ਜਦ ਅਸੀਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਪਿਛੋਕੜ ਬਾਰੇ ਝਾਤ ਪਾਉਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸਾਰਾ ਪਰਵਾਰ ਹੀ ਗੁਰੂ-ਘਰ ਨੂੰ ਸਮਰਪਿਤ ਸੀ। ਇਨ੍ਹਾਂ ਦੇ ਦਾਦਾ ਸਰਦਾਰ ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ-ਪਾਨ ਕੀਤਾ। ਉਹ ਪਹਿਲਾਂ ਗੁਰੂ ਜੀ ਦੀ ਫ਼ੌਜ ਵਿਚ ਇਕ ਜੁਝਾਰੂ ਸਿਪਾਹੀ ਦੇ ਰੂਪ ਵਿਚ ਲੜਦਾ ਰਿਹਾ ਅਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿਚ ਜਾ ਮਿਲਿਆ ਅਤੇ ਅੰਤ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਬਜਵਾੜੇ ਦੀ ਲੜਾਈ ਵਿਚ ਸ਼ਹੀਦੀ ਪ੍ਰਾਪਤ ਕੀਤੀ।
ਸਰਦਾਰ ਹਰਦਾਸ ਸਿੰਘ ਦਾ ਆਪਣੇ ਪੁੱਤਰ ਗਿਆਨੀ ਭਗਵਾਨ ਸਿੰਘ ਉਪਰ ਡੂੰਘਾ ਪ੍ਰਭਾਵ ਸੀ। ਉਹ ਆਪਣੇ ਸਮੇਂ ਮੰਨਿਆ ਹੋਇਆ ਧਾਰਮਿਕ ਪ੍ਰਚਾਰਕ ਸੀ। ਅਬਦੁੱਸ ਸਮਦ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ ਜੋ ਪਿਉ ਤੋਂ ਕਿਤੇ ਵੱਧ ਜ਼ਾਲਮ ਸੀ। ਉਸ ਸਮੇਂ ਗਿਆਨੀ ਭਗਵਾਨ ਸਿੰਘ ਵਰਗਿਆਂ ਦਾ ਜਿਊਣਾ ਬਹੁਤ ਮੁਸ਼ਕਲ ਸੀ। ਇਨ੍ਹਾਂ ਸਮਿਆਂ ਵਿਚ ਹੀ ਉਸ ਦੇ ਪਿਤਾ ਭਾਈ ਹਰਨਾਮ ਸਿੰਘ ਆਪਣੇ ਜੱਦੀ ਪਿੰਡ ਸੁਰ ਸਿੰਘ ਛੱਡ ਕੇ ਲਾਹੌਰ ਦੇ ਪੂਰਬ ਦੇ ਪਾਸੇ ਈਚੋਗਿੱਲ (ਇੱਛੋਗਿੱਲ) ਪਿੰਡ ਆ ਗਏ। ਭਾਈ ਹਰਦਾਸ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਲਈ ਸ਼ਸਤਰ ਬਣਾਉਂਦੇ ਰਹੇ ਤੇ ਹੋਰ ਸੇਵਾ ਵੀ ਕਰਦੇ ਰਹੇ।
