views 16 secs 0 comments

ਗੁਰਸਿੱਖ ਦੇ ਜੀਵਨ ਵਿਚ ਅਰਦਾਸ ਦਾ ਮਹੱਤਵ

ਲੇਖ
May 05, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਮਾਰਗ-ਦਰਸ਼ਕ ਹਨ। ਸਿੱਖ ਗੁਰੂ ਸਾਹਿਬਾਨ ਨੇ ਲੋਕ ਕਲਿਆਣ ਦੀ ਦ੍ਰਿਸ਼ਟੀ ਨੂੰ ਮੁੱਖ ਰੱਖਦਿਆਂ ਇਸ ‘ਮਾਲਾ ਰੂਪੀ ਗ੍ਰੰਥ’ ਵਿਚ ਵੱਖ-ਵੱਖ ਧਰਮਾਂ, ਜਾਤਾਂ, ਬੋਲੀਆਂ ਤੇ ਖੇਤਰਾਂ ਨੂੰ ਇਕ ਧਾਗੇ ਵਿਚ ਪਰੋਇਆ। ਗੁਰੂ ਸਾਹਿਬਾਨ ਦੀ ਜੋਤ ਦੇ ਸਮੁੱਚੇ ਪਾਸਾਰਾਂ ਨੂੰ ਜਾਣ ਕੇ ਸਹਿਜੇ ਹੀ ਸਮਝ ਆ ਜਾਂਦੀ ਹੈ ਕਿ ਇਸ ਨਿਰਾਲੇ ਪੰਥ ਦਾ ਧਰਤੀ ‘ਤੇ ਉਤਾਰਨ ਦਾ ਮਕਸਦ ਹੀ ਪ੍ਰਾਣੀ ਮਾਤਰ ਦੀ ਭਲਾਈ ਸੀ । ਜਿਸ ਨੂੰ ਸਾਕਾਰ ਰੂਪ ਵਿਚ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਤੇ ਵਿਚਾਰਧਾਰਾ ਵਿੱਚੋਂ ਨਿਹਾਰ ਸਕਦੇ ਹਾਂ।

ਸਿੱਖ ਧਰਮ ਵਿਚ ਅਰਦਾਸ ਦੀ ਭਾਵਨਾ ਦੀ ਬਹੁਤ ਮਹੱਤਤਾ ਹੈ ਜੋ ਕਿ ਸਿੱਖਾਂ ਦੀ ਸਮਾਜਿਕ, ਰਾਜਨੀਤਿਕ, ਮਾਨਸਿਕ, ਮਨੋਵਿਗਿਆਨਕ ਅਤੇ ਅਧਿਆਤਮਿਕ ਅਵਸਥਾ ਦੀ ਤਰਜਮਾਨੀ ਕਰਦੀ ਹੈ। ਇਹ ਸਿੱਖ ਅੰਦਰ ਦੁਨਿਆਵੀ ਗੁਣਾਂ ਦੇ ਸੰਚਾਰ ਦੇ ਨਾਲ-ਨਾਲ ਉਸ ਨੂੰ ਸਮੁੱਚੀ ਧਰਤੀ ਦੀ ਸੇਵਾ ਲਈ ਵੀ ਤਤਪਰ ਕਰਦੀ ਹੈ। ਇਸੇ ਲਈ ‘ਸਿੱਖ ਅਰਦਾਸ’ ਦੀ ਰੂਪ-ਰੇਖਾ ਵਿਦਵਾਨਾਂ ਨੇ ਇਸ ਤਰ੍ਹਾਂ ਤਿਆਰ ਕੀਤੀ ਹੈ ਕਿ ਉਸ ਵਿਚ ਅਕਾਲ ਪੁਰਖ, ਗੁਰੂ ਸਾਹਿਬਾਨ ਅਤੇ ਸਮੁੱਚੇ ਸਿੱਖ ਸ਼ਹੀਦਾਂ ਨੂੰ ਨਤਮਸਤਕ ਹੋਇਆ ਜਾਂਦਾ ਹੈ। ਗੁਣਾਂ ਦੀ ਮੰਗ ਕਰਦਿਆਂ ਅਰਦਾਸ ਦੀ ਸਮਾਪਤੀ ਸਰਬੱਤ ਦੇ ਭਲੇ ਦੇ ਨਾਅਰੇ ਨਾਲ ਕੀਤੀ ਜਾਂਦੀ ਹੈ।

