views 33 secs 0 comments

ਇਹ ਹੈ ਖ਼ਾਲਸਈ ਆਚਰਨ

ਲੇਖ
May 19, 2026

ਮੁਗ਼ਲਾਂ ਦੇ ਸ਼ਾਹੀ ਤਖ਼ਤ ਦੇ ਨੌਜੁਆਨ ਵਾਰਸ, ਬਾਦਸ਼ਾਹ ਫਰੁਖ਼ਸੀਅਰ ਇਸ ਕਰਕੇ ਵੀ ਡਾਢਾ ਪੇਸ਼ਾਨ ਨਜ਼ਰ ਆਉਂਦਾ ਹੈ ਕਿ ਭਾਵੇਂ ਬੰਦਾ ਸਿੰਘ ਦੇ ਸਾਥੀ ਗ੍ਰਿਫਤਾਰ ਸਿੱਖਾਂ ਨੂੰ ਹਰ ਰੋਜ਼ ਸੌ ਸਿੱਖ ਦੇ ਹਿਸਾਬ, ਦਿੱਲੀ ਦੀ ਕੋਤਵਾਲੀ ਦੇ ਨੇੜੇ ਆਵਾਮ ਤਮਾਸ਼ਬੀਨਾਂ ਦੇ ਸਾਹਮਣੇ ਕਤਲ ਕਰਾਇਆ ਜਾ ਰਿਹਾ ਹੈ, ਪਰ ਇਹਨਾਂ ‘ਚੋਂ ਇਕ ਵੀ ਸਿੱਖ ਨੇ ਆਪਣਾ ਸਿੱਖੀ ਧਰਮ ਤਿਆਗਣ ਦੀ ਗੱਲ ਨਹੀਂ ਗੌਲੀ, ਬਲਕਿ ਉਨ੍ਹਾਂ ਵਿੱਚ ਧਰਮ ਦਾ ਜ਼ਜਬਾ ਇਤਨਾ ਪਬਲ ਨਜ਼ਰ ਆਇਆ ਹੈ ਕਿ ਉਹ ਸਗੋਂ ਜਲਾਦ ਨਾਲ ਮਖ਼ੌਲ ਹੀ ਨਹੀਂ ਕਰਦੇ, ਬਲਕਿ ਉਸਨੂੰ ਪਹਿਲਾਂ ਕਤਲ ਹੋਣ ਲਈ ਬੇਨਤੀਆਂ ਵੀ ਕਰਦੇ ਹਨ। ਸਿੱਖਾਂ ਦੀ ਕੁਰਬਾਨੀ, ਤੇ ਤਿਆਗ ਦੇ ਇਸ ਪ੍ਰਬਲ ਜਜ਼ਬੇ ਦੀ ਸ਼ਾਹ-ਜਹਾਨਾਬਾਦ (ਦਿੱਲੀ) ਦੇ ਘਰ-ਘਰ ਤੇ ਗਲੀ-ਕੂਚੇ ਵਿਚ ਚਰਚਾ ਚਲ ਰਹੀ ਹੈ। ਲੋਕ ਕੋਤਵਾਲੀ ਦੇ ਸਾਹਮਣੇ ਇਕ ਤਕੜੀ ਗਿਣਤੀ ਵਿੱਚ ਹਾਜ਼ਰ ਹੁੰਦੇ ਹਨ ਅਤੇ ਇਉਂ ਅੱਖੀਂ ਡਿੱਠੇ ਹਾਲਾਤ ਇਕ ਦੂਜੇ ਨੂੰ ਸੁਣਾਉਂਦੇ ਹੋਏ ਸਿੱਖ ਸ਼ਹੀਦਾਂ ਨੂੰ ਦਾਦ ਦੇਂਦੇ, ਆਮ ਵੇਖੇ ਜਾਂਦੇ । ਇਹਨਾਂ ਕਤਲਾਂ ਨੂੰ ਵੇਖਣ ਲਈ ਵਿਦਵਾਨ ਲੋਕ ਵੀ ਆਉਂਦੇ ਹਨ, ਜਿਨ੍ਹਾਂ ਵਿਚ ਮੁਸਲਮਾਨਾਂ ਤੋਂ ਇਲਾਵਾ, ਹਿੰਦੂ ਤੇ ਅੰਗਰੇਜ਼ ਵੀ ਹੁੰਦੇ ਹਨ, ਜੋ ਅੱਖੀਂ ਡਿੱਠੇ ਹਾਲਾਤ ਨਾਲੋਂ-ਨਾਲ ਕਲਮਬੰਦ ਕਰੀ ਜਾ ਰਹੇ ਹਨ । ਇਹ ਸਾਰੀਆਂ ਗੱਲਾਂ, ਕਾਰੇ-ਖ਼ਾਸ ਦੇ ਅਧਿਕਾਰੀਆਂ ਰਾਹੀਂ ਰੋਜ਼-ਬ-ਰੋਜ਼ ਬਾਦਸ਼ਾਹ ਫਰੁਖ਼ਸੀਅਰ ਪਾਸ ਪੁੱਜ ਰਹੀਆਂ ਹਨ, ਜੋ ਬਾਦਸ਼ਾਹ ਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਰਹੀਆਂ ਹਨ ।….ਪਰ ਅਜ ਇਕ ਚੌਦਾਂ-ਪੰਦਰਾਂ ਵਰਿਆਂ ਦੇ ਸਿੱਖ ਬੱਚੇ ਦੀ ਦਲੇਰੀ-ਭਰੀ ਕੁਰਬਾਨੀ ਦੀ ਦਾਸਤਾਨ ਜਦੋਂ ਸਰਬਰਾਹ ਖ਼ਾਨ, ਕੋਤਵਾਲ ਨੇ ਬਾਦਸ਼ਾਹ ਦੀ ਖ਼ਿਦਮਤ ਵਿੱਚ ਹਾਜ਼ਰ ਹੋ ਕੇ ਸੁਣਾਈ, ਤਾਂ ਬਾਦਸ਼ਾਹ ਨੇ ਇਉਂ ਮਹਿਸੂਸ ਕੀਤਾ, ਜਿਵੇਂ ਇਹ ਹਕੀਕਤ ਨਹੀਂ, ਬਲਕਿ ਕੋਈ ਅਫ਼ਸਾਨਾ ਬਿਆਨ ਕੀਤਾ ਜਾ ਰਿਹਾ ਹੋਵੇ । ਪਰ ਇਹ ਤਾਂ ਹਕੀਕਤ ਸੀ-ਇਕ ਕਰੜੀ ਹਕੀਕਤ !

ਅਜ ਸਵੇਰ ਦੀ ਹੀ ਤਾਂ ਗੱਲ ਸੀ, ਜਦੋਂ ਉਸਦੇ ਵਜ਼ੀਰੇ-ਆਲ੍ਹਾ ਅਮੀਨ-ਉਦ-ਦਉਲਾ ਨੇ ਆਪਣੇ ਦੀਵਾਨ ਰਤਨ ਚੰਦ ਦੀ ਸਿਫ਼ਾਰਸ਼ ‘ਤੇ ਇਕ ਬੁੱਢੀ ਪੰਜਾਬਣ ਔਰਤ ਨੂੰ ਬਾਦਸ਼ਾਹ ਫਰੁਖ਼ਸੀਅਰ ਦੇ ਰੂਬਰੂ ਪੇਸ਼ ਕੀਤਾ ਸੀ ਅਤੇ ਉਸਦੇ ਬੱਚੇ ਦੀ ਰਿਹਾਈ ਲਈ ਸਿਫਾਰਸ਼ ਕੀਤੀ ਸੀ । ਤੇ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਦਿਲ ਹੀ ਦਿਲ ਕਿਤਨੀ ਤਸਕੀਨ ਮਹਿਸੂਸ ਕੀਤੀ ਸੀ । ਉਸਨੂੰ ਇੰਜ ਮਹਿਸੂਸ ਹੋਇਆ ਸੀ, ਜਿਵੇਂ ਕਿ ਇਕ ਡੁਬਦੇ ਹੋਏ ਬੰਦੇ ਨੂੰ ਤਿਨਕੇ ਦਾ ਸਹਾਰਾ ਮਿਲ ਗਿਆ ਹੋਵੇ । ਤੇ ਉਸ ਰਿਹਾਈ ਦਾ ਫਰਮਾਨ ਵਜ਼ੀਰੇ-ਆਲ੍ਹਾ ਦੇ ਹਵਾਲੇ ਕਰਦਿਆਂ ਹੋਇਆਂ, ਬੁੱਢੀ ਨੂੰ ਇਸ ਤਰ੍ਹਾਂ ਸਮਝਾਇਆ ਸੀ:-

