views 11 secs 0 comments

ਗੁਰਬਾਣੀ ਵਿੱਚ ਗੁਰਮੁਖ ਦਾ ਸੰਕਲਪ

ਲੇਖ
May 18, 2026

ਗੁਰਮੁਖਿ ਕੁੜੁ ਨ ਭਾਵਈ ਸਚਿ ਰਤੇ ਸਚ ਭਾਇ॥ ਸਾਕਤ (ਅਭਿਮਾਨੀ) ਸਚੁ ਨ ਭਾਵਈ ਕੂੜੈ ਕੂੜੀ ਪਾਂਇ॥

ਅੰਗ-22

ਗੁਰਮੁਖ ਉਹ ਸਜਣ ਪੁਰਸ਼ ਹੈ ਜਿਸ ਦਾ ਮੁਖ ਹਮੇਸ਼ਾ ਆਪਣੇ ਗੁਰੂ ਵਲ ਰਹਿੰਦਾ ਹੈ, ਉਹ ਗੁਰੂ ਦੀ ਸਿੱਖਿਆ ਦਾ ਸਤਿਕਾਰ ਕਰਦਾ ਹੈ, ਗੁਰੂ ਵੱਲੋਂ ਦਰਸਾਈ ਮਤ ਦੇ ਤਾਬੇ ਆਪਣੀ ਜ਼ਿੰਦਗੀ ਦਾ ਹਰ ਕਰਮ ਕਰਦਾ ਹੋਇਆ ਉਸ ਦੀ ਮਹਾਨਤਾ ਅਤੇ ਸਰਬ-ਸ਼ਕਤੀਮਾਨਤਾ ਅਗੇ ਸਿਰ ਨਿਵਾਉਂਦਾ ਹੈ। ਉਹ ਕਦੇ ਆਪਣੀ ਨਿਜਤਾ ਨੂੰ, ਆਪਣੀ ਜ਼ਾਤੀ ਮਤ ਨੂੰ ਆਪਣੇ ਗੁਰੂ, ਆਪਣੇ ਇਸ਼ਟ ਦੀ ਮਤ ਤੋਂ ਉੱਚਾ ਨਹੀਂ ਸਮਝਦਾ ਸਗੋਂ ਇਸ ਤਰ੍ਹਾਂ ਸੋਚ ਤਕ ਵੀ ਨਹੀਂ ਸਕਦਾ। ਗੁਰੂ ਦੇ ਪਾਏ ਪੂਰਨਿਆਂ ਤੇ ਚਲਣ ਵਿਚ ਉਸ ਨੂੰ ਇਲਾਹੀ ਖੁਸ਼ੀ ਪ੍ਰਤੀਤ ਹੁੰਦੀ ਹੈ ਭਾਵੇਂ ਉਹ ਪੰਥ, ਉਹ ਰਾਹ, ਉਹ ਮਾਰਗ ਕਿਤਨਾ ਹੀ ਦੁਸ਼ਵਾਰ, ਬਿਖੜਾ ਤੇ ਜੋਖ਼ਮ ਭਰਿਆ ਕਿਉਂ ਨਾ ਹੋਵੇ। ਉਹ ਆਪਣੇ ਮੁਰਸ਼ਦ ਦੀ ਆਗਿਆ ਵਿਚ ਬੰਦ ਬੰਦ ਕਟਵਾ ਦੇਣ, ਦੇਗਾਂ ਵਿਚ ਉਬਲ ਜਾਣ, ਚਰਖੜੀਆਂ ਤੇ ਚੜ੍ਹ ਜਾਣ ਵਿਚ ਇਕ ਅਦੁੱਤੀ ਖੇੜਾ ਪ੍ਰਤੀਤ ਕਰਦਿਆਂ ਪੁਰਜ਼ਾ ਪੁਰਜ਼ਾ ਕਟਵਾ ਕੇ ਵੀ ਕਦੇ ਰਣ ਭੂਮੀ ਤੋਂ ਪਿੱਠ ਨਹੀਂ ਦਖਾਉਂਦਾ। ਉਸ ਨੂੰ ਗੁਰੂ ਦੀ ਸ਼ਰਨ ਵਿਚ ਜੀਣ ਵਿਚ ਵੀ ਸਵਾਦ ਆਉਂਦਾ ਹੈ ਅਤੇ ਗੁਰੂ ਦੇ ਹੁਕਮ ਵਿਚ ਆਪਾ ਵਾਰਨ ਵਿਚ ਉਸ ਤੋਂ ਵੀ ਵੱਧ ਆਨੰਦ ਮਹਿਸੂਸ ਹੁੰਦਾ ਹੈ। ਅਜਿਹੇ ਗੁਰਮੁਖ ਜਾਂ ਗੁਰਸਿਖ ਲਈ ਗੁਰਬਾਣੀ ਵਿਚ ਬੜਾ ਜ਼ਾਬਤਾ-ਬੱਧ ਜੀਵਨ ਜੀਣ ਦੀ ਤਾਕੀਦ ਹੈ। ਉਸ ਦੀ ਨਿਤ ਦੀ ਕਿਰਿਆ ਗੁਰੂ ਰਾਮਦਾਸ ਜੀ ਵਲੋਂ ਉਲੇਖੇ ਗਏ ਅਨੁਸਾਰ ਅੰਮ੍ਰਿਤ ਵੇਲੇ ਪਾਰੰਭ ਹੁੰਦੀ ਹੈ ਜਦ ਉਸ ਨੇ ਇਸ਼ਨਾਨ ਪਾਣੀ ਕਰਕੇ, ਸਵੱਛ ਹੋ ਕੇ ਵਾਹਿਗੁਰੂ ਦਾ ਨਾਮ ਧਿਆਉਣਾ ਹੈ, ਨਾਮ ਦੇ ਸਰੋਵਰ ਵਿਚ ਟੁਭੀਆਂ ਲਾਉਣੀਆਂ ਹਨ, ਬੈਠਦਿਆਂ ਉਠਦਿਆਂ ਨਾਮ ਨਾਲ ਲਿਵ ਜੋੜੀ ਰਖਣੀ ਹੈ। ਜਿਹੜਾ ਗੁਰਸਿੱਖ ਇਵੇਂ ਕਰਦਾ ਹੈ ਉਹ ਹਰੀ ਪ੍ਰਭੂ ਨੂੰ ਬਹੁਤ ਭਾਉਂਦਾ ਹੈ। ਗੁਰੂ ਤਾਂ ਅਜਿਹੇ ਗੁਰਮੁਖ ਤੋਂ ਵਾਰਨੇ ਜਾਂਦਾ ਹੈ ਜਿਹੜਾ ਵਾਹਿਗੁਰੂ ਦਾ ਨਾਂ ਆਪ ਜਪਦਾ ਹੈ ਅਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਦੀ ਪ੍ਰੇਰਨਾ ਦੇਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ-305/306 ਤੇ ਇਨ੍ਹਾਂ ਭਾਵਾਂ ਵਾਲਾ ਸਮੁੱਚਾ ਸ਼ਬਦ ਅੰਕਤ ਹੈ ਜਿਸ ਦੀ ਪਹਿਲੀ ਪੰਗਤੀ ਇਵੇਂ ਹੈ : ‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ।’ ਗੁਰੂ ਸਾਹਿਬ ਇਸੇ ਸ਼ਬਦ ਦੀ ਅਗਲੀ ਪਉੜੀ ਵਿਚ ਇਹ ਵੀ
ਫਰਮਾਣ ਕਰਦੇ ਹਨ ਕਿ ਜਿਹੜਾ ਸਿੱਖ ਅਜਿਹਾ ਨਹੀਂ ਕਰਦਾ ਅਤੇ ਆਪਣੇ ਗੁਰੂ ਨੂੰ ਸੇਵਣ ਤੋਂ ਬਿਨਾਂ ਹੀ ਖਾਂਦਾ, ਪੀਂਦਾ ਤੇ ਪਹਿਨਦਾ ਹੈ ਉਸ ਦਾ ਜੀਣਾ ਕਿਸੇ ਕੰਮ ਨਹੀਂ। ਉਹ ਜੀਂਦਾ ਵੀ ਮਰਿਆ ਹੋਇਆ ਹੈ ਅਤੇ ਤੰਦਰੁਸਤ ਹੋਣ ਦੇ ਬਾਵਜੂਦ ਕੋਹੜਾ ਹੈ। ਜਿਹੜਾ ਗੁਰਮੁਖ ਨਾ ਹੋ ਕੇ ਆਪ ਹੁਦਰਾ ਹੈ, ਸਪੱਸ਼ਟ ਹੈ ਉਸ ਦੇ ਸਿਰ ਤੇ ਕੋਈ ਕੁੰਡਾ ਨਹੀਂ, ਇਸ ਲਈ ਬੁਰਾ ਕੰਮ ਕਰਨ ਲੱਗਿਆਂ ਉਸ ਨੂੰ ਕੋਈ ਹੋੜਨ ਵਾਲਾ ਨਹੀਂ ਜਿਸ ਕਰਕੇ ਉਸ ਨੇ ਤਾਂ ਸਾਰਾ ਦਿਨ ਆਪਣੇ ਮਨ ਦੇ ਮਾੜੇ ਵੇਗਾਂ ਦੇ ਪ੍ਰਭਾਵ ਥੱਲੇ ਆ ਕੇ ਕੁਕਰਮ ਹੀ ਕਰਨੇ ਹਨ ਜਾਂ ਫਿਰ ਚੁਗ਼ਲੀ, ਨਿੰਦਾ, ਬਖ਼ੀਲੀ ਵਿਚ ਹੀ ਸਮਾਂ ਬਰਬਾਦ ਕਰਨਾ ਹੈ। ਆਪਣੇ ਇਸ ਵਿਹਾਰ ਅਤੇ ਸੁਭਾਅ ਕਾਰਨ ਉਸ ਦਾ ਇਸ ਜਹਾਨ ਵਿਚ ਵੀ ਮੂੰਹ ਕਾਲਾ ਹੁੰਦਾ ਹੈ ਤੇ ਅਗਲੇ ਜਹਾਨ ਵਿਚ ਵੀ ਉਸ ਦੀ ਇਹੀ ਦੁਰਦਸ਼ਾ ਹੁੰਦੀ ਹੈ ਤੇ ਇਵੇਂ ਉਸ ਨੂੰ ਢੋਈ ਕਿਧਰੇ ਵੀ ਨਹੀਂ ਮਿਲਦੀ।

