ਧਰਮਾਂ ਦੇ ਸੰਬਾਦ ਵਿੱਚੋਂ ਹੀ ਪੂਜਾ ਦੀਆਂ ਨਵੀਆਂ ਜੁਗਤਾਂ ਪਨਪਦੀਆਂ ਹਨ।
ਆਰੀਆਂ ਦੇ ਭਾਰਤ ਵਿਚ ਆਗਮਨ ਦੇ ਫਲਸਰੂਪ ਇਥੋਂ ਦੇ ਮੌਲਿਕ ਵਸਨੀਕ ਦੱਖਣ ਵਿਚ ਧੱਕ ਦਿੱਤੇ ਗਏ। ਉੱਤਰੀ ਆਰੀਆ ਤੇ ਦੱਖਣੀ ਦ੍ਰਵੜ ਸੰਸਕ੍ਰਿਤੀਆਂ ਇਕ ਦੂਜੇ ਤੋਂ ਵੱਖ ਹੁੰਦਿਆਂ ਹੋਇਆਂ ਵੀ ਇਕ ਦੂਜੇ ਉਪਰ ਅਸਰ-ਅੰਦਾਜ਼ ਹੁੰਦੀਆਂ ਰਹੀਆਂ, ਤਾਂ ਵੀ ਦੋਹਾਂ ਵਿਚਾਲੇ ਇਕ ਸੰਤੁਲਿਨ ਕਾਇਮ ਹੋ ਗਿਆ, ਜਿਸ ਨੂੰ ਬੜਾ ਲੰਮਾ ਚਿਰ ਕੋਈ ਬਾਹਰਾ ਖ਼ਤਰਾ ਨਾ ਵਾਪਰਿਆ।
ਭਾਰਤ ਦੇ ਉੱਤਰ ਵਿਚ ਹਿਮਾਲੀਆ, ਪੂਰਬ, ਪੱਛਮ ਤੇ ਦੱਖਣ ਵੱਲ ਸਾਗਰ ਇਸ ਨੂੰ ਬਾਹਰਲੇ ਪ੍ਰਭਾਵਾਂ ਤੋਂ ਬਚਾਈ ਰੱਖਣ ਵਿਚ ਬੜੇ ਸਹਾਈ ਹੋਏ। ਉੱਤਰ ਪੱਛਮ ਵਿਚ ਸਿੰਧੂ ਦਰਿਆ ਸੀ, ਜਿਸ ਦੇ ਉਰਾਰ ਬਾਹਰਲੇ ਲੋਕ ਮੰਨਦੇ ਸਨ ਕਿ ਇਥੇ ਹਿੰਦੂ (= ਸਿੰਧੂ) ਵੱਸਦੇ ਹਨ।
ਇਸਲਾਮ ਦੇ ਆਗਮਨ ਮਗਰੋਂ ਉਸ ਦੇ ਮੁੱਢਲੇ ਵਿਸਤਾਰ ਦੇ ਦਿਨਾਂ ਵਿਚ ਭਾਰਤ ਦੇ ਪੱਛਮੀ ਸਾਗਰ ਤੱਟ ‘ਤੇ ਕੁਝ ਅਰਬੀ ਮੁਸਲਮਾਨ ਆਣ ਵੱਸੇ। ਉਹਨਾਂ ਨਾਲ ਸੰਪਰਕ ਤੋਂ ਹਿੰਦੂ ਧਰਮ ਵਿਚ ਆਏ ਲੰਮੇ ਠਹਿਰਾ ਨੂੰ ਚੁਣੌਤੀ ਮਿਲਣੀ ਸ਼ੁਰੂ ਹੋਈ। ਇਸੇ ਤਰ੍ਹਾਂ ਈਸਾਈ ਪ੍ਰਚਾਰਕਾਂ ਨੇ ਭਾਰਤੀ ਲੋਕਾਂ ਵਿਚ ਈਸਾਈਅਤ ਦਾ ਪ੍ਰਚਾਰ ਸ਼ੁਰੂ ਕਰ ਕੇ ਉਹਨਾਂ ਨੂੰ ਨਾਮ-ਨਿਹਾਦ ਹਿੰਦੂ ਹੋਣ ਦੀ ਬਜਾਇ ਜਾਗ੍ਰਿਤ ਹਿੰਦੂ ਹੋਣ ਵੱਲ ਉਤੇਜਿਤ ਕੀਤਾ।
