81 views 27 secs 0 comments

ਸਿੱਖੀ ਦੀ ਨੀਂਹ ਹੈ ਗੁਰੂ-ਘਰ ਦਾ ਅਦਬ

ਲੇਖ
August 14, 2025

ਚੱਲਣ ਦੀ ਜਾਚ ਹੋਵੇ ਤਾਂ ਹੀ ਪੈਂਡਾ ਤੈਅ ਕੀਤਾ ਜਾ ਸਕਦਾ ਹੈ। ਸੂਝਵਾਨ ਮੁਸਾਫਰ ਮਾਰਗ ਦੀ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਸਫਰ ਅਰੰਭ ਕਰਦਾ ਹੈ। ਅੱਜ (ਇੰਟਰਨੈੱਟ) ਗੂਗਲ ’ਤੇ ਲੋੜੀਂਦੀ ਜਾਣਕਾਰੀ ਮਿੰਟਾਂ ’ਚ ਹਾਸਲ ਹੋ ਜਾਂਦੀ ਹੈ। ਰਾਹ ਪੁੱਛਣ ਲਈ ਗੂਗਲ ਮੈਪ ਹੈ; ਜਿਸ ਦੀ ਸਹਾਇਤਾ ਨਾਲ ਦੁਨੀਆ ਦੇ ਕਿਸੇ ਵੀ ਕੋਨੇ ’ਤੇ ਪੁੱਜਿਆ ਜਾ ਸਕਦੈ। ਯਾਤਰਾ ਲਈ ਕੋਈ ਨ ਕੋਈ ਢੰਗ ਜਾਣਨਾ ਪੈਂਦਾ ਹੈ। ਯਾਤਰਾ ਲਈ ਤਿਆਰੀ ਆਪਣੇ ਆਪ ’ਚ ਅਹਿਮ ਹੈ। ਬਿਨਾ ਤਿਆਰੀ ਕੀਤਾ ਗਿਆ ਸਫਰ ਮੁਸ਼ਕਲ ਹੋ ਜਾਂਦਾ ਹੈ। ਜੀਵਨ ਦਾ ਸਫਰ ਸਭ ਤੋਂ ਕਠਿਨ ਹੈ, ਇਸ ’ਚ ਇੰਟਰਨੈੱਟ ਗੂਗਲ ਮੈਪ ਦਾ ਕੋਈ ਯੋਗਦਾਨ ਨਹੀਂ, ਪਰ ਇੱਕ ਢੰਗ ਹੈ। ਇਹ ਢੰਗ ਧਰਮ ਤੇ ਧਰਮ-ਪੁਰਸ਼ਾਂ ਨੇ ਦੱਸਿਆ ਹੈ ਜ਼ਿੰਦਗੀ ਜੀਉਣ ਦੀ ਵਿਧੀ ਨਾ ਹੋਵੇ ਤਾਂ ਪੂਰਾ ਜੀਵਨ ਵਿਅਰਥ ਚਲਾ ਜਾਂਦਾ ਹੈ। ਧਰਮ ਅਨੁਸਾਰ ਜੀਵਨ ਜੀਉਣ ਦੀ ਤਿਆਰੀ ਤੇ ਸਮਰੱਥਾ ਹਾਸਲ ਕਰਨਾ ਤੇ ਉਸ ਮਾਰਗ ’ਤੇ ਚੱਲ ਪਾਉਣਾ ਔਖਾ ਹੈ। ਸੰਸਾਰ ਅੰਦਰ ਭਿੰਨ-ਭਿੰਨ ਧਰਮ ਹਨ, ਜਿਨ੍ਹਾਂ ਦੇ ਮਹਾਂਪੁਰਖਾਂ ਨੇ ਆਪਣੇ ਅਨੁਆਈਆਂ ਨੂੰ ਵੱਖ-ਵੱਖ ਰਾਹ ਦੱਸੇ। ਸਿੱਖ ਇਸ ਪੱਖੋਂ ਭਾਗਸ਼ਾਲੀ ਹਨ ਕਿ ਉਨ੍ਹਾਂ ਦੀ ਰਹਿਨੁਮਾਈ ਤੇ ਸਹਾਇਤਾ ਲਈ ਆਪ ਸਤਿਗੁਰੂ ਸਦ-ਜੀਵਤ, ਸਦ ਹਾਜ਼ਰ-ਨਾਜਰ ਹਨ। ਸੰਸਾਰ ਦਾ ਸਭ ਤੋਂ ਆਧੁਨਿਕ ਧਰਮ ਸਿੱਖ ਪੰਥ ਪੂਰਨ ਸੁਚੇਤ ਹੈ ਕਿ ਜੀਵਨ ਦੀ ਸੰਪੂਰਨ ਦ੍ਰਿਸ਼ਟੀ ਪ੍ਰਾਪਤ ਕਰ ਸਿੱਖ ਦਾ ਪਰਮਾਤਮਾ ਨਾਲ ਮੇਲ ਹੋ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਦੇ ਦਰ ਤਕ ਲਿਜਾਣ ਤੋਂ ਗੁਰੂ-ਘਰ ਦਾ ਬਣਾਉਣ ਤਕ ਇਕ ਨਿੱਕੇ ਬਾਲਕ ਦੇ ਪਿਤਾ ਵਾਂਗੂੰ ਹੈ ਜੋ ਉਸ ਨੂੰ ਆਪਣੇ ਪੈਰਾਂ ’ਤੇ ਖੜੇ ਹੋਣ ਤੇ ਕਦਮ ਪੁੱਟਣ ਦੀ ਜਾਚ ਸਿਖਾ ਰਿਹਾ ਹੈ ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ। ਗੁਰਬਾਣੀ ਪ੍ਰੇਰਦੀ ਹੈ ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ। ਸਾਧ-ਸੰਗਤ ’ਚ ਹਰਿ ਜਸ ਗਾਉਣਾ ਤੇ ਸੁਣਨਾ, ਪਰਮਾਤਮਾ ਦੀ ਨਦਰਿ ਪ੍ਰਾਪਤ ਕਰਨ ਦਾ ਸਰਵ-ਸ੍ਰੇਸ਼ਠ ਮਾਰਗ ਹੈ ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ਗੁਰਸਿੱਖ ਸਾਧ-ਸੰਗਤ ਲਈ ਗੁਰਦੁਆਰਾ ਸਾਹਿਬ ਆਉਂਦਾ ਹੈ।