‘‘ਦੇਖੋ, ਹਮ ਨੇ ਤੁਮਾਰੇ ਲੜਕੇ ਕੀ ਰਿਹਾਈ ਦਾ ਹੁਕਮ ਸਾਦਰ ਕਰ ਦੀਆ ਹੈ। ਮਗਰ, ਯਿਹ ਰਿਹਾਈ ਤਭੀ ਮੁਮਕਿਨ ਹੋ ਸਕਤੀ ਹੈ, ਅਗਰ ਤੁਮ੍ਹਾਰਾ ਬੱਚਾ ਬਾ-ਆਵਾਰ ਬੁਲੰਦ ਯਿਹ ਕਹੇ ਕਿ ਵੁਹ ਸਿੱਖ ਨਹੀਂ ਹੈ । ਯਿਹ ਕਹਿਣਾ ਜ਼ਰੂਰੀ ਹੈ, ਵਰਨਾ ਉਸੇ ਭੀ ਬਾਕੀ ਸਿੱਖੋਂ ਕੇ ਸਾਥ ਹੀ ਕਤਲ ਕਰਵਾ ਦੀਆ ਜਾਏਗਾ ।”
ਅਗੋਂ ਉਸ ਬੁੱਢੀ, ਵਿਧਵਾ ਤੇ ਮਮਤਾ ਦੀ ਮਾਰੀ ਲਾਚਾਰ ਔਰਤ ਨੇ ਬਾਦਸ਼ਾਹ ਦੇ ਪੈਰਾਂ ‘ਤੇ ਡੰਡੋਂਤ ਕਰਦਿਆਂ ਹੋਇਆ ਕਿਹਾ ਸੀ:-

‘ਬਾਦਸ਼ਾਹ ਜੀ, ਕਿਉਂ ਨਾ ਆਖੇਗਾ ਮੇਰਾ ਬੱਚਾ ?… ਉਹਨੂੰ ਆਖਣ ‘ਚ ਕੀ ਹਰਜ ਏ ਭਲਾ ? ਉਹਦੀ ਜਾਨ ਬਖ਼ਸ਼ੀ ਹੋ ਰਹੀ ਏ, ਉਹ ਜ਼ਰੂਰ… ਆਖੇਗਾ, ਆਪਣੀ ਬੁੱਢੀ ਬੇ-ਸਹਾਰਾ ਮਾਂ ਦੀ ਖ਼ਾਤਰ ਮੇਰਾ ਬੱਚਾ ਬੇ-ਕਸੂਰ ਏ, ਉਹਨੂੰ ਤਾਂ ਐਵੇਂ ਹੀ ਰਾਹ ‘ਚੋਂ ਫੜ ਲਿਆ ਨੇ ।”