ਗਿਆਨੀ ਭਗਵਾਨ ਸਿੰਘ ਦੇ ਘਰ ਪੰਜ ਪੁੱਤਰ ਜੱਸਾ ਸਿੰਘ, ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ ਪੈਦਾ ਹੋਏ। ਇਨ੍ਹਾਂ ਵਿੱਚੋਂ ਜੱਸਾ ਸਿੰਘ ਸਭ ਤੋਂ ਵੱਡੇ ਸੀ। ਉਨ੍ਹਾਂ ਦਾ ਜਨਮ ੧੭੨੩ ਈ. ਵਿਚ ਹੋਇਆ। ਘਰ ਵਿਚ ਹੀ ਉਨ੍ਹਾਂ ਨੇ ਆਪਣੇ ਪਿਤਾ ਪਾਸੋਂ ਗੁਰਮੁਖੀ ਸਿੱਖੀ, ਜਿਸ ਕਰਕੇ ਉਹ ਛੇਤੀ ਹੀ ਨਿਤਨੇਮ ਦਾ ਪਾਠ ਕਰਨਾ ਸਿੱਖ ਗਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਯੋਗ ਹੋ ਗਏ। ਜੱਸਾ ਸਿੰਘ ਦੀ ਸ਼ਾਦੀ ਬੀਬੀ ਗੁਰਦਿਆਲ ਕੌਰ ਨਾਲ ਹੋਈ, ਜਿਸ ਤੋਂ ਉਸ ਦੇ ਘਰ ਦੋ ਪੁੱਤਰਾਂ- ਜੋਧ ਸਿੰਘ ਤੇ ਵੀਰ ਸਿੰਘ ਨੇ ਜਨਮ ਲਿਆ।
ਨਾਦਰ ਸ਼ਾਹ ਤੇ ਜ਼ਕਰੀਆ ਖ਼ਾਨ ਦੀਆਂ ਫੌਜਾਂ ਦਾ ਟਾਕਰਾ ੧੭੩੮ ਈ. ਵਿਚ ਵਜ਼ੀਰਾਬਾਦ (ਜ਼ਿਲ੍ਹਾ ਗੁਜਰਾਂਵਾਲਾ ਪਾਕਿਸਤਾਨ) ਦੇ ਨੇੜੇ ਹੋਇਆ। ਇਸ ਲੜਾਈ ਵਿਚ ਸਰਦਾਰ ਭਗਵਾਨ ਸਿੰਘ ਤੇ ਸਰਦਾਰ ਜੱਸਾ ਸਿੰਘ ਨੇ ਬੜੀ ਬਹਾਦਰੀ ਵਿਖਾਈ, ਜਿਸ ਦਾ ਜ਼ਕਰੀਆ ਖ਼ਾਂ ਉੱਤੇ ਬੜਾ ਪ੍ਰਭਾਵ ਪਿਆ। ਅੰਤ ਵਿਚ ਗਿਆਨੀ ਭਗਵਾਨ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਜ਼ਕਰੀਆ ਖਾਂ ਨੇ ਭਾਈ ਭਗਵਾਨ ਸਿੰਘ ਦੇ ਪਰਵਾਰ ਨੂੰ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਪਿੰਡਾਂ ਦੀ ਜਾਗੀਰ ਦੇ ਦਿੱਤੀ ਅਤੇ ਸਰਦਾਰ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ ਦੇ ਦਿੱਤੀ। ਜਾਗੀਰ ਵਿੱਚੋਂ ਵੱਲਾ ਪਿੰਡ ਜੱਸਾ ਸਿੰਘ ਦੇ ਹਿੱਸੇ ਆਇਆ। ਇਸ ਪਿੰਡ ਵਿਚ ਰਹਿੰਦਿਆਂ ਉਸ ਦੀ ਜਲੰਧਰ ਦੁਆਬੇ ਦੇ ਫ਼ੌਜਦਾਰ ਅਦੀਨਾ ਬੇਗ ਨਾਲ ਹੱਦਾਂ ਦੀ ਵੰਡ ਨੂੰ ਲੈ ਕੇ ਨੌਰੰਗਾਬਾਦ ਦੇ ਸਥਾਨ ‘ਤੇ ਲੜਾਈ ਹੋਈ ਜੋ ਕਿ ਵੱਲੇ ਦੀ ਲੜਾਈ ਕਰਕੇ ਮਸ਼ਹੂਰ ਹੈ।
੧੭੪੭ ਈ. ਵੈਸਾਖੀ ਦੇ ਪੁਰਬ ਉੱਤੇ ਸ੍ਰੀ ਅੰਮ੍ਰਿਤਸਰ ਵਿਚ ਬੜਾ ਭਾਰੀ ਇਕੱਠ ਹੋਇਆ, ਜਿਸ ਵਿਚ ਸਰਬਸੰਮਤੀ ਨਾਲ ਆਪਣੇ ਕਿਲ੍ਹੇ ਉਸਾਰਨ ਦਾ ਫੈਸਲਾ ਕੀਤਾ ਗਿਆ। ਸ੍ਰੀ ਅੰਮ੍ਰਿਤਸਰ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ‘ਤੇ ‘ਰਾਮ ਰੌਣੀ’ ਕਿਲ੍ਹਾ ਉਸਾਰਨ ਦਾ ਗੁਰਮਤਾ ਪਾਸ ਹੋ ਗਿਆ। ਇਸ ਦੀ ਉਸਾਰੀ ਜਲਦੀ ਕੀਤੀ ਗਈ ਤੇ ਜੱਸਾ ਸਿੰਘ ਨੂੰ ਇਸ ਦਾ ਕਿਲ੍ਹੇਦਾਰ ਥਾਪਿਆ ਗਿਆ। ਬਾਅਦ ਵਿਚ ਇਸ ਦਾ ਨਾਂ ਰਾਮਗੜ੍ਹ ਰੱਖਿਆ ਗਿਆ ਤੇ ਸਰਦਾਰ ਜੱਸਾ ਸਿੰਘ ਦੇ ਨਾਮ ਨਾਲ ਰਾਮਗੜ੍ਹੀਆ ਲਕਬ ਜੁੜ ਗਿਆ ਤੇ ਉਸ ਦੁਆਰਾ ਕਾਇਮ ਕੀਤੀ ਗਈ ਮਿਸਲ ‘ਰਾਮਗੜ੍ਹੀਆ ਮਿਸਲ’ ਦੇ ਨਾਂ ਨਾਲ ਮਸ਼ਹੂਰ ਹੋਈ।
ਰਾਮਗੜ੍ਹ ਦਾ ਕਿਲ੍ਹਾ ਜੋ ਅਠਾਰ੍ਹਵੀਂ ਸਦੀ ਵਿਚ ਸਿੱਖਾਂ ਦੀ ਸ਼ਾਨ ਤੇ ਸ਼ਕਤੀ ਦਾ ਪ੍ਰਤੀਕ ਬਣ ਚੁੱਕਾ ਸੀ। ਮੁਗਲਾਂ ਤੇ ਪਠਾਣਾਂ ਨੇ ਇਸ ਕਿਲ੍ਹੇ ਨੂੰ ਧਰਤੀ ਨਾਲ ਕਈ ਵੇਰ ਮਿਲਾਇਆ ਪ੍ਰੰਤੂ ਹਰ ਵਾਰੀ ਸਰਦਾਰ ਜੱਸਾ ਸਿੰਘ ਨੇ ਪੂਰਨ ਲਗਨ ਤੇ ਪਿਆਰ ਨਾਲ ਇਸ ਦੀ ਮੁੜ ਉਸਾਰੀ ਕੀਤੀ ਅਤੇ ਇਸ ਦੇ ਨਾਂ ਅਤੇ ਹੋਂਦ ਨੂੰ ਕਾਇਮ ਰੱਖਣ ਦਾ ਮਾਣ ਉਸੇ ਨੂੰ ਮਿਲਦਾ ਰਿਹਾ। ਸਰਦਾਰ ਜੱਸਾ ਸਿੰਘ ਨੇ ਮੁੜ ਕਿਲ੍ਹਾ ਉਸਾਰਿਆ ਤੇ ਕਿਲ੍ਹੇ ਦੇ ਨਜ਼ਦੀਕ ਇੱਕ ਬਸਤੀ ‘ਕਟੜਾ ਰਾਮਗੜ੍ਹੀਆ’ ਉਸਾਰੀ।
ਵੱਡੇ ਘਲੂਘਾਰੇ ਤੋਂ ਪਿੱਛੋਂ ਸਿੱਖਾਂ ਨੇ ਵੱਡੀ ਲੜਾਈ ਦੀ ਤਿਆਰੀ ਕੀਤੀ। ਅਕਤੂਬਰ, ੧੭੬੨ ਈ. ਨੂੰ ਅਬਦਾਲੀ ਅਜੇ ਲਾਹੌਰ ਵਿਚ ਸੀ ਕਿ ਲੱਗਭਗ ੬੦ ਹਜ਼ਾਰ ਸਿੱਖ ਸ੍ਰੀ ਅੰਮ੍ਰਿਤਸਰ ਇਕੱਠੇ ਹੋਏ ਤੇ ਅਬਦਾਲੀ ਨਾਲ ਟੱਕਰ ਲੈਣ ਦਾ ਪ੍ਰਣ ਕੀਤਾ। ਅਬਦਾਲੀ ਨੂੰ ਖ਼ਬਰ ਮਿਲਦਿਆਂ ਉਸ ਨੇ ਹਮਲਾ ਕਰ ਦਿੱਤਾ। ਸਵੇਰ ਤੋਂ ਸ਼ਾਮ ਤੀਕ ਜ਼ਬਰਦਸਤ ਲੜਾਈ ਹੋਈ ਜਿਸ ਵਿਚ ਅਬਦਾਲੀ ਨੂੰ ਹਾਰ ਹੋਈ ਤੇ ਉਹ ਰਾਤ ਦੇ ਹਨੇਰੇ ਵਿਚ ਜਾਨ ਬਚਾ ਕੇ ਨੱਸ ਗਿਆ। ਉਹ ਦਸੰਬਰ ੧੭੬੨ ਈ. ਵਿਚ ਅਫ਼ਗਾਨਿਸਤਾਨ ਵਿਖੇ ਗੜਬੜ ਹੋਣ ਕਰਕੇ ਕਾਬਲ ਵਾਪਸ ਚਲਾ ਗਿਆ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ੧੭੬੭ ਈ. ਤੋਂ ਪਿੱਛੋਂ ਕਈ ਇਲਾਕਿਆਂ
