views 7 secs 0 comments

ਗੁਰਬਾਣੀ ਵਿੱਚ ਮਿਠਬੋਲੜੀ ਵਾਰਤਾਲਾਪ ਲਈ ਪ੍ਰੇਰਨਾ

ਲੇਖ
May 19, 2026

ਮਿਠਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ॥ ਅੰਗ-784

ਗੁਰਬਾਣੀ ਅਨੁਸਾਰ ਜੋ ਪ੍ਰਮਾਤਮਾ ਦਾ ਸਰੂਪ ਚਿਤਰਿਆ ਗਿਆ ਹੈ ਉਸ ਮੁਤਾਬਕ ਉਹ ਦਿਆਵਾਨ ਹੈ, ਮਨੁੱਖ ਦਾ ਮਿੱਤਰ ਹੈ, ਬੰਧਪ ਹੈ, ਸਖਾ ਹੈ, ਮਾਤਾ ਪਿਤਾ ਤੇ ਪ੍ਰਿਤਪਾਲਕ ਹੈ। ਉਸਦੇ ਅਨੰਤ ਗੁਣ ਹਨ। ਜਿੱਥੇ ਤਕ ਉਸਦੇ ਸੁਭਾਅ ਅਤੇ ਵਾਰਤਾਲਾਪ ਕਰਨ ਦਾ ਸਬੰਧ ਹੈ ਉਸ ਬਾਰੇ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਉਹ ਪ੍ਰਮਾਤਮਾ ਮਿਠ ਬੋਲੜਾ ਹੈ ਅਤੇ ਕਦੇ ਵੀ ਕੌੜੇ ਬਚਨਾਂ ਦਾ ਪ੍ਰਯੋਗ ਨਹੀਂ ਕਰਦਾ। ਗੁਰਬਾਣੀ ਵਿਚਲੀ ਇਹ ਉਕਤ ਪੰਗਤੀ ਜਗਿਆਸੂ ਨੂੰ ਤਾਕੀਦ ਕਰਦੀ ਹੈ ਕਿ ਉਸਨੇ ਵੀ ਇਹ ਇਲਾਹੀ ਗੁਣ ਗ੍ਰਹਿਣ ਕਰਕੇ ਹਰ ਕਿਸੇ ਨਾਲ ਬਹੁਤ ਹੀ ਤਮੀਜ਼ ਨਾਲ ਪੇਸ਼ ਆਉਣਾ ਹੈ ਅਤੇ ਅਪਮਾਨਜਨਕ, ਅਸੱਭਯ ਵਾਰਤਾਲਾਪ ਤੋਂ ਗੁਰੇਜ਼ ਕਰਨਾ ਹੈ। ਹਰ ਅਕਲਮੰਦ ਮਨੁੱਖ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੇਗਾ ਕਿ ਪਿਆਰ ਭਰੇ ਬੋਲਾਂ ਨਾਲ ਔਖੇ ਤੋਂ ਔਖੇ ਮਸਲੇ ਦਾ ਵੀ ਹਲ ਸੰਭਵ ਹੈ, ਮਿੱਠੜੇ ਬੋਲ ਹਰ ਜੰਦਰੇ ਨੂੰ ਖੋਲ੍ਹਣ ਲਈ ਮਾਸਟਰ ਕੂੰਜੀ ਦਾ ਕੰਮ ਕਰਦੇ ਹਨ ਅਤੇ ਮਾੜੇ ਬੋਲ ਕਬੋਲ ਬਣੀ ਬਣਾਈ ਖੇਡ ਖਰਾਬ ਹੀ ਨਹੀਂ ਕਰਦੇ, ਰਿਸ਼ਤਿਆਂ ਵਿੱਚ ਤਰੇੜਾਂ ਪਾ ਦੇਂਦੇ ਹਨ, ਦੂਰੀਆਂ ਵਧਾ ਦਿੰਦੇ ਹਨ ਅਤੇ ਆਪਸੀ ਵੈਰ ਤਕ ਇਕ ਦੂਜੇ ਨੂੰ ਖਿੱਚ ਕੇ ਲੈ ਜਾਂਦੇ ਹਨ।

