ਭਗਤ ਸ਼ੇਖ ਫਰੀਦ ਸ਼ਕਰਗੰਜ ਜੀ ਨੂੰ ਪੰਜਾਬੀ ਦੇ ਆਦਿ ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬੀ ਦੇ ਸੂਫੀ ਕਵੀਆਂ ਵਿਚ ਵੀ ਉਨ੍ਹਾਂ ਦਾ ਸਥਾਨ ਸਭ ਤੋਂ ਪਹਿਲਾ ਹੈ। ਆਪ ਜੀ ਦੇ ਜੀਵਨ-ਕਾਲ ਬਾਰੇ ਵਿਭਿੰਨ ਵਿਦਵਾਨਾਂ ਦੇ ਵੱਖਰੇ-ਵੱਖਰੇ ਵਿਚਾਰ ਹਨ। ਭਾਈ ਕਾਨ੍ਹ ਸਿੰਘ ਨਾਭਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰੋ. ਪਿਆਰਾ ਸਿੰਘ ਪਦਮ ਆਦਿ ਨੇ ਇਨ੍ਹਾਂ ਦੇ ਜੀਵਨ-ਕਾਲ ਬਾਰੇ ਜੋ ਵਿਚਾਰ ਦਿੱਤੇ ਹਨ ਉਹ ਇਕ-ਦੂਜੇ ਨਾਲ ਮੇਲ ਨਹੀਂ ਖਾਂਦੇ। ਸਰਬਸੰਮਤੀ ਨਾਲ ਉਨ੍ਹਾਂ ਦਾ ਸਮਾਂ ੧੧੭੩ ਤੋਂ ੧੨੬੬ ਈ: ਮੰਨਿਆ ਗਿਆ ਹੈ। ਉਨ੍ਹਾਂ ਦਾ ਜਨਮ ਖੋਤਵਾਲ, ਮੁਲਤਾਨ (ਪਾਕਿਸਤਾਨ) ਵਿਖੇ ਸ਼ੇਖ ਜਮਾਲੁਦੀਨ ਦੇ ਘਰ ਬੀਬੀ ਕੁਰਸ਼ਮ ਦੀ ਕੁੱਖੋਂ ਹੋਇਆ। ਇਤਿਹਾਸਿਕ ਹਵਾਲਿਆਂ ਮੁਤਾਬਕ ਉਨ੍ਹਾਂ ਦੀਆਂ ਤਿੰਨ ਬੇਗਮਾਂ ਸਨ– ਬੀਬੀ ਹਜ਼ਬਰਾ (ਜੋ ਸੁਲਤਾਨ ਬਲਬਨ ਦੀ ਪੁੱਤਰੀ ਸੀ), ਬੀਬੀ ਸ਼ਾਰਦਾ ਅਤੇ ਬੀਬੀ ਸ਼ਕਰ। ਇਸੇ ਪ੍ਰਕਾਰ ਉਨ੍ਹਾਂ ਦੇ ਪੰਜ ਪੁੱਤਰਾਂ ਅਤੇ ਤਿੰਨ ਪੁੱਤਰੀਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ ਜਿਨ੍ਹਾਂ ਵਿਚ ਖਵਾਜਾ ਨਸੀਰੁਦੀਨ, ਖਵਾਜਾ ਸ਼ਿਹਾਬੁੱਦੀਨ ਸੁਲੇਮਾਨ, ਸ਼ੇਖ ਨਿਜ਼ਾਮੁੱਦੀਨ ਅਤੇ ਸ਼ੇਖ ਯਾਕੂਬ (ਪੁੱਤਰ) ਅਤੇ ਬੀਬੀ ਮਸਤੂਰਾ, ਬੀਬੀ ਸ਼ਰੀਫਾ ਅਤੇ ਬੀਬੀ ਫਾਤਿਮਾ (ਪੁੱਤਰੀਆਂ) ਸਨ। ਭਗਤ ਫਰੀਦ ਜੀ ਦੇ ਪੁੱਤਰ-ਪੁੱਤਰੀਆਂ ਨੇ ਵੀ ਸੂਫੀ ਦਰਵੇਸ਼ੀ ਜੀਵਨ ਧਾਰਨ ਕੀਤਾ ਅਤੇ ਅਧਿਆਤਮਕ ਮਾਰਗ ਦੇ ਪਾਂਧੀ ਬਣ ਕੇ ਇਸੇ ਜੀਵਨ-ਜਾਚ ਦੇ ਪ੍ਰਚਾਰ-ਪ੍ਰਸਾਰ ਲਈ ਕਰਮਸ਼ੀਲ ਰਹੇ।
