4 views 6 secs 0 comments

ਸਤਿਸੰਗਤ

ਲੇਖ
January 29, 2026

ਪਿਛਲੇ ਜੁਗਾਂ ਵਿਚ ਵਾਹਿਗੁਰੂ ਪ੍ਰਾਪਤੀ ਦੇ ਸਾਧਨ ਜਪ-ਤਪ ਆਦਿ ਵਿਅਕਤੀਗਤ ਤੌਰ ‘ਤੇ ਕੀਤੇ ਜਾਂਦੇ ਸਨ। ਨਿਰਜਨ ਬਨਾਂ ਵਿਚ ਇਕੱਲਿਆਂ ਰਹਿਣ ਨੂੰ ਵਧੇਰੇ ਮਹਾਨਤਾ ਦਿੱਤੀ ਜਾਂਦੀ ਸੀ। ਪ੍ਰਵਿਰਤੀ ਤੇ ਬਹੁਤੇ ਇਕੱਠਾਂ ਵਿਚ ਰਹਿਣ ਨੂੰ ਪ੍ਰਮਾਰਥ ਵਿਰੋਧੀ ਕਰਾਰ ਦਿੱਤਾ ਗਿਆ ਸੀ। ਨਿਵਿਰਤੀ (ਤਿਆਗ) ਜਾਂ ਇਕੱਲ ਵਿਚੋਂ ਹੀ ਮੁਕਤੀ ਲੱਭਣ ਦਾ ਯਤਨ ਕੀਤਾ ਜਾਂਦਾ ਸੀ। ਲੇਕਿਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ਿੰਦਗੀ ਦੀ ਉੱਚਿਤਾ ਤੇ ਸਫ਼ਲਤਾ ਹਿੱਤ ਮੁੱਖ ਸਾਧਨ ਸਤਿਸੰਗਤ ਨੂੰ ਹੀ ਥਾਪਿਆ। ਇਕੋ ਇਕ ਵਾਹਿਗੁਰੂ ਨਾਮ ਦੀ ਸੁੰਦਰ ਵਿਆਖਿਆ ਤੇ ਸਿਮਰਨ ਦਾ ਅਨੰਦ ਮਾਣਨ ਲਈ ਜੁੜਿਆ ਇਕੱਠ ਹੀ ਸਤਿਸੰਗਤ ਅਖਵਾ ਸਕਦਾ ਹੈ-

ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
(ਸਿਰੀਰਾਗੁ ਮਹਲਾ ੧,ਅੰਗ ੭੨)

ਨੇਕ ਪੁਰਖਾਂ ਦੀ ਸੰਗਤ ਹੀ ਮਨੁੱਖੀ ਜ਼ਿੰਦਗੀ ਨੂੰ ਪਲਟਾਣ ਦੀ ਸਮਰੱਥਾ ਰੱਖਦੀ ਹੈ, ਸਾਫ਼ ਤੇ ਨਿਰਮਲ ਜਲ ਵਰਗੀ ਆਰੰਭਕ ਮਨੁੱਖੀ ਜ਼ਿੰਦਗੀ ਵਿਚ ਚੰਗੀ-ਮਾੜੀ ਸੰਗਤ ਦਾ ਜੋ ਵੀ ਰੰਗ ਘੋਲ ਦਿਓਗੇ ਉਹ ਹੀ ਰੰਗ ਚੜ੍ਹ ਜਾਵੇਗਾ-

ਊਤਮ ਸੰਗਤਿ ਊਤਮੁ ਹੋਵੈ॥ ਗੁਣ ਕਉ ਧਾਵੈ ਅਵਗਣ ਧੋਵੈ॥(ਅੰਗ ੪੧੪)

ਜਿਵੇਂ ਧਰਤੀ ਤੇ ਉੱਗੀ ਵੇਲ ਬਿੱਛ ਦੀ ਸੰਗਤ ਨਾਲ ਉੱਚੀ ਚੜ੍ਹਦੀ ਹੈ ਤੇ ਅਕਾਸ਼ਾਂ ਵਿਖੇ ਖੁਲ ਕੇ ਫੈਲਦੀ ਤੇ ਫਲਦੀ-ਫੁਲਦੀ ਹੈ ਪਰ ਉਹੋ ਹੀ ਵੇਲ ਖੂਹ ਜਾਂ ਟੋਭੇ ਦੀ ਸੰਗਤ ਕਾਰਨ ਹੇਠਾਂ ਡਿੱਗ ਕੇ ਸੜ ਸੁੱਕ ਕੇ ਤਬਾਹ ਹੋ ਜਾਂਦੀ ਹੈ, ਤਿਵੇਂ ਹੀ ਮਨੁੱਖਾ ਜ਼ਿੰਦਗੀ ਨੇਕ ਪੁਰਸ਼ਾਂ ਦੀ ਛੋਹ ਨਾਲ ਆਤਮਿਕ ਮੰਡਲਾਂ ‘ਚ ਹੁਲਾਰੇ ਲੈਂਦੀ ਹੈ ਤੇ ਮਾੜੇ ਬੰਦਿਆਂ ਦੀ ਸੰਗਤ ਨਾਲ ਆਤਮਿਕ ਜੀਵਨ ਵੱਲੋਂ ਸੜ ਸੁੱਕ ਕੇ ਤਬਾਹ ਤੇ ਬਰਬਾਦ ਹੋ ਜਾਂਦੀ ਹੈ।

