views 10 secs 0 comments

ਭਾਈ ਤਾਰੂ ਸਿੰਘ ਦੇ ਵਾਰਸ

ਲੇਖ
May 07, 2026

ਭਾਰਤੀ ਪਰੰਪਰਾ ਦੇ ਹੀ ਨਹੀਂ ਬਲਕਿ ਵਿਸ਼ਵ ਦੇ ਪੁਰਾਤਨ ਇਤਿਹਾਸ ਤੇ ਨਜ਼ਰ ਮਾਰਦਿਆਂ ਸਹਿਜੇ ਹੀ ਸਾਨੂੰ ਨਜ਼ਰੀਂ ਆਵੇਗਾ ਕਿ ਵਿਸ਼ਵ ਵਿਚ ਹੋ ਚੁੱਕੀਆਂ ਵੱਡੀਆਂ ਸ਼ਖ਼ਸੀਅਤਾਂ ਜਿਨ੍ਹਾਂ ਨੇ ਸਮੇਂ-ਸਮੇਂ ਸਮਾਜ ਨੂੰ ਨਵੀਆਂ ਸੇਧਾਂ ਦਿੱਤੀਆਂ ਉਹ ਸਾਰੇ ਕੇਸਾਧਾਰੀ ਹੋਏ ਹਨ। ਕਿਉਂਕਿ ਵੱਡੇ ਆਦਰਸ਼ਾਂ ਵਿਚ ਉਹੀ ਮਨੁੱਖ ਜੀਅ ਸਕਦਾ ਹੈ ਜੋ ਕੁਦਰਤ ਦੇ ਗੂੜ ਰਹੱਸਾਂ ਨੂੰ ਸਮਝਦਾ ਹੈ। ਸਾਮੀ ਧਰਮਾਂ ਦੀ ਲੜੀ ਵਿਚ ਹੋ ਚੁੱਕੇ ਪੈਗ਼ੰਬਰ ਹਜ਼ਰਤ ਮੂਸਾ ਤੋਂ ਲੈ ਕੇ ਹਜ਼ਰਤ ਈਸਾ ਦੀਆਂ ਤਸਵੀਰਾਂ ਨੂੰ ਦੇਖਦਿਆਂ ਉਨ੍ਹਾਂ ਦੇ ਸਾਬਤ-ਸੂਰਤ ਚਿਹਰਿਆਂ ਤੋਂ ਆਪ-ਮੁਹਾਰੇ ਅੰਦਾਜ਼ਾ ਹੁੰਦਾ ਹੈ ਕਿ ਸਾਡੇ ਭਾਰਤੀ ਰਿਸ਼ੀਆਂ ਵਾਂਗ ਉਸ ਧਰਤੀ ਦੇ ਵਡੇਰੇ ਵੀ ਸਾਬਤ ਸੂਰਤ ਕੇਸਾਂ ਵਾਲੇ ਸਨ, ਕਿਉਂਕਿ ਧਾਰਮਿਕ ਗ੍ਰੰਥਾਂ ਵਿਚ ਇਹ ਜ਼ਿਕਰ ਮਿਲਦਾ ਹੈ ਕਿ ਮਨੁੱਖ ਨੂੰ ਪਰਮਾਤਮਾ ਨੇ ਆਪਣੇ ਵਰਗਾ ਹੀ ਬਣਾਇਆ ਹੈ। ਮਨੁੱਖੀ ਸੁਭਾਅ ਹੈ ਕਿ ਇਹ ਸਮਾਂ ਪਾ ਕੇ ਆਪਣੇ ਪੁਰਖਿਆਂ ਦੇ ਬਚਨਾਂ ਤੋਂ ਨਾਬਰ ਹੋ ਕੇ ਆਪਣੇ ਬਣਾਏ ਛੋਟੇ ਆਦਰਸ਼ਾਂ ਵਿਚ ਜ਼ਿੰਦਗੀ ਜਿਊਣ ਨੂੰ ਹੀ ਆਖਰੀ ਸੱਚ ਸਮਝਣ ਲੱਗਦਾ ਹੈ ਅਜਿਹਾ ਵਿਸ਼ਵ ਦੇ ਹਰ ਇਕ ਧਰਮ ਵਿਚ ਵੇਖਣ ਨੂੰ ਮਿਲਦਾ ਹੈ।