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥ ਅੰਗ-473

ਰੁੱਖਾ ਅਤੇ ਕੌੜਾ ਬੋਲਣ ਨਾਲ ਮਨੁੱਖ ਦਾ ਮਨ ਤੇ ਸਰੀਰ ਵੀ ਰੁੱਖੇ ਤੇ ਕੌੜੇ ਹੋ ਜਾਂਦੇ ਹਨ, ਉਸਦਾ ਸੁਭਾਅ ਵੀ ਅਜਿਹੀ ਹੀ ਰੰਗਤ ਫੜ ਜਾਂਦਾ ਹੈ। ਰੁੱਖਾ ਬੋਲਣ ਵਾਲੇ ਵਿਅਕਤੀ ਨੂੰ ਰੁੱਖਾ, ਨਿਰਦੇਈ ਆਖਿਆ ਜਾਂਦਾ ਹੈ, ਸਾਰੇ ਉਸਦੀ ਸੰਗਤ ਤੋਂ ਪਰੇ ਰਹਿਣਾ ਪਸੰਦ ਕਰਦੇ ਹਨ, ਇਵੇਂ ਉਹ ਸਮਾਜਿਕ ਭਾਈਚਾਰੇ ਤੋਂ ਟੁੱਟ ਜਿਹਾ ਜਾਂਦਾ ਹੈ। ਇਸ ਸੰਸਾਰ ਤੋਂ ਇਲਾਵਾ ਅਜਿਹਾ ਫਿੱਕਾ ਬੋਲਣ ਵਾਲਾ ਵਿਅਕਤੀ ਰੱਬ ਦੇ ਸੱਚੇ ਸੁੱਚੇ ਦਰਬਾਰ ਵਿੱਚ ਵੀ ਦੁਰਕਾਰਿਆ ਜਾਂਦਾ ਹੈ ਅਤੇ ਉਸਨੂੰ ਪਸ਼ੇਮਾਨੀਆਂ ਦਾ
ਸਾਹਮਣਾ ਕਰਨਾ ਪੈਂਦਾ ਹੈ। ਰੁੱਖਾ ਬੋਲਣਾ ਕਿਉਂਕਿ ਮਾਨਵੀ ਗੁਣਾਂ ਦੇ ਵਿਪਰੀਤ ਕਿਰਿਆ ਹੈ ਇਸ ਲਈ ਅਜਿਹੇ ਮਨੁੱਖ ਨੂੰ ਦਰਗਾਹ ਵਿੱਚ ਵੀ ਆਪਣੇ ਇਸ ਨਾਜ਼ੇਬ ਸੁਭਾਅ ਦੀ ਸਜ਼ਾ ਭੁਗਤਣੀ ਪੈਂਦੀ ਹੈ ਕਿਉਂਕਿ ਉਹ ਪ੍ਰਮਾਤਮਾ ਦੇ ਮਿੱਠ ਬੋਲੜੇ ਸੁਭਾਅ ਅਨੁਸਾਰ ਅਮਲ ਨਾ ਕਰਕੇ ਉਸਦੇ ਗੁਣਾਂ ਦਾ ਅਪਮਾਨ ਕਰਨ ਦਾ ਭਾਗੀ ਬਣਦਾ ਹੈ। ਇਸ ਪਰਥਾਏ ਗੁਰਬਾਣੀ ਕਥਨ ਹੈ:

ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥ ਫਿਕਾ ਮੂਰਖੁ ਆਖੀਐ ਪਾਣਾ (ਜੁਤੀਆਂ) ਲਹੈ ਸਜਾਇ॥ ਅੰਗ 473

ਮੂਰਖ ਲੋਕੀ ਹੀ ਫਿੱਕਾ ਬੋਲਦੇ ਹਨ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਰਕੇ ਉਹ ਕਿਸੇ ਦਾ ਹਿਰਦਾ ਦੁਖਾ ਰਹੇ ਹਨ ਜਿਸ ਵਿੱਚ ਪ੍ਰਮਾਤਮਾ ਦਾ ਵਾਸਾ ਹੈ।

ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ॥ ਅੰਗ-143

ਵਾਰਤਾਲਾਪ ਦਾ ਸਲੀਕਾ ਸਮਝਾਂਦਿਆਂ ਹੋਇਆਂ ਗੁਰਬਾਣੀ ਉਪਦੇਸ਼ ਕਰਦੀ ਹੈ ਕਿ ‘ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ’ (ਅੰਗ-149)