ਸੰਸਾਰ ਭਰ ਦੇ ਗੁਰਦੁਆਰਾ ਸਾਹਿਬਾਨ ’ਚ ਆਉਣ ਵਾਲੀ ਸੰਗਤ ਦੀ ਕੋਈ ਥੁੜ ਨਹੀਂ ਹੈ। ਗੁਰਪੁਰਬ ਅਤੇ ਖਾਸ ਮੌਕਿਆਂ ’ਤੇ ਗੁਰਦੁਆਰਾ ਸਾਹਿਬਾਨ ਅੰਦਰ ਤਿੱਲ ਭਰ ਜਗ੍ਹਾ ਮੁਸ਼ਕਲ ਹੁੰਦੀ ਹੈ। ਇਹ ਗੁਰੂ-ਘਰ ਤੇ ਗੁਰਬਾਣੀ ਪ੍ਰਤੀ ਸਿੱਖ ਦੀ ਅਤੁੱਟ ਸ਼ਰਧਾ ਦਾ ਸ਼ੁਭ ਸੰਕੇਤ ਹੈ। ਪਰ ਸਿੱਖ ਦੇ ਆਤਮਿਕ ਵਿਕਾਸ ਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਇੰਨਾ ਹੀ ਕਾਫੀ ਨਹੀਂ। ਗੁਰਦੁਆਰਾ ਸਾਹਿਬ ਆਉਣ ’ਤੇ ਗੁਰਬਾਣੀ ਸੁਣਨ ਮਾਤਰ ਤਕ ਹੀ ਗੱਲ ਨਹੀਂ ਮੁੱਕ ਜਾਂਦੀ। ਗੁਰਦੁਆਰਾ ਸਾਹਿਬ ਆਉਣ ਦਾ ਮਨੋਰਥ ਗੁਰਸਿਖੀ ਬਾਰੀਕ ਨੂੰ ਸਮਝਣ, ਖੰਡੇ ਧਾਰ ’ਤੇ ਚੱਲਣ ਅਤੇ ਗਲੀ ਅਤਿ ਭੀੜੀ ਤੋਂ ਗੁਜ਼ਰਨ ਲਈ ਤਿਆਰ ਹੋ ਕੇ ਆਉਣਾ ਹੈ। ਗੁਰਦੁਆਰਾ ਸਾਹਿਬ ਆਉਣਾ ਤਾਂ ਹੀ ਸਫਲ ਹੈ ਜੇ ਗੁਰਸਿੱਖੀ ਦੇ ਕੰਡਿਆਂ ਭਰੇ ਮਾਰਗ ’ਤੇ ਚੱਲਣਾ ਆ ਜਾਏ ਗੁਰਮੁਖਿ ਮਾਰਗਿ ਚਲਣਾ ਆਸ ਨਿਰਾਸੀ ਝੀੜ ਉਝੀੜੀ। ਮਾਮੂਲੀ ਵਿੱਦਿਅਕ ਇਮਤਿਹਾਨ ਲਈ ਵੀ ਜਦੋਂ ਵਿਦਿਆਰਥੀ ਸਕੂਲ ਜਾਂ ਕਾਲਜ ਜਾਂਦਾ ਹੈ ਤਾਂ ਪੂਰਨ ਤਿਆਰੀ ਨਾਲ ਜਾਂਦਾ ਹੈ। ਜੀਵਨ ਦੇ ਸਵਾਲ ਹੱਲ ਕਰਨ ਲਈ ਬਿਨਾ ਤਿਆਰੀ ਗੁਰਦੁਆਰਾ ਸਾਹਿਬ ਜਾਣਾ ਸਰੀਰਕ ਹਾਜ਼ਰੀ ਤਾਂ ਹੋ ਸਕਦੀ ਹੈ, ਪਰ ਆਤਮਕ ਨਹੀਂ। ਗੁਰਦੁਆਰਾ ਸਾਹਿਬ ਸਾਧ-ਸੰਗਤ ਕਰਨ ਤੇ ਗੁਰਮਤਿ ਧਾਰਨ ਕਰਨ ਦੇ ਮੌਕੇ ਦੇਣ ਵਾਲੇ ਉਹ ਪਾਵਨ ਅਸਥਾਨ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ਪਰਮਾਤਮਾ ਆਪ ਵਰਤ ਰਿਹਾ ਹੈ ਤੇ ਸ਼ਰਨ ਆਇਆਂ ਦੇ ਜਨਮਾਂ-ਜਨਮਾਂ ਦੇ ਪਾਪ, ਦੋਖ ਹਰ ਰਿਹਾ ਹੈ ਕੁਲ ਸਮੂਹ ਕਰਤ ਉਧਾਰੁ॥ ਸੰਸਾਰੁ ਉਤਰਸਿ ਪਾਰਿ ਗੁਰਸਿੱਖ ਲਈ ਗੁਰਦੁਆਰਾ ਸਾਹਿਬ ਜਾਣਾ ਕੋਈ ਧਾਰਮਿਕ ਰਸਮ, ਨਿਯਮ ਜਾਂ ਕਿਰਿਆ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਰੰਭਕ ਰਾਗੁ ‘ਸਿਰੀਰਾਗੁ’ ਅੰਦਰ ਸੁਸ਼ੋਭਿਤ ਬਾਣੀ ਗੁਰਦੁਆਰਾ ਸਾਹਿਬ ਜਾਣ ਵਾਲੇ ਸਿੱਖ ਦੇ ਚਿੱਤ, ਗੁਰਬਾਣੀ ਦੇ ਸਤਿਕਾਰ ਤੇ ਗੁਰੂ-ਘਰ ਤੋਂ ਆਸ ਨੂੰ ਰੋਸ਼ਨ ਕਰਨ ਵਾਲੀ ਹੈ। ‘ਸਿਰੀਰਾਗੁ’ ਸੰਧਿਆ ਵੇਲੇ ਦਾ ਰਾਗ, ਜੋ ਹਨੇਰਾ ਹੋਣ ਤੋਂ ਪਹਿਲਾਂ ਮਨੁੱਖੀ ਬਿਰਤੀ ਨੂੰ ਪ੍ਰੇਰਤ ਕਰਨ ਵਾਲਾ ਹੈ। ਧਾਰਮਿਕ ਅਰਥਾਂ ’ਚ ਇਸ ਰਾਗ ਦੀ ਮਹੱਤਤਾ ਹੈ ਕਿ ਹਾਲੇ ਵੀ ਵੇਲਾ ਹੈ ਸੰਭਲਣ ਦਾ। ਹਾਲੇ ਵੀ ਗੱਲ ਬਣ ਸਕਦੀ ਹੈ। ਇਹ ਮਿਟਦੀ ਹੋਈ ਆਸ ਜਗਾਉਣ ਦਾ ਰਾਗ ਹੈ। ਮੋਹ-ਮਾਇਆ, ਵਿਕਾਰਾਂ, ਪਖੰਡ, ਅਡੰਬਰਾਂ ਦੇ ਕੂੜ ਤੇ ਜਬਰ, ਅਨਿਆਂ ’ਚ ਡੁੱਬ ਰਹੇ ਸੰਸਾਰ ਨੂੰ ਬਚਾਉਣ ਲਈ ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਧਰਮ ਜਗਤ ਅੰਦਰ ਸਿਰੀਰਾਗੁ ਦੀ ਗੂੰਜ ਜਿਹਾ ਹੀ ਸੀ। ਗੁਰੂ ਸਾਹਿਬ ਨੇ ਕਲਜੁਗ ਦੇ ਘੁੱਪ ਹਨੇਰੇ ਅੰਦਰ ਗਿਆਨ ਦਾ ਦੀਵਾ ਬਾਲਿਆ ਤੇ ਪੰਥ ਚਾਨਣ ਕਰ ਪੂਰੀ ਮਨੁੱਖਤਾ ਨੂੰ ਉਬਾਰ ਲਿਆ ਸੀ। ਰਾਗ ‘ਸਿਰੀਰਾਗੁ’ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਵਰਤਿਆ ਗਿਆ ਪਹਿਲਾ ਰਾਗ ਹੈ। ਗੁਰਮਤਿ ਦੀ ਵੀਚਾਰ ਹੀ ਇੱਥੋਂ ਅਰੰਭ ਹੁੰਦੀ ਹੈ ਕਿ ਹਾਲੇ ਵੇਲਾ ਹੈ, ਸੰਭਲ ਜਾਣ ’ਚ ਭਲਾਈ ਹੈ। ਗੁਰਸਿੱਖ ਨੂੰ ਗੁਰੂ-ਘਰ ਜੋਗਾ ਬਣਾਉਣ ਲਈ ਗੁਰਬਾਣੀ ਦੀ ਪਹਿਲੀ ਤਿਆਰੀ ਸੰਸਾਰ ਦੇ ਰੰਗ ਤਮਾਸ਼ਿਆਂ ਤੋਂ ਉਸ ਦਾ ਮੋਹ ਤੋੜਨਾ ਹੈ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ਗੁਰੂ-ਘਰ ਜਾਣ ਲਈ ਆਪਣੀ ਸੰਪਦਾ, ਉੱਚੇ ਆਵਾਸ, ਧਨ-ਦੌਲਤ, ਰਸੂਖ, ਰੁਤਬਾ ਆਦਿਕ ਜਿਨ੍ਹਾਂ ’ਤੇ ਆਮ ਤੌਰ ’ਤੇ ਮਾਣ ਕੀਤਾ ਜਾਂਦਾ ਹੈ, ਵਿੱਸਰ ਜਾਣਾ ਜ਼ਰੂਰੀ ਹੈ। ਇਨਸਾਨ ਨੂੰ ਆਪਣੇ ਧਰਮ-ਕਰਮ, ਜੋਗ-ਅਭਿਆਸ, ਹਠ, ਤਿਆਗ ਆਦਿਕ ’ਤੇ ਵੀ ਛੇਤੀ ਮਾਣ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਹੈ ਕਿ ਗੁਰੂ-ਘਰ ’ਚ ਇਨ੍ਹਾਂ ਦੀ ਕੋਈ ਕੀਮਤ ਨਹੀਂ ਪੈਂਦੀ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ਸੰਸਾਰ ਅੰਦਰ ਕਿਤਨੀ ਹੀ ਵਡਿਆਈ ਕਿਉਂ ਨਾ ਖੱਟ ਲਈ ਜਾਵੇ ਪਰਮਾਤਮਾ ਦੇ ਦਰ ’ਤੇ ਇਹ ਪ੍ਰਵਾਨ ਨਹੀਂ ਹੁੰਦੀ ਕਿਉਂਕਿ ਉੱਥੋਂ ਦੇ ਆਪਣੇ ਹੀ ਨਿਯਮ ਹਨ ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ਉਸ ਘਰ ਦਾ ਤਰੀਕਾ ਸੰਸਾਰ ਤੋਂ ਵੱਖਰਾ ਹੈ। ਗੁਰਦੁਆਰਾ ਸਾਹਿਬ ਜਾਣ ਦਾ ਪਹਿਲਾ ਅਦਬ ਹੈ: ਵਿੱਸਰ ਜਾਣਾ। ਆਪਣੀ ਸੰਸਾਰਕ ਹੋਂਦ ਭਾਵ ਦੁਨਿਆਵੀ ਪ੍ਰਾਪਤੀਆਂ, ਸੰਬੰਧਾਂ ਨੂੰ ਵਿਸਾਰ ਕੇ ਜਾਣਾ ਹੀ ਗੁਰੂ-ਘਰ ’ਚ ਸਵੀਕਾਰ ਹੁੰਦਾ ਹੈ।