ਇਸੇ ਹੀ ਤਰ੍ਹਾਂ ਜੇ ਸਿੱਖ ਪੰਥ ਦੀ ਗੱਲ ਕਰੀਏ ਤਾਂ ਇਸ ਦਾ ਆਗਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਇਆ। ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਅਕਾਲ ਪੁਰਖ ਦੇ ਭੈਅ ਵਿਚ ਰਹਿਣ ਦਾ ਮਾਰਗ ਦਰਸਾਇਆ ਜਿਸ ਕਾਰਨ ਗੁਰੂ ਸਾਹਿਬ ਜਿੱਥੇ ਵੀ ਗਏ ਉੱਥੇ ਹੀ ਆਪਣੇ ਉਪਦੇਸ਼ਾਂ ਵਿਚ ਲੋਕਾਈ ਨੂੰ ਸਾਬਤ-ਸੂਰਤ ਰਹਿਣ ਦੀ ਤਾਕੀਦ ਕੀਤੀ। ਅਜਿਹਾ ਹੀ ਉਨ੍ਹਾਂ ਤੋਂ ਬਾਅਦ ਸਿੱਖ ਗੁਰੂ ਸਾਹਿਬਾਨ ਜੀ ਦੇ ਆਦਰਸ਼ਾਂ ਵਿਚ ਦੇਖਣ ਨੂੰ ਮਿਲਦਾ ਹੈ। ਦਸਮ ਪਿਤਾ ਨੇ ਖਾਲਸੇ ਦੀ ਸਿਰਜਣਾ ਸਮੇਂ ਕੇਸਾਂ ਨੂੰ ਕਕਾਰ ਵਿਚ ਸ਼ਾਮਿਲ ਕਰ ਕੇ ਹਮੇਸ਼ਾਂ ਲਈ ਖਾਲਸੇ ਨੂੰ ਕੇਸਾਧਾਰੀ ਰਹਿਣ ਦਾ ਪ੍ਰਣ ਦ੍ਰਿੜ੍ਹ ਕਰਵਾਇਆ। ਸਿੱਖ ਪੰਥ ਵਿਚ ਕੇਸਾਂ ਦੀ ਬੜੀ ਮਹਾਨਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵਡਹੰਸ ਰਾਗ ਵਿਚ ਪਰਮਾਤਮਾ ਦੇ ਸਰੂਪ ਦਾ ਜ਼ਿਕਰ ਇਸ ਪ੍ਰਕਾਰ ਕੀਤਾ ਹੈ :

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥

ਸੋਹਣੇ ਨਕ ਜਿਨ ਲੰਮੜੇ ਵਾਲਾ ॥

(ਅੰਗ, ੫੬੭)

ਗੁਰਬਾਣੀ ਵਿਚ ਇਸ ਬਾਬਤ ਪੰਜਵੇਂ ਪਾਤਸ਼ਾਹ ਜੀ ਦਾ ਫੁਰਮਾਨ ਹੈ : ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥(ਅੰਗ, ੧੦੮੪)

ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਸਾਡੇ ਜੋ ਨੌਜਵਾਨ ਵੀਰ ਸਿੱਖੀ ਦੇ ਰਾਹ ਤੋਂ ਭਟਕ ਚੁੱਕੇ ਹਨ ਉਨ੍ਹਾਂ ਨੂੰ ਵਾਪਸ ਆਪਣੇ ਘਰ ਲਿਆਈਏ। ਅਜਿਹੇ ਸਿੱਖ ਨੌਜਵਾਨਾਂ/ਪਾਠਕਾਂ ਨਾਲ ਮੈਂ ਇਕ-ਦੋ ਘਟਨਾਵਾਂ ਜੋ ਮੈਂ ਇੱਥੇ ਸਾਂਝੀਆਂ ਕਰ ਰਿਹਾ ਹਾਂ, ਜਿਹੜੇ ਸਿੱਖ ਨੌਜਵਾਨਾਂ ਨੇ ਕੇਸਾਂ ਨੂੰ ਤਿਲਾਂਜਲੀ ਦੇ ਚੁੱਕੇ ਹਨ ਉਨ੍ਹਾਂ ਸਾਡੇ ਸਿੱਖ ਨੌਜਵਾਨਾਂ ਲਈ ਕੇਸ ਰੱਖਣ ਪ੍ਰਤੀ ਪ੍ਰੇਰਨਾ-ਸ੍ਰੋਤ ਸਿੱਧ ਹੋ ਸਕਦੀਆਂ ਹਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਦੇ ਗੁਰੂ ਨਾਨਕ ਅਧਿਐਨ ਵਿਭਾਗ ਵਿਚ ਐਮ. ਏ. ਧਰਮ ਅਧਿਐਨ ਕਰਦਿਆਂ ਮੈਨੂੰ ਅਤੇ ਮੇਰੇ ਦੋ ਹੋਰ ਸਹਿਪਾਠੀਆਂ ਸ. ਸੁਖਪਾਲ ਸਿੰਘ ਅਤੇ ਸ. ਜੋਗਿੰਦਰ ਸਿੰਘ ਨੂੰ ਸੰਨ ੨੦੦੮ ਵਿਚ ਜੂਨ ਦੀਆਂ ਛੁੱਟੀਆਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਬਿਹਾਰ ਵਿਚ ਉਦਾਸੀਆਂ ਦੇ ਜੋ ਕੁਝ ਅਸਥਾਨ ਹੁੰਦੇ ਸਨ, ਉਨ੍ਹਾਂ ਬਾਰੇ ਜਾਣਕਾਰੀ ਇਕੱਤਰ ਕਰਨ ਦਾ ਪ੍ਰੋਜੈਕਟ ਦਿੱਤਾ ਗਿਆ। ਇਸ ਸਮੇਂ ਦੌਰਾਨ ਸਾਨੂੰ ਬਿਹਾਰ ਵਿਚ ਅਲੱਗ-ਅਲੱਗ ਥਾਵਾਂ ‘ਤੇ ਜਾਣ ਅਤੇ ਵੱਖ-ਵੱਖ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਸ ਦਾ ਸਾਰਾ ਵੇਰਵਾ ਅਸੀਂ ਆਪਣੇ ਕੋਲ ਇਕੱਤਰ ਕਰਦੇ ਰਹੇ ਅਤੇ ਬਾਅਦ ਵਿਚ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਿਚ ਸੰਬੰਧਿਤ ਨੁਮਾਇੰਦਿਆਂ ਨੂੰ ਇਹ ਵੇਰਵਾ ਜਮ੍ਹਾਂ ਕਰਵਾ ਦਿੱਤਾ ਸੀ। ਇਸ ਸਮੇਂ ਦੌਰਾਨ ਸਾਨੂੰ ਬਿਹਾਰ ਦੇ ਇਕ ਪਿੰਡ ਲਛਮੀਪੁਰ (ਸਰਦਾਰ ਨਗਰ) ਜਾਣ ਦਾ ਮੌਕਾ ਮਿਲਿਆ ਜਿਹੜਾ ਕਿ ਕਟਿਹਾਰ ਜ਼ਿਲ੍ਹੇ ਵਿਚ ਕੜਾਹਗੋਲਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੈ। ਜਦੋਂ ਅਸੀਂ ਇਸ ਪਿੰਡ ਪੁੱਜੇ ਤਾਂ ਅਸੀਂ ਹੈਰਾਨ ਸਾਂ ਕਿ ਅਜਿਹਾ ਪਿੰਡ ਤੇ ਪੰਜਾਬ ਵਿਚ ਵੀ ਨਹੀਂ ਹੋਵੇਗਾ, ਕਿਉਂਕਿ ਉਸ ਪਿੰਡ ਦੇ ਜਿੰਨੇ ਵੀ ਨੌਜਵਾਨ ਦੇਖੇ ਸਾਰੇ ਹੀ ਸਾਬਤ-ਸੂਰਤ ਸਨ। ਇਸ ਤੋਂ ਇਲਾਵਾ ਸਾਰੇ ਪਿੰਡ ਦਾ ਗੁਰਬਾਣੀ ਨਾਲ ਪ੍ਰੇਮ ਦੇਖ ਕੇ ਸਾਡੀ ਆਤਮਾ ਤ੍ਰਿਪਤ ਹੋ ਗਈ। ਸਾਡੇ ਵੱਲੋਂ ਪੁੱਛਣ ’ਤੇ ਪਤਾ ਲੱਗਾ ਕਿ ਇਹ ਇਕ ਇਤਿਹਾਸਿਕ ਨਗਰ ਹੈ, ਇਸ ਨਗਰ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਸਨ ਤੇ ਉਨ੍ਹਾਂ ਨੇ ਇਸ ਨਗਰ ਨੂੰ ਸਿੱਖੀ ਦੀ ਦਾਤ ਬਖਸ਼ੀ ਸੀ, ਜਿਸ ਨੂੰ ਉਨ੍ਹਾਂ ਲੋਕਾਂ ਨੇ ਹੁਣ ਤਕ ਬਾਖੂਬੀ ਸਾਂਭਿਆ ਹੋਇਆ ਹੈ।

