ ਸੀ। ਇਸ ਦੀ ਮਹੱਤਤਾ ਬਾਬਤ ਅਰਦਾਸ ਸਮੇਂ ਸੁਣਨ ਨੂੰ ਮਿਲਦਾ ਹੈ,
“ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿਚ ਵਰਤਾਉਣ ਦੀ ਆਗਿਆ ਬਖ਼ਸ਼ੋ।”

ਕੀ ਤੁਸੀਂ ਕਦੇ ਸੋਚਿਆ ਹੈ ਕਿ ਗੁਰਦੁਆਰਾ ਸਾਹਿਬ ਵਿਚ ਵਰਤਾਈ ਜਾਂਦੀ ਦੇਗ ਜਾਂ ਪ੍ਰਸ਼ਾਦ ਸਾਡੇ ਸਰੀਰ ਲਈ ਕਿੰਨੀ ਲਾਭਦਾਇਕ ਚੀਜ਼ ਬਣਾਈ ਗਈ ਹੈ? ਆਓ ਜਾਣੀਏ! ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਪ੍ਰਚਾਰ ਸਮੇਂ ਜਾਂ ਭੋਗ ਤੋਂ ਬਾਅਦ ਜੋ ਦੇਗ ਵਰਤਾਈ ਜਾਂਦੀ ਹੈ ਉਹ ਉਸ ਦੇ ਮਨੁੱਖੀ ਸਰੀਰ ਲਈ
ਕ੍ਰਿਸ਼ਮਈ ਫਾਇਦੇ ਹਨ। ਕਣਕ ਦੇ ਆਟੇ ਨੂੰ ਦੇਸੀ ਘਿਉ ‘ਚ ਭੁੰਨ ਕੇ ‘ਸਿੱਖ ਰਹਿਤ ਮਰਯਾਦਾ’ ਅਨੁਸਾਰ ਤਿਆਰ ਪ੍ਰਸ਼ਾਦ ਗੁਰੂ-ਘਰ ਵਿਚ ਸੰਗਤ ਨੂੰ ਵਰਤਾਈ ਜਾਣ ਵਾਲੀ ਦੇਗ ਅਖਵਾਉਂਦੀ ਹੈ। ਇਸ ਨੂੰ ਤਿਆਰ ਕਰਨ ਦਾ ਉਲੇਖ ਧਾਰਮਿਕ ਗ੍ਰੰਥਾਂ ਵਿਚ ਵੀ ਮਿਲਦਾ ਹੈ। ‘ਤਨਖਾਹਨਾਮਾ’ ਵਿਚ ਲਿਖਿਆ ਹੈ.

ਕੜਾਹ ਕਰਨ ਕੀ ਬਿਧਿ ਸੁਨ ਲੀਜੈ-ਤੀਨ ਭਾਗ ਕੋ ਸਮਸਰ ਕੀਜੈ, ਲੇਪਨ ਆਗੈ ਬਹੁਕਰ ਦੀਜੈ, ਮਾਂਜਨ ਕਰ ਭਾਂਜਨ ਧੋਵੀਜੈ,
ਕਰ ਸਨਾਨ ਪਵਿੱਤ੍ਰ ਹੈ ਬਹੈ.
ਵਾਹਿਗੁਰੂ ਬਿਨ ਅਵਰ ਨ ਕਹੈ।
ਕਰ ਤਿਆਰ ਚੌਕੀ ਪਰ ਧਰੈ,
ਚਾਰ ਓਰ ਕੀਰਤਨ ਬਹਿ ਕਰੈ।

ਇਸ ਦੇਗ ਨੂੰ ਬਣਾਉਣ ਦਾ ਇੱਕ ਬਹੁਤ ਹੀ ਨਿਰੋਲ ਅਤੇ ਸਾਧਾਰਨ ਤਰੀਕਾ ਹੈ। ਦੇਸੀ ਘਿਉ, ਕਣਕ ਦਾ ਆਟਾ, ਮਿੱਠਾ ਤੇ ਪਾਣੀ ਮਿਲਾ ਕੇ ਬਾਕਮਾਲ ਯੋਗ ਬਣਦਾ ਹੈ। ਦੇਗ ਛਕ ਕੇ ਜਿੱਥੇ ਮਨੁੱਖ ਨੂੰ ਰੁਹਾਨੀ ਸਕੂਨ ਮਿਲਦਾ ਹੈ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਲੋੜੀਂਦੇ ਤੱਤਾਂ ਨਾਲ ਭਰਪੂਰ ਇਨਸਾਨੀ ਦਿਮਾਗ਼, ਜੋੜਾਂ, ਨਹੁੰਆਂ, ਚਮੜੀ, ਦੰਦਾਂ, ਵਾਲਾਂ ਤੇ ਪਾਚਣ ਪ੍ਰਣਾਲੀ ਲਈ ਲਾਭਦਾਇਕ ਹੁੰਦੀ ਹੈ।

ਕੜਾਹ ਪ੍ਰਸ਼ਾਦ ਦੀ ਦੇਗ ‘ਚ ਕੈਲਸ਼ੀਅਮ, ਫਾਸਫੋਰਸ, ਡਾਇਟਰੀ ਫਾਇਬਰ, ਕਾਰਬੋਹਾਈਡਰੇਟ, ਵਿਟਾਮਿਨ ਕੇ, ਬੀ-ਸਿਕਸ, ਬੀ-੧੨, ਫੋਲੇਟ, ਪੈਂਟੋਥੈਨਿਕ ਐਸਿਡ, ਕੋਲੀਨ, ਬੀਟੇਨ ਤੇ ਥਿਆਮੀਨ, ਆਇਰਨ, ਕਾਪਰ, ਜ਼ਿੰਕ, ਸਿਲੇਨੀਅਮ, ਮੈਗਨੀਜ਼, ਸੋਡੀਅਮ, ਪੋਟਾਸ਼ੀਅਮ ਤੇ ਮੈਗਨੇਸ਼ੀਅਮ ਆਦਿ ਤੱਤਾਂ ਤੋਂ ਇਲਾਵਾ ਅਨੇਕ ਫੈਟੀ ਐਸਿਡ ਆਦਿ ਦੀ ਭਰਪੂਰ ਮਾਤਰਾ ‘ਚ ਮੌਜੂਦਗੀ ਇਸ ਨੂੰ ਬਹੁਤ ਹੀ ਪੋਸ਼ਟਿਕ ਬਣਾਉਂਦੀ ਹੈ।

ਇਹ ਤੱਤ ਇਨਸਾਨ ਨੂੰ ਰੋਜ਼ਾਨਾ ਖਾਲੀ ਪੇਟ ਮਿਲਣ ‘ਤੇ ਸਰੀਰ ਦੇ ਕੁਨੈਕਟਿਵ ਟਿਸ਼ੂਜ਼, ਨਰਵਸ ਟਿਸ਼ੂਜ਼, ਮਸਲ ਟਿਸ਼ੂਜ਼ ਅਤੇ ਐਪੀਥੀਲੀਅਲ ਟਿਸ਼ੂਜ਼ ਬਹੁਤ ਵਧੀਆ ਬਣੇ ਰਹਿੰਦੇ ਅਤੇ ਚੰਗੀ ਤਰ੍ਹਾਂ ਕੰਮ ਵੀ ਕਰਦੇ ਹਨ। ਕਿਸੇ ਵਿਅਕਤੀ ਦੇ ਲੰਬੀ, ਤੰਦਰੁਸਤ ਉਮਰ ਭੋਗਣ ਲਈ ਇਨ੍ਹਾਂ ਟਿਸ਼ੂਜ਼ ਦਾ ਤੰਦਰੁਸਤ ਹੋਣਾ ਜ਼ਰੂਰੀ ਹੁੰਦਾ ਹੈ। ਇਹ ਤੱਤ ਉਮਰ ਲੰਮੀ ਕਰਦੇ ਹਨ, ਯਾਦਦਾਸ਼ਤ, ਤੰਦਰੁਸਤੀ, ਬੁੱਧੀ, ਸੁੰਦਰਤਾ ਨੂੰ ਵੀ ਵਧਾਉਂਦੇ ਹਨ ਤੇ ਬੱਚਿਆਂ ਦਾ ਕੱਦ ਵਧਾਉਂਦੇ ਹਨ ।

