ਭਾਰਤ ਪਾਕਿਸਤਾਨ ਸਰਹੱਦ ਉੱਤੇ ਲੱਗੀ ਤਾਰ ਕਰੀਬ ਕਰੀਬ 40 ਸਾਲ ਪੁਰਾਣੀ ਹੋ ਚੁੱਕੀ ਹੈ ਇਸ ਨੂੰ ਬਦਲਣ ਲਈ ਦਿੱਲੀ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਪਿਛਲੇ ਦਿਨੀ ਹੋਈ। ਜਿਸ ਵਿੱਚ ਫੈਸਲਾ ਹੋਇਆ ਕਿ ਇਸ ਤਾਰ ਨੂੰ ਬਦਲਣਾ ਤਾਂ ਹੈ ਹੀ ਹੈ। ਕਿਉਂ ਨਾ ਇਸ ਨੂੰ ਚੁੱਕ ਕੇ ਅੱਗੇ ਬਿਲਕੁਲ ਜ਼ੀਰੋ ਲੈਣ ਦੇ ਉੱਤੇ ਲਗਾ ਦਿੱਤਾ ਜਾਵੇ ।
ਕਿਸਾਨ ਤਾਰਾਂ ਤੋਂ ਪਾਰ ਜਮੀਨ ਦੀ ਵਾਹੀ ਵਾਸਤੇ ਬੀਐਸਐਫ ਦੀ ਆਗਿਆ ਨਾਲ ਹੀ ਜਾਂਦੇ ਸਨ। ਕੰਡਿਆਲੀ ਤਾਰ ਤੋਂ ਪਾਰ ਤਿੰਨ ਚਾਰ ਸੌ ਮੀਟਰ ਅੱਗੇ ਪੰਜਾਬੀ ਕਿਸਾਨਾਂ ਦੀ ਜਮੀਨ ਹੈ।
1988 ਦੇ ਕਰੀਬ ਜਦੋਂ ਇਹ ਤਾਰ ਲੱਗਣੀ ਸ਼ੁਰੂ ਹੋਈ ਤਾਂ ਐਸਐਲ ਕਪੂਰ ਦੀ ਰਿਪੋਰਟ ਦੇ ਅਨੁਸਾਰ ਭਾਰਤ ਸਰਕਾਰ ਨੇ ਕਿਸਾਨ ਜਿਸਦੀ ਜਮੀਨ ਤਾਰ ਤੋਂ ਪਾਰ ਸੀ ਨੂੰ 2500 ਰੁਪਏ ਸਲਾਨਾ ਭੱਤਾ ਦੇਣ ਦਾ ਐਲਾਨ ਕੀਤਾ ਸੀ ਪਰ ਇਹ ਭੱਤਾ ਕਦੀ ਮਿਲਦਾ ਸੀ ਅਤੇ ਕਦੀ ਨਹੀਂ ਮਿਲਦਾ ਸੀ।
ਕੇਂਦਰ ਦੀ ਸੋਚ ਹੈ ਕਿ ਜੇਕਰ ਤਾਰ ਬਦਲਣੀ ਹੈ ਤਾਂ ਕਿਉਂ ਨਾ ਇਸ ਨੂੰ ਬਿਲਕੁਲ ਜੀਰੋ ਲੈਣ ਦੇ ਉੱਤੇ ਲਗਾ ਦਿੱਤਾ ਜਾਵੇ । ਇਸ ਨਾਲ ਕਿਸਾਨਾਂ ਦੀ ਖੱਜਲ ਖੁਵਾਰੀ ਵੀ ਨਹੀਂ ਹੋਵੇਗੀ ਅਤੇ ਕੇਂਦਰ ਕਿਸਾਨਾਂ ਨੂੰ ਦੇਣ ਵਾਲੇ ਭੱਤੇ ਤੋਂ ਵੀ ਬਚ ਜਾਵੇਗਾ।
ਪੰਜਾਬ ਸਰਕਾਰ ਨੇ ਇੰਨਾ ਸਰਹੱਦੀ ਜਿਲਿਆਂ ਨਾਲ ਸੰਬੰਧਿਤ ਐਸਡੀਐਮ ਦੀ ਡਿਊਟੀ ਲਗਾ ਦਿੱਤੀ ਹੈ ਕਿ ਪਤਾ ਕੀਤਾ ਜਾਵੇ ਕਿ ਕਿਨਾ ਕਿਸਾਨਾਂ ਦੀ ਜਮੀਨ ਤਾਰ ਤੋਂ ਪਾਰ ਹੈ। ਅਤੇ ਉਹਨਾਂ ਦੀ ਲਿਸਟ ਬਣਾ ਕੇ ਮੁੱਖ ਅਧਿਕਾਰੀਆ ਨੂੰ ਸੌਂਪੀ ਜਾਵੇ।ਹੁਣ ਕਰੋੜਾਂ ਨਹੀਂ ਅਰਬਾਂ ਰੁਪੀਆਂ ਦਾ ਖਰਚਾ ਪੰਜਾਬ ਅਤੇ ਕੇਂਦਰ ਸਰਕਾਰ ਦੇ ਮੋਢਿਆਂ ਤੇ ਪਵੇਗਾ।
1965 ਅਤੇ 71 ਦੀ ਜੰਗ ਤੋਂ ਬਾਅਦ ਵੀ ਤਾਰਾਂ ਲੱਗਣ ਤੋਂ ਪਹਿਲਾਂ ਲਹਿੰਦੇ ਅਤੇ ਚੜਦੇ ਪੰਜਾਬ ਦੇ ਕਿਸਾਨ ਇਕੱਠੇ ਡੰਗਰ ਚਾਰਦੇ ਰਹੇ ਹਨ ਅਤੇ ਰੁਖਾਂ ਥੱਲੇ ਬਹਿ ਕੇ ਇਕੱਠੇ ਰੋਟੀ ਵੀ ਖਾਂਦੇ ਰਹੇ ਹਨ। ਕੰਡਿਆਲੀ ਤਾਰ ਲੱਗਣ ਤੋਂ ਬਾਅਦ ਇਹ ਸੱਭਿਆਚਾਰਕ ਸਾਂਝ ਬਿਲਕੁਲ ਖਤਮ ਹੋ ਗਈ ਅਤੇ ਖਤਮ ਹੋ ਗਏ ਬਚੇ ਖੁਚੇ ਸਾਰੇ ਰਿਸ਼ਤੇ…….
ਮੈਨੂੰ ਲੱਗਦਾ ਕਿ ਤਾਰ ਦੀ ਜਗ੍ਹਾ ਤਬਦੀਲ ਕਰਨ ਲੱਗਿਆ ਭਾਰਤ ਪਾਕਿ ਇਕ ਵਾਰ ਫਿਰ ਛਿਤਰੋ ਛਿਤਰੀ ਹੋਣਗੇ।
~ ਅਵਤਾਰ ਸਿੰਘ