‘ਤੇ ਕਬਜ਼ਾ ਕੀਤਾ। ਸਭ ਤੋਂ ਪਹਿਲਾਂ ਬਟਾਲਾ, ਕਲਾਨੌਰ, ਦੀਨਾਨਗਰ, ਸ੍ਰੀ ਹਰਿਗੋਬਿੰਦਪੁਰ, ਸ਼ਾਹਪੁਰ ਕੰਢੀ, ਕਾਦੀਆਂ ਅਤੇ ਘੁਮਾਣ ‘ਤੇ ਕਬਜ਼ਾ ਕੀਤਾ। ਇਹ ਇਲਾਕਾ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਉਪਜਾਊ ਸੀ ਇਸ ਨੂੰ ਰਿਆੜਕੀ ਕਰਕੇ ਸੱਦਿਆ ਜਾਂਦਾ ਸੀ। ਇਨ੍ਹਾਂ ਇਲਾਕਿਆਂ ਤੋਂ ਉਸ ਨੂੰ ਛੇ ਤੋਂ ਲੈ ਕੇ ਦਸ ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਹੁੰਦੀ ਸੀ।
ਇਸ ਤੋਂ ਪਿੱਛੋਂ ਉਸ ਨੇ ਮੌਜੂਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਲੱਗਦੇ ਇਲਾਕਿਆਂ ਵੱਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਛੇਤੀ ਹੀ ਮਨੀਵਾਲ, ਉੜਮੜ ਟਾਂਡਾ, ਸਰਹੀ, ਮੰਗੇਵਾਲ, ਮਿਆਣੀ, ਦੀਪਾਲਪੁਰ, ਰੋਹਿਲ ਤੇ ਸ਼ਰੀਫ਼ ਜੰਗ ਆਦਿ ਇਲਾਕੇ ਆਪਣੇ ਅਧੀਨ ਕਰ ਲਏ। ਇਹ ਇਲਾਕੇ ਆਉਣ ਨਾਲ ਉਸ ਦੀ ਆਮਦਨ ਦਸ ਲੱਖ ਰੁਪਏ ਸਲਾਨਾ ਤੋਂ ਵੱਧ ਗਈ। ਕਾਂਗੜਾ ਤੇ ਹੋਰ ਪਹਾੜੀ ਰਾਜਿਆਂ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਈਨ ਮੰਨ ਕੇ ਸਾਲਾਨਾ ਕਰ ਦੇਣਾ ਪ੍ਰਵਾਨ ਕਰ ਲਿਆ। ਜਸਵਾਂ, ਦੀਪਾਲਪੁਰ, ਅਨਾਰਪੁਰ, ਹਰੀਪੁਰ, ਦਾਤਾਰਪੁਰ ਤੇ ਜੇਠੋਵਾਲ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਆਪਣੇ ਅਧੀਨ ਕਰ ਲਈਆਂ। ਇਨ੍ਹਾਂ ਤੋਂ ਦੋ ਲੱਖ ਰੁਪਏ ਸਾਲਾਨਾ ਕਰ ਆਉਂਦਾ ਸੀ। ਇਨ੍ਹਾਂ ਜਿੱਤਾਂ ਨਾਲ ਉਸ ਦੇ ਰਾਜ ਦੀਆਂ ਹੱਦਾਂ ਦੂਰ-ਦੂਰ ਤੀਕ ਵਧ ਗਈਆਂ। ਬਿਆਸ ਅਤੇ ਰਾਵੀ ਦੇ ਵਿਚਕਾਰ ਦਾ ਸਾਰਾ ਇਲਾਕਾ ਅਤੇ ਜਲੰਧਰ ਦੁਆਬੇ ਦਾ ਮੈਦਾਨੀ ਇਲਾਕਾ ਉਸ ਦੇ ਰਾਜ ਵਿਚ ਸ਼ਾਮਲ ਸੀ। ਉਸ ਨੇ ਸੋਚ ਵਿਚਾਰ ਕਰ ਕੇ ਸ੍ਰੀ ਹਰਿਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾਇਆ ਜੋ ਕਿ ਜਿੱਤੇ ਇਲਾਕਿਆਂ ਦੇ ਐਨ ਵਿਚਕਾਰ ਸੀ। ਪਹਿਲਾਂ ਰਾਮਗੜ੍ਹ ਰਾਜਧਾਨੀ ਸੀ।
