views 6 secs 0 comments

ਹਰਿ ਕੇ ਨਾਮ ਬਿਨਾ ਦੁਖੁ ਪਾਵੈ

ਲੇਖ
May 19, 2026

ਗੁਰਮਤਿ ਵਿੱਚ ਨਾਮ ਜਪਣ ਦੀ ਬੜੀ ਮਹਿਮਾ ਹੈ । ਨਾਮ ਸਿਮਰਨ ਨੂੰ ਸਾਰੇ ਕੰਮਾਂ ਤੋਂ ਸ੍ਰੇਸ਼ਟ ਕਿਹਾ ਹੈ । ਨਾਮ ਤੋਂ ਬਿਨਾਂ ਜੀਵਨ ਵਿੱਚ ਸੁਖ, ਆਨੰਦ ਨਹੀਂ ਆ ਸਕਦਾ। ਹਰੇਕ ਮਨੁੱਖ ਚਾਹੁੰਦਾ ਹੈ ਕਿ ਜੀਵਨ ਸੁਖੀ ਹੋਵੇ, ਕੋਈ ਦੁੱਖ ਨਾ ਆਵੇ । ਸੁਖਾਂ ਦੀ ਪ੍ਰਾਪਤੀ। ਵਾਸਤੇ ਮਨੁੱਖ ਨੇ ਬੜੇ ਜਤਨ ਕੀਤੇ । ਗੁਰੂ ਤੇਗ ਬਹਾਦਰ ਜੀ ਦਾ ਬਚਨ ਵੀ ਹੈ-

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥
( ਅੰਗ ੧੪੨੮)

ਪਰ ਏਨੇ ਜਤਨ ਕਰਨ ‘ਤੇ ਵੀ ਮਨੁੱਖ ਨੂੰ ਸੁਖ ਨਹੀਂ ਮਿਲਿਆ । ਮਨੁੱਖ ਸੋਚਦਾ ਹੈ ਕਿ ਸ਼ਾਇਦ ਧਨ ਪਦਾਰਥ ਵਿੱਚ ਸੁਖ ਹੈ, ਇਸ ਲਈ ਸਾਰੀ ਉਮਰ ਧਨ ਹੀ ਇਕੱਠਾ

ਕਰਦਾ ਰਹਿੰਦਾ ਹੈ, ਬੜੀਆਂ ਮੱਲਾਂ ਮੱਲਦਾ ਹੈ ਪਰ ਪਾਤਸ਼ਾਹ ਦਾ ਬਚਨ ਹੈ.-

ਸੁਖੁ ਨਾਹੀ ਬਹੁਤੈ ਧਨਿ ਖਾਟੇ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥

ਸੁਖੁ ਨਾਹੀ ਬਹੁ ਦੇਸ ਕਮਾਏ।।
ਸਰਬ ਸੁਖਾ ਹਰਿ ਹਰਿ ਗੁਣ ਗਾਏ ॥ (ਅੰਗ ੧੧੪੭)

ਜਿੰਨਾ ਚਿਰ ਮਨੁੱਖ ਸੁੱਖਾਂ ਦੇ ਦਾਤੇ ਪ੍ਰਮਾਤਮਾ ਨਾਲ ਨਹੀਂ ਜੁੜਦਾ । ਜੀਵਨ ਵਿੱਚ ਆਨੰਦ ਨਹੀਂ ਆਏਗਾ ਕਿਉਂਕਿ-

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ।। (ਅੰਗ ੧੪੨੬)

ਪ੍ਰਮਾਤਮਾ ਤੋਂ ਵਿਛੜ ਕੇ ਤਾਂ ਜੀਵਨ ਨਰਕ ਬਣ ਜਾਂਦਾ ਹੈ।
ਦੁੱਖਾਂ ਦਾ ਘਰ ਬਣ
ਜਾਂਦਾ ਹੈ । ਸੁਪਨੇ ਵਿੱਚ ਵੀ ਕਦੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ । ਰੱਬ ਨਾਲੋਂ ਟੁੱਟ ਕੇ ਮਨੁੱਖ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ ।

ਲਾਜ ਮਰੈ ਜੋ ਨਾਮੁ ਨ ਲੇਵੈ ॥ ਨਾਮ ਬਿਹੂਨ ਸੁਖੀ ਕਿਉ ਸੋਵੈ॥ (ਅੰਗ ੧੧੪੮)

ਇਕ ਛਿਨ ਵੀ ਮਨੁੱਖ ਪ੍ਰੇਮ ਵਿੱਚ ਟਿਕ ਕੇ ਮਨ ਕਰਕੇ ਪ੍ਰਮਾਤਮਾ ਨੂੰ ਯਾਦ ਕਰੇ ਤਾਂ ਇਸ ਨੂੰ ਪਤਾ ਲਗੇਗਾ ਕਿ ਉਹ ਛਿਨ ਕਿੰਨਾ ਅਨੰਦਮਈ ਹੈ । ਮਨੁੱਖ ਜੀਵਨ ਦੱ ਬਾਜੀ ਜਿੱਤ ਕੇ ਜਾਏਗਾ ਪਰ ਭਗਤੀ ਤੋਂ ਬਿਨਾਂ ਨਾ ਤੇ ਜੀਵਨ ਸਫਲ ਹੈ, ਨਾ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ । ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗਉੜੀ ਰਾਗ ਵਿੱਚ ਬੜਾ ਸੁੰਦਰ ਫੁਰਮਾਨ ਹੈ.

ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥
ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਿਤ ਜਪਿ ਇਕ ਖਿਨਾ ।। (ਅੰਗ ੨੧੦)

ਨਾਮ ਦੇ ਟਾਕਰੇ ‘ਤੇ ਬਾਕੀ ਸਾਰੇ ਕਰਮ-ਕਾਂਡ ਵਿਅਰਥ ਹਨ ।
ਇਕ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਅਨੇਕਾਂ ਕਰਮ-ਕਾਡਾਂ ਦਾ ਜ਼ਿਕਰ ਕੀਤਾ ਹੈ ਤੇ ਅਖੀਰ ਵਿੱਚ ਕਹਿ ਦਿੱਤਾ ਕਿ ਸਾਧ-ਸੰਗਤ ਨਾਲ ਮਿਲਕੇ ਪ੍ਰਮਾਤਮਾ ਦੇ ਗੁਣ ਗਾਉਣੇ ਸਭ ਤੋਂ ਉੱਤਮ ਕਰਮ ਹੈ ਪਰ ਸੰਗਤ ਪ੍ਰਭੂ ਦੀ ਕਿਰਪਾ ਨਾਲ ਮਿਲਦੀ ਹੈ.-

ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥

ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥ (ਅੰਗ ੬੪੨)

ਨਾਮ ਤੋਂ ਬਿਨਾਂ ਮਨੁੱਖ ਦਾ ਹਿਰਦਾ ਵਿਕਾਰਾਂ ਦੀ ਅੱਗ ਵਿੱਚ ਸੜਦਾ ਹੈ । ਸਿਮਰਨ ਤੋਂ ਬਿਨਾਂ ਹੋਰ ਕੋਈ ਉਪਾਉ ਨਹੀਂ ਕਿ ਮਨੁੱਖ ਵਿਕਾਰਾਂ ਦੀ ਸੜਨ ਤੋਂ ਬਚ ਸਕੇ । ਸ੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ.-

ਹਰਿ ਬਿਨੁ ਜੀਉ ਜਲਿ ਬਲਿ ਜਾਉ ॥

ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥ (ਅੰਗ ੧੪)

ਪਰਮਾਤਮਾ ਤੋਂ ਵਿਛੜ ਕੇ ਅਨੇਕਾਂ ਦੁੱਖ ਮਨੁੱਖ ਨੂੰ ਚੰਬੜਦੇ ਹਨ । ਇਸ ਨੂੰ ਵੇਖਦੇ ਹੀ ਗੁਰੂ ਸਾਹਿਬ ਨੇ ਕਹਿ ਦਿੱਤਾ-ਨਾਨਕ ਦੁਖੀਆ ਸਭ ਸੰਸਾਰ ।। ਜਦੋਂ ਕੋਈ ਨਾਮ ਹਿਰਦੇ ਵਿੱਚ ਵਸਾ ਲੈਂਦਾ ਹੈ । ਫਿਰ ਕੋਈ ਦੁੱਖ ਮਨੁੱਖ ਨੂੰ ਨਹੀਂ ਪੋਹ ਸਕਦਾ । ਐਸਾ ਮਨੁੱਖ ਹਰ ਹਾਲਤ ਵਿੱਚ ਪ੍ਰਸੰਨ ਰਹਿੰਦਾ ਹੈ । ਪਰ ਮਨਮੁਖ ਬੰਦਾ ਹਰ ਹਾਲਤ ਵਿੱਚ ਦੁਖੀ ਰਹਿੰਦਾ ਹੈ ਭਾਵੇਂ ਕਿੰਨੀਆਂ ਵੀ ਸਹੂਲਤਾਂ ਕੋਲ ਹੋਣ ।

ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥ (ਅੰਗ ੩੨੨)

ਪਰ ਇਹ ਭੇਦ ਗੁਰੂ ਤੋਂ ਮਿਲਦਾ ਹੈ । ਗੁਰੂ ਪਾਸੋਂ ਹੀ ਸੋਝੀ ਮਿਲਦੀ ਹੈ ਕਿ ਅਸਲ ਸੁੱਖ ਕੀ ਹੈ । ਗੁਰੂ ਤੇਗ ਬਹਾਦਰ ਜੀ ਦਾ ਬਿਲਾਵਲ ਰਾਗ ਵਿੱਚ ਫੁਰਮਾਨ ਹੈ-

ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥

ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ॥ (ਅੰਗ ੮੩੦)

ਗਿਆਨੀ ਕੁਲਵੰਤ ਸਿੰਘ