ਤੇ ਵਜ਼ੀਰੇ-ਆਲ੍ਹਾ ਦੇ ਨਾਲ ਹੀ ਬੁੱਢੀ ਦੇ ਬਾਹਰ ਜਾਣ ਪਿਛੋਂ ਫਰੁਖ਼ਸੀਅਰ ਨੇ ਦਿਲ ਹੀ ਦਿਲ ਵਿੱਚ ਸੋਚਿਆ ਸੀ, ਚਲੋ, ਇਹਨਾਂ ਸਿੱਖ ‘ਚੋਂ ਇਕ ਤਾਂ ਨਿਤਰਿਆ, ਭਾਵੇਂ ਬੱਚਾ ਹੀ ਹੈ । ਸਿੱਖਾਂ ਦੇ ਤਾਂ ਬੱਚੇ ਵੀ ਜੰਮਦੀਆਂ ਸੂਲਾਂ ਵਾਂਗ ਤਿੱਖੇ ਹੁੰਦੇ ਹਨ ?…ਠੀਕ ਹੈ, ਜਦੋਂ ਉਹ ਹਜ਼ਾਰਾਂ ਤਮਾਸ਼ਬੀਨਾਂ, ਤਵਾਰੀਖ਼ਦਾਨਾਂ, ਤੇ ਅਹਿਲਕਾਰਾਂ ਦੀ ਮੌਜੂਦਗੀ ਵਿੱਚ ਇਹ ਗੱਲ ਬੁਲੰਦ ਆਵਾਜ਼ ਨਾਲ ਕਹੇਗਾ ਕਿ ‘ਉਹ ਸਿੱਖ ਨਹੀਂ ਹੈ’… ਤਾਂ ਇਸਦਾ ਅਸਰ, ਜਿਥੇ ਬਾਕੀ ਦੇ ਸਿੱਖਾਂ ਦੇ ਇਖ਼ਲਾਕ ਤੇ ਪਵੇਗਾ, ਉਥੇ ਉਹ ਬੰਦਾ ਸਿੰਘ ਨੂੰ ਵੀ ਇਸ ਗੱਲ ਦੇ ਸਹਾਰੇ ਸ਼ਰਮਸਾਰ ਕਰ ਸਕੇਗਾ ਕਿ ਉਸਦੇ ਸਾਥੀ ਕੈਸੇ ਡਰਪੋਕ ਨਿਕਲੇ ਹਨ, ਜੋ ਮੌਤ ਤੋਂ ਖ਼ੌਫਜ਼ਦਾ ਹੋ ਕੇ ਆਪਣੇ ਸਿੱਖ ਮਜ਼ਹਬ ਤੋਂ ਵੀ ਮੁਨਕਰ ਹੋ ਗਏ ਹਨ।

ਇਹ ਗੱਲਾਂ ਸੋਚ ਕੇ ਉਹ ਦਿਲ ਹੀ ਦਿਲ ਖੁਸ਼ ਹੋ ਰਿਹਾ ਸੀ. . . ਪਰ ਉਸਦੀ ਪ੍ਰੇਸ਼ਾਨੀ ਦੀ ਹੱਦ ਨਾ ਰਹੀ, ਜਦੋਂ ਸਰਬਰਾਹ ਖ਼ਾਨ, ਕੋਤਵਾਲ ਨੇ ਉਸਦੀ ਖ਼ਿਦਮਤ ਵਿੱਚ ਹਾਜ਼ਰ ਹੋ ਕੇ ਦਸਿਆ ਕਿ ਉਸ ਬੁੱਢੀ ਔਰਤ ਦੇ ਵਾਰ-ਵਾਰ ਟੋਕਣ, ਰੋਣ-ਕੁਰਲਾਉਣ ਦੇ ਬਾਵਜੂਦ, ਉਸ ਸਿੱਖ ਬੱਚੇ ਨੇ ਆਪਣੀ ਮਾਂ ਦੀ ਇਕ ਨਹੀਂ ਮੰਨੀ, ਤੇ ਉਸ ਉੱਚੀ-ਉੱਚੀ ਕੂਕ-ਕੂਕ ਕੇ ਕਿਹਾ ਕਿ ‘ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ, ਉਸਦੀ ਮਾਂ ਝੂਠ ਬੋਲਦੀ ਹੈ, ਉਹ ਸਿੱਖ ਦਾ ਬੱਚਾ ਹੈ, ਔਰ ਸਿੱਖ ਹੈ । ਉਸ ਨਾਲ ਵੀ ਉਸਦੇ ਵੀਰਾਂ ਵਰਗਾ ਸਲੂਕ ਕੀਤਾ ਜਾਏ, ਤਾਂ ਜੋ ਉਹ ਵੀ ਆਪਣੇ ਵੀਰਾਂ ਤੇ ਬਜ਼ੁਰਗਾਂ ਸੰਗ ਜਾ ਰਲੇ ।’”