ਇਸ ਗੱਲ ਦੀ ਵੀ ਸੋਝੀ ਕਰਵਾਈ ਗਈ ਹੈ ਕਿ ਜੇਕਰ ਕੋਈ ਭਦਰਪੁਰਸ਼, ਮਹਾਂਪੁਰਸ਼, ਸੰਤ ਪੁਰਸ਼ ਮਿਲੇ ਤਾਂ ਉਸ ਨਾਲ ਵਾਰਤਾਲਾਪ ਕਰਨਾ ਲਾਭਦਾਇਕ ਹੈ ਕਿਉਂਕਿ ਉਸਦੀ ਸੰਗਤ ਅਤੇ ਉਸਦੇ ਵਿਚਾਰਾਂ ਤੋਂ ਜ਼ਰੂਰ ਚੰਗੀਆਂ ਤੇ ਲਾਭਕਾਰੀ ਸੇਧਾਂ ਪਰਦਾਨ ਹੋਣਗੀਆਂ ਪਰ ਜੇਕਰ ਇਸਦੇ ਉਲਟ ਕੋਈ ਕਬੋਲ ਬੋਲ ਬੋਲਣ ਵਾਲਾ ਵਿਅਕਤੀ ਮਿਲ ਜਾਵੇ ਤਾਂ ਉੱਥੇ ਮਸ਼ਟ ਮਾਰ ਲੈਣੀ ਹੈ ਚੰਗੀ ਹੈ, ਉਸ ਵਾਰਤਾਲਾਪ ਨੂੰ ਅੱਗੇ ਤੋਰਨ ਦਾ ਕੋਈ ਲਾਭ ਨਹੀਂ।

ਸੰਤੁ ਮਿਲੈ ਕਿਛੁ ਸੁਨੀਐ ਕਹੀਐ॥ ਮਿਲੈ ਅਸੰਤੁ ਮਸਟਿ ਕਰਿ ਰਹੀਐ॥ ਅੰਗ-870

ਮੂਰਖ ਨਾਲ ਗੱਲ ਬਾਤ ਕਰਨ ਨਾਲ ਮਾੜੇ ਬੋਲ ਅਤੇ ਘਟੀਆ ਵਿਚਾਰ ਹੀ ਪੱਲੇ ਪੈਣਗੇ ਇਸ ਲਈ ਉਸ ਨਾਲ ਵਾਰਤਾਲਾਪ ਦਾ ਕੋਈ ਲਾਭ ਨਹੀਂ।

ਸੰਤਨ ਸਿਉ ਬੋਲੇ ਉਪਕਾਰੀ॥ ਮੂਰਖ ਸਿਉ ਬੋਲੇ ਝਖ ਮਾਰੀ।। ਅੰਗ-870

ਮੰਦਾ ਬੋਲਣ ਦੇ ਨੁਕਸਾਨ ਹੀ ਨੁਕਸਾਨ ਹਨ। ਗੁਰਬਾਣੀ ਉਦਾਹਰਨਾਂ ਸਹਿਤ ਇਸ ਤੇ ਇਵੇਂ ਰੌਸ਼ਨੀ ਪਾਉਂਦੀ ਹੈ।

ਟੂਟੈ ਨੇਹੁ ਕਿ ਬੋਲਹਿ ਸਹੀ (ਸਾਹਮਣੇ) ॥ ਟੂਟੈ ਬਾਹ ਦੁਹੂ ਦਿਸ ਗਹੀ (ਫੜੀ)॥ ਟੂਟਿ ਪਰੀਤਿ ਗਈ ਬੁਰ ਬੋਲਿ॥ ਅੰਗ-933

