‘ਮੂਲ ਮੰਤਰ’ ਦੀ ਮੈਂ ਗੁਰਦੇਵ ਦੀ ਪ੍ਰੇਰਨਾ ਅਨੁਸਾਰ ਤੁਹਾਡੇ ਸਾਹਮਣੇ ਵਿਚਾਰ ਰੱਖੀ ਹੈ। ਇਸ ਵਿਚਾਰ ਦਾ ਮੁੱਖ ਮੁੱਦਾ ਇੰਨਾ ਸਮਝਣਾ, ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ । ਘੱਟ ਤੋਂ ਘੱਟ ਪੰਦਰਾਂ ਵੀਹ ਮਿੰਟ । ‘ਮੂਲ ਮੰਤਰ’ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ ‘ਗੁਰੂ ਮੰਤਰ’ ਜਪਣ ਲਈ ਰਾਜ਼ੀ ਹੋ ਜਾਂਦਾ ਹੈ । ਬਗ਼ੌਰ ਤੁਸੀਂ ਮੁਤਾਲਿਆ ਕਰਕੇ ਦੇਖਣਾ | ਸਿੱਧਾ ਤੁਸੀਂ ‘ਗੁਰ ਮੰਤਰ’ ਜਪ ਕੇ ਦੇਖਣਾ, ਮਨ ਜਪਦਾ ਹੀ ਨਹੀਂ। ਮਨ ਰਾਜ਼ੀ ਹੀ ਨਹੀਂ ਹੁੰਦਾ। ਮਨ ਲੀਨ ਹੀ ਨਹੀਂ ਹੁੰਦਾ ਤੇ ਜਿਸ ਨੇ ‘ਮੂਲ ਮੰਤਰ’ ਜਪਿਐ ਤੇ ਜਿਸ ਨੇ ਆਪਣੇ ਮਨ ਨੂੰ ‘ਗੁਰ ਮੰਤਰ’ ਜਪਣ ਲਈ ਰਾਜ਼ੀ ਕਰ ਲਿਐ ਤਾਂ ਉਹ ਜਦ ਬਾਣੀ ਪੜ੍ਹੇਗਾ ਤਾਂ ਇਕ-ਇਕ ਸ਼ਬਦ ਨੇ ਉਸ ਨੂੰ ਰਸ ਦੇਣਾ ਹੈ। ਇਕ-ਇਕ ਪੰਕਤੀ ਤੋਂ ਉਸ ਨੇ ਅਨੰਦ ਮਾਣਨੈ। ਉਹ ਫਿਰ ਪਾਣੀ ਨਹੀਂ ਰਿੜਕੇਗਾ, ਉਹਨੇ ਫਿਰ ਦਹੀਂ ਰਿੜਕਣੀ ਏਂ। ਉਹਨੇ ਸ਼ਬਦਾਂ ਵਿੱਚੋਂ ਅਨੰਦ ਮਾਣਨੈ। ਆਮ ਲੋਕੀਂ ਤਾਂ ਪਾਣੀ ਹੀ ਰਿੜਕ ਰਹੇ ਹੁੰਦੇ ਨੇ। ਸ਼ਬਦ ਇਕ ਪਾਸੇ ਤੇ ਸੁਰਤ ਇਕ ਪਾਸੇ । ਪਰ ‘ਮੂਲ ਮੰਤਰ’ ਤੇ ‘ਗੁਰ ਮੰਤਰ’ ਦੇ ਜਾਪ ਦੇ ਨਾਲ ਜੋ ਹਿਰਦੇ ਦੀ ਬਣਤਰ ਬਣਦੀ ਐ, ਫਿਰ ਉਸ ਬਾਣੀ ਦੇ ਪਾਠ ਦਾ ਸੁਆਦ ਹੀ ਕੁਝ ਹੋਰ ਹੈ। ਉਹ ਫਿਰ ਰਸ ਹੀ ਕੁਝ ਹੋਰ ਹੈ। ਉਹ ਅਨੰਦ ਹੀ ਕੁਝ ਹੋਰ ਹੈ।
ਗਿਆਨੀ ਸੰਤ ਸਿੰਘ ਮਸਕੀਨ ਜੀ