ਅਖ਼ੀਰ, ਕੋਈ ਚਾਰਾ ਚਲਦਾ ਨਾ ਵੇਖ ਕੇ ਉਹ ਵੀ ਜਦ ਦੀ ਸ਼ਮਸ਼ੀਰ ਤੋਂ ਪਾਰ ਹੋ ਗਿਆ ।

ਜਿਉਂ ਜਿਉਂ ਸਰਬਰਾਹ ਖ਼ਾਨ ਇਸ ਬੱਚੇ ਬਾਰੇ ਫਰੁਖ਼ਸੀਅਰ ਨੂੰ ਜਾਣਕਾਰੀ ਦੇ ਰਿਹਾ ਸੀ, ਤਿਉਂ-ਤਿਉਂ ਉਹ ਫਿਰ ਫਿਕਰ-ਚਿੰਤਾ ਵਿੱਚ ਡੁੱਬਦਾ ਜਾ ਰਿਹਾ ਸੀ । ਤੇ ਕਿਤਨੀ ਦੇਰ ਤੱਕ ਖ਼ਾਮੋਸ਼-ਖ਼ਾਮੋਸ਼ ਨਜ਼ਰਾਂ ਨਾਲ ਉਹ, ਬਾਹਰ ਪਸਰ ਰਹੇ ਹਨ੍ਹੇਰੇ ਨੂੰ ਘੂਰਦਾ ਰਿਹਾ । ਕੁਝ ਚਿਰ ਦੀ ਚੁੱਪ ਪਿਛੋਂ, ਉਸ ਨੇ ਵਜ਼ੀਰ (ਅਮੀਨ-ਉਦ-ਦੌਲਾ) ਨੂੰ ਪੁਛਿਆ.-

“ਅਮੀਨ…. ਸਿੱਖ ਤਾਂ ਪਿਛੇ ਰਹੇ, ਸਿੱਖਾਂ ਦੇ ਬੱਚੇ ਵੀ ਸਾਡੀ ਇਸ ਖੂਨੀ ਸ਼ਮਸ਼ੀਰ ਤੋਂ ਖ਼ੌਫਜ਼ਦਾ ਨਹੀਂ ਹੋਏ । ਇਸ ਦੀ ਆਖ਼ਰ ਵਜਹ ਕੀ ਹੈ ?”

ਅਮੀਨ-ਉਦ-ਦੌਲਾਹ ਨੇ ਉੱਤਰ ਦੇਂਦਿਆ ਹੋਇਆ ਕਿਹਾ.-

“ਬਾਦਸ਼ਾਹ ਸਲਾਮਤ, ਇਸ ਗੱਲ ਦਾ ਜੁਆਬ ਮੈਂ ਹਜ਼ੂਰ ਨੂੰ ਦੋ ਦਿਨਾਂ ਬਾਅਦ ‘ਅਮਲੀ ਤੌਰ ਤੇ ਦਿਆਂਗਾ ।”

ਤੇ ਇਹ ਕਹਿ ਕੇ ਅਮੀਨ-ਉਦ-ਦੌਲਾਹ ਤੇ ਸਰਬਰਾਹ ਖ਼ਾਨ, ਮਹੱਲਾਂ ਤੋਂ ਬਾਹਰ ਆ
ਗਏ । ਬਾਹਰ ਆ ਕੇ, ਵਜ਼ੀਰ ਨੇ ਕੋਤਵਾਲ ਨੂੰ ਹੁਕਮ ਦਿੱਤਾ ਕਿ ਚਾਰ ਸਿੱਖਾਂ ਨੂੰ, ਜਿਨ੍ਹਾਂ ਦੀਆਂ ਉਮਰਾਂ ‘ਚ ਫਰਕ ਹੋਵੇ, ਇਕ ਵੱਖਰੀ ਹਵਾਲਾਤ ਵਿੱਚ ਬੰਦ ਕਰ ਦਿਤਾ ਜਾਏ, ਅਤੇ ਦੋ ਦਿਨਾਂ ਤਕ ਇਹਨਾਂ ਨੂੰ ਖਾਣ-ਪੀਣ ਲਈ ਕੁਝ ਨਾ ਦਿੱਤਾ ਜਾਏ । ਸੋ ਸਰਬਰਾਹ ਖ਼ਾਨ ਨੇ ਹੁਕਮ ਦੀ ਪਾਲਨਾ ਕਰਨ ਪਿਛੋਂ ਵਜ਼ੀਰੇ-ਆਲ੍ਹਾ, ਨੂੰ ਇਸ ਦੀ ਜਾਣਕਾਰੀ ਦੇ ਦਿੱਤੀ । ਦੋ ਦਿਨਾਂ ਪਿਛੋਂ ਵਜ਼ੀਰੇ-ਆਲਾ ਬਾਦਸ਼ਾਹ ਫਰੁਖ਼ਸੀਅਰ ਨੂੰ ਨਾਲ ਲੈ ਕੇ ਉਸ ਹਵਾਲਾਤ ਦੇ ਬਾਹਰ ਆ ਕੇ ਖੜਾ ਹੋ ਗਿਆ, ਜਿਥੇ ਚਵਾਂ ਭੁੱਖਣ-ਭਾਣੇ ਸਿੱਖਾਂ ਨੂੰ ਬੰਦ ਕੀਤਾ ਹੋਇਆ ਸੀ। ਉਹ ਖੁਫ਼ੀਆ ਤੌਰ ‘ਤੇ ਖੜੇ ਹੋਏ ਉਹਨਾਂ ਦੀਆਂ ਹਰਕਤਾਂ ਵੇਖਦੇ ਰਹੇ । ਉਹਨਾਂ ਚਵਾਂ ਸਿੱਖਾਂ ਨੂੰ ਕੇਵਲ ਦੋ ਰੋਟੀਆਂ ਖਾਣ ਨੂੰ ਦਿੱਤੀਆਂ । ਸਭ ਤੋਂ ਛੋਟੀ ਉਮਰ ਦੇ ਗਭਰੂ ਨੇ ਉਹ ਦੋਵੇਂ ਰੋਟੀਆਂ ਚੁੱਕ ਕੇ ਆਪਣੇ ਤੋਂ ਵੱਡੇ ਨੌਜੁਆਨ ਨੂੰ ਦੇਂਦਿਆਂ ਹੋਇਆ ਕਿਹਾ-

