ਕੁਝ ਵਰ੍ਹੇ ਸਿਮਰਨ ਵਿੱਚ ਧਿਆਨ ਲੱਗਣ ਤੋਂ ਬਾਅਦ ਇੱਕਾ-ਇੱਕ ਧਿਆਨ ਉਖੱੜਨ ਲੱਗ ਪਿਆ। ਜੋ ਸਵਾਦ ਪਹਿਲਾਂ ਆਇਆ ਕਰਦਾ ਸੀ, ਉਹ ਛੁੜਕ ਗਿਆ। ਇਕ ਅਜੀਬ ਜਿਹੀ ਬੇਚੈਨੀ ਪ੍ਰਤੀਤ ਹੋਣ ਲੱਗੀ । ਜਿਨ੍ਹਾਂ ਪਾਸੋਂ ਸਿਮਰਨ ਦੀ ਦਾਤ ਪ੍ਰਾਪਤ ਹੋਈ ਸੀ, ਉਹ ਚੋਲਾ ਤਿਆਗ ਗਏ ਸਨ। ਕਿਸ ਪਾਸੋਂ ਸਹਾਇਤਾ ਮੰਗਣ ਜਾਵਾਂ ?”
ਤਦ ਇਕ ਦਿਨ ਇਕਨਾ ਸੰਤਾਂ ਨਾਲ ਮੇਲ ਹੋ ਗਿਆ । ਉਨ੍ਹਾਂ ਨੂੰ ਸਨਿਮਰ ਹੋ ਕੇ ਪੁੱਛਿਆ, “ਮਹਾਰਾਜ, ਮੇਰਾ ਸਿਮਰਨ ਵਿੱਚ ਧਿਆਨ ਲੱਗਣੋਂ ਹਟ ਗਿਆ ਹੈ । ਕੋਈ ਰਾਹ ਦੱਸੋ ਮੁੜ ਸਿਮਰਨ ਵਿੱਚ ਧਿਆਨ ਲੱਗ ਪਵੇ।” ਆਖਣ ਲੱਗੇ, “ਜਾਪ ਸਾਹਿਬ ਦਾ ਪਾਠ ਕਰਿਆ ਕਰੋ ।” ਮੈਂ ਕਿਹਾ, “ਉਹ ਤਾਂ ਮੈਂ ਰੋਜ਼ ਕਰਦਾ ਹਾਂ।” ਕਹਿਣ ਲੱਗੇ, “ਇਕ ਹੋਰ ਕਰ ਲਿਆ ਕਰੋ।” ਮੈਂ ਕੋਸ਼ਿਸ਼ ਕੀਤੀ, ਪਰ ਦੂਜੀ ਵਾਰ ਜਾਪ ਸਾਹਿਬ ਦਾ ਪਾਠ ਕਰਨ ਲੱਗਿਆਂ ਧਿਆਨ ਉਸ ਪਾਠ ਵਿੱਚ ਵੀ ਨਾ ਲੱਗੇ ।
ਇਕਾ ਇਕ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਜਗਾਧਰੀ ਵਾਲਿਆਂ
ਨਾਲ ਮੁਲਾਕਾਤ ਹੋ ਗਈ । ਉਨ੍ਹਾਂ ਨੂੰ ਵੀ ਮੈਂ ਉਹੀ ਪ੍ਰਸ਼ਨ ਪਾਇਆ, “ਜੇ ਸਿਮਰਨ ਵਿੱਚ ਧਿਆਨ ਲੱਗਣੋਂ ਹਟ ਜਾਏ ਤਾਂ ਕੀ ਕਰਨਾ ਚਾਹੀਦਾ ਹੈ?” ਹੱਸ ਪਏ ਤੇ ਮੇਰੀ ਪਿੱਠ ‘ਤੇ ਹੱਥ ਫੇਰਦਿਆਂ ਆਖਣ ਲੱਗੇ, “ਸਿਮਰਨ ਵਿੱਚ ਲੱਗੇ ਰਹੋ, ਘਾਲ ਨਾ ਛੋੜੋ । ਪਿੱਛੋਂ ਜਾ ਕੇ ਤੁਹਾਨੂੰ ਪਤਾ ਚੱਲੇਗਾ ਕਿ ਜਦ ਧਿਆਨ ਨਹੀਂ ਵੀ ਸੀ ਲੱਗ ਰਿਹਾ, ਤਾਂ ਵੀ ਕੁਝ ਹੋ ਰਿਹਾ ਸੀ । ਕਰਤਾ ਪੁਰਖ ਦੀ ਮਿਹਰ ਲਈ ਅਸੀਂ ਕੋਈ ਸ਼ਰਤ ਨਹੀਂ ਰੱਖ ਸਕਦੇ, ਕੇਵਲ ਸਮਰਪਣ ਦਰਕਾਰ ਹੈ।”
(1974)
ਡਾ. ਜਸਵੰਤ ਸਿੰਘ ਨੇਕੀ (ਗੁਰਪੁਰਵਾਸੀ)