ਬੋਲੀ ’ਚ ਮਿਠਾਸ ਹੋਵੇ, ਸਚਿਆਈ ਤੇ ਸੰਜਮ ਹੋਵੇ। ਭਾਵੇਂ ਸੰਸਾਰ ਅੰਦਰ ਕੂੜ ਵਰਤ ਰਿਹਾ ਹੈ ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ਪਰ ਪਰਮਾਤਮਾ ਨੇ ਗਿਆਨੀਆਂ, ਧਰਮੀਆਂ ਨੂੰ ਸੱਚ ਦੇ ਦਰਸ਼ਨ ਵੀ ਕਰਾਏ ਹਨ; ਜਿਸ ਨਾਲ ਜੀਵਨ ਸਫਲ ਹੁੰਦਾ ਹੈ ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ਸੰਸਾਰਕ ਰਸਾਂ ਤੋਂ ਨਿਕਲ ਕੇ ਸੱਚ ਨੂੰ ਧਾਰਨ ਕਰਨ ਦੀ ਭਾਵਨਾ ਪ੍ਰਗਟ ਹੋਣੀ ਚਾਹੀਦੀ ਹੈ ਬਾਬਾ ਬੋਲੀਐ ਪਤਿ ਹੋਇ ਧਰਮ ਦੇ ਮਾਰਗ ’ਤੇ ਚੱਲਣ ਦਾ ਸੰਕਲਪ ਦ੍ਰਿੜ੍ਹ ਹੋਣਾ ਚਾਹੀਦੈ। ਸੱਚ ਜੇ ਮਨੁੱਖ ਦੇ ਜੀਵਨ ’ਚ ਨਿਰੰਤਰ ਪ੍ਰਗਟ ਨਹੀਂ ਹੋ ਰਿਹਾ ਤਾਂ ਉਹ ਪਰਮਾਤਮਾ ਦੀ ਮਿਹਰ ਤੋਂ ਦੂਰ ਹੀ ਹੈ ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ਇਹ ਨਹੀਂ ਹੋ ਸਕਦਾ ਕਿ ਗੁਰਸਿੱਖ ਦਾ ਆਚਰਨ ਗੁਰਦੁਆਰਾ ਸਾਹਿਬ ਵਿਖੇ ਕੁਝ ਹੋਰ ਅਤੇ ਬਾਹਰ ਕੁਝ ਹੋਰ ਹੋਵੇ। ਇਨਸਾਨੀ ਕਮਜ਼ੋਰੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਹਾਸਲ ਕਰਨਾ ਚਾਹੁੰਦਾ ਹੈ। ਸੰਸਾਰ ਦੇ ਰਸ-ਰੰਗ ਤੋਂ ਉਹ ਕਦੇ ਰੱਜਦਾ ਨਹੀਂ। ਇੰਦ੍ਰੀਆਂ ਦੇ ਰਸ ਉਸ ਨੂੰ ਸਦਾ ਹੀ ਬੇਚੈਨ ਰੱਖਦੇ ਹਨ। ਸੁਆਦਲੇ ਭੋਜਨ-ਵਿਅੰਜਨ, ਵਸਤਰ, ਦੌਲਤ, ਸਲਤਨਤ ਅਤੇ ਭੋਗ-ਵਿਲਾਸ ਆਦਿ ਦਾ ਕੋਈ ਅੰਤ ਨਹੀਂ ਹੈ। ਸਾਰਾ ਜੀਵਨ ਇਨ੍ਹਾਂ ਨੂੰ ਹਾਸਲ ਕਰਨ ਤੇ ਸੰਭਾਲਣ ’ਚ ਲੱਗ ਜਾਂਦਾ ਹੈ। ਅਗਿਆਨੀ ਤੇ ਮਾਇਆ-ਮੋਹ ’ਚ ਮੁਗਧ ਲੋਗ ਜੀਵਨ ਦਾ ਦੁਰਲੱਭ ਮੌਕਾ ਵਿਅਰਥ ਗੁਆ ਦਿੰਦੇ ਹਨ ਬਾਬਾ ਹੋਰੁ ਚੜਨਾ ਖੁਸੀ ਖੁਆਰੁ ਗੁਰੂ ਨਾਨਕ ਸਾਹਿਬ ਨੇ ਗੁਰਸਿੱਖ ਤੇ ਸਾਕਤ ਦੀ ਪਛਾਣ ਸਪਸ਼ਟ ਕੀਤੀ:
ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ॥
ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ (ਪੰਨਾ ੨੨)
ਮਨੁੱਖ ਆਪਣੀ ਸੋਚ ਤੇ ਰੁਚੀ ਅਨੁਸਾਰ ਹੀ ਕਿਧਰੇ ਜਾਂਦਾ ਹੈ ਜਾਂ ਕੋਈ ਕੰਮ ਕਰਦਾ ਹੈ। ਮਨ ਦਾ ਚਾਉ ਤੇ ਭਾਵਨਾ ਜੀਵਨ ’ਚ ਮਹੱਤਵਪੂਰਨ ਹਨ। ਭਾਵਨਾ ਤੇ ਚਾਉ ਨਾ ਹੋਵੇ ਤਾਂ ਗੁਰਦੁਆਰਾ ਸਾਹਿਬ ਜਾਣਾ ਲੇਖੇ ਨਹੀਂ ਲੱਗਦਾ। ਇਕ ਬਾਹਰਲਾ ਕਰਮ ਬਣ ਕੇ ਰਹਿ ਜਾਂਦਾ ਹੈ। ਗੁਰਦੁਆਰਾ ਸਾਹਿਬ ਜਾਣ ਦਾ ਚਾਉ ਹੋਵੇ, ਭਾਵਨਾ ਹੋਵੇ। ਮਨ ਸੰਸਾਰ ਦੀਆਂ ਕੂੜ-ਕਿਰਿਆਵਾਂ ਪ੍ਰਤੀ ਉਦਾਸ ਹੋ ਜਾਵੇ।
ਇੰਦ੍ਰੀਆਂ ਦੇ ਰਸ ਮੁੱਕ ਜਾਣ ਅਤੇ ਮਨ ਅੰਦਰ ਪਰਮਾਤਮਾ ਦਾ ਰਸ ਪੈਦਾ ਹੋ ਜਾਵੇ। ਗੁਰੂ-ਘਰ ਦੇ ਦਰਸ਼ਨ ਬਿਨਾ ਮਨ ਵਿਆਕੁਲ ਰਹੇ। ਗੁਰਦੁਆਰਾ ਸਾਹਿਬ ਜਾਣ ਲਈ ਸਾਕਤ ਅਵਸਥਾ ਨੂੰ ਤਿਆਗ ਕੇ ਗੁਰਮੁਖ ਬਣਨਾ ਹੈ। ਗੁਰਮੁਖ ਦਾ ਮਨ ਗੁਰੂ ਤੇ ਗੁਰੂ-ਘਰ ਪ੍ਰਤੀ ਪਿਆਰ ਤੇ ਸਤਿਕਾਰ ਨਾਲ ਭਰਪੂਰ ਰਹਿੰਦਾ ਹੈ ਤੇ ਉਸ ਤੁਲ ਪਾਵਨ ਤੇ ਸੁੰਦਰ ਅਸਥਾਨ ਕੋਈ ਨਹੀਂ ਲੱਗਦਾ:
ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ॥
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ॥
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ॥ (ਪੰਨਾ ੧੭)
ਗੁਰਸਿੱਖ ਲਈ ਗੁਰਦੁਆਰਾ ਸਾਹਿਬ ਸੰਸਾਰ ਦਾ ਸਭ ਤੋਂ ਪਾਵਨ ਤੇ ਉੱਚਾ ਅਸਥਾਨ ਹੈ, ਜਿੱਥੇ ਸਾਰੀਆਂ ਰਿੱਧੀਆਂ-ਸਿੱਧੀਆਂ ਤੇ ਨੌ ਨਿਧੀਆਂ ਵਰਤ ਰਹੀਆਂ ਹਨ। ਜਿੱਥੇ ਅਨਮੋਲ ਦਾਤਾਂ ਦੇ ਅਤੁੱਟ ਭੰਡਾਰ ਭਰੇ ਹੋਏ ਹਨ। ਇਹ ਆਤਮਿਕ ਵਿਕਾਸ ਦਾ ਸਭ ਤੋਂ ਸ੍ਰੇਸ਼ਠ ਕੇਂਦਰ ਹੈ, ਜਿੱਥੇ ਪਰਮਾਤਮਾ ਆਪ ਮਿਹਰ ਕਰ ਮੁਕਤੀ ਦੇ ਗੱਫੇ ਵੰਡ ਰਿਹਾ ਹੈ। ਪਰ ਇਸ ਅਸਥਾਨ ’ਤੇ ਹਾਜ਼ਰੀ ਪ੍ਰਵਾਨ ਕਰਾਉਣ ਲਈ ਗੁਰੂ ਦੇ ਹੁਕਮ ਅਨੁਸਾਰ ਅੰਤਰ ਭਾਵਨਾ ਤੇ ਸਮਰੱਥਾ ਪੈਦਾ ਕਰਨਾ ਬਣਦਾ ਹੈ। ਸਾਰੀ ਆਸ ਗੁਰੂ-ਘਰ ’ਤੇ ਟਿਕੀ ਹੋਵੇ, ਪੂਰਨ ਪ੍ਰੇਮ ਤੇ ਸ਼ਰਧਾ ਗੁਰੂ-ਸ਼ਬਦ ਨਾਲ ਜੁੜੀ ਹੋਵੇ। ਗੁਰੂ ਦੀ ਮਹਿਮਾ ’ਤੇ ਅਡੋਲ ਭਰੋਸਾ ਹੋਵੇ। ਆਪਣੇ ਅਤੇ ਗੁਰੂ ਦੇ ਰਿਸ਼ਤੇ ਦਾ ਸੱਚ ਵੀ ਧਿਆਨ ’ਚ ਹੋਵੇ:
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ॥ (ਪੰਨਾ ੧੭)