ਮਿਹਦੇ, ਜਿਗਰ, ਅੰਤੜੀਆਂ ਤੇ ਗੁਰਦਿਆਂ ਦੇ ਸਹੀ ਤਰ੍ਹਾਂ ਕੰਮ ਕਰਨ ਲਈ ਵੀ ਇਸ ‘ਚ ਲੋੜੀਂਦੇ ਤੱਤ ਹੁੰਦੇ ਹਨ। ਜੋ ਵਿਅਕਤੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾ ਕੇ ਦੇਗ ਛਕਦਾ ਹੈ ਉਸ ਵਿਅਕਤੀ ਦੇ ਹਾਰਮੋਨ ਤੇ ਐਂਜਾਇਮ ਬਹੁਤ ਸਹੀ ਤਰ੍ਹਾਂ ਕੰਮ
ਕਰਨ ਲਗਦੇ ਹਨ। ਉਹਦੇ ਚਿਹਰੇ ‘ਤੇ ਜਾਹ-ਓ-ਜਲਾਲ ਵਧਣ ਲੱਗਦਾ ਹੈ। ਅੱਖਾਂ ‘ਚ ਚਮਕ ਵਧਦੀ ਹੈ। ਚਿਹਰੇ ‘ਤੇ ਸ਼ਾਂਤੀ, ਖੁਸ਼ੀ ਦੀ ਲਹਿਰ, ਮਾਨਸਿਕ ਸੰਤੁਸ਼ਟੀ ਵੀ ਵਧਣ ਲੱਗਦੀ ਹੈ। ਵਿਅਕਤੀ ਨੂੰ ਹਰ ਤਰ੍ਹਾਂ ਦੀ ਤੰਦਰੁਸਤੀ ਮਿਲਦੀ ਹੈ।

‘ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ’ ਵਿਚ ਭਾਈ ਸੰਤੋਖ ਸਿੰਘ ਨੇ ਇਸ ਦੀ ਮਹਾਨਤਾ ਨੂੰ ਬਿਆਨਦਿਆਂ ਲਿਖਿਆ ਹੈ :

ਪਾਵਨ ਤਨ ਪਾਵਨ ਕਰ ਥਾਨ ਘ੍ਰਿਤ ਮੈਦਾ ਲੇ ਖੰਡ ਸਮਾਨ। ਕਰ ਕੜਾਹ ਜਪੁ ਪਾਠ ਸੁ ਠਾਨੈ ਗੁਰਪ੍ਰਸਾਦ ਅਰਦਾਸ ਬਖਾਨੈ।

ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਨੂੰ ” ਮਹਾਪ੍ਰਸਾਦ” ਦਾ ਨਾਮ ਦਿੱਤਾ ਹੈ, ਜਿਸ ਦਾ ਅਰਥ ਹੈ, “ਵੱਡਾ ਜਾਂ ਸ੍ਰੇਸ਼ਠ ਪ੍ਰਸਾਦਿ। ” ਉਨ੍ਹਾਂ ਆਪਣੇ ਕਬਿੱਤ ‘ਚ ਇਸ ਦੀ ਮਹਾਨਤਾ ਦਾ ਵਰਣਨ ਕਰਦਿਆਂ ਲਿਖਿਆ ਹੈ,

ਏਕ ਮਿਸਟਾਨ ਪਾਨ ਲਾਵਤ ਮਹਾਂਪ੍ਰਸਾਦਿ, ਏਕ ਗੁਰਪੁਰਬ ਕੈ ਸਿਖਨ ਬੁਲਾਹਵੀ ॥

ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’ ਅਨੁਸਾਰ:

ਕੜਾਹ ਪ੍ਰਸਾਦ, ਸੰਗਯਾ-ਸਿੱਖ ਮੱਤ ਦਾ ਮੁੱਖ ਪ੍ਰਸਾਦ ਜੋ ਅਕਾਲ ਨੂੰ ਅਰਪਨ ਕਰ ਕੇ ਸੰਗਤਿ ਵਿਚ ਵਰਤਾਈਦਾ ਹੈ, ਇਸ ਦਾ ਨਾਉਂ ਪੰਚਾਮ੍ਰਿਤ ਅਤੇ ਵਿਸ਼ੇਸ਼ਣ ਮਹਾਂਪ੍ਰਸਾਦ ਭੀ ਹੈ। ਪ੍ਰਸਾਦ ਦਾ ਅਰਥ ਹੈ: “ਖ਼ੁਸ਼ੀ, ਪ੍ਰਸੰਨਤਾ ਸਵੱਛਤਾ, ਨਿਰਮਲਤਾ। ਅਰੋਗਤਾ ਖਾਣ ਯੋਗਯ ਪਦਾਰਥ, ਕ੍ਰਿਪਾ, ਅਨੁਗ੍ਰਹ।”… ਅਤੇ ਕੜਾਹ ਦਾ ਅਰਥ ਹੈ: “ਸੰਗਯਾ ਕੜਾਹਾ- ਲੋਹੇ ਦਾ ਕੁੰਡੇਦਾਰ ਖੁੱਲ੍ਹੇ ਮੂੰਹ ਦਾ ਕੁੰਡੇਦਾਰ ਬਰਤਨ। ਕੜਾਹੇ ਵਿਚ ਤਿਆਰ ਕੀਤਾ ਅੰਨ, ਹਲੂਆ। ”

ਵੱਖ-ਵੱਖ ਖੋਜਾਂ ਅਤੇ ਡਾਕਟਰੀ ਰਿਪੋਰਟਾਂ ਵੀ ਇਸ ਦੀ ਪੌਸ਼ਟਿਕਤਾ ਪ੍ਰਤੀ ਸਬੂਤ ਦੇ ਚੁੱਕੀਆਂ ਹਨ। ਇਹ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਦੇਗ ਬਹੁਤ ਹੀ ਸਿਹਤ-ਵਰਧਕ ਨਿਆਮਤ ਹੈ। ਡਾਕਟਰ ਬੈਂਸ ਦਾ ਕਹਿਣਾ ਹੈ ਕਿ ਮੈਂ ਤਾਂ ਬਹੁਤ ਹੀ ਹੈਰਾਨ ਰਹਿ ਗਿਆ ਜਦੋਂ ਇਸ ਦੀ ਬਾਰੀਕੀ ਨਾਲ ਪੜਤਾਲ ਕੀਤੀ ਅਤੇ ਕਿਹਾ, “ਜੇ ਸਾਰੇ ਗੁਣ ਲਿਖਣ ਬੈਠਾਂ ਤਾਂ ਪਤਾ ਨਹੀਂ ਕਿੰਨੇ ਕੁ ਵਰਕੇ ਭਰੇ ਜਾਣਗੇ।” ਡਾਕਟਰ ਬਲਰਾਜ ਬੈਂਸ ਨੇ ਇਸ ਦੇ ਗੁਣ ਸਾਂਝੇ ਕਰਦਿਆਂ ਲਿਖਿਆ ਹੈ:-

“ਕੜਾਹ ਪ੍ਰਸ਼ਾਦ ਸਿਹਤ ਲਈ ਬੇਹੱਦ ਲਾਭਦਾਇਕ ਅਤੇ ਫ਼ਾਇਦੇਮੰਦ ਹੈ।”
ਉਨ੍ਹਾਂ ਹਰ ਵਿਅਕਤੀ ਨੂੰ ਦਿਨ ‘ਚ ਇੱਕ ਵਾਰ ਜ਼ਰੂਰ ਦੇਗ ਛਕਣ ਦੀ ਸਲਾਹ ਦਿੱਤੀ ਹੈ।

ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਸਵੇਰ ਸਮੇਂ ਗੁਰਦੁਆਰਾ ਸਾਹਿਬ ਜਾਣ ਅਤੇ ਗੁਰਬਾਣੀ ਸੁਣਨ ਦੀ ਤਾਕੀਦ ਸ਼ਾਇਦ ਇਸੇ ਕਰਕੇ ਹੀ ਕੀਤੀ ਸੀ ਕਿ ਗੁਰੂ ਦਾ ਸਿੱਖ ਹਮੇਸ਼ਾ ਸਰੀਰਿਕ ਅਤੇ ਰੁਹਾਨੀਅਤ ਪੱਖੋਂ ਤਾਕਤਵਰ ਅਤੇ ਮਜ਼ਬੂਤ ਰਹੇ।

ਇੰਜੀ. ਸਤਨਾਮ ਸਿੰਘ ਮੱਟੂ