ਭਾਵ ਇਹ ਕਿ ਕਿਸੇ ਨੂੰ ਲਾ ਕੇ, ਤਾਹਨਾ ਮਾਰ ਕੇ ਕੀਤੀ ਗੱਲ ਨਾਲ ਰਿਸ਼ਤਾ ਟੁੱਟ ਜਾਂਦਾ ਹੈ, ਪਿਆਰ ਫਿੱਕਾ ਪੈ ਜਾਂਦਾ ਹੈ, ਇਵੇਂ ਹੀ ਜਿਵੇਂ ਦੋਹਾਂ ਪਾਸਿਆਂ ਤੋਂ ਫੜ ਕੇ ਮਰੋੜਨ ਨਾਲ ਬਾਂਹ ਟੁੱਟ ਜਾਂਦੀ ਹੈ ਅਤੇ ਮੰਦੇ ਬੋਲ ਬੋਲਣ ਨਾਲ ਪ੍ਰੇਮ ਪਿਆਰ ਵਿੱਚ
ਕੜਵਾਹਟ ਆ ਜਾਂਦੀ ਹੈ ਅਤੇ ਸੂਖਮ ਰਿਸ਼ਤਿਆਂ ਵਿੱਚ ਮੰਦਭਾਗੀ ਤਰੇੜਾਂ ਪੈ ਜਾਂਦੀਆਂ ਹਨ। ਇਸ ਲਈ ਜਿੱਥੇ ਤਕ ਸੰਭਵ ਹੋ ਸਕੇ ਆਪਣੀ ਵਾਰਤਾਲਾਪ ਵਿੱਚ ਮਿਠਾਸ ਜ਼ਰੂਰ ਰੱਖਣੀ ਚਾਹੀਦੀ ਹੈ, ਵਾਰਤਾਲਾਪ ਵਿੱਚ ਸੱਚ ਦਾ ਦਾਮਨ ਫੜਨਾ ਚਾਹੀਦਾ ਹੈ ਅਤੇ ਝੂਠ ਨੂੰ ਨੇੜੇ ਨਹੀਂ ਲੱਗਣ ਦੇਣਾ ਚਾਹੀਦਾ ਕਿਉਂਕਿ ਇਹ ਝੂਠ ਦੂਜੇ ਤੋਂ ਸਹਾਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਵੇਂ ਗੱਲ ਮੁੱਕਣ ਦੀ ਥਾਂ ਤੁਲ ਫੜ ਲੈਂਦੀ चे।

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ਅੰਗ-488

ਗੁਰਬਾਣੀ ਇਸ ਗੱਲ ਤੇ ਵੀ ਜ਼ੋਰ ਦੇਂਦੀ ਹੈ ਕਿ ਬੋਲਣ ਲਗਿਆਂ ਪਹਿਲੇ ਗੱਲ ਨੂੰ ਤੋਲ ਲੈਣਾ ਚਾਹੀਦਾ ਹੈ ਅਤੇ ਉਸਦੇ ਵਿਪਰੀਤ ਪ੍ਰਭਾਵਾਂ ਨੂੰ ਵੀ ਧਿਆਨ ਵਿੱਚ ਰੱਖ ਲੈਣਾ ਚਾਹੀਦਾ ਹੈ। ਖਾਲੀ ਘੜਾ ਬਹੁਤ ਅਵਾਜ਼ ਕਰਦਾ ਹੈ, ਪਰ ਭਰਿਆ ਹੋਇਆ ਘੜਾ ਸ਼ਾਂਤ ਰਹਿੰਦਾ ਹੈ ਅਤੇ ਹਰ ਇਕ ਨੂੰ ਨਿਰਮਲ ਠੰਡਾ ਜਲ ਪਰਦਾਨ ਕਰਦਾ ਰਹਿੰਦਾ ਹੈ। ਵਾਰਤਾਲਾਪ ਦਾ ਰੁਝਾਨ ਵੀ ਅਜਿਹਾ ਹੀ ਹੋਣਾ ਚੰਗਾ ਹੁੰਦਾ ਹੈ। ਸੁਲਝਿਆ ਹੋਇਆ, ਸਲੀਕੇ ਵਾਲਾ ਅਤੇ ਗੁਰਬਾਣੀ ਪ੍ਰੇਮੀ ਵਾਰਤਾਲਾਪ ਦੌਰਾਨ ਸ਼ਾਂਤਚਿਤਤਾ ਦਾ ਸਾਥ ਨਹੀਂ ਛੱਡਦਾ।