ਭਗਤ ਫਰੀਦ ਜੀ ਦਾ ਪੂਰਾ ਨਾਮ ਸ਼ੇਖ ਫਰੀਦੁਦੀਨ ਮਸਊਦ ਗੰਜ-ਏ-ਸ਼ਕਰ ਸੀ। ਉਨ੍ਹਾਂ ਦੀ ਮਾਂ ਜੋ ਖੁਦ ਧਾਰਮਿਕ ਬਿਰਤੀ ਵਾਲੀ ਨੇਕ-ਦਿਲ ਨਾਰੀ ਸੀ, ਨੇ ਭਗਤ ਫਰੀਦ ਜੀ ਨੂੰ ਪੰਜ ਵੇਲੇ ਦੀ ਨਮਾਜ਼ ਪੜ੍ਹਨ ਦੀ ਚੇਟਕ ਲਾਈ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ ਤੇ ਪਿੱਛੋਂ ੧੮ ਸਾਲ ਦੀ ਉਮਰ ਵਿਚ ਮੁਲਤਾਨ ਆ ਕੇ ਅਰਬੀ, ਫ਼ਾਰਸੀ, ਕੁਰਾਨ, ਹਦੀਸ ਬਾਰੇ ਵਿਸਤ੍ਰਿਤ ਜਾਣਕਾਰੀ
ਹਾਸਲ ਕੀਤੀ। ਉਨ੍ਹਾਂ ਨੇ ਛੇਤੀ ਹੀ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰ ਲਈ। ਮੁਲਤਾਨ ਰਹਿੰਦਿਆਂ ਹੀ ਉਹ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਦੇ ਮੁਖੀ ਖਵਾਜਾ
ਕੁਤਬਦੀਨ ਬਖਤਿਆਰ ਕਾਕੀ ਨੂੰ ਮਿਲੇ ਅਤੇ ਪਿੱਛੋਂ ਚਿਸ਼ਤੀ ਸੰਪ੍ਰਦਾਇ ਦੀ ਵਾਗਡੋਰ ਸੰਭਾਲੀ।
ਭਗਤ ਸ਼ੇਖ ਫਰੀਦ ਜੀ ਦੀ ਪ੍ਰਮਾਣਿਕ ਬਾਣੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀਆਂ ਦੌਰਾਨ ਪਾਕਪਟਨ ਤੋਂ ਸ਼ੇਖ ਬ੍ਰਹਮ ਤੋਂ ਹਾਸਲ ਕੀਤਾ ਅਤੇ ਪਿੱਛੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ (੧੬੦੪ ਈ:) ਸਮੇਂ ਇਸ ਨੂੰ ਢੁਕਵਾਂ ਸਥਾਨ ਪ੍ਰਦਾਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਫਰੀਦ ਜੀ ਦੇ ਚਾਰ ਸ਼ਬਦ (ਦੋ ਰਾਗ ਆਸਾ ਵਿਚ ਅਤੇ ਦੋ ਰਾਗ ਸੂਹੀ ਵਿਚ ਅਤੇ ਸਲੋਕ ਫਰੀਦ ਹੇਠ ਦਰਜ ੧੩੦ ਸਲੋਕ ਪ੍ਰਾਪਤ ਹੁੰਦੇ ਹਨ। ਇਨ੍ਹਾਂ ‘ਚੋਂ ੧੧੩ ਸਲੋਕ ਭਗਤ ਫਰੀਦ ਜੀ ਦੇ ਆਪਣੇ ਲਿਖੇ ਹਨ, ਜਦਕਿ ੧੭ ਸਲੋਕ ਵੱਖ-ਵੱਖ ਗੁਰੂ ਸਾਹਿਬਾਨ ਦੇ ਹਨ। ਇਨ੍ਹਾਂ ੧੭ ਸਲੋਕਾਂ ਦਾ ਮੁਕੰਮਲ ਵੇਰਵਾ ਇਸ ਪ੍ਰਕਾਰ ਹੈ:-ਮਹਲਾ ਪਹਿਲਾ (ਸ੍ਰੀ ਗੁਰੂ ਨਾਨਕ ਦੇਵ ਜੀ) ਦੇ ੪ ਸਲੋਕ= ਨੰ: ੩੨, ੧੧੩, ੧੨੦, ੧੨੪ ਮਹਲਾ ਤੀਜਾ (ਸ੍ਰੀ ਗੁਰੂ ਅਮਰਦਾਸ ਜੀ) ਦੇ ੪ ਸਲੋਕ= ਨੰ: ੧੩, ੫੨, ੧੦੪, ੧੨੨ ਮਹਲਾ ਚੌਥਾ (ਸ੍ਰੀ ਗੁਰੂ ਰਾਮਦਾਸ ਜੀ) ਦਾ ੧ ਸਲੋਕ= ਨੰ: ੧੨੧ ਮਹਲਾ ਪੰਜਵਾਂ (ਸ੍ਰੀ ਗੁਰੂ ਅਰਜਨ ਦੇਵ ਜੀ) ਦੇ ੮ ਸਲੋਕ= ਨੰ: ੭੫, ੮੨, ੮੩, ੧੦੫,੧੦੮, ੧੦੯, ੧੧੦,੧੧੧
ਸਲੋਕਾਂ ਦੀ ਗਿਣਤੀ ਬਾਰੇ ਵਿਦਵਾਨ ਇੱਕਮਤ ਨਹੀਂ ਹਨ। ਭਗਤ ਫਰੀਦ ਜੀ ਦੇ ਬਹੁਤੇ ਸਲੋਕ ਤਾਂ ਦੋ-ਦੋ ਪੰਕਤੀਆਂ ਵਾਲੇ ਹੀ ਹਨ। ਪਰ ਕੁਝ ਇੱਕ ਸਲੋਕਾਂ ਵਿਚ ਪੰਕਤੀਆਂ ਦੀ ਗਿਣਤੀ ਵੱਧ ਵੀ ਗਈ ਹੈ। ਜਿਵੇਂ ਸਲੋਕ ਨੰ: ੧ (੮ ਪੰਕਤੀਆਂ), ੪੯ (੩ ਪੰਕਤੀਆਂ), ੯੭ (੩ ਪੰਕਤੀਆਂ), ੯੮ (੪ ਪੰਕਤੀਆਂ), ੯੯ (੪ ਪੰਕਤੀਆਂ), ੧੦੦ (੬ ਪੰਕਤੀਆਂ) ਇਸ ਪੱਖੋਂ ਜ਼ਿਕਰਯੋਗ ਹਨ। ਭਗਤ ਫਰੀਦ ਜੀ ਦੇ ਸਲੋਕਾਂ ਵਿਚ ਦਰਜ ਵਿਭਿੰਨ ਗੁਰੂ ਸਾਹਿਬਾਨ ਦੇ ਸਲੋਕ ਵੀ ਦੋ ਜਾਂ ਦੋ ਤੋਂ ਵੱਧ ਪੰਕਤੀਆਂ ਦੇ ਮਿਲਦੇ ਹਨ। ਇਸੇ ਸਿਲਸਿਲੇ ਵਿਚ ਸੂਹੀ ਰਾਗ ਵਿਚ ਦਰਜ ਭਗਤ ਫਰੀਦ ਜੀ (ਅੰਗ ੭੯੪) ਅਤੇ ਸ੍ਰੀ ਗੁਰੂ ਨਾਨਕ ਦੇਵ ਜੀ (ਅੰਗ ੭੨੯) ਦੇ ਸ਼ਬਦ ਵੀ ਵੇਖਣਯੋਗ ਹਨ। ਜਿੱਥੇ ਭਗਤ ਫਰੀਦ ਜੀ ਆਪਣੇ ਸ਼ਬਦ (ਬੇੜਾ ਬੰਧਿ ਨ ਸਕਿਓ ਬੰਧਨ ਕੀ ਬੇਲਾ) ਵਿਚ ਸਮੱਸਿਆ ਦਾ ਜ਼ਿਕਰ ਕਰ ਰਹੇ ਹਨ, ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ (ਜਪ ਤਪ ਦਾ ਬੰਧੁ ਬੇੜਲਾ ਜਿਤੁ ਲੰਘਹਿ ਵਹੇਲਾ) ਸਮੱਸਿਆ ਤੋਂ ਉਭਰਨ ਦੀ ਜਾਚ ਦੱਸੀ ਹੈ।
ਬੇਸ਼ੱਕ ਭਗਤ ਫਰੀਦ ਜੀ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਰਚਨਾ ਵਿਚ ਇਸਲਾਮਕ ਸ਼ਬਦਾਵਲੀ ਦੀ ਬਹੁਤਾਤ ਹੈ, ਜਿਵੇਂ– ਜੀਰਾਣ, ਗੋਰ, ਮੁਸਲਾ ਸੂਫ, ਦਰਵੇਸੁ ਅਜਰਾਈਲੁ, ਉਜੂ, ਮਸੀਤਿ, ਦੋਜਕ, ਪੀਰ,
ਮਲਕੁਲ ਮਉਤ, ਖੁਦਾਇ ਆਦਿ। ਪਰ ਉਨ੍ਹਾਂ ਦੇ ਉਪਦੇਸ਼ ਅਤੇ ਸਿੱਖਿਆਵਾਂ ਸਮੁੱਚੀ ਲੋਕਾਈ ਲਈ ਹਨ। ਉਨ੍ਹਾਂ ਦੀ ਬਾਣੀ ਵਿਚ ਇਸ਼ਕ, ਬਿਰਹਾ, ਸਬਰ-ਸੰਤੋਖ, ਸਹਿਣਸ਼ੀਲਤਾ, ਨਿਮਰਤਾ, ਖਿਮਾ, ਮਿੱਠਾ ਬੋਲਣਾ, ਪ੍ਰਭੂ-ਭਗਤੀ, ਜੀਵਨ ਦੀ ਨਾਸ਼ਮਾਨਤਾ, ਪਰਿਪੱਕਤਾ, ਨੇਕੀ, ਸਮੇਂ ਦੀ ਸਾਰਥਿਕਤਾ ਆਦਿ ਵਿਸ਼ਿਆਂ ਨੂੰ ਪ੍ਰਮੁੱਖਤਾ ਪ੍ਰਾਪਤ ਹੈ ਅਤੇ ਇਨ੍ਹਾਂ ਹੀ ਵਿਸ਼ਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਵਿਭਿੰਨ ਸਲੋਕਾਂ ਦੀ ਸਿਰਜਣਾ ਕੀਤੀ ਹੈ। ਇਹੋ ਜਿਹੇ ਵਿਸ਼ਿਆਂ ਨੂੰ ਪ੍ਰਸਤੁਤ ਕਰਦੇ ਕੁਝ ਇੱਕ ਸਲੋਕ ਇਸ ਪ੍ਰਕਾਰ ਹਨ:
ਨੇਕੀ:-
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥
ਸਬਰ ਸੰਤੋਖ:-
-ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ॥ ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥
(ਅੰਗ ੧੩੮੧)
-ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥(ਅੰਗ ੧੩੮੪)
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥(ਅੰਗ ੧੩੭੯)
ਮਿੱਠਾ ਬੋਲਣਾ:-
-ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਨਾਹਿ ਮਾਣਕ ਸਭ ਅਮੋਲਵੇ॥(ਅੰਗ ੧੩੮੪)
-ਸਭਨਾ ਮਨ ਮਾਣਿਕ ਨਾਹਣੁ ਮੂਲਿ ਮਚਾਂਗਵਾ ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾਮ
(ਅੰਗ ੧੩੮੪)
ਭਗਤ ਫਰੀਦ ਜੀ ਦੀ ਬਾਣੀ ਦੀ ਇਹ ਵਿਲੱਖਣਤਾ ਹੈ ਕਿ ਅੱਜ ਵੱਖ-ਵੱਖ ਵਿਚਾਰਧਾਰਵਾਂ ਤੋਂ ਪ੍ਰਭਾਵਿਤ ਅਤੇ ਵੱਖ-ਵੱਖ ਵਿਸ਼ਿਆਂ ਸੰਬੰਧੀ ਲਿਖਣ ਵਾਲੇ ਲੇਖਕ ਆਪਣੀਆਂ ਰਚਨਾਵਾਂ ਦੇ ਨਾਮਕਰਣ ਲਈ ਭਗਤ ਫਰੀਦ ਜੀ ਦੀ ਬਾਣੀ ਵਿਚਲੇ ਵਾਕੰਸ਼ਾਂ ਨੂੰ ਸਭ ਤੋਂ ਢੁਕਵਾਂ ਅਤੇ ਪ੍ਰਮਾਣਿਕ ਸਮਝ ਕੇ ਇਨ੍ਹਾਂ ਦੀ ਵਰਤੋਂ ਕਰਦੇ ਵੇਖੇ ਜਾ ਸਕਦੇ ਹਨ। ਵਧੇਰੇ ਵਿਸਤਾਰ ਵਿਚ ਨਾ ਜਾਂਦਿਆਂ ਅਸੀਂ ਇੱਥੇ ਕੁਝ ਇੱਕ ਅਜਿਹੀਆਂ ਹੀ ਪੁਸਤਕਾਂ ਅਤੇ ਲੇਖਕਾਂ ਦੇ ਨਾਂ ਦੇ ਕੇ ਆਪਣੀ ਗੱਲ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ:- ਏਹੁ ਹਮਾਰਾ ਜੀਵਣਾ, ਖੜਾ ਪੁਕਾਰੇ ਪਾਤਣੀ (ਦਲੀਪ ਕੌਰ ਟਿਵਾਣਾ), ਬਿਰਹਾ ਤੂ ਸੁਲਤਾਨ (ਸ਼ਿਵ ਕੁਮਾਰ ਬਟਾਲਵੀ), ਬੇੜਾ ਬੰਧਿ ਨ ਸਕਿਓ (ਸੰਤ ਸਿੰਘ ਸੇਖੋਂ), ਰੁਖਾਂ ਦੀ ਜੀਰਾਂਦਿ (ਗੁਰਬਖਸ਼ ਸਿੰਘ ਪ੍ਰੀਤਲੜੀ) ਸੁਕ ਗਏ ਕੁਮਲਾਇ (ਗੁਰਦਿਆਲ ਸਿੰਘ ਫੁੱਲ, ਕੰਧੀ ਉਤੇ ਰੁਖੜਾ (ਸੁਰਜੀਤ ਸਿੰਘ ਸੇਠੀ),ਬਾਰਿ ਪਰਾਇ ਬੈਸਣਾ (ਪਾਂਧੀ ਨਨਕਾਣਵੀ) ਅਤੇ ਵਣ ਕੰਬਿਆ (ਸੁਖਪਾਲਵੀਰ ਸਿੰਘ ਹਸਰਤ) ਇਤਿਆਦਿ।
ਭਗਤ ਫਰੀਦ ਜੀ ਦੇ ਪਾਵਨ ਚਰਨਾਂ ਨਾਲ ਵਰੋਸਾਈ ਧਰਤੀ ਫਰੀਦਕੋਟ ਵਿਖੇ ਪਿਛਲੇ ਕਈ ਵਰ੍ਹਿਆਂ ਤੋਂ ‘ਭਗਤ ਫਰੀਦ ਆਗਮਨ ਪੁਰਬ’ ਮਨਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਕਰੀਬ ਅੱਠ ਸਦੀਆਂ ਪਹਿਲਾਂ ਇਸ ਇਲਾਕੇ ‘ਤੇ ਮੋਹਕਲ ਨਾਂ ਦਾ ਰਾਜਾ ਰਾਜ ਕਰਦਾ ਸੀ । ਉਸ ਨੇ ਮੋਹਕਲਗੜ੍ਹ ਨਾਂ ਦਾ ਇਕ ਕਿਲ੍ਹਾ ਬਣਵਾਇਆ। ਉਸਾਰੀ ਸਮੇਂ ਉਸ ਦੇ ਸਿਪਾਹੀਆਂ ਨੇ ਭਗਤ ਫਰੀਦ ਜੀ ਨੂੰ ਵਗਾਰ ਦੇ ਕੰਮ ‘ਤੇ ਲਾ ਦਿੱਤਾ। ਇਕ ਦਰਵੇਸ਼ ਨੂੰ ਵਗਾਰੀ ਦੇ ਕੰਮ ‘ਤੇ ਲਾਇਆ ਵੇਖ ਕੇ ਜਨਤਾ ਨੇ ਰਾਜੇ ਨੂੰ ਦੱਸਿਆ ਤੇ ਰਾਜੇ ਨੇ ਆਪਣੀ ਭੁੱਲ ਬਖਸ਼ਾਈ ਅਤੇ ਰਾਜੇ ਨੇ ਇਸ ਸ਼ਹਿਰ ਦਾ ਨਾਂ ਭਗਤ ਫਰੀਦ ਜੀ ਦੇ ਨਾਂ ‘ਤੇ ਫਰੀਦਕੋਟ ਰੱਖ ਦਿੱਤਾ।
ਫਰੀਦਕੋਟ ਵਿਖੇ ਹਰ ਸਾਲ ੧੯ ਸਤੰਬਰ ਤੋਂ ੨੩ ਸਤੰਬਰ ਤਕ ਭਗਤ ਫਰੀਦ ਜੀ ਦੀ ਯਾਦ ਵਿਚ ਕੌਮੀ ਪੱਧਰ ਦੇ ਸਮਾਗਮ ਕਰਵਾਏ ਜਾਂਦੇ ਹਨ, ਜਿਸ ਵਿਚ ਸੈਮੀਨਾਰ, ਕੁਸ਼ਤੀਆਂ, ਹਾਕੀ, ਕਵੀ ਦਰਬਾਰ ਆਦਿ ਦਾ ਆਯੋਜਨ ਹੁੰਦਾ ਹੈ। ਇੱਥੇ ਕਿਲ੍ਹੇ ਦੇ ਬਿਲਕੁਲ ਨੇੜੇ ਚਿੱਲਾ ਭਗਤ ਫਰੀਦ ਜੀ ਬਣਿਆ ਹੋਇਆ ਹੈ, ਜਿੱਥੇ ਹਰ ਵੀਰਵਾਰ ਦੇ ਦਿਨ ਭਾਰੀ ਮੇਲਾ ਲੱਗਦਾ ਹੈ। ਇਸ ਅਸਥਾਨ ‘ਤੇ ਇਕ ਗੁਰਦੁਆਰਾ ਸਾਹਿਬ, ਇਕ ਲੰਗਰ ਹਾਲ, ਮਸਜਿਦ, ਵਣ ਦਾ ਪੁਰਾਤਨ ਰੁੱਖ ਮੌਜੂਦ ਹੈ।