ਬੇਸ਼ੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਹੀ ਜੀਵ ਦੀ ਪਰਮਾਤਮਾ ਨਾਲ ਮਿਲਾਪ ਦੀ ਅਰਦਾਸ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਰਦਾਸ ਲਈ ਅਰਦਾਸਿ, ਅਰਦਾਸੁ, ਅਰਦਾਸੇ, ਬਿਨਉ, ਬਿਨਤੀ, ਬੇਨੰਤੀ, ਬੇਨੰਤੀਆ ਆਦਿ ਸ਼ਬਦ ਵਰਤੇ ਗਏ ਹਨ। ਇਨ੍ਹਾਂ ਸ਼ਬਦਾਂ ਰਾਹੀਂ ਪਰਮਾਤਮਾ ਅੱਗੇ ਜ਼ਿਆਦਾਤਰ ਪਰਮਾਰਥ ਦੀ ਮੰਗ ਹੀ ਹੈ, ਪਰ ਕਿਤੇ-ਕਿਤੇ ਇਸ ਰਾਹ ‘ਤੇ ਚੱਲਣ ਵਿਚ ਕੋਈ ਰੁਕਾਵਟ ਨਾ ਆਵੇ, ਉੱਥੇ ਕਈ ਵਾਰ ਪਦਾਰਥਕ ਮੰਗਾਂ ਲਈ ਵੀ ਅਰਦਾਸ ਦਾ ਆਸਰਾ ਲਿਆ ਹੈ। ਜਿਵੇਂ ਜਿੱਥੇ ‘ਨਾਮ’ ਦੀ ਗੱਲ ਹੋ ਰਹੀ ਹੈ ਇੱਥੇ ਨਾਮ ਜਪਣਾ ਜਾਂ ਜਪਾਉਣਾ ਵੀ ਕਿਸੇ ਨਾ ਕਿਸੇ ਰੂਪ ਵਿਚ ਅਰਦਾਸ ਦਾ ਹਿੱਸਾ ਬਣਦਾ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਰਦਾਸ ਕਿਸ ਮਨੋਰਥ ਲਈ ਕੀਤੀ ਜਾਣੀ ਚਾਹੀਦੀ ਹੈ? ਇਕ ਸਿੱਖ ਦਾ ਜੀਵਨ ਸਰਵਪੱਖੀ ਹੈ। ਉਹ ਅਧਿਆਤਮਿਕ ਮਾਰਗ ਦਾ ਪਾਂਧੀ ਹੁੰਦਾ ਹੋਇਆ ਨਾਲ-ਨਾਲ ਗ੍ਰਿਹਸਥ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ। ਸਿੱਖ ਸੰਤ ਵੀ ਹੈ, ਸਿਪਾਹੀ ਵੀ, ਜੋਗੀ ਵੀ ਹੈ, ਘਰਬਾਰੀ ਵੀ,ਕਿਰਤ ਵੀ ਕਰਦਾ ਹੈ, ਮਾਇਆ ਵੀ ਕਮਾਉਂਦਾ ਹੈ ਅਤੇ ਬੱਚਿਆਂ ਦੀ ਪਾਲਣਾ ਵੀ ਕਰਦਾ ਹੈ। ਇਹ ਸਾਰੇ ਕਾਰਜ ਕਰਦਿਆਂ ਉਸ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੋਖੀਆਂ ਵੱਲੋਂ ਉਸ ਨੂੰ ਦੁਖੀ ਕੀਤਾ ਜਾਂਦਾ, ਕਦਮ-ਕਦਮ ’ਤੇ ਉਸ ਨੂੰ ਪ੍ਰੀਖਿਆ ਵਿੱਚੋਂ ਲੰਘਣਾ ਪੈਂਦਾ ਹੈ। ਇਨ੍ਹਾਂ ਸਾਰੇ ਅਵਸਰਾਂ ‘ਤੇ ਆਪਣੀ ਮਨੋਰਥ ਸਿੱਧੀ ਲਈ, . . . ਕਰਮ ਖੇਤਰ ਵਿਚ ਸਫ਼ਲ ਹੋਣ ਲਈ, ਜੀਵ ਨੂੰ ਅਰਦਾਸ ਦੀ ਓਟ ਲੈਣੀ ਪੈਂਦੀ ਹੈ। ਮਾਣ-ਤਾਣ, ਦੁੱਧ-ਪੁੱਤ, ਧਨ-ਦੌਲਤ ਆਦਿ ਦੀ ਪ੍ਰਾਪਤੀ ਲਈ ਅਕਾਲ ਪੁਰਖ ਅੱਗੇ ਜੋਦੜੀ ਕਰਨ ਦੀ ਲੋੜ ਪੈਂਦੀ ਹੈ।

ਸਿੱਖ ਪੰਥ ਵਿਚ ਜੀਵਨ ਦੇ ਹਰ ਪੜਾਅ ‘ਤੇ ਅਰਦਾਸ ਦਾ ਹੀ ਆਸਰਾ ਹੈ। ਸਿੱਖ ਦਾ ਗ੍ਰਿਹਸਥ, ਧਰਮ, ਮੁਕਤੀ ਆਦਿ ਸਾਰਾ ਕੁਝ ਅਰਦਾਸ ਦੇ ਆਸਰੇ ਚੱਲਦਾ ਹੈ। ਸਿੱਖ ਹਰ ਰੋਜ਼ ਧਾਰਮਿਕ ਤੌਰ ‘ਤੇ ਦੋ ਵਾਰ ਸਵੇਰੇ ਤੇ ਸ਼ਾਮ ਅਰਦਾਸ ਕਰਦਾ ਹੈ ਜਿਸ ਵਿਚ ਸਰਬੱਤ ਦਾ ਭਲਾ ਮੰਗਣਾ ਜ਼ਰੂਰੀ ਹੈ। ਸਿੱਖ ਕੌਮ ਹੀ ਦੁਨੀਆ ਦੀ ਅਜਿਹੀ ਕੌਮ ਹੈ ਜੋ ਸਾਰਿਆਂ ਦਾ ਭਲਾ ਹਰ ਰੋਜ਼ ਅਰਦਾਸ ਵਿਚ ਮੰਗਦੀ ਹੈ। ਹਰ ਇਕ ਮੁਸ਼ਕਿਲ ਵਿਚ ਅਰਦਾਸ ਦੇ ਸਹਾਰੇ ਹੀ ਪਾਰ ਹੋਇਆ ਜਾ ਸਕਦਾ ਹੈ।

ਸਿੱਖ ਧਰਮ ਤਾਂ ਹੈ ਹੀ ਸਰਬੱਤ ਦੇ ਭਲੇ ਲਈ। ਸਿੱਖ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ ਦੇ ਦਰਸ਼ਨ ਕਰਦਿਆਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਜੀਵਨ ਦੀ ਇੱਕ-ਇੱਕ ਘਟਨਾ ਕਿਸੇ ਨਿੱਜੀ ਲਾਭ ਵਿਚ ਨਾ ਹੋ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਹੈ। ਉਦਾਹਰਨ ਦੇ ਤੌਰ ‘ਤੇ ਸੰਗਤ, ਪੰਗਤ, ਲੰਗਰ, ਸਰੋਵਰ ਦਾ ਇਸ਼ਨਾਨ, ਹਰਿਮੰਦਰ ਸਾਹਿਬ ਦੀ ਉਸਾਰੀ, ਮੀਰੀ-ਪੀਰੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਖਾਲਸਾ, ਅੰਮ੍ਰਿਤ ਸੰਸਕਾਰ ਆਦਿ ਇਹ ਗੱਲਾਂ ਮਨੁੱਖਤਾ ਦੇ ਭਲੇ ਹਿੱਤ ਸ਼ੁਰੂ ਕੀਤੀਆਂ ਗਈਆਂ ਸਨ ਜੋ ਅੱਜ ਵੀ ਸਾਡੇ ਸਾਹਮਣੇ ਮੌਜੂਦ ਹਨ। ਸਿੱਖ ਪੰਥ ਦੀ ਲੰਗਰ ਸੰਸਥਾ ਅਜੋਕੇ ਸਮਾਜ ਵਿਚ ਜਿੱਥੇ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ, ਉੱਥੇ ਲੋੜਵੰਦ ਮਨੁੱਖਾਂ ਦਾ ਪੇਟ ਭਰਨਾ ਵੀ ਭਲੇ ਦਾ ਕਾਰਜ ਹੈ।

ਸਿੱਖ ਅਰਦਾਸ ਦੀ ਇਹੋ ਵਿਲੱਖਣਤਾ ਹੈ ਕਿ ਇਹ ਬਹੁਤ ਹੀ ਸਰਲ, ਸਪੱਸ਼ਟ ਅਤੇ ਢੁਕਵੀਂ ਸ਼ਬਦਾਵਲੀ ਵਿਚ ਆਪਣੇ ਦਸਾਂ ਗੁਰੂ ਸਾਹਿਬਾਨ ਨੂੰ ਯਾਦ ਕਰਦਿਆਂ, ਉਨ੍ਹਾਂ ਤੋਂ ਦਾਤਾਂ ਮੰਗਦਿਆਂ ਉਨ੍ਹਾਂ ਦੀ ਉਸਤਤ ਕਰਦਿਆਂ ਬੜੇ ਹੀ ਚੋਣਵੇਂ ਸ਼ਬਦਾਂ ਵਿਚ ਬਿਆਨ ਕੀਤੀ ਗਈ ਹੈ। ਸ਼ਾਇਦ ਹੀ ਇੰਨੀ ਭਾਵਪੂਰਿਤ ਅਰਦਾਸ ਕਿਸੇ ਹੋਰ ਧਰਮ ਵਿਚ ਹੋਵੇ ਜਿਸ ਵਿਚ ਸਾਰੇ ਪੰਥ ਦੇ ਸਫ਼ਰ ਨੂੰ ਬਿਆਨ ਕੀਤਾ ਜਾਵੇ ਅਤੇ ਅੰਤ ਵਿਚ ਸਰਬੱਤ ਦਾ ਭਲਾ ਵੀ ਮੰਗਿਆ ਜਾਵੇ।

“ਅਰਦਾਸ ਦੇ ਅਲੌਕਿਕ ਅੱਖਰਾਂ ਦੀ ਬਣਤਰ, ਸ਼ਹੀਦਾਂ ਦੀ ਯਾਦ, ਗੁਰਧਾਮਾਂ ਦੇ ਪਵਿੱਤਰ ਦਰਸ਼ਨਾਂ ਦਾ ਸੰਕਲਪ, ਪੰਜ ਪਿਆਰਿਆਂ ਦੇ ਆਤਮ-ਸਮਰਪਣ ਦੀ ਗੌਰਵ-ਗਾਥਾ, ਚਾਲੀ ਮੁਕਤਿਆਂ ਦੀ ਲਾਸਾਨੀ ਅਤੇ ਲਾਫਾਨੀ ਕੁਰਬਾਨੀ, ਮਨ ਨੂੰ ਨੀਵਾਂ ਅਤੇ ਮੱਤ ਨੂੰ ਉੱਚਾ ਰੱਖਣ ਵਾਲਾ ਅਦਭੁੱਤ ਆਦਰਸ਼ ਅਤੇ ਸਰਬੱਤ ਦੇ ਭਲੇ