ਕਹੁ ਕਬੀਰ ਛੂਛਾ ਘਟੁ (ਘੜਾ) ਬੋਲੈ॥ ਭਰਿਆ ਹੋਇ ਸੁ ਕਬਹੁ ਨ ਡੋਲੈ॥ਅੰਗ-870

ਫਜ਼ੂਲ ਦੇ ਵਾਦ ਵਿਵਾਦ ਤੋਂ ਵੀ ਸੰਕੋਚ ਕਰਨਾ ਬਣਦਾ ਹੈ ਕਿਉਂਕਿ ਇਸ ਵਿੱਚੋਂ ਵੀ ਤਲਖੀ ਅਤੇ ਮੰਦ ਭਾਵਨਾ ਤੋਂ ਬਿਨਾ ਕੁਝ ਨਿਕਲਣ ਵਾਲਾ ਨਹੀਂ। ਇਸ ਦੀ ਥਾਂ ਉਹੀ ਸਮਾਂ ਪ੍ਰਭੂ ਕੀਰਤੀ ਵਿੱਚ ਲਗਾ ਕੇ ਸਫਲਾ ਕਰਨਾ ਚਾਹੀਦਾ ਹੈ। ਅਜਿਹਾ ਕਰਨਾ ਫਲਦਾਇਕ ਕਰਮ ਹੈ ਅਤੇ ਸਮੇਂ ਦਾ ਉੱਤਮ ਪ੍ਰਯੋਗ ਹੈ।

ਬਾਦੁ ਬਿਬਾਦੁ (ਫਜ਼ੂਲ ਬਹਿਸ) ਕਾਹੂ ਸਿਉ ਨ ਕੀਜੈ॥ ਰਸਨਾ ਰਾਮ ਰਸਾਇਨੁ ਪੀਜੈ ॥ਅੰਗ-1164

ਗੁਰਬਾਣੀ ਵਿੱਚ ਅਜਿਹਾ ਬੋਲਣਾ ਹੀ ਪਰਵਾਨ ਹੈ ਜੋ ਪੂਰੀ ਸਮਝਦਾਰੀ, ਜ਼ਿਮੇਵਾਰੀ ਤੇ ਨੇਕ ਨੀਤੀ ਨਾਲ ਬੋਲਿਆ ਜਾਵੇ।

ਜਿਤੁ ਬੋਲਿਐ ਪਤਿ (ਇੱਜ਼ਤ) ਪਾਈਐ ਸੋ ਬੋਲਿਆ ਪਰਵਾਣੁ ॥ ਫਿਕਾ ਬੋਲ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ਅੰਗ-15

ਜੇ ਇਤਿਹਾਸ ਵੱਲ ਵੀ ਝਾਤੀ ਮਾਰੀ ਜਾਏ ਤਾਂ ਸਾਨੂੰ ਗੁਰੂ ਸਾਹਿਬਾਨ ਵੱਲੋਂ ਕੀਤੇ ਅਤੀ ਨਿਰਮਲ ਅਤੇ ਮਿੱਠੇ ਵਾਰਤਾਲਾਪ ਦੇ ਭਰਪੂਰ ਦਰਸ਼ਨ ਦੀਦਾਰੇ ਹੁੰਦੇ ਹਨ ਜਿਨ੍ਹਾਂ ਤੋਂ ਭਰਵੀਂ ਸੇਧ ਤੇ ਸਿੱਖਿਆ ਲਈ ਜਾ ਸਕਦੀ ਹੈ। ਜੇਕਰ ਗੁਰੂ ਅਮਰਦਾਸ ਜੀ ਦੇ ਸਬੰਧੀਆਂ ਨੇ ਗੁੱਸੇ ਵਿੱਚ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਕਿ ਇਹ ਲੰਬਾ ਦਾਹੜਾ ਕਿਉਂ ਰੱਖਿਆ ਹੋਇਆ ਏ ਤਾਂ ਗੁਰੂ ਸਾਹਿਬ ਨੇ
ਬੜੀ ਨਿਮਰਤਾ ਵਿੱਚ ਬਚਨ ਕੀਤੇ ਕਿ ਇਹ ਆਪ ਜੀ ਦੇ ਜੋੜੇ ਝਾੜਨ ਲਈ ਲੰਮੀ ਕੀਤੀ ਗਈ ਹੈ। ਇਤਿਹਾਸ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਜੇਕਰ ਕਿਸੇ ਨੇ ਗੁੱਸੇ ਵਿੱਚ ਆ ਕੇ ਉਨ੍ਹਾਂ ਨੂੰ ਲੱਤ ਤਕ ਕੱਢ ਮਾਰੀ ਤਾਂ ਉਨ੍ਹਾਂ ਨੇ ਉਸਦਾ ਬੁਰਾ ਨਹੀਂ ਮਨਾਇਆ ਸਗੋਂ ਅੱਗੋਂ ਇਹ ਬਚਨ ਉਚਰੇ ਕਿ ਮੈਂ ਤੁਹਾਡੀ ਲੱਤ ਦੀ ਮੁੱਠੀ ਚਾਪੀ ਕਰਦਾ ਹਾਂ ਕਿਉਂਕਿ ਹੋ ਸਕਦਾ ਹੈ ਮੈਨੂੰ ਮਾਰਨ ਨਾਲ ਤੁਹਾਨੂੰ ਸੱਟ ਲੱਗੀ ਹੋਵੇ। ਅਜਿਹੀ ਵਾਰਤਾਲਾਪ ਹਰ ਕਿਸੇ ਲਈ ਕਿਤਨੀ ਅਸਰਦਾਰ ਹੋ ਸਕਦੀ ਹੈ।