ਕੁਝ ਦਿਨ ਉੱਥੇ ਰਹਿਣ ਕਾਰਨ ਸਾਡਾ ਉਨ੍ਹਾਂ ਨਾਲ ਗੁਰਸਿੱਖਾਂ ਵਾਲਾ ਪ੍ਰੇਮ ਬਣ ਗਿਆ। ਇਕ ਦਿਨ ਅਸੀਂ ਅਚਾਨਕ ਨਗਰ ਦੇ ਪਤਵੰਤਿਆਂ ਨੂੰ ਇਹ ਗੱਲ ਪੁੱਛੀ ਕਿ ਤੁਹਾਡੇ ਨਗਰ ਵਿਚ ਅਜਿਹਾ ਕੋਈ ਨੌਜਵਾਨ ਨਹੀਂ ਜੋ ਬਿਨਾਂ ਕੇਸਾਂ ਤੋਂ ਹੋਵੇ? ਤਾਂ ਉਨ੍ਹਾਂ ਨੇ ਅੱਗੋਂ ਨੀਵੀਂ ਪਾ ਲਈ ਤਾਂ ਸਾਨੂੰ ਇੰਝ ਮਹਿਸੂਸ ਹੋਇਆ ਜਿਵੇਂ ਅਸੀਂ ਕੋਈ ਗ਼ਲਤ ਸਵਾਲ ਪੁੱਛ ਬੈਠੇ ਹਾਂ, ਤਾਂ ਥੋੜਾ ਰੁਕ ਕੇ ਇਕ ਸੱਜਣ ਨੇ ਦੱਸਿਆ ਕਿ ਅਜਿਹੀ
ਕੁਰਹਿਤ ਹੁਣ ਤਕ ਇੱਕ ਹੀ ਨੌਜਵਾਨ ਨੇ ਕੀਤੀ ਸੀ। ਜਿਸ ਦਾ ਕਾਰਨ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਉਹ ਨੌਜਵਾਨ ਪੰਜਾਬ ਗਿਆ ਸੀ ਅਤੇ ਉਸ ਨੂੰ ਇੱਥੇ ਇਹ ਪਤਾ ਲੱਗਾ ਕਿ ਗੁਰਸਿੱਖਾਂ ਦੇ ਘਰਾਂ ਵਿਚ ਜਨਮ ਲੈ ਕੇ ਵੀ ਪੰਜਾਬੀ ਨੌਜਵਾਨ ਕੇਸਾਂ ਤੋਂ ਬਿਨਾਂ ਰਹਿ ਰਹੇ ਹਨ ਅਤੇ ਉਸ ਦੀ ਮੱਤ ਉੱਤੇ ਵੀ ਪਰਦਾ ਪੈ ਗਿਆ ਅਤੇ ਉਸ ਨੇ ਸਾਡੇ ਨਗਰ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਕਲੰਕਿਤ ਕਰ ਦਿੱਤਾ। ਪਰੰਤੂ ਜਿਉਂ ਹੀ ਉਹ ਨੌਜਵਾਨ ਪੰਜਾਬ ਤੋਂ ਪਤਿਤ ਹੋ ਕੇ ਪਿੰਡ ਦੀ ਜੂਹ ਵਿਚ ਵੜਨ ਲੱਗਾ ਤਾਂ ਪਿੰਡ ਦੇ ਨੌਜਵਾਨਾਂ ਨੇ ਉਸ ਨੂੰ ਫੜ ਕੇ ਉਸ ਦਾ ਮਾਂਜਾ ਲਾਹਿਆ ਅਤੇ ਬਾਅਦ ਵਿਚ ਉਹ ਨੌਜਵਾਨ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਉਸ ਦੇ ਘਰ ਗਏ ਅਤੇ ਉਨ੍ਹਾਂ ਦੇ ਸਾਰੇ ਪਰਵਾਰ ਨੂੰ ਪਿੰਡ ਛੱਡ ਕੇ ਜਾਨ ਲਈ ਸ਼ਾਮ ਤਕ ਦਾ ਸਮਾਂ ਦਿੱਤਾ। ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਨੌਜਵਾਨ ਨੇ ਭੁੱਲ ਬਖ਼ਸ਼ਾਈ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦਿਵਾਇਆ। ਪੂਰੀ ਗੱਲ ਸੁਣ ਕੇ ਪੰਜਾਬ ਦਾ ਨਾਂ ਸੁਣ ਕੇ ਸਾਡੀਆਂ ਨੀਵੀਆਂ ਪੈ ਗਈਆਂ, ਪਰੰਤੂ ਇਸ ਗੱਲ ਦੀ ਸਮਾਪਤੀ ‘ਤੇ ਉਨ੍ਹਾਂ ਸਾਰਿਆਂ ਦੀਆਂ ਅੱਖਾਂ ਵਿਚ ਗੁਰੂ ਸਾਹਿਬ ਦੀ ਬਖ਼ਸ਼ਿਸ਼ ਦੀ ਖਾਸ ਚਮਕ ਸੀ। ਅਜਿਹਾ ਤਾਂ ਪੰਜਾਬ ਦੇ ਹਰ ਪਿੰਡ ਦਾ ਦ੍ਰਿਸ਼ ਹੋਣਾ ਚਾਹੀਦਾ ਸੀ। ਪਰ ਅਫਸੋਸ ਪੰਜਾਬ ਦੇ ਨੌਜਵਾਨਾਂ ਨੇ ਕੇਸਾਂ ਨੂੰ ਤਿਲਾਂਜਲੀ ਤਾਂ ਦਿੱਤੀ ਹੀ ਹੈ ਅਤੇ ਨਾਲ ਹੀ ਨਸ਼ੇ, ਫੁਕਰਪੁਣਾ, ਝੂਠੀ ਐਸ਼ਪ੍ਰਸਤੀ ਵਿਚ ਆਪਣਾ ਜੀਵਨ ਤਬਾਹ ਕਰ ਰਹੇ ਹਨ। ਲਛਮੀਪੁਰ (ਬਿਹਾਰ) ਵਰਗੇ ਨਗਰ ਨਿਵਾਸੀ ਜਿੱਥੇ ਗੁਰੂ ਦੀ ਬਖ਼ਸ਼ਿਸ਼ ਦੇ ਪਾਤਰ ਹਨ, ਉੱਥੇ ਵਧਾਈ ਦੇ ਵੀ ਹੱਕਦਾਰ ਹਨ ਜਿਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਦੇ ਆਦਰਸ਼ਾਂ ‘ਤੇ ਚਲਦਿਆਂ ਹੋਇਆਂ ਸਾਨੂੰ ਭਾਈ ਤਾਰੂ ਸਿੰਘ ਜੀ ਦੀ ਨਿੱਘੀ ਯਾਦ ਦਿਵਾਈ ਹੈ ਜਿਨ੍ਹਾਂ ਨੇ ਕੇਸਾਂ ਨਾਲ ਪਿਆਰ ਦਿਖਾਉਂਦਿਆਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਅਸੀਂ ਮਹਿਸੂਸ ਕੀਤਾ ਕਿ ਭਾਈ ਤਾਰੂ ਸਿੰਘ ਦੇ ਅਸਲ ਵਾਰਸ ਤਾਂ ਇਹ ਗੁਰਸਿੱਖ ਹਨ।