ਲਈ ਕੀਤੀ ਗਈ ਯਾਚਨਾ ਅਰਦਾਸ ਕਰਨ ਵਾਲੇ ਦੇ ਦਿਲ ਤੋਂ ਦਿਮਾਗ ਨੂੰ ਟੁੰਬਦੀ ਇਕ ਨਵੀਂ ਰੂਹ ਫੂਕ ਦਿੰਦੀ ਹੈ। ਮਨ ਉਤਸ਼ਾਹ ਨਾਲ ਭਰਪੂਰ ਅਤੇ ਵਲਵਲੇ ਨਾਲ ਲਬਰੇਜ਼ ਹੋ ਜਾਂਦਾ ਹੈ। ਅਰਦਾਸ ਕਰਨ ਵਾਲੇ ਦੀ ਮਾਨਸਿਕ ਦਸ਼ਾ ‘ਚੜੀਐ ਹੋਇ ਇਕੀਸ’ ਦੀ ਸਰਵ-ਉੱਚ ਸਿਖ਼ਰ ‘ਤੇ ਪੁੱਜ ਖਲੋਂਦੀ ਹੈ। ਕਠਿਨ ਤੋਂ ਕਠਿਨ ਪ੍ਰਸਥਿਤੀ ਦਾ ਮੁਕਾਬਲਾ ਕਰਦੇ ਹੋਏ ਧਰਮ ਦੇਸ਼, ਕੌਮ ਤੇ ਰਾਜ ਲਈ ਜੂਝਦੇ ਹੋਏ ਪ੍ਰਾਣਾਂ ਨੂੰ ਨਿਛਾਵਰ ਕਰ ਦੇਣ ਤੋਂ ਵੀ ਰਤਾ ਸੰਕੋਚ ਨਹੀਂ ਕਰਦਾ।

ਅਰਦਾਸ ਰਾਹੀਂ ਕੌਮ ਵਿਚ ਹੋਏ ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਅਰਦਾਸ ਦੇ ਸ਼ਬਦ ਹੀ ਅਜਿਹੇ ਘੜੇ ਗਏ ਹਨ ਕਿ ਉਸ ਦੀ ਮਹਾਨਤਾ ਨੂੰ ਸੁਣ ਕੇ ਭਵਿੱਖ ਵਿਚ ਵੀ ਸ਼ਹਾਦਤ ਦਾ ਜਾਮ ਪੀਣ ਵਾਲੇ ਮਰਜੀਵੜੇ ਤਿਆਰ ਹੁੰਦੇ ਹਨ, ਕਿਉਂਕਿ ਸਿੱਖ ਪੰਥ ਦਾ ਇਲਾਹੀ ਰੂਪ ਪੰਜ ਪਿਆਰਿਆਂ, ਚਾਲੀ ਮੁਕਤਿਆਂ ਨੂੰ ਅਤੇ ਬੇਅੰਤ ਸ਼ਹੀਦਾਂ ਦੀ ਕਰਣੀ ਨੂੰ ਯਾਦ ਕਰ ਕੇ ਉਨ੍ਹਾਂ ਦੇ ਅੰਦਰ ਧਰਮ ਪ੍ਰੇਮ ਉਤਪੰਨ ਹੁੰਦਾ ਹੈ। ਇਸ ਵਿਚ ਗੁਰਧਾਮਾਂ ਦੇ ਦਰਸ਼ਨਾਂ ਦੀ ਗੱਲ ਵੀ ਆਉਂਦੀ ਹੈ ਜੋ ਕਿ ਹਰ ਇਕ ਸਿੱਖ ਨੂੰ ਆਪਣੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਅਤੇ ਉੱਥੋਂ ਦੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਦੀ ਹੈ। ਇਸ ਵਿਚ ਮਨ ਅਤੇ ਮੱਤ ਨੂੰ ਠੀਕ ਦਿਸ਼ਾ ਵਿਚ ਰੱਖਣ ਦੀ ਤਾਕੀਦ ਹੈ ਅਤੇ ਜਦੋਂ ਮਨੁੱਖੀ ਮਨ ਠੀਕ ਦਿਸ਼ਾ ਵਿਚ ਚੱਲ ਪਵੇ ਤਾਂ ਸਾਰੇ ਕਾਰਜ ਆਪਣੇ ਆਪ ਠੀਕ ਹੋ ਜਾਂਦੇ ਹਨ।