ਇਸ ਲਈ ਗੁਰਮੁਖ ਨੇ ਅਜਿਹੀ ਖੁਲ੍ਹ ਨਹੀਂ ਲੈਣੀ ਤੇ ਆਪਣੇ ਮਨ ਤੇ ਅੰਕੁਸ਼ ਲਗਾ ਕੇ ਉਸ ਦਾ ਇਕ ਸਿਰਾ ਆਤਮਾ ਨਾਲ ਜੋੜ ਕੇ ਅਕਾਲ ਉਸਤਤ ਵਲ ਲਗਾਉਣਾ ਹੈ ਅਤੇ ਦੂਜਾ ਸਿਰਾ ਦੁਨੀਆ ਵਿਚ ਜੋੜ ਕੇ ਕਿਰਤ ਕਮਾਈ ਕਰਕੇ ਆਪਣੀ ਗੁਜ਼ਰਾਨ ਕਰਨੀ ਹੈ। ਦੁਨੀਆ ਦਾ ਤਿਆਗ ਨਹੀਂ ਕਰਨਾ ਸਗੋਂ ਇਸ ਵਿਚ ਇਕ ਕੰਵਲ ਦੇ ਫੁਲ ਵਾਂਗਰਾ ਰਹਿਣਾ ਹੈ। ਸੁੱਚੀ ਕਿਰਤ ਕਰਨੀ ਹੈ ਅਤੇ ਆਪਣੀ ਘਾਲ ਕਮਾਈ ਵਿਚੋਂ ਕੁਝ ਦੂਜੇ ਗਰਜ਼ਮੰਦ ਨੂੰ ਵੀ ਦੇਣਾ ਹੈ। ਇਸ ਤਰ੍ਹਾਂ ਉਸ ਦੀ ਬਿਰਤੀ ਵਿਚ ਸਦਾਚਾਰੀ ਗੁਣਾਂ ਦਾ ਵਾਧਾ ਹੁੰਦਾ ਰਹੇਗਾ ਅਤੇ ਅਕਾਲਪੁਰਖ ਦੀ ਸਾਰੀ ਮਾਨਵ ਸੰਤਾਨ ਨਾਲ ਉਸ ਦੇ ਭਰਾਤਰੀ ਭਾਵ ਵਿਕਸਤ ਹੋਣਗੇ, ਪ੍ਰੇਮ ਪਿਆਰ ਵਧੇਗਾ ਅਤੇ ਉਹ ਦੁਨੀਆ ਵਿਚ ਲੁਟ-ਖਸੁਟ ਮਾਰ ਧਾੜ ਤੋਂ ਦੂਰ ਰਹੇਗਾ। ਗੁਰਮੁਖ ਲਈ ਪ੍ਰਪੱਕ ਹਦਾਇਤ ਹੈ ਕਿ ਦੂਜੇ ਦਾ ਹੱਕ ਮਾਰਨਾ ਉਸ ਲਈ ਹਰਾਮ ਹੈ ਜਿਵੇਂ ਮੁਸਲਮਾਨ ਨੂੰ ਸੂਰ ਖਾਣਾ ਤੇ ਹਿੰਦੂ ਨੂੰ ਗਊ ਖਾਣਾ ਹਰਾਮ ਹੁੰਦਾ ਹੈ। ਗੁਰਬਾਣੀ ਅਨੁਸਾਰ ਗੁਰਮੁਖ ਇਤਨਾ ਵਧੀਆ ਹਿਤਕਾਰੀ ਪੁਰਸ਼ ਹੈ ਕਿ ਉਸ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਵਿੱਚ ਘੱਟੋ ਘੱਟ 800 ਪੰਗਤੀਆਂ ਅਜਿਹੀਆਂ ਹਨ ਜਿਹੜੀਆਂ ‘ਗੁਰਮੁਖ’ ਸ਼ਬਦ ਨਾਲ ਪ੍ਰਾਰੰਭ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਗੁਰਮੁਖ ਦੀ ਘਾੜਤ, ਉਸਦੇ ਕਰਤਵਾਂ, ਉਸਦੇ ਬਹੁ ਪਰਕਾਰੀ ਗੁਣਾਂ ਦਾ ਕਈ ਕਈ ਢੰਗਾਂ ਨਾਲ ਵਰਨਣ ਹੈ ਤਾ ਕਿ ਉਸਨੂੰ ਜਿਸ ਪਰਮ ਸਰੇਸ਼ਟ ਰੂਪ ਵਿੱਚ ਸਿਰਜਿਆ ਤੇ ਸਜਾਇਆ ਗਿਆ ਹੈ ਉਹ ਹਰ ਸਮੇਂ ਉਸ ਤੇ ਪੂਰਾ ਉਤਰ ਸਕੇ ਅਤੇ ਸੰਸਾਰ ਵਿੱਚ ਆਪਣੇ ਉੱਚੇ ਸੁੱਚੇ ਜੀਵਨ ਸਦਕਾ ਦੂਜਿਆਂ ਨੂੰ ਯੋਗ ਪ੍ਰੇਰਨਾ ਅਤੇ ਅਗਵਾਈ ਬਖ਼ਸ਼ਦਾ ਰਹੇ।

ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿਚੋਂ ਸਤਵੀਂ ਵਾਰ ਕੇਵਲ ਗੁਰਮੁਖਾਂ ਦੇ ਗੁਣਾਂ ਪ੍ਰਥਾਇ ਰਚਕੇ ਕਮਾਲ ਕਰ ਦਿੱਤੀ ਹੈ। ਕਿਹੜਾ ਐਸਾ ਗੁਣ ਹੈ ਜੋ ਗੁਰਮੁਖ ਵਿਚ ਨਹੀਂ। ਨਮੂਨੇ ਮਾਤਰ ਉਸ ਦੀਆਂ ਸਿਫਤਾਂ ਇਵੇਂ ਹਨ। ਗੁਰਮੁਖ
ਸ਼ਬਦ ਦੀ ਗਿਆਤ ਵਿਚ ਪ੍ਰੀਤੀ ਕਰਕੇ ਵਾਹਿਗੁਰੂ ਨੂੰ ਜਾਣ ਜਾਂਦੇ ਹਨ। ਉਹ ਦੁਖ ਸੁਖ ਨੂੰ ਸਾਧ ਕੇ, ਹਰਖ ਸੋਗ, ਨਰਕ ਸਵਰਗ, ਪੁੰਨ, ਪਾਪ ਤੋਂ ਨਿਆਰੇ ਹੁੰਦੇ ਹਨ।