ਗੁਰੂ-ਘਰ ਜਾਣਾ ਤਾਂ ਹੀ ਲੇਖੇ ਹੈ ਜੇ ਆਪਣੀ ਸਾਰੀ ਸਿਆਣਪ, ਬੁਧਿ, ਜੁਗਤ ਸਦਾ ਲਈ ਵਿੱਸਰ ਜਾਏ। ਆਪਣੇ ਔਗੁਣਾਂ ਦੀ ਪਛਾਣ ਹੋ ਜਾਏ। ਆਪਣੇ ਔਗੁਣਾਂ ਦੀ ਪਛਾਣ ਨਾ ਹੋਵੇ ਤਾਂ ਗੁਰੂ-ਘਰ ’ਚ ਮੰਗਣ ਦੀ ਸਲਾਹੀਅਤ ਹੀ ਨਹੀਂ ਆਉਂਦੀ। ਗੁਰੂ-ਘਰ ਜਾ ਕੇ ਵੀ ਸੱਖਣੇ ਹੀ ਮੁੜ ਆਉਣਾ ਪੈਂਦਾ ਹੈ। ਸੱਚ ਦੀ ਪਛਾਣ ਹੋਣ ਤੋਂ ਬਾਅਦ ਹੀ ਪਰਮਾਤਮਾ ਦੀ ਮਿਹਰ ਹੁੰਦੀ ਹੈ ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ਆਪਣੇ ਔਗੁਣਾਂ ਦੀ ਪਛਾਣ ਪਰਮਾਤਮਾ ਦੀ ਵਡਿਆਈ ਦੇ ਨੇੜੇ ਲਿਜਾਣ ਵਾਲੀ ਹੁੰਦੀ ਹੈ। ਪਰਮਾਤਮਾ ਦੇ ਅਸੀਮ ਗੁਣਾਂ ਤੇ ਬਲ ਦਾ ਪਤਾ ਹੀ ਤਾਂ ਲੱਗਦਾ ਹੈ। ਆਪਣੇ ਔਗੁਣਾਂ ਨੂੰ ਜਾਣ ਕੇ ਗੁਰਦੁਆਰਾ ਸਾਹਿਬ ਆਉਣ ਦਾ ਮਕਸਦ ਹੈ ਔਗੁਣਾਂ ਨੂੰ ਗੁਣਾਂ ’ਚ ਬਦਲਣਾ। ਗੁਣਾਂ ਦੇ ਬਿਨਾ ਜੀਵਨ ਬਿਰਥਾ ਹੈ। ਮਨੁੱਖੀ ਜੀਵਨ ਦਾ ਮਨੋਰਥ ਪੂਰਨ ਕਰਨ ਲਈ ਸੁਚੇਤ ਰਹਿਣ ਦੀ ਲੋੜ ਹੈ। ਇਹ ਵੇਲਾ ਪਦਾਰਥਵਾਦੀ ਸੋਚ ’ਚ ਹੀ ਲੰਘ ਗਿਆ ਤਾਂ ਪਛਤਾਵਾ ਹੀ ਹੱਥ ਲੱਗਣਾ ਹੈ। ਤਨ ਦੀ ਸ਼ਕਤੀ ਜਿਸਮਾਨੀ ਤੇ ਰੂਹਾਨੀ, ਜੋ ਪਰਮਾਤਮਾ ਨੇ ਬਖਸ਼ੀ ਹੈ ਉਹ ਗੁਣਾਂ ਦੀ ਪ੍ਰਾਪਤੀ ਲਈ ਹੀ ਹੈ। ਇਸ ਸ਼ਕਤੀ ਨੂੰ ਪੂਰੇ ਜਤਨ ਨਾਲ ਸ੍ਰੇਸ਼ਠ ਗੁਣ ਧਾਰਨ ਕਰਨ ਲਈ ਲਗਾਉਣ ਦੀ ਲੋੜ ਹੈ:
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ॥
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ॥
ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ॥ (ਪੰਨਾ ੨੦)
ਸੰਸਾਰ ਅੰਦਰ ਲੋਕ ਭਾਵੇਂ ਕਿਤਨੀ ਸਿਫਤ ਕਰਨ, ਆਪਣੇ ਅੰਦਰਲੇ ਔਗੁਣਾਂ ਤੋਂ ਹਰ ਕੋਈ ਵਾਕਫ ਹੁੰਦਾ ਹੈ। ਗੁਰਦੁਆਰਾ ਸਾਹਿਬ ਜਾਣ ਲੱਗਿਆਂ ਆਪਣੇ ਔਗੁਣਾਂ ਦਾ ਗਿਆਨ ਤੇ ਅਹਿਸਾਸ ਹੋਵੇ ਤੇ ਸੰਸਾਰਕ ਵਾਹ-ਵਾਹੀ ਵਿੱਸਰ ਜਾਏ। ਮਨ ਅੰਦਰ ਇਨ੍ਹਾਂ ਔਗੁਣਾਂ ਨੂੰ ਜਿੱਤਣ ਦੀ ਅਭਿਲਾਖਾ ਜਾਗ੍ਰਿਤ ਹੋ ਜਾਏ। ਜਿਸ ਦਿਨ ਇਹ ਬਿਰਤੀ ਪ੍ਰਗਟ ਹੋ ਜਾਏਗੀ, ਇਕ ਸੱਚਾ ਸਿੱਖ ਗੁਰਦੁਆਰਾ ਸਾਹਿਬ ਜਾਣ ਲਈ ਤਿਆਰ ਹੋਵੇਗਾ। ਇਹ ਬਿਰਤੀ ਆਪ ਹੀ ਉਸ ਦੀ ਸਰੀਰਕ ਭਾਸ਼ਾ ’ਚ ਦਿੱਸੇਗੀ ਵਸਤਰ ਸਾਦਗੀ ਭਰੇ ਹੋ ਜਾਣਗੇ, ਅੱਖਾਂ ਨੀਵੀਆਂ ਹੋ ਜਾਣਗੀਆਂ, ਬੋਲੀ ਨਿਮ੍ਰਤਾ ਭਰੀ ਹੋ ਜਾਏਗੀ, ਧਿਆਨ ਅੰਤਰ-ਮੁਖੀ ਹੋ ਜਾਏਗਾ ਤੇ ਸੁਰਤ ਗੁਰੂ-ਸ਼ਬਦ ’ਤੇ ਟਿਕ ਜਾਏਗੀ। ਗੁਰੂ-ਘਰ ਅੰਦਰ ਕਿਸੇ ਨੂੰ ਵੀ ਆਉਣ ’ਤੇ ਰੋਕ ਨਹੀਂ ਹੈ। ਸਾਰਿਆਂ ਲਈ ਗੁਰੂ-ਘਰ ਦੇ ਦੁਆਰ ਸਦਾ ਖੁੱਲੇ ਹੋਏ ਹਨ। ਗੁਰੂ-ਘਰ ਅੰਦਰ ਸ਼ਬਦ ਅੰਮ੍ਰਿਤ ਵਰ੍ਹ ਰਿਹਾ ਹੈ, ਪਰ ਭਿੱਜੇਗਾ ਉਹ ਜੋ ਭਿੱਜਣ ਲਈ ਆਇਆ ਹੈ। ਹੰਕਾਰ-ਵਿਕਾਰਾਂ ਨਾਲ ਭਰਿਆ ਹੋਇਆ, ਮਾਇਆ ਮੋਹ ’ਚ ਪਿਆ ਹੋਇਆ ਮਨ ਇਸ ਅੰਮ੍ਰਿਤ ਤੋਂ ਵਾਂਝਿਆਂ ਹੀ ਰਹਿੰਦਾ ਹੈ ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ਸਾਕਤ ਦਾ ਧਿਆਨ ਆਪਣੇ ਕੀਮਤੀ ਕੱਪੜਿਆਂ ਵੱਲ ਹੋਵੇਗਾ, ਧਨ-ਦੌਲਤ, ਤਾਕਤ ਦਾ ਮਦ ਉਸ ਦੇ ਮੱਥੇ ’ਤੇ ਲਿਖਿਆ ਹੋਵੇਗਾ। ਉਹ ਆਪਣੀ ਹੋਂਦ ਦਾ ਲੋਕਾਂ ’ਤੇ ਅਸਰ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ ਤੇ ਲੋਕਾਂ ਕੋਲੋਂ ਸਤਿਕਾਰ ਪਾਉਣ ਦੀ ਆਸ ਕਰ ਰਿਹਾ ਹੋਵੇਗਾ। ਇਸ ਦੇ ਨਾਲ ਹੀ ਉਸ ਦੇ ਮਨ ਅੰਦਰ ਪਰਮਾਤਮਾ ਕੋਲੋਂ ਮੰਗਾਂ ਦੀ ਫੇਹਰਿਸਤ ਚੱਲ ਰਹੀ ਹੋਵੇਗੀ।
ਆਮ ਜ਼ਿੰਦਗੀ ’ਚ ਜਦੋਂ ਕੋਈ ਆਪਣੇ ਤੋਂ ਵੱਡੇ ਦੇ ਘਰ ਜਾਏ ਤਾਂ ਸਾਰੇ ਸਲੀਕੇ ਯਾਦ ਆ ਜਾਂਦੇ ਹਨ। ਆਵਾਜ਼ ਨੀਵੀਂ ਤੇ ਕੋਮਲ, ਭਾਸ਼ਾ ਮਿੱਠੀ ਤੇ ਨਿਮਾਣੀ ਅਤੇ ਪੋਸ਼ਾਕ ਮਰਯਾਦਾ ਵਾਲੀ ਭਾਵ ਜਿਸ ਨੂੰ ਅੱਜ ਦੀ ਭਾਸ਼ਾ ’ਚ ਫਾਰਮਲ ਵੀ ਕਹਿੰਦੇ ਹਨ। ਪੂਰਾ ਧਿਆਨ ਉਸ ਵੱਲ ਟਿਕਿਆ ਰਹਿੰਦਾ ਹੈ ਜਿਸ ਕੋਲ ਗਏ ਹਾਂ। ਉਸ ਦੇ ਇਸ਼ਾਰੇ ਵੀ ਸਮਝਣ ਦਾ ਜਤਨ ਕੀਤਾ ਜਾਂਦਾ ਹੈ। ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਆਪਣੇ ਗੁਣਾਂ ਨਾਲ ਪ੍ਰਭਾਵਿਤ ਕਰੀਏ। ਗੁਰੂ-ਘਰ ਸਾਰੀ ਸ੍ਰਿਸ਼ਟੀ ਦੇ ਸਾਹਿਬ ਦਾ ਘਰ ਹੈ ਜੋ ਸਾਰੇ ਜੀਵਾਂ ਦਾ ਪਿਤਾ, ਪਾਲਣਹਾਰ ਤੇ ਸਰਬ-ਸਮਰੱਥ ਦਾਤਾ ਹੈ। ਉਸ ਦੇ ਦਰਬਾਰ ’ਚ ਜਾਣ ਲੱਗਿਆਂ ਕੋਈ ਅਣਗਹਿਲੀ ਕਿਵੇਂ ਕੀਤੀ ਜਾ ਸਕਦੀ ਹੈ? ਸਾਰੀਆਂ ਦਾਤਾਂ ਉਸ ਘਰ ਤੋਂ ਹੀ ਮਿਲਣੀਆਂ ਹਨ। ਗੁਰੂ-ਘਰ ਜਾਣ ਲੱਗਿਆਂ ਮਨ ਅੰਦਰ ਕੋਈ ਸ਼ੰਕਾ ਨਾ ਰਹੇ:
ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ॥
ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ॥
ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ॥ (ਪੰਨਾ ੨੧)