ਪਹਾੜੀ ਰਿਆਸਤਾਂ ਰਿਆੜਕੀ ਅਤੇ ਦੁਆਬ ਦੀ ਜਿੱਤ ਨੇ ਸਰਦਾਰ ਜੱਸਾ ਸਿੰਘ ਦਾ ਤੇਜ ਪ੍ਰਤਾਪ ਸਿਖਰਾਂ ‘ਤੇ ਪਹੁੰਚਾ ਦਿੱਤਾ।
ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੇ ਰਿਆਸਤ ਪਟਿਆਲਾ ਨੂੰ ਆਪਣੇ ਅਧੀਨ ਕਰਨ ਲਈ ਹਮਲਾ ਕਰ ਦਿੱਤਾ । ਜਦ ਸ਼ਾਹੀ ਫ਼ੌਜਾਂ ਕਰਨਾਲ ਨੇੜੇ ਪੁੱਜੀਆਂ ਤਾਂ ਕਈ ਸਰਦਾਰ ਜਿਵੇਂ ਸਾਹਿਬ ਸਿੰਘ ਕਾਂਡੀ, ਦੀਵਾਨ ਸਿੰਘ, ਬਘੇਲ ਸਿੰਘ ਅਤੇ ਦੇਸਾ ਸਿੰਘ ਕੈਂਥਲੀਆ ਆਦਿ ਜਿਨ੍ਹਾਂ ਦੀ ਰਾਜਾ ਅਮਰ ਸਿੰਘ ਨਾਲ ਲੱਗਦੀ ਸੀ, ਵੀ ਮੁਗ਼ਲ ਫੌਜ ਦੀ ਮਦਦ ਲਈ ਆ ਗਏ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤੇ ਉਸ ਦਾ ਸਪੁੱਤਰ ਜੋਧ ਸਿੰਘ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੀ ਉਸ ਦੀ ਸਹਾਇਤਾ ਲਈ ਪੁੱਜ ਗਏ। ਰਾਜਾ ਅਮਰ ਸਿੰਘ ਦੀਆਂ ਫੌਜਾਂ ਨੂੰ ਭਾਰੀ ਜਿੱਤ ਹੋਈ ਤੇ ਪਾਨੀਪਤ ਵੱਲ ਨੂੰ ਨੱਸੀਆਂ ਜਾਂਦੀਆਂ ਸ਼ਾਹੀ ਫ਼ੌਜਾਂ ਦਾ ਦੂਰ ਤਕ ਪਿੱਛਾ ਕੀਤਾ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਸਰਦਾਰ ਬਘੇਲ ਸਿੰਘ ਅਤੇ ਸਰਦਾਰ ਗੁਰਦਿੱਤ ਸਿੰਘ ਦੀ ਸਹਾਇਤਾ ਨਾਲ ਤੀਹ ਹਜ਼ਾਰ ਫੌਜ ਲੈ ਕੇ ਮੁਜ਼ਫਰਪੁਰ ਤੇ ਮੀਰਾਂਪੁਰ ਦੇ ਇਲਾਕੇ ਵਿੱਚੋਂ ਧਨ ਦੌਲਤ ਇਕੱਤਰ ਕੀਤੀ ਤੇ ਫਿਰ ਮਾਰੋ-ਮਾਰ ਕਰਦੇ
ਮੇਰਠ ਸ਼ਹਿਰ ਵਿਚ ਜਾ ਨਿਕਲੇ। ਇਸ ਇਲਾਕੇ ਦੇ ਜ਼ਬੀਤਾ ਖ਼ਾਨ ਨੂੰ ਘੇਰ ਲਿਆ ਤੇ ਦਸ ਹਜ਼ਾਰ ਰੁਪਏ ਕਰ ਵਸੂਲ ਕੀਤਾ। ਉਸ ਨੇ ਹਰ ਸਾਲ ਕਰ ਦੇਣ ਦਾ ਇਕਰਾਰ ਵੀ ਕੀਤਾ। ਇੱਥੋਂ ਅੱਗੇ ਸਰਦਾਰ ਜੱਸਾ ਸਿੰਘ ਤੇ ਬਘੇਲ ਸਿੰਘ ਦੀਆਂ ਫੌਜਾਂ ਨੇ ਉੱਤਰ ਪ੍ਰਦੇਸ਼ ਦੇ ਉੱਘੇ ਵਪਾਰਕ ਕੇਂਦਰ ਚੰਦੋਸੀ ਉੱਤੇ ਹਮਲਾ ਕੀਤਾ, ਜਿੱਥੋਂ ਕਈ ਲੱਖ ਰੁਪਿਆ ਉਨ੍ਹਾਂ ਦੇ ਹੱਥ ਲੱਗਾ।