ਸ਼ਹਿਰ ਤੋਂ ਬਾਹਰਵਾਰ ਫਰੀਦਕੋਟ-ਕੋਟਕਪੂਰਾ ਸੜਕ ਉੱਤੇ ਗੁਰਦੁਆਰਾ ਗੋਦੜੀ ਸਾਹਿਬ ਦੀ ਸੁੰਦਰ ਇਮਾਰਤ ਹੈ। ਇੱਥੇ ਇਕ ਸਰੋਵਰ ਵੀ ਮੌਜੂਦ ਹੈ। ਇਨ੍ਹਾਂ ਸਾਰੀਆਂ ਇਮਾਰਤਾਂ ਦਾ ਪ੍ਰਬੰਧ ਸਥਾਨਕ ਪ੍ਰਬੰਧਕ ਕਮੇਟੀ ਕੋਲ ਹੈ, ਜਿਸ ਦੇ ਸਰਪ੍ਰਸਤ ਭਾਈ ਇੰਦਰਜੀਤ ਸਿੰਘ ਖਾਲਸਾ ਹਨ, ਜੋ ਹਰ ਸਾਲ ਵਧੀਆ ਕੰਮ ਕਰਨ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਇਨਾਮਾਂ-ਸਨਮਾਨਾਂ ਨਾਲ ਨਿਵਾਜਦੇ ਹਨ।
ਫਰੀਦਕੋਟ ਵਿਖੇ ਬਾਬਾ ਫਰੀਦ ਲਾਅ ਕਾਲਜ, ਬਾਬਾ ਫਰੀਦ ਪਬਲਿਕ ਸਕੂਲ, ਬਾਬਾ ਫਰੀਦ ਸੱਭਿਆਚਾਰਕ ਕੇਂਦਰ ਅਤੇ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਆਦਿ ਸੰਸਥਾਵਾਂ ਕਾਰਜਸ਼ੀਲ ਹਨ।
ਭਾਵੇਂ ਭਗਤ ਸ਼ੇਖ ਫਰੀਦ ਜੀ ਅੱਜ ਤੋਂ ਅੱਠ ਸਦੀਆਂ ਪਹਿਲਾ ਪੰਜਾਬ ਦੀ ਧਰਤੀ ‘ਤੇ ਆਏ ਸਨ, ਪਰ ਉਨ੍ਹਾਂ ਦੀ ਸ਼ਖ਼ਸੀਅਤ, ਦਰਸ਼ਨ ਅਤੇ ਬਾਣੀ ਨੇ ਪੰਜਾਬੀ ਜਨ-ਜੀਵਨ ਉੱਤੇ ਜੋ ਪ੍ਰਭਾਵ ਪਾਇਆ, ਉਹ ਸਾਡੇ ਸਾਹਮਣੇ ਹੈ। ਇਹ ਆਪ ਦੀ ਬਾਣੀ ਦਾ ਹੀ ਯੋਗਦਾਨ ਹੈ ਕਿ ਪੰਜਾਬੀਆਂ ਨੇ ਆਪ ਦੀ ਰਚਨਾ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ ਹੋਇਆ ਹੈ ਅਤੇ ਗੱਲਬਾਤ ਸਮੇਂ ਥਾਂ-ਥਾਂ ‘ਤੇ ਆਪ ਦੀ ਬਾਣੀ ‘ਚ ਹਵਾਲੇ ਦਿੱਤੇ ਜਾਂਦੇ ਹਨ।
-ਪ੍ਰੋ. ਨਵ ਸੰਗੀਤ ਸਿੰਘ