ਗੁਰੂ-ਘਰ ਇੱਕੋ ਦਾਤ ਵੰਡੀ ਜਾ ਰਹੀ ਹੈ, ਉਹ ਹੈ ਗੁਰ ਸ਼ਬਦ ਦੇ ਅੰਮ੍ਰਿਤ ਦੀ। ਇਸ ਅੰਮ੍ਰਿਤ ਦੀ ਇੱਕੋ ਵਡਿਆਈ ਹੈ ਔਗੁਣਾਂ ਨੂੰ ਗੁਣਾਂ ’ਚ ਬਦਲ ਦੇਣਾ। ਗੁਣਾਂ ਰਾਹੀਂ ਪਰਮਾਤਮਾ ਨਾਲ ਮੇਲ ਹੁੰਦਾ ਹੈ ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ਗੁਰੂ ਸ਼ਬਦ ਹੀ ਇਸ ’ਚ ਸਹਾਈ ਹੈ। ਗੁਰੂ-ਘਰ ’ਚ ਗੁਰੂ ਸ਼ਬਦ ਦੀ ਸੇਵਾ ਕਰਨ ਵਾਲਿਆਂ ਨੂੰ ਹੀ ਥਾਂ ਮਿਲਦੀ ਹੈ ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ਮਨ ਸਦਾ ਪਰਮਾਤਮਾ ਵਿਚ ਰਮਿਆ ਰਹੇ। ਅੰਤਰ-ਚੇਤਨਾ ’ਚ ਸਦਾ ਪਰਮੇਸ਼ਵਰ ਦੀ ਸਿਫਤ ਚੱਲਦੀ ਰਹੇ ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ਗੁਰਦੁਆਰਾ ਸਾਹਿਬ ਸਾਡਾ ਮਨ ਜਾਏ, ਪਰੰਤੂ ਤਨ ਵਿੱਸਰ ਜਾਏ। ਗੁਰਦੁਆਰਾ ਸਾਹਿਬ ਜਾਣ ਵਾਲਾ ਮਨ ਪ੍ਰਭੂ ਦੇ ਭੈਅ ਅਤੇ ਭਾਵ ਨਾਲ ਰੋਸ਼ਨ ਹੋਵੇ:
ਪੋਥੀ ਪੁਰਾਣ ਕਮਾਈਐ॥
ਭਉ ਵਟੀ ਇਤੁ ਤਨਿ ਪਾਈਐ॥
ਸਚੁ ਬੂਝਣੁ ਆਣਿ ਜਲਾਈਐ॥ (ਪੰਨਾ ੨੫)
ਗੁਰਦੁਆਰਾ ਸਾਹਿਬ ਬਾਰੇ ਪੰਥ ਦੁਆਰਾ ਡੁੰਘੀ ਸੋਚ-ਵਿਚਾਰ ਤੋਂ ਬਾਅਦ ਸਵੀਕਾਰ ਕੀਤੀ ਗਈ ‘ਸਿੱਖ ਰਹਿਤ ਮਰਯਾਦਾ’ ਵਿਚ ਇਕ ਪੂਰਾ ਅਧਿਆਇ ‘ਗੁਰਦੁਆਰੇ’ ਸਿਰਲੇਖ ਹੇਠਾਂ ਰੱਖਿਆ ਗਿਆ ਹੈ। ਇਸ ਦਾ ਪਹਿਲਾ ਨੁਕਤਾ ਹੈ ਕਿ “ਗੁਰਬਾਣੀ ਦਾ ਅਸਰ ਸਾਧ-ਸੰਗਤ ’ਚ ਬੈਠਿਆਂ ਵਧੇਰੇ ਹੁੰਦਾ ਹੈ। ਇਸ ਲਈ ਸਿੱਖ ਲਈ ਉੱਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ-ਮੇਲ ਅਸਥਾਨਾਂ-ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਵਿਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ”। ਇਹ ਨੁਕਤਾ ਪੰਥਕ ਵਿਦਵਾਨਾਂ ਦੀ ਰਾਇ ਸਪਸ਼ਟ ਕਰਦਾ ਹੈ ਕਿ ਗੁਰਦੁਆਰਾ ਸਾਹਿਬ ਜਾਂ ਹੋਰ ਜਿੱਥੇ ਵੀ ਸੰਗਤ ਜੁੜੀ ਹੈ, ਸਿੱਖ ਦੇ ਗੁਰਦੁਆਰਾ ਸਾਹਿਬ ਜਾਣ ਦਾ ਮਨੋਰਥ ਗੁਰਬਾਣੀ ਨਾਲ ਜੁੜਨਾ ਤੇ ਗੁਰ-ਸ਼ਬਦ ਤੋਂ ਗੁਣਾਂ ਦੀ ਪ੍ਰਾਪਤੀ ਹੈ। ਮਨ ਮੌਜੂਦ ਨਹੀਂ ਰਹੇਗਾ ਤਾਂ ਮਨੋਰਥ ਪੂਰਾ ਨਹੀਂ ਹੋ ਸਕੇਗਾ। ਇਸ ਲਈ ਗੁਰਦੁਆਰਾ ਸਾਹਿਬ ਜਾਣ ਦਾ ਅਦਬ ‘ਮਨ ਦੀ ਤਿਆਰੀ’ ਹੈ।

-ਡਾ. ਸਤਿੰਦਰ ਪਾਲ ਸਿੰਘ*