ਨਵੀਨ ਮਨੋ-ਵਿਗਿਆਨੀਆਂ ਨੇ ਵੀ ਮਨ ਦੇ ਦੋ ਮੁੱਖ ਸੁਭਾਵ ਲੱਭੇ ਹਨ-
ਇਕ ਇਹ ਕਿ ਮਨ ਆਪਣੇ ਚੰਗੇ ਜਾਂ ਮਾੜੇ ਖਿਆਲਾਂ ਨੂੰ ਆਪਣੇ ਇਰਦ-ਗਿਰਦ ਪੂਰੇ ਜ਼ੋਰ ਨਾਲ ਖਿਲਾਰਦਾ ਹੈ ਤੇ ਦੂਜਾ, ਇਹ ਕਿ ਆਪਣੇ ਚੁਗਿਰਦੇ ਦੇ ਖ਼ਿਆਲਾਂ ਨੂੰ ਆਪਣੇ ਅੰਦਰ ਜਜ਼ਬ ਕਰਦਾ ਹੈ ਤੇ ਕਈ ਵਾਰ ਉਹੋ ਜਿਹਾ ਬਣਨ ਲਈ ਤਿੱਖੇ ਯਤਨ ਕਰਦਾ ਹੈ।

ਇਹ ਦੋਵੇਂ ਸੁਭਾਵ ਮਨੁੱਖੀ ਜ਼ਿੰਦਗੀ ਵਿਚ ਆਪਣਾ ਪੂਰਾ ਤੇ ਸਦੀਵੀ ਪ੍ਰਭਾਵ ਰੱਖਦੇ ਹਨ।

ਚੰਗਾ ਚੌਗਿਰਦਾ ਇਨਸਾਨ ਨੂੰ ਚੰਗੇਰਾ ਬਣਾਨ ਵਿਚ ਰੁੱਝਾ ਰਹਿੰਦਾ ਹੈ। ਇਸੇ ਲਈ ਮਨੋ-ਵਿਗਿਆਨੀਆਂ ਦੇ ਵੀ ਪੂਰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖਾ ਜ਼ਿੰਦਗੀ ਦੇ ਸੁਧਾਰ ਤੇ ਸਫਲਤਾ ਅਤੇ ਜਗਤ ਕਲਿਆਣ ਦਾ ਸਿੱਧਾ-ਸਾਦਾ, ਵਧੀਆਂ, ਸਰਲ ਤੇ ਸੋਖਾ ਰਾਹ ਸਤਿਸੰਗਤ ਹੀ ਤਜਵੀਜ਼ ਕੀਤਾ ਹੈ। ਇਹ ਹਜੂਰ ਦੀ ਜਗਤ ਨੂੰ ਮਹਾਨ ਦੇਣ ਹੈ ਜਿਸ ਰਾਹੀਂ ਪ੍ਰਵਿਰਤੀ ਮਾਰਗ (ਗ੍ਰਿਹਸਤ) ਵਿਚ ਰਹਿੰਦਿਆਂ ਦੁਨਿਆਵੀ ਜ਼ਿੰਮੇਵਾਰੀਆਂ ਨੂੰ ਨਿਭਾਂਦਿਆਂ ਹੋਇਆਂ ਸਤਿਸੰਗਤ ਰਾਹੀਂ ਹਰ ਮਨੁੱਖ ਜ਼ਿੰਦਗੀ ਦੀਆਂ ਸਿਖਰਾਂ ਨੂੰ ਛੋਹ ਸਕਦਾ ਹੈ।

ਸਿੰਘ ਸਾਹਿਬ ਗਿ. ਕ੍ਰਿਪਾਲ ਸਿੰਘ ਜੀ (ਸਵ.)