“ਭਾਉ, ਇਹ ਪ੍ਰਸ਼ਾਦ ਤੁਸੀਂ ਛਕੋ । ਤੁਸੀਂ ਇਹਨਾਂ ਮੁਗ਼ਲਾਂ ਨਾਲ ਲੋਹਾ ਲੈਣ ਦੇ ਯੋਗ ਹੋ । ਮੈਂ

ਪਰ ਉਸ ਵੀ ਰੋਟੀਆਂ ਨਹੀਂ ਖਾਧੀਆਂ ਤੇ ਉਹ ਦੋਵੇਂ ਰੋਟੀਆਂ, ਆਪਣੇ ਤੋਂ ਕੁਝ ਵਡੇਰੀ ਉਮਰ ਦੇ ਸਿੱਖ ਅੱਗੇ ਧਰਦਿਆਂ ਹੋਇਆਂ ਕਿਹਾ-

“ਵੀਰ ਜੀ, ਇਹ ਤੁਸੀਂ ਛੱਕ ਲਉ, ਤੁਸੀਂ ਘੋੜ-ਸਵਾਰੀ, ਸ਼ਸਤਰ-ਬਾਜ਼ੀ ਵਿੱਚ ਨਿਪੁੰਨ ਓ । ਤੁਹਾਡਾ ਜੀਉਣਾ ਪੰਥ ਅਤੇ ਦੇਸ਼ ਲਈ ਬੜਾ ਜ਼ਰੂਰੀ ਹੈ । ਪੰਥ ਨੂੰ ਤੁਹਾਡੇ ਜਿਹੇ ਯੋਧਿਆਂ ਤੋਂ ਬੜੀਆਂ ਆਸਾਂ ਹਨ ।”

ਪਰ ਉਸ ਵੀ ਉਹ ਦੋਵੇਂ ਰੋਟੀਆਂ ਨਹੀਂ ਖਾਧੀਆਂ, ਤੇ ਉਹ ਦੋਵੇਂ ਰੋਟੀਆਂ ਉਸ ਬਜ਼ੁਰਗ ਸਿੱਖ ਨੂੰ ਦੇਂਦਿਆਂ ਹੋਇਆਂ ਕਿਹਾ-

