views 13 secs 0 comments

ਗੁਰੂ ਗ੍ਰੰਥ ਅਤੇ ਗੁਰੂ ਪੰਥ

ਲੇਖ
May 20, 2026

ਸਿੱਖ ਪੰਥ ਦੁਨੀਆਂ ਦਾ ਨਵੀਨਤਮ ਧਰਮ ਹੈ। ਧਰਮ ਇਨਸਾਨ ਨੂੰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਵੀ ਕਰਦਾ ਹੈ ਅਤੇ ਅਕਾਲ ਪੁਰਖ ਦੇ ਨੇੜੇ ਹੋਣ ਦਾ ਸੁਖੈਣ ਮਾਰਗ ਵੀ ਦਰਸਾਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੇ ਬਹੁਤ ਵੱਡੇ ਹਿੱਸੇ ਦੀ ਯਾਤਰਾ ਕੀਤੀ। ਇਨ੍ਹਾਂ ਯਾਤਰਾਵਾਂ ਸਮੇਂ ਉਹ ਹਰ ਵਰਗ ਨਾਲ ਵਿਚਾਰ-ਵਟਾਂਦਰਾ ਕਰਦੇ ਗਏ। ਉਨ੍ਹਾਂ ਦੇ ਧਰਮਾਂ ਬਾਰੇ ਜਾਣਕਾਰੀ ਵੀ ਲੈਂਦੇ ਗਏ। ਕਰਮਕਾਂਡਾਂ ਦੀ ਗੁਰੂ ਸਾਹਿਬ ਨੇ ਖੁੱਲ੍ਹ ਕੇ ਆਲੋਚਨਾ ਕੀਤੀ। ਗੁਰੂ ਸਾਹਿਬਾਨ ਨੇ ਪੁਜਾਰੀਆਂ ਵੱਲੋਂ ਲੋਕਾਂ ਵਿੱਚ ਭਰਮ-ਭੁਲੇਖੇ ਪੈਦਾ ਕਰਕੇ ਰੋਜ਼ੀ-ਰੋਟੀ ਕਮਾਉਣ ਦੇ ਕੰਮ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਅਤੇ ਇਕ ਅਕਾਲ ਪੁਰਖ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਲਈ ਸਿੱਖ ਧਰਮ ਆਪਸੀ ਭਾਈਚਾਰੇ ਅਤੇ ਇਕੋ ਅਕਾਲ ਪੁਰਖ ਦੀ ਸੰਤਾਨ ਹੋਣ ਦਾ ਹੋਕਾ ਦਿੰਦਾ ਹੈ, ਹੋਰ ਧਰਮਾਂ ਦੇ ਲੋਕਾਂ ਨੂੰ ਆਪਣੇ ਭਾਈ ਸਮਝ ਕੇ ਇਕ ਹੀ ਰੱਬੀ ਜੋਤ ਦਾ ਨੂਰ ਮੰਨਦਾ ਹੈ।

ਦਸਮ ਪਾਤਸ਼ਾਹ ਨੇ ਖ਼ਾਲਸਾ ਪੰਥ ਦੀ ਸਾਜਨਾ ਦਾ ਪ੍ਰਾਯੋਜਨ ਬਿਆਨ ਕਰਦੇ ਹੋਏ ਲਿਖਿਆ ਹੈ ਕਿ ਜਿੰਨੇ ਵੀ ਹੋਰ ਧਾਰਮਿਕ ਆਗੂ ਪੈਦਾ ਹੋਏ, ਉਨ੍ਹਾਂ ਨੇ ਆਪਣੇ ਆਪਣੇ ਧਰਮ ਤੇ ਪੰਥ ਸ਼ੁਰੂ ਕਰ ਦਿੱਤੇ, ਅਕਾਲ ਪੁਰਖ ਦਾ ਧਰਮ ਜੋ ਸਭ ਲਈ ਸਾਂਝਾ ਹੈ, ਉਸ ਵੱਲ ਕਿਸੇ ਨੇ ਲੋਕਾਈ ਨੂੰ ਪ੍ਰੇਰਿਤ ਨਹੀਂ ਕੀਤਾ। ਗੁਰੂ ਜੀ ਨੇ ਇਕ ਅਕਾਲ ਦਾ ਪੁਜਾਰੀ ਤੇ ਸਭ ਨੂੰ ਬਰਾਬਰ ਸਮਝ ਕੇ ਪਿਆਰ ਕਰਨ ਵਾਲਾ ਧਰਮ ਚਲਾਉਣ ਲਈ ਹੁਕਮ ਕੀਤਾ।

