ਆਪਣੀ ਮੱਤ ਨੂੰ ਸਭ ਤੋਂ ਚੰਗੀ ਤੇ ਆਪਣੇ ਅੰਦਰੋਂ ਉਗਵਿਆ ਹਰ ਖ਼ਿਆਲ ਇਲਹਾਮ ਸਮਝਣਾ ਮਨੁੱਖ ਨੂੰ ਵਿਰਸੇ ‘ਚ ਮਿਲਿਆ ਹੋਇਆ ਹੈ ਅਤੇ ਸਰੀਰ ‘ਤੇ ਆ ਬਣੀ ਮੁਸੀਬਤ ਸਮੇਂ ਬਰਦਾਸ਼ਤ ਦੀ ਸ਼ਕਤੀ ਨਾ ਹੋਣ ਦੇ ਕਾਰਨ ਮਨੁੱਖ ਦਾ ਘਬਰਾਉਣਾ, ਰੋਣਾ, ਪਛਤਾਉਣਾ ਦੇ ਦੁਖੀ ਹੋਣਾ ਇਕ ਕੁਦਰਤੀ ਗੱਲ ਹੈ ਪਰ ਇਸ ਨਾਲ ਮਨੁੱਖ ਕਈ ਵਾਰ ਨਿਰਾਸ਼ਤਾ ਦੇ ਟੋਏ ਵਿਚ ਏਡਾ ਨੀਵਾਂ ਜਾ ਡਿੱਗਦਾ ਹੈ ਕਿ ਜਿਸ ‘ਚੋਂ ਨਿਕਲਣਾ ਕਠਿਨ ਹੀ ਨਹੀਂ ਸਗੋਂ ਕਈ ਵਾਰ ਅਸੰਭਵ ਬਣ ਜਾਂਦਾ ਹੈ।
ਮਨੁੱਖ ਦੀ ਇਸ ਜ਼ਹਿਨੀਅਤ ਨੂੰ ਬਦਲਣ ਲਈ ਖੁਸ਼ੀ ਤੇ ਖੇੜੇ ਭਰਿਆ ਜੀਵਨ ਜਗਤ ਨੂੰ ਦੇਣ ਲਈ ਗੁਰੂ ਨਾਨਕ ਦੇਵ ਜੀ ਨੇ ਭਾਣੇ ਦਾ ਸਬਕ ਸਿਖਾਇਆ। ਮਾਲਕ ਦੀ ਰਜ਼ਾ ‘ਚ ਰਾਜ਼ੀ ਰਹਿਣਾ ਜ਼ਿੰਦਗੀ ਦੀ ਪੂਰਨਤਾ ਦਾ ਮਹਾਨ ਚਿੰਨ੍ਹ ਹੈ, ਭਾਣੇ ‘ਚ ਤੁਰੇ ਤੋਂ ਬਿਨਾਂ ਮਨੁੱਖ ਦਾ ਕੀਤਾ ਹੋਇਆ ਕੋਈ ਵੀ ਸਾਧਨ ਸਫਲ ਨਹੀਂ ਹੋ ਸਕਦਾ-
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥
(ਜਪੁਜੀ, ਅੰਗ ੨)
ਭਾਣਾ ਮੰਨਣ ਨਾਲ ਹੀ ਵਾਹਿਗੁਰੂ ਜੀ ਦੀ ਬਖਸ਼ਸ਼ ਨਾਜ਼ਲ ਹੁੰਦੀ ਹੈ, ਇਸ ਲਈ ਵਾਹਿਗੁਰੂ ਜੀ ਦੇ ਦਰ ਪਰਵਾਨ ਚੜ੍ਹਨ ਲਈ ਅਤੇ ਸੱਚੀ ਕਾਰ ਕਮਾਉਣ ਲਈ ਭਾਣਾ ਮੰਨਣਾ ਅਵੱਸ਼ ਸਾਧਨ ਕਰਾਰ ਦਿੱਤਾ ਹੈ-
ਭਾਣੈ ਬਖਸੇ ਪੂਰਾ ਧਣੀ ਸਚੁ ਕਾਰ ਕਮਾਈਐ॥
(ਮਾਰੂ ਮਹਲਾ ੧, ਅੰਗ ੧੦੧੧)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪੰਥ ਵਿਚ ਇਹ ਤਿੰਨ ਸਾਧਨ ਹਜ਼ੂਰ ਦੀ ਜਗਤ ਨੂੰ ਮਹਾਨ ਦੇਣ ਸਬੰਧੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ-
ਹਉਮੈ ਤਜਨ, ਨਾਮ ਲਿਵ ਲਾਵਨ।
ਭਾਣਾ ਮੰਨਣ, ਪੰਥ ਇਹ ਪਾਵਨ।
ਸਿੰਘ ਸਾਹਿਬ ਗਿ.ਕ੍ਰਿਪਾਲ ਸਿੰਘ(ਸਵ.)