ਉੱਤਰ ਪੱਛਮ ਵੱਲੋਂ ਮੁਸਲਮਾਨ ਹਮਲਾਵਰਾਂ ਦੇ ਜ਼ੁਲਮਾਂ ਨੇ ਹਿੰਦੂ ਲੋਕਾਈ ਨੂੰ ਪ੍ਰਭੂ ਦੀ ਸ਼ਰਨ ਲੈਣ ਵੱਲ ਪ੍ਰੇਰਿਆ। ਖ਼ਾਸਕਰ ਜਦੋਂ ਮੁਸਲਮਾਨ ਹਮਲਾਵਰ ਹਿੰਦੁਸਤਾਨ ਆ ਕੇ ਇਥੇ ਟਿਕ ਗਏ ਤੇ ਹਕੂਮਤ ਕਾਇਮ ਕਰ ਲਈ ਤੇ ਤੇਗ਼ ਦੇ ਜ਼ੋਰ ‘ਤੇ ਗ਼ੈਰ-ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣ ਲੱਗ ਪਏ ਤਾਂ ਹਿੰਦੂ ਲੋਕਾਈ ਵਿਚ ਹਾਹਾਕਾਰ ਮਚ ਗਈ ਤੇ ਉਹ ਪ੍ਰਭੂ ਦੀ ਸ਼ਰਨ ਵਿਚ ਤੀਬਰਤਾ ਨਾਲ ਆਉਣ ਲੱਗੇ।
ਇਹਨਾਂ ਹਮਲਾਵਰਾਂ ਦੇ ਨਾਲ ਮੁਸਲਮਾਨ ਸੂਫ਼ੀ ਫ਼ਕੀਰਾਂ ਦਾ ਆਗਮਨ ਵੀ ਹੋਇਆ। ਹਮਲਾਵਰ ਤਾਂ ਧੱਕੇ ਨਾਲ ਮੁਸਲਮਾਨ ਬਣਾਉਂਦੇ ਸਨ, ਸੂਫ਼ੀ ਲੋਕ ਪਿਆਰ ਨਾਲ ਲੋਕਾਈ ਨੂੰ ਧਰਮ ਵੱਲ ਆਕਰਸ਼ਿਤ ਕਰਦੇ ਸਨ।
ਇਉਂ ਉੱਤਰੀ ਭਾਰਤ ਵਿਚ ਕਿਸੇ ਨਵੀਂ ਧਾਰਮਿਕ ਲਹਿਰ ਦੇ ਆਰੰਭ ਦਾ ਵਾਤਾਵਰਣ ਬੱਝ ਰਿਹਾ ਸੀ। ਉਸ ਸਮੇਂ ਤਕ ਦੱਖਣੀ ਭਾਰਤ ਵਿਚ ਆਲਵਾਰ ਤੇ ਆਦੀਆਰ ਸੰਤਾਂ ਦੁਆਰਾ ਵੈਸ਼ਨਵ ਤੇ ਸ਼ੈਵ ਭਗਤੀ ਦੀ ਲਹਿਰ ਸਥਾਪਿਤ ਹੋ ਚੁੱਕੀ ਸੀ । ਪਰ, ਉਹ ਮਹਾਂਰਾਸ਼ਟਰ ਤਕ ਅਪੜ ਕੇ ਹੀ ਰਹਿ ਗਈ ਸੀ।
ਦੱਖਣ ਤੋਂ ਉਠ ਕੇ ਉੱਤਰੀ ਭਾਰਤ ਵਿਚ ਫੈਲੀ ਭਗਤੀ ਲਹਿਰ ਕੇਵਲ ਅਧਿਆਤਮਕ ਲਹਿਰ ਨਹੀਂ ਸੀ। ਇਸ ਅੰਦਰ ਸਮਾਜ ਸੁਧਾਰ ਤੇ ਰਾਜਸੀ ਅੰਦੋਲਨ ਦੇ ਅੰਸ਼ ਵੀ ਪ੍ਰਤੱਖ ਸਨ। ਨਾਲ ਹੀ ਇਸ ਨੇ ਸਾਰੇ ਹਿੰਦੁਸਤਾਨ ਵਿਚ ਏਕਤਾ ਵੀ ਕਾਇਮ ਕਰ ਦਿੱਤੀ।
ਡਾ. ਜਸਵੰਤ ਸਿੰਘ ਨੇਕੀ
