5 views 8 secs 0 comments

ਡੰਫੁ

ਲੇਖ
January 29, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ‘ਡੰਫੁ’ ਸ਼ਬਦ ਚਾਰ ਵਾਰ ਮੌਜੂਦ ਹੈ। ਪਹਿਲੀ ਵਾਰ ਗੋਇਲ ਜੋ ਆਪਣੀਆਂ ਗਾਵਾਂ ਨੂੰ ਗੋਇਲੀ ਦੇ ਵਿੱਚ ਚਰਾਉਣ ਦੇ ਵਾਸਤੇ ਆਇਆ ਤੇ ਉਸਨੇ ਡੰਫੁ ਦਾ ਪਸਾਰਾ ਕੀਤਾ, ਦੂਸਰੀ ਵਾਰ ਮਨਮੁਖ ਦੇ ਡੰਫ ਦਾ ਜ਼ਿਕਰ ਹੈ, ਤੀਸਰੀ ਵਾਰ ਸੁਖਮਨੀ ਸਾਹਿਬ ਦੇ ਵਿੱਚ ਮਨੁੱਖ ਡੰਫੁ ਕਰਦਾ ਹੈ, ਚੌਥੀ ਵਾਰ ਪਹਿਲੀ ਪਾਤਸ਼ਾਹ ਦੁਆਰਾ ਆਸਾ ਰਾਗ ਦੇ ਅੰਦਰ ਉਚਾਰਨ ਪੱਟੀ ਦੇ ਵਿੱਚ ਡਡੇ ਅੱਖਰ ਦਾ ਉਪਦੇਸ਼ ਡੰਫੁ ਤੋਂ ਸ਼ੁਰੂ ਹੁੰਦਾ:-

ਡਡੈ ਡੰਫੁ ਕਰਹੁ ਕਿਆ
ਪ੍ਰਾਣੀ ਜੋ ਕਿਛੁ ਹੋਆ ਸੁ ਸਭ ਚਲਣਾ॥
ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ॥(ਸ੍ਰੀ ਗੁਰੂ ਗ੍ਰੰਥ ਸਾਹਿਬ,੪੩੨)

ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਦੇ ਵਿੱਚ ‘ਡੰਫੁ’ ਦੰਭੁ ਤੋਂ ਬਣਿਆ ਮੰਨ ਕੇ ਅਰਥ ਪਖੰਡ ਬਣਾਵਟ ਦੀ ਕਿਰਿਆ ਕਰਦੇ ਹਨ।
ਭਾਈ ਵੀਰ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਅਨੁਸਾਰ ‘ਡੰਫੁ’ ਸੰਸਕ੍ਰਿਤ ਸ਼ਬਦ ਤੇ ਅਰਥ ਦੰਭੁ, ਡਿੰਡ, ਦਿਖਾਵਾ,ਪਸਾਰਾ ਆਦਿ ਕਰਦੇ ਹਨ।
ਡਾਕਟਰ ਗੁਰਚਰਨ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਤੇ ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’ ਦੇ ਵਿੱਚ ਉਪਰੋਕਤ ਵਿਦਵਾਨਾਂ ਵਾਲੇ ਹੀ ਅਰਥ ਕਰਦੇ ਹਨ:
ਡੰਫੁ: ਡੰਡਾ ਫੁਰਮਾਨ ਦਾ ਸੰਖੇਪ ਹੈ।
ਗੋਇਲ ਆਪਣੀਆਂ ਗਾਵਾਂ ਨੂੰ ਚਰਾਉਣ ਦੇ ਵਾਸਤੇ ਗੋਇਲੀ ਦੇ ਵਿੱਚ ਪਹੁੰਚਿਆ, ਉਹਨੇ ਆਪਣੀ ਥਾਂ ਮੁਕਰਰ ਕਰ ਲਈ, ਕਿ ਇੰਨੀ ਕੁ ਜਗ੍ਹਾ ਦੇ ਵਿੱਚ ਮੈਂ ਆਪਣੀਆਂ ਗਾਵਾਂ ਚਰਾਵਾਂਗਾ, ਜਦੋਂ ਦੂਸਰੇ ਗੁਆਲੇ ਆਏ ਤਾਂ ਉਹਨਾਂ ਨੂੰ ਕਹਿਣ ਲੱਗਾ ਕਿ ਇਹ ਮੇਰੀ ਥਾਂ ਹੈ, ਤੁਸੀਂ ਇੱਥੇ ਗਾਵਾਂ ਨਹੀਂ ਚਰਾ ਸਕਦੇ! ਉਹਨਾਂ ਨੇ ਵੀ ਸਹਿਜ ਸੁਭਾਏ ਸਵਾਲ ਪੁੱਛਿਆ, ਕੌਣ ਕਹਿੰਦਾ ਕਿ ਇਹ ਜਗ੍ਹਾ ਤੇਰੀ ਹੈ? ਉਹ ਅੱਗੋਂ ਕਹਿਣ ਲੱਗਾ, ਕਿ ਇਹ ਡੰਡਾ ਫਰਮਾਨ ਕਰਦਾ ਹੈ, ਉਸ ਦੇ ਡੰਡੇ ਦੇ ਵਿੱਚ ਤਾਕਤ ਸੀ ਤਾਕਤ ਦੇ ਸਦਕੇ ਉਹਨੇ ਉਹ ਜਗ੍ਹਾ ਮਲ ਲਈ। ਇਸੇ ਲਈ ਜਗਤ ਦੇ ਵਿੱਚ ਇਹ ਗੱਲ ਆਮ ਪ੍ਰਸਿੱਧ ਹੈ ਕਿ “ਜਿਸ ਦੀ ਲਾਠੀ ਉਸੇ ਦੀ ਭੈਂਸ।” ਸੰਸਾਰ ਦੇ ਵਿੱਚ ਕਹਿਣ ਨੂੰ ਜਿੰਨਾ ਮਰਜ਼ੀ ਲੋਕਤੰਤਰ ਦਾ ਪ੍ਰਚਾਰ ਕੀਤਾ ਜਾਵੇ ਪਰ ਜਿਨਾਂ ਦੀ ਲਾਠੀ, ਡੰਡੇ ਦੇ ਵਿੱਚ ਜ਼ੋਰ ਹੁੰਦਾ ਹੈ ਮਰਜ਼ੀ ਉਹਨਾਂ ਦੀ ਹੀ ਚੱਲਦੀ ਹੈ, ਤਕੜੇ ਦਾ ਸੱਤੀ ਵੀਹੀਂ ਸੌ ਵਾਲੀ ਕਹਾਵਤ ਹੁੰਦੀ ਹੈ।
ਸਤਿਗੁਰੂ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਜੇ ਇਸ ਤਰ੍ਹਾਂ ਦੇ ਨਾਲ ਤੂੰ ਕਬਜ਼ਾ/ ਹਕੂਮਤ ਕਰ ਵੀ ਲਈ ਤੇ ਅਖੀਰ ਨੂੰ ਸਭ ਕੁਝ ਛੱਡ ਕੇ ਚਲਾ ਜਾਵੇਂਗਾ। ਮਨੁੱਖ ਡੰਡਾ ਫੁਰਮਾਨ ‘ਡੰਫੁ’ ਕਰ ਸਕਦਾ ਹੈ, ਪਰ ਇਸ ਦੇ ਨਾਲ ਆਤਮਕ ਆਨੰਦ ਨਹੀਂ ਮਿਲਦਾ, ਡੰਡੇ ਦੀ ਤਾਕਤ ਵਾਲੀ ਬਿਰਤੀ ਨੂੰ ਛੱਡ ਕੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਹੀ ਸਦੀਵੀਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਦੀ ਇਹ ਗੱਲ ਡੁੰਘੇ ਅਰਥਾਂ ਵਿਚ ਸਮਝਣ ਵਾਲੀ ਹੈ ਜੋ ਕਿ ਮਨੁੱਖ ਦੇ ਅੰਦਰ ਸ਼ਾਂਤੀ, ਸਹਿਜ, ਸਬਰ ਤੇ ਸੰਤੋਖ ਨੂੰ ਪੈਦਾ ਕਰਨ ਦਾ ਅਸਲ ਸਰੋਤ ਹੈ।

ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