ਮੈਂ ਅਜਿਹੀ ਹੀ ਇਕ ਹੋਰ ਘਟਨਾ ਦਾ ਜ਼ਿਕਰ ਕਰਨ ਲੱਗਾ ਹਾਂ ਜੋ ਪੰਜਾਬ ਤੋਂ ਬਾਹਰ ਜੰਮੂ-ਕਸ਼ਮੀਰ ਦੀ ਹੈ। ਜਦੋਂ ਪਿਛਲੇ ਸਮੇਂ ਵਿਚ ਪੰਜਾਬ ਦੇ ਨੌਜਵਾਨ ਜੰਮੂ ਵਿਚ ਬੀ. ਐੱਡ. ਕਰਨ ਜਾਂਦੇ ਸਨ ਤਾਂ ਅਜਿਹਾ ਇਕ ਸਿੱਖ ਪਰਵਾਰ ਨਾਲ ਸਬੰਧਿਤ ਨੌਜਵਾਨ ਜੋ ਸਿਰ ‘ਤੇ ਤਾਂ ਦਸਤਾਰ ਸਜਾਉਂਦਾ ਸੀ, ਪਰ ਦਾੜ੍ਹੀ ਦੇ ਕੇਸ ਕਤਲ ਕਰਦਾ ਸੀ, ਉਸ ਨਾਲ ਸਾਡੀ ਇਕ ਵਾਰ ਮੁਲਾਕਾਤ ਹੋਈ। ਉਸ ਨੇ ਦੱਸਿਆ ਕਿ ਜੰਮੂ ਵਿਖੇ ਬੀ. ਐੱਡ ਕਰਨ ਦੌਰਾਨ ਮੈਂ ਇਕ ਦਿਨ ਛੁੱਟੀ ਵਾਲੇ ਦਿਨ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਗਿਆ ਤਾਂ ਸਮਾਗਮ ਦੀ ਸਮਾਪਤੀ ਤੋਂ ਬਾਅਦ ਇਕ ਬੀਬੀ ਨੇ ਮੈਨੂੰ ਪੁੱਛਿਆ ਕਿ, ਤੁਸੀਂ ਕਿੱਥੋਂ ਆਏ ਹੋ? ਤਾਂ ਮੈਂ ਬੜੇ ਮਾਣ ਨਾਲ ਕਿਹਾ ਕਿ ਪੰਜਾਬ ਤੋਂ! ਤਾਂ ਉਹ ਬੀਬੀ ਕਹਿਣ ਲੱਗੀ ਕਿ, ਤੁਹਾਨੂੰ ਵੇਖ ਕੇ ਹੀ ਅੰਦਾਜ਼ਾ ਲਾ ਲਿਆ ਸੀ, ਕਿਉਂਕਿ ਸਾਡੇ ਇੱਥੋਂ ਦੇ ਨੌਜਵਾਨ ਤਾਂ ਸਾਰੇ ਸਾਬਤ ਸੂਰਤ ਹਨ, ਉਹ ਤਾਂ ਅਜੇ ਗੁਰੂ
ਤੋਂ ਬੇਮੁਖ ਨਹੀਂ ਹੋਏ! ਉਹ ਨੌਜਵਾਨ ਕਹਿੰਦਾ ਕਿ ਮੈਂ ਬੜਾ ਸ਼ਰਮਿੰਦਾ ਹੋਇਆ ਕਿ ਅਸੀਂ ਪੰਜਾਬ ਵਿਚ ਰਹਿ ਕੇ ਹੀ ਗੁਰੂ ਸਾਹਿਬਾਨ ਦੇ ਆਦਰਸ਼ਾਂ ਨੂੰ ਤਿਲਾਂਜਲੀ ਦੇ ਚੁੱਕੇ ਹਾਂ ਜਦਕਿ ਪੰਜਾਬ ਤੋਂ ਬਾਹਰ ਬੈਠੇ ਗੁਰਸਿੱਖਾਂ ਨੇ ਸਿੱਖ ਪਰੰਪਰਾਵਾਂ ਵਿਚ ਜਿਊਣ ਨੂੰ ਹੀ ਆਪਣੀ ਜ਼ਿੰਦਗੀ ਦਾ ਮਰਕਜ਼ ਮੰਨਿਆ ਹੈ। ਮੈਂ ਸੁਣਿਆ ਵੀ ਹੈ ਅਤੇ ਦੇਖਣ ਵਿਚ ਵੀ ਆਇਆ ਹੈ ਕਿ ਹਜੂਰ ਸਾਹਿਬ, ਨਾਂਦੇੜ ਅਤੇ ਇਸ ਦੇ ਲਾਗਲੇ ਇਲਾਕਿਆਂ ਵਿਚ ਰਹਿੰਦੇ ਸਿੱਖ ਪਰਵਾਰਾਂ ਦੇ ਬੱਚੇ ਵੀ ਕਦੇ ਕੇਸ ਕਤਲ ਨਹੀਂ ਕਰਵਾਉਂਦੇ ਅਤੇ ਉਨ੍ਹਾਂ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖ਼ਸ਼ੀ ਸਿੱਖੀ ਨੂੰ ਸਾਂਭ ਕੇ ਰੱਖਿਆ ਹੈ। ਪੰਜਾਬ ਦੀ ਤਾਂ ਹਾਲਤ ਇਸ ਪੱਖੋਂ ਇਕ ਅਦੀਬ ਦੇ ਕਹਿਣ ਅਨੁਸਾਰ

