ਆਹਲੂਵਾਲੀਆ ਮਿਸਲ ਦੇ ਸੰਸਥਾਪਕ ਜਥੇਦਾਰ ਜੱਸਾ ਸਿੰਘ ਜੀ ਦਾ ਜਨਮ ਲਾਹੌਰ ਨਗਰ ਦੇ ਨੇੜੇ ਸਥਿਤ ‘ਆਹਲੂ’ ਵਿਚ ਸ. ਬਦਰ ਸਿੰਘ ਦੇ ਘਰ 3 ਮਈ 1718 ਈ. ਨੂੰ ਹੋਇਆ। ਜਦੋਂ ਅਜੇ ਇਹ ਪੰਜ ਸਾਲਾਂ ਦਾ ਸੀ, ਤਾਂ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ। ਇਸ ਦੀ ਧਰਮਾਤਮਾ ਮਾਂ ਨੇ ਆਪਣੇ ਭਰਾ ਸ. ਬਾਘ ਸਿੰਘ ਦੀ ਮਦਦ ਨਾਲ ਬਾਲਕ ਜੱਸਾ ਸਿੰਘ ਜੀ ਨੂੰ ਦਿੱਲੀ ਮਾਤਾ ਸੁੰਦਰ ਕੌਰ ਜੀ ਦੀ ਸੇਵਾ ਵਿਚ ਪਹੁੰਚਾਇਆ। ਮਾਤਾ ਸੁੰਦਰ ਕੌਰ ਜੀ ਨੇ ਇਸ ਦਾ ਪਾਲਣ-ਪੋਸ਼ਣ ਆਪਣੇ ਪੁੱਤਰ ਵਾਂਗ ਕੀਤਾ। ਇਸ ਨੇ ਸ਼ਸਤ੍ਰ ਚਲਾਉਣ ਵਿਚ ਜਲਦੀ ਹੀ ਮੁਹਾਰਤ ਹਾਸਲ ਕਰ ਲਈ ਅਤੇ ਅਰਬੀ ਫ਼ਾਰਸੀ ਵੀ ਪੜ੍ਹ ਲਈ। ਸੱਤ ਸਾਲ ਦਿੱਲੀ ਰਹਿਣ ਦੌਰਾਨ ਇਹ ਮੁਖੀ ਸਿੱਖਾਂ ਦੇ ਸੰਪਰਕ ਵਿਚ ਆਇਆ। ਮਾਤਾ ਸੁੰਦਰ ਕੌਰ ਜੀ ਨੇ ਵਿਦਾਇਗੀ ਵੇਲੇ ਇਸ ਨੂੰ ਇਕ ਕ੍ਰਿਪਾਨ, ਇਕ ਗੁਰਜ, ਇਕ ਢਾਲ, ਇਕ ਕਮਾਨ ਅਤੇ ਤੀਰਾਂ ਦਾ ਭਰਿਆ ਹੋਇਆ ਭੱਥਾ, ਇਕ ਖ਼ਿਲਤ ਅਤੇ ਇਕ ਚਾਂਦੀ ਦੀ ਚੋਬ ਪ੍ਰਦਾਨ ਕੀਤੀ, ਇਹ ਸੋਚ ਕੇ ਕਿ ਇਸ ਨੇ ਭਵਿੱਖ ਵਿਚ ਸੱਤਾਧਾਰੀ ਹੋਣਾ ਹੈ।
ਪੰਜਾਬ ਵਿਚ ਪਹੁੰਚ ਕੇ ਇਹ ਨਵਾਬ ਕਪੂਰ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਗਿਆ। ਤੀਬਰ ਬੁੱਧੀ ਅਤੇ ਅਦਭੁੱਤ ਦਲੇਰੀ ਕਾਰਨ ਇਹ ਨਵਾਬ ਕਪੂਰ ਸਿੰਘ ਦੇ ਬਹੁਤ ਨੇੜੇ ਹੋ ਗਿਆ। ਉਸ ਨੇ ਉਸ ਨੂੰ ਆਪਣੇ ਪੁੱਤਰ ਵਾਂਗ ਪਾਲਿਆ। ਸੰਨ 1748 ਈ. ਵਿਚ ਸ. ਕਪੂਰ ਸਿੰਘ ਨਾਲ ਰਲ ਕੇ ਇਨ੍ਹਾਂ ਦੀ ਸੈਨਾ ਨੇ ਅਹਿਮਦ ਸ਼ਾਹ ਦੁਰਾਨੀ ਦੇ ਲਸ਼ਕਰ ਉੱਤੇ ‘ਨੂਰ ਦੀ ਸਰਾਂ’ ਅਤੇ ਵੈਰੋਵਾਲ ਦੇ ਨੇੜੇ ਗੁਰੀਲਾ ਹਮਲੇ ਕਰਕੇ ਬਹੁਤ ਤੰਗ ਕੀਤਾ ਅਤੇ ਅੰਮ੍ਰਿਤਸਰ ਦੇ ਮੁਗ਼ਲ ਹਾਕਮ ਸਲਾਬਤ ਖ਼ਾਨ ਨੂੰ ਹਰਾਇਆ। ਇਸੇ ਸਾਲ ਵੈਸਾਖੀ ਦੇ ਮੌਕੇ ‘ਤੇ ਅੰਮ੍ਰਿਤਸਰ ਵਿਚ ਜੁੜੇ ਸਰਬੱਤ ਖ਼ਾਲਸਾ ਨੇ 65 ਜਥਿਆਂ ਨੂੰ 11 ਮਿਸਲਾਂ (ਫੂਲਕੀਆ ਤੋਂ ਬਿਨਾ) ਵਿਚ ਵੰਡਿਆ ਅਤੇ ਜਥੇਦਾਰ ਜੱਸਾ ਸਿੰਘ ਜੀ ਨੂੰ ਉਸ ਦਾ ਸੈਨਾ-ਨਾਇਕ ਥਾਪਿਆ। 7 ਅਕਤੂਬਰ 1753 ਈ. ਨੂੰ ਨਵਾਬ ਕਪੂਰ ਸਿੰਘ ਦੇ ਦੇਹਾਂਤ ਤੋਂ ਬਾਦ ਇਹ ਸਿੱਖ ਕੌਮ ਦਾ ਸ਼੍ਰੋਮਣੀ ਸਰਦਾਰ (ਬਾਦਸ਼ਾਹ) ਬਣਿਆ ਅਤੇ ਲੱਗਭਗ ਇਕ ਮਹੀਨੇ ਬਾਦ ਲਾਹੌਰ ਦੇ ਸੂਬੇਦਾਰ ਮੀਰ ਮੰਨੂੰ ਦੇ ਮਰਨ ਉਪਰੰਤ ਇਸ ਨੇ ਮੱਧ ਪੰਜਾਬ ਵਿਚ ਆਪਣਾ ਦਬਦਬਾ ਵਧਾਇਆ ਅਤੇ ਪ੍ਰਜਾ ਤੋਂ ‘ਰਾਖੀ ਪ੍ਰਣਾਲੀ’ ਅਨੁਸਾਰ ਲਗਾਨ ਅਤੇ ਨਜ਼ਰਾਨਾ ਵਸੂਲ ਕਰਨਾ ਸ਼ੁਰੂ ਕੀਤਾ। ਸੰਨ 1757 ਈ. ਵਿਚ ਇਸ ਨੇ ਅਹਿਮਦ ਸ਼ਾਹ ਦੁਰਾਨੀ ਦੁਆਰਾ ਲਾਹੌਰ ਦੇ ਸੂਬੇਦਾਰ ਵਜੋਂ ਸਥਾਪਿਤ ਆਪਣੇ ਪੁੱਤਰ ਤੈਮੂਰ ਸ਼ਾਹ ਦੀ ਫ਼ੌਜ ਉੱਤੇ ਪਿਛਲੇ ਪਾਸਿਓਂ ਹਮਲਾ ਕੀਤਾ ਅਤੇ ਕਰਤਾਰਪੁਰ ਤੋਂ ਲੁਟ ਕੇ ਲਿਆ ਰਹੇ ਸਾਰੇ ਸਮਾਨ ਨੂੰ ਖੋਹ ਲਿਆ।