“ਬਾਪੂ ਜੀ, ਇਹ ਤੁਸੀਂ ਛੱਕ ਲਓ । ਮੈਂ ਜਵਾਨ ਜਹਾਨ ਆਂ, ਦੋ ਦਿਨ ਹੋਰ ਭੁੱਖਾ ਰਹਿ ਸਕਦਾ ਹਾਂ, ਪਰ ਬੁੱਢਾ ਸਰੀਰ ਤਾਂ ਪੂਰੀ ਟਹਿਲ ਸੇਵਾ ਮੰਗਦਾ ਹੈ ।”

ਪਰ ਉਸ ਬਜ਼ੁਰਗ ਸਿੱਖ ਨੇ ਵੀ ਉਹ ਦੋ ਰੋਟੀਆਂ ਨਹੀਂ ਖਾਧੀਆਂ, ਤੇ ਉਸ ਫਿਰ ਉਸ ਸਭ ਤੋਂ ਛੋਟੀ ਉਮਰ ਦੇ ਸਿੱਖ ਗੱਭਰੂ ਨੂੰ ਪੇਸ਼ ਕਰਦਿਆਂ ਹੋਇਆ ਕਿਹਾ-

‘ਬਚੂ, ਇਹ ਤੂੰ ਖਾ ਲੈ । ਤੂੰ ਸਾਡੀ ਕੌਮ, ਸਾਡੇ ਦੇਸ਼ ਦੀ ਆਸ ਏ’ । ਮੇਰਾ ਕੀ ਏ, ਮੈਂ ਤੇ ਹੁਣ ਉਮਰ ਗੁਜ਼ਾਰ ਚੁੱਕਾਂ ਅਤੇ ਨਦੀ ਕਿਨਾਰੇ ਰੁਖੜੇ ਵਾਂਗ ਹਾਂ ।’”

ਉਸ ਬੱਚੇ ਨੇ ਹੋਰ ਕੋਈ ਚਾਰਾ ਚਲਦਾ ਨਾ ਵੇਖ ਕੇ ਕਿਹਾ-

“ਚਲੋ, ਫਿਰ ਸਿੰਘੋ, ਜੇ ਕੋਈ ਵੀ ਇਕੱਲਾ ਨਹੀਂ ਖਾਂਦਾ, ਤਾਂ ਵੰਡ ਕੇ ਛੱਕ ਲੈਂਦੇ ਆਂ।’”

ਉਹਨਾਂ ਚਵਾਂ ਨੇ ਅੱਧੀ-ਅੱਧੀ ਰੋਟੀ ਖਾ ਕੇ ਤੇ ਪਾਣੀ ਪੀ ਕੇ ਵਾਹਿਗੁਰੂ ਦਾ ਧੰਨਵਾਦ ਕੀਤਾ ।

ਜਦ ਬਾਦਸ਼ਾਹ ਫਰੁਖ਼ਸੀਅਰ ਨੇ, ਇਹ ਘਟਨਾ ਤੇ ਵਾਰਤਾ, ਆਪਣੀ ਅੱਖੀਂ ਵੇਖੀ ਤੇ ਕੰਨੀਂ ਸੁਣੀ ਤਾਂ ਉਹ ਦੰਗ ਹੀ ਰਹਿ ਗਿਆ ਤੇ ਸੋਚੀ ਪੈ ਗਿਆ ਕਿ ਅਜਿਹੇਤਿਆਗ, ਸੁਆਰਥ-ਰਹਿਤ, ਕੁਰਬਾਨੀ, ਸੇਵਾ ਤੇ ਸਿੱਖੀ ਜਜ਼ਬੇ ਨਾਲ ਸਰਸ਼ਾਰ ਇਹਨਾਂ ਸਿੱਖਾਂ ਨੂੰ ਕੌਣ ਹਰਾਉਣ, ਦਬਾਉਣ ਤੇ ਝੁਕਾਉਣ ਦੇ ਸਮਰੱਥ ਹੋ ਸਕਦਾ ਹੈ ? ਤੇ ਇਸੇ ਪ੍ਰੇਸ਼ਾਨੀ ਦੀ ਹਾਲਤ ਵਿੱਚ ਸਣੇ ਵਜ਼ੀਰੇ-ਆਲ੍ਹਾ ਦੇ, ਉਹ ਦੀਵਾਨੇ-ਖ਼ਾਸ ਵਿੱਚ ਪਰਤ ਆਇਆ ।

ਪਾਂਧੀ ਨਾਨਕਾਣਵੀ