ਸੰਸਾਰ ਦੀ ਕੋਈ ਹੋਰ ਅਰਦਾਸ ਜਾਂ ਰਚਨਾ ਇਤਨੇ ਜ਼ਫ਼ਰ ਨਾਲ ਨਹੀਂ ਕੀਤੀ ਗਈ ਜਿਤਨੀ ਘਾਲਣਾ ਨਾਲ ਇਹ ਰਚਨਾ ਕੀਤੀ ਗਈ ਹੈ। ਫਿਰ ਇਸ ਵਿਚ ਇਤਨੀ ਸਮਰੱਥਾ ਹੈ ਜੋ ਅਸਚਰਜ ਦੀ ਹੀ ਗੱਲ ਹੈ। ਸ਼ਾਇਦ ਹੀ ਵਾਰਤਕ ਦਾ ਇਤਨਾ ਜ਼ੋਰਦਾਰ ਹੋਰ ਕੋਈ ਟੁੱਕੜਾ ਸੰਸਾਰ ਸਾਹਿਤਾਂ ਵਿਚ ਆਇਆ ਹੋਵੇ, ਜਿਤਨਾ ਸਾਹਿਤ ਦਾ ਇਹ ਟੁੱਕੜਾ ਹੈ। ਸ਼ਾਇਦ ਹੀ ਕਿਸੇ ਇਤਿਹਾਸਕਾਰ ਨੇ ਆਪਣੀ ਕੌਮ ਦਾ ਇਤਿਹਾਸ ਤੇ ਚਿਤਰਨ ‘ਤੇ ਇਤਨੀ ਥੋੜੀ ਥਾਂ ਲਗਾਈ ਹੋਵੇ ਜਿਤਨੀ ਸਮੂਹ ਖਾਲਸਾ ਜੀ ਨੇ ਇਹ ਇਤਿਹਾਸ ਚਿਤਰਨ ‘ਤੇ ਲਗਾਈ ਹੈ। ਸ਼ਾਇਦ ਹੀ ਕਿਸੇ ਕੌਮ ਦੀਆਂ ਸਾਰੀਆਂ ਆਸ਼ਾਵਾਂ ਨੂੰ ਰੂਪਮਾਨ ਕਰਨ ਲਈ ਕਿਸੇ ਲੇਖਕ ਨੇ ਕਦੇ ਇਤਨੇ ਸਾਹਸ ਦਾ ਪ੍ਰਮਾਣ ਦਿੱਤਾ ਹੋਵੇ, ਜਿਤਨਾ ਖਾਲਸਾ ਜੀ ਨੇ ਆਪਣੇ ਆਦਰਸ਼ ਦੀਆਂ ਉੱਚੀਆਂ ਟੀਸੀਆਂ ਨੂੰ ਰੂਪਮਾਨ ਕਰਨ ਲਈ ਅਰਦਾਸ ਵਿਚ ਸਾਹਸ ਕੀਤਾ ਹੈ। ਕਾਵਿ ਵਾਰਤਕ ਦਾ ਸੰਸਾਰ ਸਾਹਿਤਾਂ ਵਿੱਚੋਂ ਅਤਿ ਉੱਤਮ ਨਮੂਨਾ ਹੈ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਈ ਮਨੀ ਸਿੰਘ ਅਤੇ ਪੰਥ ਖਾਲਸਾ ਜੀ ਦੀ ਸਾਂਝੀ ਰਚਨਾ ਹੈ ਜਿਸ ਰਚਨਾ ਨੂੰ ਸੰਪੂਰਨ ਹੋ ਗਿਆ ਕਦੇ ਨਹੀਂ ਕਿਹਾ ਜਾਏਗਾ, ਕਿਉਂਕਿ ਜਿਉਂ ਜਿਉਂ ਖਾਲਸਾ ਜੀ ਦਾ ਇਤਿਹਾਸ ਅੱਗੇ ਤੁਰਦਾ ਜਾਏਗਾ, ਉਤਨੇ ਚਿੰਨ੍ਹ ਇੱਥੇ ਅਤਿ ਸੂਖਮ ਸੰਕੇਤਾਂ ਵਿਚ ਸਦਾ ਦਰਸਾਏ ਜਾਂਦੇ ਰਹਿਣਗੇ। ਇਹ ਰਚਨਾ ਸਾਡੀ ਸਮਰਣੀ ਹੈ, ਚਿੰਨ੍ਹਾਤਮਕ ਤੇ ਸੰਕੇਤਾਮਕ ਹੈ ਇਹ ਕੌਮ ਦਾ ਤੁਰਦਾ ਜੀਵਨ ਹੈ। ਇਹ ਰਚਨਾ ਦੀ
ਆਖਰੀ ਸਤਰ ਵਿਚ ਪੰਥ ਤੇ ਨਾਨਕ ਇਕ ਮਿਕ ਹਨ, ਕਿਉਂਕਿ ਪੰਥ ਨੇ ‘ਨਾਨਕ’ ਨਾਂ ਦੀ ਮੋਹਰ ਵਰਤੀ ਹੈ ਅਤੇ ਪੰਥ ਨੂੰ ਇਹ ਹੱਕ ਸਦਾ ਪ੍ਰਾਪਤ ਹੈ।