ਦੁਰਾਨੀ ਵੱਲੋਂ ਕੀਤੇ ਹਿੰਦੋਸਤਾਨ ਉਤੇ
ਪੰਜਵੇਂ ਹਮਲੇ ਵੇਲੇ ਜਦੋਂ ਉਹ ਮਰਹਟਿਆਂ ਨੂੰ ਪਰਾਜਿਤ ਕਰਕੇ ਅੰਮ੍ਰਿਤਸਰ ਕੋਲੋਂ ਲੰਘ ਰਿਹਾ ਸੀ ਤਾਂ ਮਾਰਚ 1761 ਈ. ਵਿਚ ਇਸ ਨੇ ਉਸ ਦੀ ਫ਼ੌਜ ਉਤੇ ਅਚਾਨਕ ਹਮਲਾ ਕਰਕੇ ਪਕੜ ਕੇ ਲੈ ਜਾਈਆਂ ਜਾ ਰਹੀਆਂ 2200 ਇਸਤਰੀਆਂ ਨੂੰ ਮੁਕਤ ਕਰਾ ਕੇ ਘਰੋ-ਘਰੀ ਪਹੁੰਚਾਇਆ। ਸਤੰਬਰ 1761 ਈ. ਵਿਚ ਇਸ ਨੇ ਸ਼ੁਕਰਚੱਕੀਆ, ਕਨ੍ਹੀਆ ਤੇ ਭੰਗੀ ਮਿਸਲਾਂ ਦੀਆਂ ਫ਼ੌਜਾਂ ਨੂੰ ਲੈ ਕੇ ਲਾਹੌਰ ਦੇ ਅਫਗਾਨ ਸੂਬੇਦਾਰ ਖਵਾਜਾ ਉਬੇਦ ਖ਼ਾਨ ਨੂੰ ਗੁਜਰਾਂਵਾਲੇ ਦੇ ਨੇੜੇ ਲਕ ਤੋੜਵੀਂ ਹਾਰ ਦਿੱਤੀ ਅਤੇ ਲਾਹੌਰ ਤਕ ਉਸ ਦਾ ਪਿੱਛਾ ਕਰਕੇ ਕਿਲ੍ਹੇ ਉਤੇ ਕਬਜਾ ਕਰ ਲਿਆ। ਇਸ ਤੋਂ ਬਾਅਦ ਇਸ ਨੂੰ ‘ਸੁਲਤਾਨ-ਉਲ-ਕੌਮ’ ਘੋਸ਼ਿਤ ਕਰਕੇ ਖ਼ਾਲਸੇ ਦਾ ਸਿੱਕਾ ਚਲਾਇਆ ਗਿਆ। ਜਦੋਂ ਦੁਰਾਨੀ ਨੂੰ ਇਸ ਦਾ ਸਮਾਚਾਰ ਮਿਲਿਆ ਤਾਂ ਉਸ ਨੇ ਸੰਨ 1762 ਈ. ਵਿਚ ਇਕ ਵੱਡੇ ਲਸ਼ਕਰ ਨਾਲ ਹਿੰਦੋਸਤਾਨ ਉਪਰ ਹਮਲਾ ਕੀਤਾ। ਉਦੋਂ ਖ਼ਾਲਸਾ ਪੰਥ ਦੇ ਸਰਦਾਰ ਆਪਣੀ ਸੈਨਾ ਅਤੇ ਪਰਿਵਾਰਾਂ ਸਹਿਤ ਮਲੇਰਕੋਟਲੇ ਦੇ ਨੇੜੇ ‘ਕੁਪ-ਰਹੀੜਾ’ ਪਾਸ ਠਹਿਰੇ ਹੋਏ ਸਨ। ਦੁਰਾਨੀ ਨੇ ਇਕ ਵੱਡੀ ਫ਼ੌਜ ਸਹਿਤ ਲਾਹੌਰੋਂ 36 ਘੰਟਿਆਂ ਵਿਚ 250 ਕਿ. ਮੀ. ਸਫਰ ਕੀਤਾ ਅਤੇ ਸਿੱਖਾਂ ਦੀ ਵਹੀਰ ਉਤੇ ਟੁੱਟ ਪਿਆ। ਜਥੇਦਾਰ ਜੱਸਾ ਸਿੰਘ ਜੀ ਦੀ ਅਗਵਾਈ ਵਿਚ ਸਿੱਖ ਲੜਦੇ ਵੀ ਜਾ ਰਹੇ ਸਨ ਅਤੇ ਆਪਣੀ ਵਹੀਰ ਨੂੰ ਬਰਨਾਲੇ ਵਾਲੇ ਪਾਸੇ ਤੋਰੀ ਵੀ ਜਾ ਰਹੇ ਸਨ। ਦੁਰਾਨੀ ਦੇ ਇਸ ਹਮਲੇ ਵਿਚ 25,000-30,000 ਤੋਂ ਅਧਿਕ ਸਿੱਖ ਸੈਨਿਕ, ਇਸਤਰੀਆਂ, ਬਜ਼ੁਰਗ ਅਤੇ ਬੱਚੇ ਮਾਰੇ ਗਏ ਸਨ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ ‘ਵੱਡਾ ਘਲੂਘਾਰਾ’ ਕਿਹਾ ਜਾਂਦਾ ਹੈ। ਇਸ ਲੜਾਈ ਵਿਚ ਜਥੇਦਾਰ ਜੱਸਾ ਸਿੰਘ ਜੀ ਨੇ ਆਪਣੇ ਸ਼ਰੀਰ ਉਪਰ 22 ਜ਼ਖ਼ਮ ਖਾਏ ਸਨ। ਦੁਰਾਨੀ ਨੇ ਪਰਤ ਕੇ ਅੰਮ੍ਰਿਤਸਰ ਉਤੇ ਹਮਲਾ ਕੀਤਾ ਅਤੇ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਨਾਲ ਉਡਾਇਆ। ਜਥੇਦਾਰ ਜੱਸਾ ਸਿੰਘ ਜੀ ਨੇ ਬੜੀ ਸਿਆਨਪ ਨਾਲ ਖ਼ਾਲਸੇ ਨੂੰ ਪੁਨਰ-ਗਠਿਤ ਕੀਤਾ ਅਤੇ ਦੋ ਸਾਲ ਬਾਦ 14 ਜਨਵਰੀ 1764 ਈ. ਨੂੰ ਸਰਹੰਦ ਉਤੇ ਹਮਲਾ ਕਰਕੇ ਅਫ਼ਗਾਨ ਫ਼ੌਜਦਾਰ ਜ਼ੈਨ ਖ਼ਾਨ ਨੂੰ ਮਾਰ ਦਿੱਤਾ ਅਤੇ ਨਗਰ ਨੂੰ ਨਸ਼ਟ ਕਰ ਦਿੱਤਾ।
ਇਸ ਤੋਂ ਬਾਦ ਖ਼ਾਲਸੇ ਨੇ ਜਮਨਾ ਪਾਰ ਦੇ ਇਲਾਕਿਆਂ ਉਤੇ ਹਮਲੇ ਕੀਤੇ ਅਤੇ ਦਿੱਲੀ ਤੱਕ ਜਾ ਪਹੁੰਚੇ। 17 ਅਪ੍ਰੈਲ 1765 ਈ. ਵਿਚ ਜਦੋਂ ਦੁਰਾਨੀ ਫਿਰ ਹਿੰਦੋਸਤਾਨ ਉਤੇ ਚੜ੍ਹ ਕੇ ਆਇਆ ਤਾਂ ਉਸ ਦਾ ਦਮਖਮ ਛੀਣ ਹੋ ਚੁੱਕਿਆ ਸੀ। ਉਸ ਨੇ ਸਿੱਖਾਂ ਨਾਲ ਸ਼ਾਂਤੀ ਕਾਇਮ ਕਰਨ ਦਾ ਯਤਨ ਕੀਤਾ ਪਰ ਜਥੇਦਾਰ ਜੱਸਾ ਸਿੰਘ ਜੀ ਨੇ ਠੁਕਰਾ ਦਿੱਤਾ। ਇਸ ਨੇ ਦੁਆਬੇ ਵਿਚ ਬਹੁਤ ਸਾਰਾ ਇਲਾਕਾ ਜਿੱਤ ਕੇ ਸੰਨ 1774 ਈ. ਵਿਚ ਕਪੂਰਥਲੇ ਵਿਚ ਆਪਣੀ ਰਿਆਸਤ ਦੀ ਰਾਜਧਾਨੀ ਕਾਇਮ ਕੀਤੀ। ਜਦੋਂ ਸੰਨ 1779 ਈ. ਵਿਚ ਦਿੱਲੀ ਦੇ ਵਜ਼ੀਰ ਅਬਦੁਲ ਅਹਿਦ ਖ਼ਾਨ ਨੇ ਪਟਿਆਲਾ-ਪਤਿ ਰਾਜਾ ਅਮਰ ਸਿੰਘ ਉਤੇ ਹਮਲਾ ਕੀਤਾ ਤਾਂ ਜਥੇਦਾਰ ਜੱਸਾ ਸਿੰਘ ਜੀ ਆਪਣੇ ਦਲਬਲ ਸਹਿਤ ਰਾਜੇ ਦੀ ਮਦਦ ਨੂੰ ਪਹੁੰਚਿਆ ਅਤੇ ਮੁਗ਼ਲ ਫ਼ੌਜ ਨੂੰ ਭਜਾ ਕੇ ਉਨ੍ਹਾਂ ਤੋਂ 7 ਲੱਖ ਰੁਪਏ ਹਰਜਾਨੇ ਵਜੋਂ ਲਏ। ਇਸ ਨੇ ਪੰਜਾਬ ਵਿਚ ਅਫ਼ਗਾਨ ਤੇ ਮੁਗ਼ਲ ਸ਼ਕਤੀ ਨੂੰ ਵੰਗਾਰਦੇ ਸਿੱਖਾਂ ਦੀ ਸੁਤੰਤਰ ਹੋਂਦ ਕਾਇਮ ਕੀਤੀ। ਇਸ ਤਰ੍ਹਾਂ 18ਵੀਂ ਸਦੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਦ ਇਸ ਨੇ ਸਿੱਖ-ਸ਼ਕਤੀ ਦਾ ਸੁੰਦਰ ਪ੍ਰਦਰਸ਼ਨ ਕੀਤਾ।
ਯੁੱਧ-ਵੀਰ ਤੋਂ ਇਲਾਵਾ ਇਹ ਧਰਮ-ਵੀਰ ਵੀ ਸੀ । ਇਸ ਹੱਥੋਂ ਅੰਮ੍ਰਿਤਪਾਨ ਕਰਨਾ ਗੌਰਵਮਈ ਸਮਝਿਆ ਜਾਂਦਾ ਸੀ । ਪਟਿਆਲੇ ਦੇ ਰਾਜਾ ਅਮਰ ਸਿੰਘ ਨੇ ਜਥੇਦਾਰ ਜੱਸਾ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ। ਇਸ ਦਾ ਦੇਹਾਂਤ 20 ਅਕਤੂਬਰ 1783 ਈ. ਨੂੰ ਅੰਮ੍ਰਿਤਸਰ ਵਿਚ ਹੋਇਆ। ਕੌਮ ਦੀ ਉੱਨਤੀ ਲਈ ਇਸ ਵੱਲੋਂ ਕੀਤੀਆਂ ਖ਼ਿਦਮਤਾਂ ਨੂੰ ਸਾਹਮਣੇ ਰਖਦੇ ਹੋਇਆਂ ਉਸ ਸਮੇਂ ਦੇ ਪੰਥਕ ਆਗੂਆਂ ਨੇ ਇਸ ਦੀ ਸਮਾਧ ‘ਗੁਰਦੁਆਰਾ ਬਾਬਾ ਅਟਲ ਰਾਏ ਦੇ ਇਹਾਤੇ ਵਿਚ ਬਣਾਈ।
-ਡਾ. ਰਤਨ ਸਿੰਘ ਜੱਗੀ
