6 views 1 sec 0 comments

ਅਰਦਾਸ

ਲੇਖ
January 28, 2026

ਜੇ ਆਤਮ ਸਮਰਪਣ ਨਹੀਂ ਹੋਇਆ ਤਾਂ ਅਰਦਾਸ ਸ਼ੁਰੂ ਹੀ ਨਹੀਂ ਹੋ ਸਕਦੀ।

ਅਰਦਾਸ ਕੇਵਲ ਕੁਝ ਬੋਲ ਬੋਲਣ ਦਾ ਨਾਮ ਨਹੀਂ ਸਗੋਂ ਪੂਰੇ ਦਿਲੋਂ ਕੀਤੀ ਬੇਨਤੀ ਹੈ ਉਸ ਮਹਾਨ ਸ਼ਕਤੀ ਅੱਗੇ ਜੋ ਹਰਥੇ ਹਾਜ਼ਰ ਨਾਜ਼ਰ ਹੈ। ਇਹ ਉਸ ਨਾਲ ਸਪਰਸ਼ ਕਾਇਮ ਕਰਨ ਦੀ ਜੋਦੜੀ ਹੁੰਦੀ ਹੈ। ਇਸ ਅੰਦਰ ਇਕ ਉਮਾਹ ਹੁੰਦਾ ਹੈ ਉਸ ਸਰਬ ਵਿਆਪਕ ਹੋਂਦ ਨਾਲ ਜੁੜਨ ਦਾ, ਜਿਸ ਅੰਦਰ ਸਭ ਕੁਝ ਸਮਾਇਆ ਹੋਇਆ ਹੈ ਤੇ ਜੋ ਸਭ ਕਾਸੇ ਤੋਂ ਵੱਡੀ ਅਸਲੀਅਤ ਹੈ। ਇਸ ਨੂੰ ਕਿਸੇ ਵਸਤ ਵਾਂਗ ਨਹੀਂ ਵੇਖਿਆ ਜਾ ਸਕਦਾ। ਨਾ ਹੀ ਵਸਤਾਂ ਵਾਂਗ ਸਮਝਿਆ ਜਾ ਸਕਦਾ ਹੈ, ਨਾ ਮਹਿਸੂਸਿਆ। ਸਮਸਤ ਸ਼ਕਤੀਆਂ ਦੇ ਉਸ ਸੋਮੇ ਪੁਰ ਧਿਆਨ ਕੇਂਦਰਿਤ ਕਰਨਾ ਅਰਦਾਸ ਲਈ ਪਹਿਲਾ ਕਦਮ ਹੋਣਾ ਚਾਹੀਦਾ ਹੈ। ਸੱਚੇ ਮਨੋਂ ਕੀਤੀ ਅਰਦਾਸ ਨਾਲ ਅਰਦਾਸੀਆ ਪ੍ਰਾਣੀ ਕੇਵਲ ਆਪਣੀ ਬੇਨਤੀ ਹੀ ਰੱਬ ਦੇ ਧਿਆਨ ਕੇਂਦਰਿਤ ਨਹੀਂ ਕਰਵਾ ਸਕਦਾ, ਸਗੋਂ ਉਹ ਅਨੇਕਾਂ ਪਰਾ-ਮਾਨਵੀ ਸ਼ਕਤੀਆਂ ਦਾ ਸੁਆਮੀ ਵੀ ਹੋ ਸਕਦਾ ਹੈ, ਕਿਉਂਕਿ ਸਰਬ ਸ਼ਕਤੀਮਾਨ ਮਾਲਕ ਉਸ ਦੇ ਨੇੜੇ ਜੁ ਹੋ ਜਾਂਦਾ ਹੈ:

ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ
ਇਕਨਾ ਦੂਰਿ ਹੈ ਪਾਸਿ॥

ਅਰਦਾਸ ਰਾਹੀਂ ਸਾਧਕ ਆਪਣਾ ਦੁੱਖ ਸੁੱਖ ਉਸ ਅੱਗੇ ਫੋਲਦਾ ਹੈ, ਜੋ ਉਸ ਦੇ ਕਹਿਣ ਤੋਂ ਪਹਿਲਾਂ ਹੀ ਸਭ ਕੁਝ ਜਾਣਦਾ ਹੈ:

ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ॥

ਅਰਦਾਸ ਕਰਨਾ ਤਾਂ ਆਪਣੇ ਪਰਮ ਪਿਆਰੇ ਪਿਤਾ ਨਾਲ ਗੱਲਬਾਤ ਕਰਨ ਦਾ ਅਉਸਰ ਲੈਣਾ ਹੈ, ਜਿਸ ਦਾ ਦਿੱਤਾ ਹੋਇਆ ਸਭ ਕੁਝ ਹੈ-ਇਹ ਸਰੀਰ ਵੀ, ਇਹ ਜਾਨ ਵੀ:

ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ॥

ਅਰਦਾਸ ਕੀਤਿਆਂ ਪਵਿੱਤਰ ਰੂਹਾਨੀ ਲਹਿਰਾਂ ਉਪਜਦੀਆਂ ਹਨ, ਜਿਨ੍ਹਾਂ ਸਦਕੇ ਅੰਦਰ ਇਕ ਵਿਸਮਾਦਜਨਕ ਸ਼ਾਂਤੀ ਵਰਤਦੀ ਹੈ। ਇਸ ਸ਼ਾਂਤੀ ਰਾਹੀਂ ਫਿਰ ਸਾਧਕ ਦੀ ਭਾਵੁਕ ਜ਼ਿੰਦਗੀ ਵਿਚ ਸੱਛਤਾ ਢਲਦੀ ਹੈ। ਉਸ ਮਾਲਿਕ ਨਾਲ ਪਿਆਰ ਵੀ ਪੈਂਦਾ ਹੈ ਤੇ ਪਾਵਨ ਭਉ ਵਿਚ ਉਸ ਅੱਗੇ ਸਿਰ ਵੀ ਝੁਕਦਾ ਹੈ:

ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ॥
ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ॥

ਜਦੋਂ ਅਰਦਾਸ ਨਿਹਕੇਵਲ ਭਗਤੀ ਦਾ ਮਾਧਿਅਮ ਬਣਦੀ ਹੈ ਤਾਂ ਕਾਮਨਾਵਾਂ ਸ਼ੁੱਧ ਹੋ ਜਾਂਦੀਆਂ ਹਨ, ਸੰਸਾਰਕ ਬੰਧਨ ਢਿੱਲੇ ਪੈ ਜਾਂਦੇ ਹਨ ਤੇ ਕਰਤਾਰ ਵਿਚ ਅਮੁੱਕ ਵਿਸ਼ਵਾਸ ਤੇ ਸਿਦਕ ਉਤਪੰਨ ਹੁੰਦਾ ਹੈ। ਇਉਂ ਮਨ ਉੱਚਤਮ ਅਧਿਆਤਮਕ ਅਨੁਭਵ ਲਈ ਤਿਆਰ ਹੋ ਜਾਂਦਾ ਹੈ।

ਡਾ. ਜਸਵੰਤ ਸਿੰਘ ਨੇਕੀ