ਸਿੱਖ ਅਰਦਾਸ ਵਿਚ ਇੰਨਾ ਜੋਸ਼ ਅਤੇ ਜਲਾਲ ਹੈ ਕਿ ਇਸ ਦੇ ਆਸਰੇ ਨਾਲ ਹੀ ਸਿੱਖ ਪੰਥ ਵਿਚ ਮਹਾਨ ਕਾਰਜ ਸੰਪੂਰਨ ਹੋਏ। ਜਦੋਂ ਵੀ ਕਿਸੇ ਸਿੱਖ ਨੇ ਕਿਸੇ ਮੰਜ਼ਿਲ ਵੱਲ ਵਧਣਾ ਉਸ ਨੇ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਅਤੇ ਜਦੋਂ ਸਿੱਖ ਨੇ ਇਕ ਵਾਰ ਅਰਦਾਸ ਕਰ ਲਈ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ, ਅਜਿਹੀਆਂ ਇਤਿਹਾਸ ਵਿਚ ਅਨੇਕ ਘਟਨਾਵਾਂ ਦਰਜ ਹਨ। ਭਾਵੇਂ ਉਹ ਅਕਾਲੀ ਫੂਲਾ ਸਿੰਘ ਵੱਲੋਂ ਕੀਤੀ ਗਈ ਅਰਦਾਸ ਹੋਵੇ ਜਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਅਟਕ ਦਰਿਆ ਅੱਗੇ ਕੀਤੀ ਗਈ ਹੋਵੇ। ਅਰਦਾਸ ਵਿਚ ਦਰਜ ਸ਼ਹੀਦਾਂ ਅਤੇ ਸ਼ਹਾਦਤਾਂ ਦਾ ਜ਼ਿਕਰ ਕਰਨ ਦਾ ਮਤਲਬ ਹੀ ਇਹ ਹੈ ਕਿ ਸੁਣਨ ਵਾਲੇ ਨੂੰ ਅਹਿਸਾਸ ਹੋਵੇ ਕਿ ਸਿੱਖ ਪੰਥ ਵਿਚ ਕਿੰਨੇ ਮਹਾਨ ਯੋਧੇ ਹੋਏ ਜਿਸ ਨਾਲ ਹਰ ਰੋਜ਼ ਇਕਾਗਰ ਮਨ ਨਾਲ ਅਰਦਾਸ ਕਰਨ ਵਾਲੇ ਦੇ ਦਿਲ ਵਿਚ ਹੌਲੀ-ਹੌਲੀ ਇਹ ਅਹਿਸਾਸ ਘਰ ਕਰ ਜਾਂਦੇ ਹਨ ਕਿ ਉਸ ਦਾ ਜੀਵਨ ਪਰਮਾਤਮਾ ਵੱਲੋਂ ਬਖ਼ਸ਼ੀ ਹੋਈ ਦਾਤ ਹੈ ਜਿਸ ਨੂੰ ਉਹ ਸਰਬੱਤ ਦੇ ਭਲੇ ਵਿਚ ਲਾਵੇਗਾ।

ਬੇਸ਼ੱਕ ਸੰਸਾਰ ਦੇ ਇਤਿਹਾਸ ਅਤੇ ਸਾਹਿਤ ਵਿਚ ਕੋਈ ਹੋਰ ਮਿਸਾਲ ਕੁਰਬਾਨੀਆਂ ਦੀ ਨਹੀਂ ਮਿਲ ਸਕਦੀ ਅਤੇ ਉਨ੍ਹਾਂ ਨੂੰ ਇੰਨੇ ਸੰਖੇਪ ਵਿਚ ਲਿਖਣਾ ਵੀ ਕਿਤੇ ਨਹੀਂ ਮਿਲਦਾ।