ਆਧ, ਬਿਆਧ, ਉਪਾਧ ਰੂਪੀ ਤਿੰਨਾਂ ਰੋਗਾਂ ਤੇ ਹਾਵੀ ਹੋ ਕੇ ਉਹ ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ਦਾ ਵੀ ਭੇਤ ਪਾ ਲੈਂਦੇ ਹਨ। ਉਹ ਚੌਹਾਂ ਦਿਸ਼ਾਵਾਂ, ਚਾਰੇ ਯੁਗਾਂ, ਚਾਰੇ ਹੀ ਵਰਣਾਂ ਅਤੇ ਵੇਦਾਂ ਦੀ ਮਨੌਤ ਤੋਂ ਪਾਰ ਰਹਿੰਦੇ ਹਨ। ਉਹ ਪੌਣ ਪਾਣੀ, ਅਗਨੀ, ਧਰਤੀ ਤੇ ਅਕਾਸ਼ ਨੂੰ ਉਲੰਘੇ ਹੁੰਦੇ ਹਨ । ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਤੋਂ ਰਹਿਤ ਹਨ। ਦਿਆ, ਸਤ, ਸੰਤੋਖ ਤੇ ਧਰਮ ਨੂੰ ਧਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਦੇ ਪਰਮਾਣੀਕ ਸੰਤ ਹਨ। ਗੁਰਬਾਣੀ ਵਿੱਚ ਵੀ ਉਨ੍ਹਾਂ ਬਾਰੇ ਕੀਤੇ ਗਏ ਉਲੇਖ ਅਨੁਸਾਰ ਗੁਰਮੁਖਾਂ ਵਿਚ ਸਬਰ ਤੇ ਸੰਤੋਖ ਇਤਨਾ ਹੁੰਦਾ ਹੈ ਕਿ ਰਸਨਾ ਦੇ 36 ਰਸਾਂ ਤੇ ਵੀ ਉਹ ਹਮੇਸ਼ਾ ਹਾਵੀ ਰਹਿੰਦੇ ਹਨ। ਉਹ ਸਭਭਰਮਾਂ ਵਹਿਮਾਂ ਨੂੰ ਦਲੇਰੀ ਨਾਲ ਤਲਾਂਜ ਕੇ ਕੇਵਲ ਤੇ ਕੇਵਲ ਸਾਧ ਸੰਗਤ ਵਿਚ ਤਤਪਰ ਰਹਿੰਦੇ ਹਨ ਅਤੇ ਉਸ ਦੀ ਵਡਿਆਈ ਤੇ ਮਹੱਤਤਾ ਦੇ ਕਾਇਲ ਹਨ। ਉਨ੍ਹਾਂ ਵਿਚ ਨਾਥਾਂ ਨੂੰ ਨਥ ਕੇ ਹੁਕਮ ਵਿਚ ਤੋਰਨ ਦੀ ਸਮਰੱਥਾ ਹੋਣ ਦੇ ਬਾਵਜੂਦ ਵੀ ਉਹ ਨਿਮਾਣਿਆਂ, ਨਿਤਾਣਿਆਂ ਦਾ ਮਾਣ ਹਨ ਤੇ ਉਨ੍ਹਾਂ ਦੀ ਸਹਾਇਤਾ ਕਰਦੇ ਹਨ ਕਿਉਂਕਿ ਉਹ ਪ੍ਰੇਮ ਭਗਤੀ ਦੇ ਉਪਾਸ਼ਕ ਹਨ। ਉਨ੍ਹਾਂ ਨੇ ਇੰਦਰੀਆਂ ਨੂੰ ਵਸ ਕੀਤਾ ਹੁੰਦਾ ਹੈ, ਸਭ ਦਾਤਾਂ ਦੇ ਸਵਾਮੀ ਹੁੰਦੇ ਹਨ ਫਿਰ ਵੀ ਵਾਹਿਗੁਰੂ ਦੇ ਹੁਕਮ ਵਿਚ ਵਿਘਨ ਨਹੀਂ ਪਾਉਂਦੇ। ਗੁਰੂ ਚਰਨਾਂ ਨਾਲ ਲਿਵ ਜੋੜੀ ਰੱਖਦੇ ਹਨ, ਗੁਰ ਚਰਨਾਂ ਦੀ ਆਪ ਪੂਰੀ ਨਿਸ਼ਠਾ ਤੇ ਲਗਨ ਨਾਲ ਪੂਜਾ ਕਰਦੇ ਹਨ ਅਤੇ ਜਗਿਆਸੂਆਂ ਤੋਂ ਕਰਵਾਉਂਦੇ ਹਨ। ਸਾਧ ਸੰਗਤ ਵਿਚ ਗੁਰੂ ਦੇ ਹੁਕਮ ਦਾ ਵਾਸਾ ਕਰਨ ਵਿਚ ਹਮੇਸ਼ਾ ਪੇਸ਼ ਪੇਸ਼ (ਅੱਗੇ ਅੱਗੇ) ਰਹਿੰਦੇ ਹਨ। ਸੰਖੇਪ ਰੂਪ ਵਿਚ ਭਾਵ ਇਹ ਹੀ ਹੈ ਕਿ ਗੁਰਮੁਖ ਆਪਣੇ ਉੱਚੇ ਸੁੱਚੇ ਕਿਰਦਾਰ ਕਾਰਨ ਆਪ ਵੀ ਸਹਿਜ ਸੁਭਾਏ ਵੱਡੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਕੀਰਤੀ ਵੀ ਵਡਿਆਈ ਗ੍ਰਹਿਣ ਕਰ ਲੈਂਦੀ ਹੈ। ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਚਾਬੀ ਦਾ ਦਰਜਾ ਰਖਦੀ ਹੈ ਇਸ ਲਈ ਇਸ ਵਿਚ ਜੋ ਕੁਝ ਵੀ ਅੰਕਤ ਹੈ ਉਹ ਗੁਰਬਾਣੀ ਦੇ ਕਿਸੇ ਨਾ ਕਿਸੇ ਨੁਕਤੇ ਦੀ ਵਿਆਖਿਆ ਹੈ, ਪ੍ਰੋੜ੍ਹਤਾ ਹੈ। ਗੁਰਮੁਖ ਬਾਰੇ ਇਤਨਾ ਵਿਸਥਾਰ ਭਾਈ ਸਾਹਿਬ ਨੇ ਆਪਣੀਆਂ ਵਾਰਾਂ ਵਿਚ ਅਤੇ ਸਤਿ ਗੁਰਾਂ ਨੇ ਗੁਰਬਾਣੀ ਵਿੱਚ ਦਿੱਤਾ ਹੈ, ਜਿਸ ਨਾਲ ਗੁਰਮੁਖ ਦੀ ਹਸਤੀ ਦਾ ਖਾਕਾ ਖਿਚਣਾ ਸੌਖਾ ਹੋ ਜਾਂਦਾ ਹੈ।