ਇਹ ਹੋਈ ਪਈ ਹੈ :

ਬੜੇ ਸ਼ੌਂਕ ਸੇ ਸੁਨ ਰਹਾ ਥਾ ਜ਼ਮਾਨਾ ਹਮ ਹੀ ਸੋ ਗਏ ਦਾਸਤਾਂ ਕਹਿਤੇ ਕਹਿਤੇ।

ਸੋ ਵਿਚਾਰਨ ਵਾਲੀ ਗੱਲ ਹੈ ਕਿ ਪੰਜਾਬ ਤੋਂ ਬਾਹਰਲੇ ਸਾਰੇ ਸੂਬਿਆਂ ਵਿਚ ਸਿੱਖ ਨੌਜਵਾਨ ਕੇਸਾਂ ‘ਤੇ ਮਾਣ ਕਰਦੇ ਹਨ, ਪਰ ਪੰਜਾਬ ਦੇ ਨੌਜਵਾਨ ਦੀ ਜ਼ਿੰਦਗੀ ਜਿਉਣ ਦੀਆਂ ਦਿਸ਼ਾਵਾਂ ਫੋਕੇ ਦਿਖਾਵੇ ਵਿਚ ਹੀ ਉਲਝ ਕੇ ਰਹਿ ਗਈਆਂ ਹਨ।

ਕੇਸਾਂ ਨੂੰ ਤਿਲਾਂਜਲੀ ਤੋਂ ਬਾਅਦ ਹੁਣ ਇਹ ਨਸ਼ਿਆਂ ਵੱਲ ਵਧ ਰਿਹਾ ਹੈ। ਹਥਿਆਰਾਂ, ਗੁੰਡਾਗਰਦੀ ਅਤੇ ਗੈਂਗਸਟਰ ਕਲਚਰ ਨੇ ਪੰਜਾਬ ਦੀ ਸ਼ਾਂਤੀ, ਖੁਸ਼ਹਾਲੀ ਨੂੰ ਨੇਸਤ-ਓ-ਨਾਬੂਦ ਕਰ ਦਿੱਤਾ ਹੈ। ਵਿਚਾਰਨ ਵਾਲੀ ਗੱਲ ਤਾਂ ਇਹ ਵੀ ਹੈ ਕਿ ਅਜੋਕੇ ਭੁੱਲੜ ਨੌਜਵਾਨਾਂ ਨੇ ਪੰਜਾਬ ਦੀ ਧਰਤੀ ਜੋ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਦੀ ਖੁਸ਼ਬੂ ਨੂੰ ਵਿਸ਼ਵ ਵਿਚ ਫੈਲਾਉਣਾ ਸੀ ਉਹ ਆਪ ਹੀ ਦਿਸ਼ਾਹੀਣ ਹੋ ਕੇ ਕੇਵਲ ਆਪਣੀ ਜ਼ਿੰਦਗੀ ਹੀ ਤਬਾਹ ਨਹੀਂ ਕਰ ਰਹੇ, ਸਗੋਂ ਪੰਜਾਬ ਹੀ ਨਹੀਂ ਸਗੋਂ ਇੱਥੋਂ ਦੇ ਨੌਜਵਾਨ ਜੋ ਵਿਦੇਸ਼ਾਂ ਵਿਚ ਜਾ ਰਹੇ ਹਨ, ਆਪਣੇ ਮਨ ਦੇ ਛੋਟੇ ਉਲਾਰਾਂ ਕਾਰਨ, ਬਲਕਿ ਉਸ ਧਰਤੀ ਨੂੰ ਵੀ ਗੰਧਲਾ ਕਰ ਰਹੇ ਹਨ। ਸੋ ਜੇ ਅਸੀਂ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਸ਼ਤਾਬਦੀ ਮਨਾ ਰਹੇ ਹਾਂ ਤਾਂ ਸਾਡਾ ਫਰਜ਼ ਹੈ ਕਿ ਬੜੇ ਹੀ ਪ੍ਰੇਮ, ਸਤਿਕਾਰ ਅਤੇ ਸਮਰਪਿਤ ਭਾਵਨਾ ਨਾਲ ਪੰਜਾਬ ਦੇ ਨੌਜਵਾਨਾਂ ਵਿਚ ਭਾਈ ਤਾਰੂ ਸਿੰਘ ਜੀ ਦੇ ਜੀਵਨ ਦੇ ਉੱਚੇ ਆਦਰਸ਼ਾਂ ਨਾਲ ਸਾਂਝ ਪੁਆਈਏ

ਅਤੇ ਗੁਰੂ ਸਾਹਿਬਾਨ ਅਨੁਸਾਰ ਦੱਸੇ ਹੋਏ ਮਾਰਗ ‘ਤੇ ਚੱਲ ਕੇ ਸਿੱਖ ਸਮਾਜ ਦੀ ਪੁਨਰ-ਸੁਰਜੀਤੀ ਲਈ ਯਤਨਸ਼ੀਲ ਹੋਈਏ! ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਵੀ ਵਾਪਸ ਗੁਰੂ ਨਾਨਕ ਪਾਤਸ਼ਾਹ ਦੁਆਰਾ ਚਲਾਏ ਨਿਰਮਲ ਪੰਥ ਦਾ ਅਟੁੱਟ ਅੰਗ ਬਣ ਕੇ ਹਲਤ-ਪਲਤ ਸੰਵਾਰਨ।

ਡਾ. ਜਸਵੰਤ ਸਿੰਘ