ਦਸਮ ਪਾਤਸ਼ਾਹ ਨੇ ਲਿਖਿਆ ਹੈ ਕਿ-

ਤਪ ਸਾਧਤ ਹਰਿ ਮੋਹਿ ਬੁਲਾਯੋ ॥ ਇਮ ਕਹਿ ਕੈ ਇਹ ਲੋਕ ਪਠਾਯੋ॥ ਸਭ ਅਪਨੀ ਅਪਨੀ ਉਰਝਾਨਾ ॥ ਪਾਰਬ੍ਰਹਮ ਕਾਹੂ ਨਾ ਪਛਾਨਾ॥

ਖ਼ਾਲਸਾ ਪੰਥ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਕਾਲ ਪੁਰਖ ਦਾ ਧਰਮ ਬਿਆਨ ਕਰਦੇ ਹੋਏ ਲਿਖਿਆ ਹੈ

ਖਾਲਸਾ ਅਕਾਲ ਪੁਰਖ ਦੀ ਫੌਜ॥ ਪਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।।

ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਨੇ ਆਪਣੇ ਪੰਥ ਦੀ ਜੀਵਨ-ਜਾਚ, ਇਕ ਅਕਾਲ ਪੁਰਖ ਦੀ ਪੂਜਾ, ਉਸ ਨੂੰ ਹੀ ਕੇਵਲ ਕਰਤਾ ਜਾਣ ਕੇ ਨਿਰਭਉ, ਨਿਰਵੈਰ ਜੀਵਨ ਬਸਰ ਕਰਨ ਦੀ ਕੇਵਲ ਸਿੱਖਿਆ ਹੀ ਨਹੀਂ ਦਿੱਤੀ, ਸਗੋਂ ਆਪਣੇ ਜੀਵਨ ਰਾਹੀਂ ਇਕ ਮਿਸਾਲ ਵੀ ਪੇਸ਼ ਕੀਤੀ। ਇਸ ਮਨੋਰਥ ਲਈ ਭਾਵੇਂ ਕਿਸੇ ਵੀ ਤਰ੍ਹਾਂ ਦੇ ਕਸ਼ਟ ਉਨ੍ਹਾਂ ਨੂੰ ਬਰਦਾਸ਼ਤ ਕਰਨੇ ਪਏ। ਗੁਰੂ ਸਾਹਿਬ ਦਾ ਹੁਕਮ ਹੈ ਕਿ ਆਤਮਾ ਜਨਮ-ਜਨਮਾਂਤਰਾਂ ਦੇ ਮਾੜੇ ਕਰਮਾਂ ਕਰਕੇ ਅਪਵਿੱਤਰ ਹੋ ਜਾਂਦੀ
ਹੈ ਅਤੇ ਇਸ ਨੂੰ ਸਾਫ਼ ਕਰਨ ਲਈ ਸੱਚਾ-ਸੁੱਚਾ ਜੀਵਨ ਤੇ ਪ੍ਰਭੂ ਸਿਮਰਨ ਦਾਰੂ ਹੈ।

ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿਚ ਬਾਣੀ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਕਰਕੇ ਪ੍ਰਗਟ ਹੋਈ ਦੱਸਿਆ ਅਤੇ ਧੁਰ ਕੀ ਬਾਣੀ ਨੂੰ ਉਹ ਨਾਲ-ਨਾਲ ਅੰਕਿਤ ਵੀ ਕਰਦੇ ਗਏ। ਆਪਣੇ ਤੋਂ ਇਲਾਵਾ ਜਿਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਗੁਰਬਾਣੀ ਦੇ ਵਿਚਾਰਾਂ ਨਾਲ ਮੇਲ ਖਾਂਦੀ ਸੀ, ਉਹ ਵੀ ਇੱਕਠੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਤੋਂ ਉੱਚੀ ਥਾਂ ‘ਤੇ ਪ੍ਰਕਾਸ਼ ਕਰਕੇ ਆਪਣੇ ਤੋਂ ਜ਼ਿਆਦਾ ਸਤਿਕਾਰ ਵੀ ਦਿੰਦੇ ਰਹੇ। ਦਸਮ ਪਾਤਸ਼ਾਹ ਨੇ ਉਸ ਸਮੇਂ ਪ੍ਰਚਲਿਤ ਦੇਹਧਾਰੀ ਗੁਰੂ ਪ੍ਰਥਾ ਨੂੰ ਬੰਦ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਬਖਸ਼ਿਸ਼ ਕੀਤਾ। ਅੱਜ ਵੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗਿਆਨਦਾਤਾ ਗੁਰੂ ਮੰਨ ਕੇ ਉਸ ਦੀ ਪੂਜਾ ਕਰਦੇ ਹਨ। ਗੁਰਬਾਣੀ ਗਾਉਂਦੇ ਅਤੇ ਸਿਮਰਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਗੁਰੂ ਗਿਆਨ ਦਾ ਦਾਤਾ ਹੁੰਦਾ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਵਨ ਦੇ ਹਰ ਪਹਿਲੂ ਬਾਰੇ ਗਿਆਨ ਤੇ ਸੇਧ ਦੇਣ ਦੇ ਸਮਰੱਥ ਹੈ। ਕੇਵਲ ਸ਼ਰਧਾ, ਵਿਸ਼ਵਾਸ ਅਤੇ ਹੁਕਮ ਮੰਨਣ ਦੀ ਲੋੜ ਹੈ।

ਅੱਜ ਦੇ ਸਮੇਂ ਵਿਚ ਸਿੱਖ ਪੰਥ ਅਤੇ ਹੋਰ ਧਰਮਾਂ ਨੂੰ ਮੰਨਣ ਵਾਲਿਆਂ ਵਿਚ ਇਕ ਭਰਮ-ਭੁਲੇਖਾ ਚਰਚਾ ਦਾ ਵਿਸ਼ਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਗੁਰੂ ਸਿਧਾਂਤ ਗਿਆਨ ਦੇਣ ਦੇ ਸਮਰੱਥ ਹੈ ਜਾਂ ਦੇਹਧਾਰੀ ਗੁਰੂ ਹੋਣਾ ਲਾਜ਼ਮੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ ਜੋ ਆਪ ਬਹੁਤ ਵੱਡੇ ਲਿਖਾਰੀ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਜੋ ਆਪ ਇਕ ਵਿਚਾਰਵਾਨ ਤੇ ਲਿਖਾਰੀ ਵੀ ਸਨ। ਉਨ੍ਹਾਂ ਪਾਸੋਂ ਅਜਿਹੀ ਕੋਈ ਵੀ ਕਮੀ ਰਹਿ ਜਾਣੀ ਕਿ ਉਹ ਸਾਡੇ ਲਈ ਸਪੱਸ਼ਟ ਰਾਹ ਤੇ ਪੂਰਨ ਸਮਰੱਥ ਗੁਰੂ ਨਾ ਛੱਡ ਕੇ ਜਾਣ, ਅਜਿਹੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਗੁਰੂ ਆਪਣੇ ਪੰਥ ਵਿਚ ਕਿਸੇ ਨੂੰ ਮਿਲਾਉਣ ਸਮੇਂ ਦੋ ਚੀਜ਼ਾਂ ਦੀ ਬਖਸ਼ਿਸ਼ ਕਰਦਾ ਹੈ-ਗੁਰਮੰਤਰ

ਅਤੇ ਗਿਆਨ। ਆਪਣੇ ਪੰਥ ਵਿਚ ਇਹ ਦੋਵੇਂ ਰਸਮਾਂ ਪੂਰੀਆਂ ਕਰਨ ਲਈ ਦਸਮ ਪਾਤਸ਼ਾਹ

ਸਾਡੇ ਲਈ ਸਪੱਸ਼ਟ ਰਾਹ ਦੱਸ ਕੇ ਗਏ ਹਨ। ਉਨ੍ਹਾਂ ਦਾ ਹੁਕਮ ਹੈ:

ਪੂਜਾ ਅਕਾਲ ਕੀ,
ਪਰਚਾ ਸ਼ਬਦ ਕਾ,
ਦੀਦਾਰ ਖਾਲਸੇ ਕਾ ।

ਸਿੱਖ ਧਰਮ ਦਸਮ ਪਾਤਸ਼ਾਹ ਅਨੁਸਾਰ ਕਿਸੇ ਵਿਅਕਤੀ ਦਾ ਨਹੀਂ, ਸਗੋਂ ਅਕਾਲ ਪੁਰਖ ਦਾ ਹੈ। ਅਸੀਂ ਸਭ ਸਿੱਖ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਹਾਂ। ਉਸ ਤੱਕ ਪੁੱਜਣ ਦਾ ਰਾਹ ਦੱਸਣ ਵਾਲਾ ਵਿਅਕਤੀ ਕਿਧਰੇ ਆਪ ਨਾ ਰੱਬ ਬਣ ਜਾਵੇ, ਜੋ ਪਿਛਲੇ ਸਮੇਂ ਤੋਂ ਹੁੰਦਾ ਆਇਆ ਸੀ, ਇਸ ਰੀਤ ਨੂੰ ਸਦਾ ਲਈ ਖਤਮ ਕਰਨ ਲਈ ਗੋਬਿੰਦ ਰਾਏ ਪੰਜ ਪਿਆਰਿਆਂ ਪਾਸੋਂ ਪਾਹੁਲ ਛਕ ਕੇ ਗੋਬਿੰਦ ਸਿੰਘ ਬਣੇ ਅਤੇ ਉਨ੍ਹਾਂ ਪਾਸੋਂ ਹੀ
ਵਾਹਿਗੁਰੂ ਗੁਰਮੰਤਰ ਹਾਸਲ ਕੀਤਾ। ਅੱਗੇ ਲਈ ਪੰਥ ਵਿਚ ਸ਼ਾਮਿਲ ਕਰਨ, ਗੁਰਮੰਤਰ ਦੀ ਬਖਸ਼ਿਸ਼ ਕਰਨ ਅਤੇ ਪਾਹੁਲ ਛਕਾਉਣ ਦੀ ਜ਼ਿੰਮੇਵਾਰੀ ਵੀ ਪੰਜ ਪਿਆਰਿਆਂ ਦੇ ਜ਼ਿੰਮੇ ਲਗਾ ਦਿੱਤੀ। ਪੰਜ ਪਿਆਰੇ ਗੁਰੂ ਦਾ ਰੂਪ ਬਣ ਕੇ ਪੰਥ ਵਿਚ ਸ਼ਾਮਿਲ ਕਰਨ ਦੀ ਪ੍ਰਕਿਰਿਆ ਤੇ ਨਾਮ ਦਾਨ ਦੀ ਬਖਸ਼ਿਸ਼ ਕਰਦੇ ਹਨ ਅਤੇ ਫਿਰ ਆਪ ਸੰਗਤ ਵਿਚ ਸ਼ਾਮਿਲ ਹੋ ਜਾਂਦੇ ਹਨ। ਸਿੱਖ ਨੂੰ ਗਿਆਨ ਅਤੇ ਸੇਧ ਪ੍ਰਾਪਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੰਦੇ ਹਨ। ਇਹ ਇਕ ਇਨਕਲਾਬੀ ਅਤੇ ਜਮਹੂਰੀ ਪੈਂਤੜਾ ਸੀ, ਜਿਸ ਨੇ ਵਿਅਕਤੀ ਗੁਰੂ ਦੀ ਮਹੱਤਤਾ ਨੂੰ ਅਸਵੀਕਾਰ ਕਰਕੇ, ਸਨਾਤਨੀ ਗੁਰੂ ਪ੍ਰੰਪਰਾ ਨਾਲੋਂ ਸਿੱਖ ਗੁਰੂ ਪ੍ਰੰਪਰਾ ਦੀ ਵਿਲੱਖਣਤਾ ਨੂੰ ਸਪੱਸ਼ਟ ਰੂਪ ਵਿਚ ਉਘਾੜ ਕੇ ਸਾਹਮਣੇ ਲੈ ਆਂਦਾ।

ਗੁਰੂ ਪੰਥ ਵਿਚ ਦਾਖਲ ਹੋਣ ਲਈ ਜਾਂ ਇਸ ਦੇ ਮੈਂਬਰ ਬਣਨ ਲਈ ਖੰਡੇ ਬਾਟੇ ਦੀ ਪਾਹੁਲ ਲੈਣੀ ਅਥਵਾ ਅੰਮ੍ਰਿਤ ਛਕਣਾ ਜ਼ਰੂਰੀ ਹੈ। ਇਸ ਤੋਂ ਬਿਨ੍ਹਾਂ ਕੋਈ ਵੀ ਵਿਅਕਤੀ ਗੁਰੂ ਪੰਥ ਦਾ ਮੈਂਬਰ ਨਹੀਂ ਬਣ ਸਕਦਾ। ਸਿੱਖ ਰਹਿਤ ਮਰਿਆਦਾ ਅਨੁਸਾਰ ਪੰਜ ਪਿਆਰੇ ਹੀ ਪਾਹੁਲ ਦੇਣ ਦੇ ਅਧਿਕਾਰੀ ਹਨ ਹਨ ਗੁਰੂ ਪੰਥ ਦਾ ਕੋਈ ਵੀ ਤਿਆਰ-ਬਰ-ਤਿਆਰ ਮੈਂਬਰ ਇਨ੍ਹਾਂ ਪੰਜਾਂ ਵਿਚ ਸ਼ਾਮਿਲ ਹੋ ਸਕਦਾ ਹੈ, ਬਸ਼ਰਤੇ ਕਿ ਉਹ ਤਨਖਾਹੀਆਂ ਜਾਂ ਅੰਗਹੀਣ ਨਾ ਹੋਵੇ।

ਇਤਿਹਾਸ ਗਵਾਹ ਹੈ ਕਿ ਅਠਾਰਵੀਂ ਸਦੀ ਵਿਚ ਘੋਰ ਸੰਕਟ ਦੌਰਾਨ ਪੰਥ ਦੇ ਅਹਿਮ ਫੈਸਲੇ ਗੁਰਮਤੇ ਦੇ ਰੂਪ ਵਿਚ ਹੁੰਦੇ ਰਹੇ ਹਨ। ਗੁਰਮਤੇ ਦਾ ਅਰਥ ਹੀ ਹੈ, ਗੁਰੂ ਦਾ ਮਤਾ ਭਾਵ ਗੁਰੂ ਦਾ ਫੈਸਲਾ । ਗੁਰਮਤੇ ਦੀ ਸੰਸਥਾ ਹੀ ਪੰਥ ਨੂੰ ਬਿਖੜੇ ਦੌਰ ਵਿਚ ਚੜ੍ਹਦੀ ਕਲਾ ਬਖਸ਼ਦੀ ਰਹੀ ਅਤੇ ਗੁਰੂ ਪੰਥ ਨੂੰ ਨਿਰਣਾਇਕ ਭੂਮਿਕਾ ਨਿਭਾਉਣ ਦੇ ਸਮਰੱਥ ਬਣਾਉਂਦੀ ਰਹੀ। ਮੁੱਕਦੀ ਗੱਲ ਇਹ ਹੈ ਕਿ ਵਿਹਾਰਕ ਪੱਧਰ ‘ਤੇ ਪੰਜ ਪਿਆਰਿਆਂ ਨੇ ਸ਼ਬਦ ਗੁਰੂ ਦੀ ਸ਼ਕਤੀ ਨੂੰ ਆਪਣੇ ਆਤਮਿਕ ਮੰਡਲ ਵਿਚ ਸਮਾ ਕੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਖੇਤਰ ਵਿਚ ਅਗਵਾਈ ਕੀਤੀ ਹੈ। ਇਹ ਗੁਰੂ ਦਾ ਰੂਪ ਪੰਜ ਪਿਆਰੇ ਆਪਣਾ ਕੋਈ ਵਜੂਦ ਨਹੀਂ ਰੱਖਦੇ। ਪੰਜ ਪਿਆਰੇ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਇਕ ਸੰਸਥਾ ਹਨ ਭਾਵ ਗੁਰੂ ਪੰਥ ਨਾਲ ਸੰਬੰਧਿਤ ਕੋਈ ਵੀ ਨਿਰਣਾ ਗੁਰੂ ਪੰਥ ਦੀ ਵਿਚਾਰਧਾਰਕ ਰੌਸ਼ਨੀ ਵਿਚ ਗੁਰੂ-ਪੰਥ ਹੀ ਲੈ ਸਕਦਾ ਹੈ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਹ ਅਧਿਕਾਰ ਨਹੀਂ ਹੈ। ਇਸ ਤਰ੍ਹਾਂ ਦਸਮ ਪਾਤਸ਼ਾਹ ਨੇ ਪੁਜਾਰੀਵਾਦ ਜਾਂ ਗੁਰੂਡੰਮ ਦੀ ਸੰਸਥਾ ਨੂੰ ਸਿੱਖ ਪੰਥ ਵਿਚੋਂ ਬੇਲੋੜਾ ਬਣਾ ਦਿੱਤਾ । ਸਿੱਖ ਪੂਜਾ ਅਕਾਲ ਕੀ, ਦੇ ਹੁਕਮ ‘ਤੇ ਚਲ ਕੇ ਸਿੱਧਾ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ। ਸ਼ਬਦ ਗੁਰੂ ਹਰ ਸਮੇਂ, ਹਰ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਿੱਖ ਤੇ ਸਿੱਖ ਕੌਮ ਦੀ ਅਗਵਾਈ ਲਈ ਮੌਜੂਦ ਹੈ। ਹੁਕਮਨਾਮਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਅਧਿਕਾਰ ਖੇਤਰ ਹੈ। ਪੁਰਸ਼ ਗੁਰੂ ਤੇ ਸ਼ਬਦ ਗੁਰੂ ਦੋਵੇਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਕੌਮ ਦੀ ਅਗਵਾਈ ਸਾਡੇ ਵਿਚ ਪ੍ਰਗਟ ਕਰਕੇ ਗਏ ਹਨ। ਇਨ੍ਹਾਂ ਬਾਰੇ ਵਿਵਾਦ ਸਾਡੀ ਸੋਚ ਦੇ ਦੀਵਾਲੀਆਪਨ ਤੇ ਅਗਿਆਨਤਾ ਕਰਕੇ ਹੈ। ਇਸ ਅਗਿਆਨਤਾ ਨੂੰ ਦੂਰ ਕਰਨ ਲਈ ਪੰਜ ਪਿਆਰਿਆਂ ਦੀ ਸੰਸਥਾ ਤੋਂ ਅੰਮ੍ਰਿਤ ਛਕ ਕੇ ਉੱਦਮ ਕਰਨ ਦੀ ਲੋੜ ਹੈ। ਗੁਰੂ ਸਾਹਿਬਾਨ ਦੀ ਸੋਚ ਜੁਗੋ-ਜੁਗ ਅਟੱਲ ਰਹੇਗੀ। ਗੁਰੂ ਹੁਕਮ ਹੈ :