ਪਰ ਇਸ ਸਭ ਕੁਝ ਦੇ ਬਾਵਜੂਦ ਜੇਕਰ ਹੱਕ ਇਨਸਾਫ਼ ਤੇ ਨਿਆਂ ਦੀ ਪ੍ਰਾਪਤੀ ਲਈ ਪ੍ਰੇਮ ਪਿਆਰ ਤੇ ਸ਼ੁਭ ਬਚਨੀ ਭਰੀ ਵਾਰਤਾਲਾਪ ਅਸਰ ਨਾ ਰਖਦੀ ਹੋਵੇ ਤਾਂ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਨਸੀਅਤ ਕਰਨ ਵਿੱਚ ਵੀ ਸੰਕੋਚ ਨਹੀਂ ਕਰਦੇ ਕਿ ਉੱਥੇ ਤਾਕਤ ਦੀ ਵਰਤੋਂ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਦੂਜਾ ਵਿਅਕਤੀ ਤੁਹਾਡੀ ਬਹੁਤੀ ਨਰਮੀ ਤੇ ਪਿਆਰ ਭਰੀ ਵਾਰਤਾਲਾਪ ਨੂੰ ਤੁਹਾਡੀ ਕਮਜ਼ੋਰੀ ਵੀ ਸਮਝ ਸਕਦਾ ਹੈ। ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ:

ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ॥(ਜ਼ਫ਼ਰਨਾਮਾ)

ਭਾਵ ਇਹ ਕਿ ਜਦ ਹੱਕ ਇਨਸਾਫ਼ ਲੈਣ ਲਈ ਹੋਰ ਸਾਰੇ ਸੱਭਯ ਹੀਲੇ ਵਸੀਲੇ ਵਿਫ਼ਲ ਹੋ ਜਾਣ ਤਾਂ ਫਿਰ ਤਲਵਾਰ ਦੇ ਮੁੱਠੇ ਤੇ ਹੱਥ ਰੱਖ ਲੈਣਾ ਜਾਇਜ਼ ਹੈ, ਤਾਕਤ ਦਾ ਪ੍ਰਯੋਗ ਉਚਤ ਤੇ ਜ਼ਰੂਰੀ ਹੈ।

ਪਰ ਇਹ ਸਾਰੇ ਵਿਕਲਪ ਹੋਣ ਦੇ ਬਾਵਜੂਦ ਵੀ ਕੋਮਲ ਬਾਣੀ ਮਨੁੱਖ ਦਾ ਅਨਮੋਲ ਗਹਿਣਾ ਹੈ ਜਿਸਨੂੰ ਧਾਰਨ ਕਰਨ ਨਾਲ ਸੁਖ ਮਿਲਦਾ ਹੈ, ਪਿਆਰ ਵਿਕਸਤ ਹੁੰਦਾ ਹੈ, ਭਰਾਤਰੀ ਭਾਵ ਪ੍ਰਪੱਕ ਹੁੰਦਾ ਹੈ ਜਿਸ ਤੋਂ ਸੰਤੋਖ ਉਪਜਦਾ ਹੈ:

ਕੋਮਲ ਬਾਣੀ ਸਭ ਕਉ ਸੰਤੋਖੈ॥ਅੰਗ -299

ਸਰੂਪ ਸਿੰਘ ਅਲੱਗ