ਸੱਚਮੁੱਚ ਅਜਿਹਾ ਨਮੂਨਾ ਵਿਸ਼ਵ ਸਾਹਿਤ ਵਿਚ ਨਹੀਂ ਲੱਭਿਆ ਜਾ ਸਕਦਾ। ਇੰਨੀ ਥੋੜ੍ਹੀ ਸ਼ਬਦਾਵਲੀ ਵਿਚ ਪੰਥ ਦੀ ਮਹਾਨਤਾ ਨੂੰ ਬਿਆਨ ਕਰਨਾ ਭਾਵ ਸਮੁੱਚੇ ਪੰਥ ਦੇ ਇਤਿਹਾਸ ਨੂੰ ਪਰੋਣਾ ਬੜਾ ਔਖਾ ਕਾਰਜ ਹੈ। ਖਾਲਸਾ ਜੀ ਦੇ ਮਹਾਨ ਕਾਰਨਾਮੇ ਬੜੇ ਹੀ ਭਾਵਪੂਰਤ ਅਤੇ ਸੰਖੇਪ ਰੂਪ ਵਿਚ ਅੰਕਿਤ ਕੀਤੇ ਹਨ। ਇਹ ਰਚਨਾ ਦਸਮ ਪਿਤਾ ਦੁਆਰਾ ਸ਼ੁਰੂ ਕੀਤੀ ਗਈ ਹੈ ਅਤੇ ਇਸ ਨੂੰ ਪੰਥ ਸੰਪੂਰਨ ਕਰ ਰਿਹਾ ਹੈ। ਖਾਲਸਾ ਜੀ ਨੇ ਇਤਿਹਾਸ ਵਿਚ ਮੀਲ ਪੱਥਰ ਗੱਡਦੇ ਰਹਿਣਾ ਹੈ ਜੋ ਅਰਦਾਸ ਦਾ ਸ਼ਿੰਗਾਰ ਬਣਦੇ ਰਹਿਣਗੇ, ਕਿਉਂਕਿ ਇਹ ਫ਼ਲਸਫ਼ਾ ਮਉਲਦਾ ਰਹਿਣਾ ਹੈ। ਇਸ ਰਚਨਾ ਵਿਚ ਵੀ ਗੁਰੂ ਤੇ ਪੰਥ ਇਕਮਿਕ ਹਨ। ਇਸੇ ਕਰਕੇ ਸਿੱਖ ਪੰਥ ਆਪਣੇ ਸ਼ਹੀਦਾਂ ‘ਤੇ ਮਾਣ ਮਹਿਸੂਸ ਕਰਦਾ ਹੈ, ਕਿਉਂਕਿ ਸੰਸਾਰ ਭਰ ਵਿਚ ਅਜਿਹਾ ਇਤਿਹਾਸ ਸਿਰਜਣਾ ਅਕਾਲ ਪੁਰਖ ਵੱਲੋਂ ਸਿੱਖਾਂ ਦੇ ਹਿੱਸੇ ਹੀ ਆਇਆ ਹੈ ਅਤੇ ਉਸ ਇਤਿਹਾਸ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋ ਕੇ ਉਸ ਦੀ ਰਚਨਾ ਕਰਨ ਵਾਲਿਆਂ ਨੇ ਵੀ ਕਮਾਲ ਵਿਖਾਇਆ ਹੈ। ਇਸ ਅਰਦਾਸ ਨੂੰ ਜਦੋਂ ਦੂਜੇ ਧਰਮ ਦੇ ਲੋਕ ਪੜ੍ਹਦੇ ਹਨ ਉਨ੍ਹਾਂ ਨੂੰ ਜਿੱਥੇ ਸਿੱਖ ਪੰਥ ਦੀ ਮਹਾਨਤਾ ਦੀ ਜਾਣਕਾਰੀ ਹੁੰਦੀ ਹੈ, ਉੱਥੇ ਨਾਲ ਹੀ ਪਰਮਾਤਮਾ, ਸਰਬੱਤ ਦਾ ਭਲਾ ਅਤੇ ਸਿੱਖਾਂ ਦੇ ਸਬਰ ਸ਼ੁਕਰ ਵਾਲੇ ਜੀਵਨ ਦੀ ਵੀ ਜਾਣਕਾਰੀ ਮਿਲਦੀ ਹੈ।
ਹਵਾਲੇ: ੧. ਸ. ਮਹਿੰਦਰ ਸਿੰਘ, ਸਿੱਖ ਸੰਸਕਾਰ ਅਤੇ ਮਰਯਾਦਾ, ਪੰਨਾ ੧੧੮, ੨. ਸ. ਇਕਬਾਲ ਸਿੰਘ, ਗੁਰਮਤਿ ਮੰਥਨ, ਪੰਨਾ ੯੦., ੩. ਡਾ. ਤਾਰਨ ਸਿੰਘ, ਨੇਮ ਤੇ ਪ੍ਰੇਮ, ਪੰਨਾ ੧੯੦

-ਡਾ. ਜਸਵੰਤ ਸਿੰਘ