ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥
ਇਹੁ ਮਨੁ ਪੰਚ ਤਤੁ ਤੇ ਜਨਮਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੪੧੫)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਭਾਇਮਾਨ ਉਪਰੋਕਤ ਪੰਕਤੀਆਂ ਪੰਜ ਤੱਤ-ਜਲ, ਅਗਨੀ, ਹਵਾ, ਪ੍ਰਿਥਵੀ ਅਤੇ ਅਕਾਸ਼ ਵੱਲ ਸੰਕੇਤ ਕਰਦੀਆਂ ਹੋਈਆਂ ਦੱਸਦੀਆਂ ਹਨ ਕਿ ਮਨੁੱਖੀ ਸਰੀਰ ਅਤੇ ਉਸ ਦਾ ਮਨ ਇਨ੍ਹਾਂ ਪੰਜਾਂ ਤੱਤਾਂ ਤੋਂ ਮਿਲ ਕੇ ਬਣਿਆ ਹੈ। ਪਰ ਅੱਜ ਇਹ ਪੰਜ ਤੱਤ ਵੱਖੋ-ਵੱਖਰੇ ਢੰਗਾਂ ਨਾਲ ਪ੍ਰਦੂਸ਼ਿਤ ਹੋ ਰਹੇ ਹਨ। ਪ੍ਰਦੂਸ਼ਣ ਇੱਕ ਗੰਭੀਰ ਵਿਸ਼ਾ ਹੈ। ਗੁਰੂ ਸਾਹਿਬ ਕੁਦਰਤ ਬਾਰੇ ਫੁਰਮਾਉਂਦੇ ਹਨ:
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੪੬੯)
ਅਕਾਲ ਪੁਰਖ ਦਾ ਇਸ ਸਾਰੀ ਕੁਦਰਤ ਵਿਚ ਵਾਸਾ ਹੈ। ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਕੁਦਰਤ ਵਿਚ ਵੱਸਣ ਵਾਲੇ ਅਕਾਲ ਪੁਰਖ ਤੋਂ ਕੁਰਬਾਨ ਜਾਂਦੇ ਹਨ। ਸੋ ਜਲ, ਵਾਯੂ, ਅਗਨੀ, ਪ੍ਰਿਥਵੀ ਅਤੇ ਅਕਾਸ਼ ਆਦਿ ਕੁਦਰਤੀ ਤੱਤਾਂ ਦਾ ਗੁਰੂ ਸਾਹਿਬਾਨ ਦੀ ਬਾਣੀ ਵਿਚ ਬਹੁਤ ਮਹੱਤਵ ਹੈ। ਇਨ੍ਹਾਂ ਦੀ ਸੰਭਾਲ ਕਰਨੀ ਅਤੇ ਇਨ੍ਹਾਂ ਨੂੰ ਪ੍ਰਦੂਸ਼ਣ-ਰਹਿਤ ਰੱਖਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ।
ਪਿਛਲੇ ਕੁਝ ਸਾਲਾਂ ਤੋਂ ਵਾਪਰ ਰਹੀਆਂ ਅਚਨਚੇਤ ਅਤੇ ਭਿਆਨਕ ਕੁਦਰਤੀ ਕਰੋਪੀਆਂ ਤੋਂ ਅਸੀਂ ਸਭ ਚੰਗੀ ਤਰ੍ਹਾਂ ਜਾਣੂ ਹਾਂ। ਸੰਨ ੨੦੧੩ ਦੌਰਾਨ ਉਤਰਾਖੰਡ ਵਿਚ ਆਏ ਭਿਅੰਕਰ ਹੜ੍ਹ ਅਤੇ ਸੰਨ ੨੦੧੪ ਦੌਰਾਨ ਕਸ਼ਮੀਰ ਵਿਚ ਆਏ ਹੜ੍ਹਾਂ ਦੇ ਕਾਰਨ ਭਿਅੰਕਰ ਤਬਾਹੀ ਹੋਈ। ਹਾਲ ਹੀ ਵਿਚ ਕੁਝ ਮਹੀਨੇ ਪਹਿਲਾਂ ਹੜ੍ਹਾਂ ਕਾਰਨ ਪੰਜਾਬ ਦੇ ਲੱਗਭਗ ੩੦੦ ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਇਸ ਤਰ੍ਹਾਂ ਅਜਿਹੀਆਂ ਕੁਦਰਤੀ ਆਫ਼ਤਾਂ ਲਗਾਤਾਰ ਸੰਸਾਰ ਦੇ ਵੱਖ-ਵੱਖ ਕੋਨਿਆਂ ਵਿਚ ਵਾਪਰ ਰਹੀਆਂ ਹਨ। ਇਸ ਸਭ ਦਾ ਕੁਝ ਕਾਰਨ ਤਾਂ ਕੁਦਰਤ ਨਾਲ ਛੇੜਛਾੜ ਹੀ ਹੋ ਸਕਦਾ ਹੈ। ਵਰਤਮਾਨ ਸਮੇਂ ਜਦੋਂ ਅਸੀਂ ਰੋਜ਼ਾਨਾ ਅਖ਼ਬਾਰ ਪੜ੍ਹਦੇ ਹਾਂ ਤਾਂ ਵੱਖ-ਵੱਖ ਕਾਰਨਾਂ ਕਰ ਕੇ ਹੋ ਰਹੇ ਪਾਣੀ, ਭੂਮੀ, ਹਵਾ ਅਤੇ ਸ਼ੋਰ-ਪ੍ਰਦੂਸ਼ਣ ਦੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ। ਸਾਡੇ ਕੁਦਰਤੀ ਸ੍ਰੋਤ ਵਡਮੁੱਲੇ ਹਨ। ਇਨ੍ਹਾਂ ਦੀ ਸੰਭਾਲ ਕਰਨਾ ਸਾਡਾ ਸਮਾਜਿਕ ਕਰਤੱਵ ਵੀ ਹੈ।
ਇਸੇ ਤਰ੍ਹਾਂ ਪਾਣੀ ਜੀਵਨ ਜਿਊਣ ਲਈ ਬੇਹੱਦ ਜ਼ਰੂਰੀ ਹੈ। ਪਾਣੀ ਤੋਂ ਬਿਨਾ
ਜੀਵਨ ਅਸੰਭਵ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਪਾਣੀ ਨੂੰ ‘ਪਿਤਾ’ ਦਾ ਦਰਜਾ ਦਿੱਤਾ ਹੈ। ‘ਜਪੁਜੀ ਸਾਹਿਬ’ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ :
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੮)
ਪਰ ਅੱਜ ਪਾਣੀ ਦਾ ਪ੍ਰਦੂਸ਼ਣ ਅਤੇ ਪਾਣੀ ਦੀ ਕਮੀ ਲਗਾਤਾਰ ਇਕ ਗੁੰਝਲਦਾਰ ਸਮੱਸਿਆ ਬਣਦੀ ਜਾ ਰਹੀ ਹੈ। ਅਸੀਂ ਲਗਾਤਾਰ ਪਾਣੀ ਦੀ ਦੁਰਵਰਤੋਂ ਕਰਦੇ ਜਾ ਰਹੇ ਹਾਂ। ਅਸੀਂ ਪੀਣ ਯੋਗ ਪਾਣੀ ਨੂੰ ਵਿਅਰਥ ਗੁਆ ਰਹੇ ਹਾਂ। ਸਾਡੇ ਆਲੇ-ਦੁਆਲੇ ਅਤੇ ਘਰਾਂ ਵਿਚ ਪਾਣੀ ਦੀਆਂ ਟੂਟੀਆਂ ਚੱਲਦੀਆਂ ਰਹਿੰਦੀਆਂ ਹਨ ਅਤੇ ਪਾਣੀ ਵਿਅਰਥ ਚਲਾ ਜਾਂਦਾ ਹੈ। ਇਸ ਦੇ ਨਾਲ ਹੀ ਅਸੀਂ ਧਰਤੀ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਹਾਂ। ਫ਼ਸਲਾਂ ‘ਤੇ ਕੀਤੀਆਂ ਗਈਆਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਜਦੋਂ ਮੀਂਹ ਰਾਹੀਂ ਵਹਿ ਕੇ ਧਰਤੀ ਅੰਦਰ ਚਲਾ ਜਾਂਦਾ ਹੈ ਤਾਂ ਧਰਤੀ ਹੇਠਲਾ ਪਾਣੀ ਵੀ ਗੰਧਲਾ ਹੋ ਜਾਂਦਾ ਹੈ। ਪਾਣੀ ਦੇ ਪ੍ਰਦੂਸ਼ਣ ਕਾਰਨ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਤਾਂ ਇਹ ਹਾਲਾਤ ਹੋ ਚੁੱਕੇ ਹਨ ਕਿ ੨੦ ਤੋਂ ੩੦ ਰੁਪਏ ਤਕ ਇੱਕ ਲੀਟਰ ਪਾਣੀ ਦੀ ਬੋਤਲ ਮਿਲਦੀ ਹੈ। ਪਾਣੀ ਦੇ ਦੂਸ਼ਿਤ ਹੋਣ ਕਾਰਨ ਅਜਿਹੇ ਹੀ ਹਾਲਾਤ ਪੰਜਾਬ ਦੇ ਹੋ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ।
ਵੱਖ-ਵੱਖ ਪ੍ਰਦੂਸ਼ਣਾਂ ਤਹਿਤ ਫ਼ੈਲ ਰਿਹਾ ਵਾਯੂ ਪ੍ਰਦੂਸ਼ਣ ਵੀ ਸਮੇਂ ਦੀ ਬਹੁਤ ਵੱਡੀ ਸਮੱਸਿਆ ਹੈ। ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਅਤੇ ਗੱਡੀਆਂ-ਮੋਟਰਾਂ ਦਾ ਧੂੰਆਂ ਆਦਿ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਣ (ਹਵਾ) ਨੂੰ ਗੁਰੂ-ਰੂਪ ਦੱਸਿਆ ਹੈ। ਇਸੇ ਤਰ੍ਹਾਂ ‘ਆਰਤੀ’ ਵਾਲੇ ਸ਼ਬਦ ਵਿਚ ਵੀ ਹਵਾ ਨੂੰ ਵਡਿਆਇਆ ਹੈ :
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੩)
ਪਰ ਅਸੀਂ ਆਪਣੇ ਗ਼ਲਤ ਕੰਮਾਂ ਦੁਆਰਾ ਖ਼ੁਦ ਇਸ ਪਵਿੱਤਰ ਹਵਾ ਨੂੰ ਲਗਾਤਾਰ ਦੂਸ਼ਿਤ ਕਰ ਰਹੇ ਹਾਂ। ਇਸ ਤਰ੍ਹਾਂ ਲਗਾਤਾਰ ਹੋ ਰਹੀ ਰੁੱਖਾਂ ਦੀ ਕਟਾਈ ਵੀ ਹਵਾ ਤੇ ਭੂਮੀ ਦੇ ਪ੍ਰਦੂਸ਼ਣ ਦਾ ਕਾਰਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਥਾਵਾਂ ‘ਤੇ ਰੁੱਖਾਂ ਦਾ ਜ਼ਿਕਰ ਕੀਤਾ ਗਿਆ ਹੈ। ਰੁੱਖਾਂ ਦਾ ਕਈ ਵੱਖ-ਵੱਖ ਧਰਮਾਂ ਦੇ ਇਤਿਹਾਸ ਵਿਚ ਯਾਦਗਾਰਾਂ ਦੇ ਤੌਰ ‘ਤੇ ਬਹੁਤ ਮਹੱਤਵ ਹੈ। ਗੁਰੂ ਸਾਹਿਬਾਨ ਦੇ ਜੀਵਨ-ਇਤਿਹਾਸ ਵੱਲ ਜੇਕਰ ਝਾਤੀ ਮਾਰੀਏ ਤਾਂ ਉਨ੍ਹਾਂ ਦੁਆਰਾਂ ਅਨੇਕਾਂ ਥਾਵਾਂ ‘ਤੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਉਪਰਾਲੇ ਕੀਤੇ ਗਏ ਅਤੇ ਰੁੱਖ ਲਗਾਏ ਗਏ। ਰੁੱਖਾਂ ਦਾ ਸਾਡੇ ਜੀਵਨ ਵਿਚ
ਅਹਿਮ ਯੋਗਦਾਨ ਹੈ, ਪਰ ਫਿਰ ਵੀ ਅਸੀਂ ਇਨ੍ਹਾਂ ਦੇ ਮਹੱਤਵ ਨੂੰ ਨਾ ਸਮਝਦੇ ਹੋਏ ਇਨ੍ਹਾਂ ਦੀ ਕਟਾਈ ਲਗਾਤਾਰ ਕਰਦੇ ਜਾ ਰਹੇ ਹਾਂ ਜਿਸ ਦੇ ਭਿਅੰਕਰ ਸਿੱਟੇ ਵੀ ਸਾਡੇ ਸਾਹਮਣੇ ਨਜ਼ਰ ਆ ਰਹੇ ਹਨ। ਹੜ੍ਹਾਂ ਦਾ ਮੁੱਖ ਕਾਰਨ ਵੀ ਰੁੱਖਾਂ ਦੀ ਕਟਾਈ ਹੀ ਹੈ।
ਉਪਰੋਕਤ ਦਿੱਤੇ ਸਾਰੇ ਕਾਰਨਾਂ ਕਰਕੇ ਭੂਮੀ ਦਾ ਵੀ ਪ੍ਰਦੂਸ਼ਣ ਹੋ ਰਿਹਾ ਹੈ ਕਿਉਂਕਿ ਪਾਣੀ ਅਤੇ ਰੁੱਖ ਆਦਿ ਦੀ ਹੋਂਦ ਵੀ ਤਾਂ ਕੇਵਲ ਧਰਤੀ ਉੱਪਰ ਹੀ ਹੋ ਸਕਦੀ ਹੈ। ਧਰਤੀ ਤੋਂ ਬਿਨਾ ਵੀ ਜੀਵਨ ਸੰਭਵ ਹੀ ਨਹੀਂ ਹੈ। ਮਨੁੱਖ ਦੀ ਹੋਂਦ ਵੀ ਕੇਵਲ ਧਰਤੀ ‘ਤੇ ਹੀ ਸੰਭਵ ਹੈ। ਧਰਤੀ ਲਈ ਗੁਰੂ ਸਾਹਿਬ ‘ਮਾਤਾ ਧਰਤਿ ਮਹਤੁ’ ਸ਼ਬਦ ਵਰਤਦੇ ਹਨ।
ਮਨੁੱਖ ਆਪਣੀਆਂ ਅਨੈਤਿਕ ਗਤੀਵਿਧੀਆਂ ਦੁਆਰਾ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣ ਫ਼ੈਲਾ ਕੇ ਪਵਿੱਤਰ ਧਰਤੀ ਨੂੰ ਬਹੁਪੱਖੀ ਰੂਪਾਂ ਵਿਚ ਪ੍ਰਦੂਸ਼ਿਤ ਕਰ ਰਿਹਾ ਹੈ। ਪਰ ਸਾਨੂੰ ਹੁਣ ਇਸ ਗੰਭੀਰ ਮੁੱਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਸਾਨੂੰ ਪਾਣੀ ਦੀ ਸੰਕੋਚ ਕਰ ਕੇ ਵਰਤੋਂ ਕਰਨੀ ਚਾਹੀਦੀ ਹੈ। ਰੁੱਖਾਂ ਦੀ ਕਟਾਈ ਕਰਨ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਫ਼ੈਕਟਰੀਆਂ ਦੇ ਧੂੰਏਂ ਨੂੰ ਘੱਟ ਕਰ ਕੇ ਹਵਾ ਪ੍ਰਦੂਸ਼ਣ ਨੂੰ ਖਤਮ ਕੀਤਾ ਜਾ ਸਕਦਾ ਹੈ। ਇਨ੍ਹਾਂ ਢੰਗਾਂ ਦੁਆਰਾ ਅਸੀਂ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ। ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦਾ ਅਵਾਜ਼ ਪ੍ਰਦੂਸ਼ਣ ਵੀ ਮਨੁੱਖਤਾ ਦਾ ਕਾਫੀ ਨੁਕਸਾਨ ਕਰ ਰਿਹਾ ਹੈ। ਗੱਡੀਆਂ ਦੇ ਹਾਰਨ, ਲਾਊਡ ਸਪੀਕਰਾਂ, ਡੀ. ਜੇ. ਆਦਿ ਅਨੇਕਾਂ ਕਾਰਨਾਂ ਕਰਕੇ ਸ਼ੋਰ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ। ਸੋ, ਅਸੀਂ ਵਾਤਾਵਰਨ ਪ੍ਰਤੀ ਸੁਹਿਰਦਤਾ ਅਪਣਾਅ ਕੇ ਹੀ ਇਸ ਨੂੰ ਵੱਖ-ਵੱਖ ਪ੍ਰਦੂਸ਼ਣਾਂ ਤੋਂ ਬਚਾ ਸਕਦੇ ਹਾਂ, ਜੋ ਕਿ ਸਮੇਂ ਦੀ ਮੁੱਖ ਲੋੜ ਹੈ।
-ਬੀਬੀ ਜਸਪ੍ਰੀਤ ਕੌਰ ਪ੍ਰੀਤ