ਜਬ ਲਗ ਖਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਉ ਮੈ ਸਾਰਾ। ਜਬ ਇਹ ਗਹੇ ਬਿਪਰਨ ਦੀ ਰੀਤ। ਮੈ ਨਾ ਕਰੋਂ ਇਨ ਕੀ ਪਰਤੀਤ।

ਉਕਤ ਨਿਸ਼ਾਨੇ ਦੀ ਪੂਰਤੀ ਲਈ ਗੁਰੂ ਪੰਥ ਦੀ ਸਿਧਾਂਤਕ ਰੌਸ਼ਨੀ ਵਿਚ ਇਕ ਵਿਸ਼ਵ ਵਿਆਪੀ, ਸਮਾਜਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਕ ਢਾਂਚਾ ਅਥਵਾ ਮਾਡਲ ਘੜਨਾ ਪੈਣਾ ਹੈ ਜੋ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ’ ਦੇ ਗੁਰੂ-ਆਦਰਸ਼ ਮੁਤਾਬਿਕ ਦੇਸ਼-ਕਾਲ ਦੀਆਂ ਸਮੂਹਕ ਹੱਦ ਬੰਦੀਆਂ ਨੂੰ ਤੋੜ ਕੇ, ਸਮੁੱਚੀ ਮਨੁੱਖਤਾ ਨੂੰ ਇਕੋ ਇੰਤਜ਼ਾਮੀਆ ਇਕਾਈ ਵਿਚ ਬੰਨ੍ਹ ਸਕੇ ਅਰਥਾਤ ਸਮਾਜਿਕ-ਆਰਥਿਕ ਵਖਰੇਵਿਆਂ ਦੇ ਟੋਏ-ਟੱਬਿਆਂ ਨੂੰ ਪੱਧਰਾ ਕਰਕੇ, ਸਰਬੱਤ ਦੇ ਭਲੇ ਜਿਹੇ ਮਾਨਵਤਾਵਾਦੀ ਅਸੂਲਾਂ ‘ਤੇ ਆਧਾਰਿਤ ਸਰਬ ਸਾਂਝੀਵਾਲਤਾ ਦੇ ਸੰਕਲਪ ਨੂੰ ਮੂਰਤੀਮਾਨ ਕਰੇ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਾਜ ਵਿਚ ਵਿਵਹਾਰਕ ਤੌਰ ‘ਤੇ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਗੁਰੂ ਪੰਥ ਦੀ ਹੈ। ਅੱਜ ਗੁਰੂ ਪੰਥ ਦੇ ਵਾਰਸਾਂ ਨੂੰ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਹੋ ਕੇ ਪੰਥਕ ਐਲਾਨਨਾਮੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੰਜੀਦਾ ਯਤਨ ਆਰੰਭਣੇ ਚਾਹੀਦੇ ਹਨ।

-ਸ੍ਰ. ਇਕਬਾਲ ਸਿੰਘ