ਗੁਰਬਾਣੀ ਵਿਚ ਗੁਰਮੁਖ ਦੀ ਕਰਨੀ, ਉਸ ਦੀ ਕਾਰ, ਉਸ ਦੇ ਵਿਹਾਰ ਬਾਰੇ ਵੀ ਬੜੀਆਂ ਤਾਕੀਦਾਂ ਮੌਜੂਦ ਹਨ। ਗੁਰਮੁਖ ਦੀ ਰਹਿਤ ਕਿਹੋ ਜਹੀ ਹੋਵੇ ਦੇ ਉਤਰ ਵਿਚ ਸਤਿਗੁਰ ਅੰਗ-69 ਤੇ ਫਰਮਾਉਂਦੇ ਹਨ :

ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮਰਾਮੁ ਰਮਿਆ ਹੋਇਆ) ਪਛਾਣੀ॥

ਏਕੋ ਸੇਵਨਿ ਏਕੁ ਅਰਾਧਹਿ ਗੁਰਮੁਖਿ ਅਕਥ ਕਹਾਣੀ ॥

ਜਿਸ ਦਾ ਸਰਲ ਅਰਥਾਂ ਵਿਚ ਭਾਵ ਇਹ ਹੈ ਕਿ ਗੁਰਮੁਖ ਸਜਣ ਪੁਰਖ ਹਮੇਸ਼ਾ ਸੁੱਚੇ ਤੇ ਨਿਰਮਲ ਬਚਨਾਂ ਦਾ ਹੀ ਪ੍ਰਯੋਗ ਕਰਦੇ ਹਨ। ਮੰਦੇ ਬੋਲ ਕੁਬੋਲ ਉਨ੍ਹਾਂ ਦੀ ਜ਼ਬਾਨ ਤੇ ਚੜ੍ਹਦੇ ਹੀ ਨਹੀਂ। ਉਹ ਤਾਂ ਹਰ ਸਮੇਂ ਅੰਮ੍ਰਿਤ ਰੂਪੀ ਰਸਭਿੰਨੀ ਬਾਣੀ ਹੀ ਆਪਣੇ ਮੁਖਾਰ ਤੋਂ ਉਚਾਰਦੇ ਹਨ, ਹਰ ਇਕ ਵਿਚ ਅਕਾਲਪੁਰਖ ਦੀ ਜੋਤ ਸਮਝਦੇ ਹੋਏ ਉਸ ਨਾਲ ਪ੍ਰੇਮ ਭਾਵ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ਦੇ ਸ਼ੁਭ ਕਰਮਾਂ ਤੇ ਪਵਿੱਤਰ ਕਥਨਾਂ ਦਾ ਉਲੇਖ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਦਾ ਹਰ ਕਰਮ ਗੁਰੂ ਆਸ਼ੇ ਅਨੁਸਾਰ ਹੀ ਅਮਲ ਵਿਚ ਆਉਂਦਾ ਹੈ। ਉਨ੍ਹਾਂ ਨੂੰ ਇਸ ਗੱਲ ਦੀ ਸੋਝੀ ਹੈ ਕਿ ਜਿਹੜੇ ਮਨਮੁਖ ਗੁਰੂ ਦੀ ਬਾਣੀ, ਗੁਰੂ ਦੇ ਕਥਨਾਂ, ਗੁਰੂ ਦੇ ਉਪਦੇਸ਼ਾਂ ਵਲ ਧਿਆਨ ਨਹੀਂ ਦੇਂਦੇ ਉਹ ਇਹ ਜੀਵਨ ਵਿਅਰਥ ਗਵਾ ਕੇ ਚੌਰਾਸੀ ਦੇ ਗੇੜ ਵਿਚ ਪਏ ਰਹਿੰਦੇ ਹਨ।

ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮੁ ਗਵਾਇਆ॥ ਅੰਗ-69

ਇਸ ਲਈ ਗੁਰਮੁਖਾਂ ਦੀ ਕਾਰ ਹੀ ਗੁਰਬਾਣੀ ਗਾਵਣਾ ਤੇ ਸੁਣਾਵਣਾ ਹੈ, ਆਪ ਵੀ ਤਰਨਾ ਹੈ ਤੇ ਹੋਰਾਂ ਦਾ ਵੀ ਨਿਸਤਾਰਾ ਕਰਨਾ ਹੈ। ਗੁਰੂ ਦੀ ਪਵਿੱਤਰ ਬਖਸ਼ਿਸ਼ ਦੁਆਰਾ ਗੁਰਬਾਣੀ ਰੂਪੀ ਸੁੱਚੇ ਚਾਨਣ ਦੀ ਮਦਦ ਨਾਲ ਹੰਕਾਰ ਨੂੰ ਲਭ ਕੇ ਜਾਲਣਾ ਹੈ, ਅੰਤਰ ਹਿਰਦੇ ਨੂੰ ਸ਼ਾਂਤ ਰੱਖਣਾ ਹੈ, ਗੁਰਬਾਣੀ ਰੂਪੀ ਅੰਮ੍ਰਿਤ ਭੁੰਚਣਾ ਹੈ, ਮਾਇਆ ਵਿਚ ਵਿਚਰਦਿਆਂ ਹੋਇਆਂ ਇਸ ਤੋਂ ਬੇਨਿਆਜ਼ ਤੇ ਅਲਿਪਤ ਰਹਿਣਾ ਹੈ, ਇਲਾਹੀ ਸ਼ਬਦ ਨੂੰ ਸਿੰਝਾਪਣਾ ਹੈ, ਪਛਾਣਨਾ ਹੈ, ਕਮਾਉਣਾ ਹੈ, ਸੰਭਾਲਣਾ ਹੈ ਤੇ ਹਰੀ ਦੇ ਗੁਣਾਂ ਦਾ ਗਾਇਣ ਕਰਨਾ ਹੈ। ਗੁਰਮੁਖ ਨੇ ਭਾਣਾ ਮੰਨਣਾ ਹੈ ਕਿਉਂਕਿ ਹੁਕਮ ਹੈ ‘ਗੁਰਮੁਖਿ ਹੋਵੈ ਸੁ ਭਾਣਾ ਮੰਨੇ’। ਅਜਿਹਾ ਕੁਝ ਕਰਨ ਨਾਲ ‘ਗੁਰਮੁਖਿ ਚੂਕੇ ਆਵਣ ਜਾਣੁ’ ਅਤੇ ‘ਗੁਰਮੁਖਿ ਪਾਵਹਿ ਦਰਗਹਿ ਮਾਣ’। ਇਸ ਤਰ੍ਹਾਂ ‘ਗੁਰਮੁਖਿ ਸਦਾ ਮੁਖ ਊਜਲੇ’ ਰਖ ਕੇ ਹਮੇਸ਼ਾ ‘ਰੰਗ ਰਾਤੇ’ ਰਹਿੰਦੇ ਹਨ। ਅਜਿਹੀ ਅਵਸਥਾ ਦੇ ਧਾਰਨੀ ਗੁਰਮੁਖਾਂ ਦੇ ਬਚਨ ਪਵਿੱਤਰ ਹਨ, ਕਰਮ ਉਤਮ ਹਨ, ਸੋਚ ਨਿਰਮਲ ਹੈ, ਵਿਹਾਰ ਸੁੱਚਾ ਹੈ, ਮਨ ਸ਼ਾਂਤ ਹੈ ਅਤੇ ਆਤਮਿਕ ਬਿਰਤੀ ਨਾਮ ਨਾਲ ਓਤ ਪੋਤ ਹੈ। ਇਸ ਲਈ ਉਹ ਅੰਤ ਕਾਲ ਮੌਤ ਦੀ ਪੀੜ ਤੋਂ ਵੀ ਮੁਕਤ ਹਨ :

ਇਨ੍ਹ ਬਿਧਿ ਪਾਸਾ ਢਾਲਹੁ ਸ਼ਤਰੰਜ ਖੇਡੋ) ਬੀਰ॥

ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ॥ ਅੰਗ-1185 ਅਜਿਹੇ ਗੁਰਮੁਖਾਂ ਦੀ ਮਹਿਮਾ ਵਿਚ ਗੁਰੂ ਰਾਮਦਾਸ ਜੀ ਇਵੇਂ ਫਰਮਾਣ ਕਰਦੇ ਹਨ :

ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ॥ ਹਮ ਤਿਨ ਕੇ ਚਰਣ ਪਖਾਲਦੇ (ਧੋਂਦੇ) ਧੂੜਿ ਘੋਲਿ ਘੋਲਿ ਪੀਜੈ॥ ਅੰਗ-726

ਆਓ ਅਸੀਂ ਵੀ ਇਨ੍ਹਾਂ ਉੱਚੇ ਸੁੱਚੇ ਵਿਚਾਰਾਂ ਨਾਲ ਸਜੇ ਪੂਰਨਿਆਂ ਉਤੇ ਚਲੀਏ ਅਤੇ

‘ਜੀਵਤਿਆ ਮਰੀਐ ਭਉਜਲੁ ਤਰੀਐ’।

ਸਰੂਪ ਸਿੰਘ ਅਲੱਗ