ਕੁਝ ਸਮੇਂ ਬਾਅਦ ਸਿੱਖ ਸਰਦਾਰਾਂ ਨੇ ਦਿੱਲੀ ਉੱਪਰ ਧਾਵਾ ਕਰਨ ਦਾ ਮਤਾ ਪਕਾਇਆ। ਮਾਰਚ ੧੭੮੩ ਵਿਚ ਸਿੱਖ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਏ। ਮੁਗ਼ਲ ਬਾਦਸ਼ਾਹ, ਸ਼ਾਹ ਆਲਮ ਦੂਜਾ ਉਨ੍ਹਾਂ ਦੇ ਮੁਕਾਬਲੇ ਲਈ ਤਿਆਰ ਨਹੀਂ ਸੀ। ਇਸ ਲਈ ਸਿੱਖ ਕਈ ਦਿਨ ਦਿੱਲੀ ਦੇ ਮਾਲਕ ਬਣੇ ਰਹੇ। ਪਹਿਲਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗ਼ਲਪੁਰੀ ਖ਼ਤਮ ਕੀਤਾ ਤੇ ਫਿਰ ਲਾਲ ਕਿਲ੍ਹੇ ਜਾ ਵੜਿਆ। ਉੱਥੋਂ ਧਨ ਤੋਂ ਇਲਾਵਾ ਮੁਗ਼ਲਾਂ ਦੇ ਤੋਪਖਾਨੇ ਦੀਆਂ ਤੋਪਾਂ, ਬੰਦੂਕਾਂ ਤੇ ਮੁਗ਼ਲਾਂ ਦੇ ਤਾਜਪੋਸ਼ੀ ਵਾਲੀ ਰੰਗ ਬਰੰਗੇ ਪੱਥਰ ਦੀ ਇੱਕ ਸੁੰਦਰ ਸਿਲ ਹੱਥ ਲੱਗੀ। ਇਹ ਸਿਲ ਇਸ ਸਮੇਂ ਰਾਮਗੜ੍ਹੀਆ ਬੁੰਗੇ, ਸ੍ਰੀ ਅੰਮ੍ਰਿਤਸਰ ਵਿਚ ਪਈ ਹੈ।
੧੭੮੩ ਈ. ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਕਾਲ ਚਲਾਣਾ ਕਰ ਗਏ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਵਾਪਸ ਪੰਜਾਬ ਆ ਕੇ ਆਪਣੇ ਇਲਾਕੇ ਮੁੜ ਪ੍ਰਾਪਤ ਕਰ ਲਏ।
੮੦ ਸਾਲ ਦੀ ਉਮਰ ਭੋਗ ਕੇ ੧੮੦੩ ਈ. ਵਿਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਪੁੱਤਰ ਸਰਦਾਰ ਜੋਧ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਦੋਸਤੀ ਪਾ ਲਈ ਤੇ ਉਸ ਦੇ ਜੀਉਂਦੇ ਜੀਅ ੧੮੧੬ ਈ. ਤਕ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਨਾਲ ਲੜਾਈ ਕਰਨ ਦਾ ਕਦੇ ਖਿਆਲ ਨਾ ਆਇਆ।
-ਡਾ. ਚਰਨਜੀਤ ਸਿੰਘ ਗੁਮਟਾਲਾ
(ਮੋ: +9194175-33060)
