1 views 5 secs 0 comments

ਪਿਆਰ

ਲੇਖ
February 03, 2026

ਵਾਹਿਗੁਰੂ ਨੂੰ ਪਿਆਰ ਰੂਪ ਕਹਿਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਗਤ ਨੂੰ ਵਡਮੁੱਲੀ ਦੇਣ ਹੈ। ਜਗਤ ਵਿਚ ਨਫ਼ਰਤ ਦਾ ਹੜ੍ਹ ਆਇਆ ਹੋਇਆ ਸੀ, ਘਿਰਣਾ ਨੇ ਜਾਲ ਪਸਾਰਿਆ ਹੋਇਆ ਸੀ, ਇਸ ਸਾਰੀ ਮੈਲ ਨੂੰ ਕੇਵਲ ਤੇ ਕੇਵਲ ਪਿਆਰ ਨਾਲ ਹੀ ਧੋਤਾ ਜਾ ਸਕਦਾ ਸੀ। ਪਿਆਰ ਕਰਨ ਵਾਲਿਆਂ ਲਈ ਬਖਸ਼ਿਸ਼ ਭੰਡਾਰ ਖੁਲ੍ਹਦੇ ਹਨ-

ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ॥੨॥

(ਪ੍ਰਭਾਤੀ ਮਹਲਾ ੧, ਅੰਗ ੧੩੩੦)

ਰੱਬ ਨਾਲ ਪਿਆਰ ਕਰਨਾ ਉਸ ਦੀ ਸਾਜੀ ਸ੍ਰਿਸ਼ਟੀ ਦੇ ਜੀਵਾਂ ਨਾਲ ਪਿਆਰ ਕਰਨਾ ਹੈ, ਆਪ ਨੇ ਆਪਣੇ ਸਾਰੇ ਜੀਵਨ ਵਿਚ ਨੀਵਿਆਂ, ਨਿਤਾਣਿਆਂ ਦੁਰਕਾਰਿਆਂ, ਸ਼ੂਦਰਾਂ-ਚੰਡਾਲਾਂ ਆਦਿ ਨਾਲ ਦਿਲੀ-ਪਿਆਰ ਕੀਤਾ। ਵੱਡੇ-ਵੱਡੇ ਜ਼ਾਲਮਾਂ, ਆਦਮ-ਖੋਰਾਂ ਨੂੰ ਆਪਣੇ ਪਿਆਰ ਨਾਲ ਵਸ ਕੀਤਾ। ਬੁਰਿਆਂ, ਸਰਾਪਿਆਂ, ਠੱਗਾਂ, ਚੋਰਾਂ ਤੇ ਨਾ ਬਖਸ਼ੇ ਜਾਣ ਵਾਲਿਆਂ ਨੂੰ ਬਖਸ਼ਣਾ ਕੇਵਲ ਆਪ ਦੇ ਹੀ ਹਿੱਸੇ ਆਇਆ।

ਜਨਮ-ਸਾਖੀ ਦੀਆਂ ਇਹ ਦੋ ਤੁਕਾਂ ਅਟੱਲ-ਸਚਾਈ ਤੇ ਅਖਾਣ ਬਣ ਕੇ ਹਰ ਪੰਜਾਬੀ ਦੀ ਜ਼ਬਾਨ ‘ਤੇ ਚੜ ਗਈਆਂ-

“ਭਲਿਆਂ ਨਾਲ ਸਭ ਕਰਨ ਭਲਾਈ, ਮਾਫ਼ ਕਰਨ ਕਈ ਸਿਆਣੇ।
ਬੁਰਿਆਂ ਨਾਲ ਭਲਿਆਈ ਕਰਨੀ, ਇਹ ਗੁਰ ਨਾਨਕ ਜਾਣੇ।’’

ਆਪ ਕੋਲ ਇਕੋ ਇਕ ਪਿਆਰ ਦਾ ਹੀ ਜਾਦੂ ਸੀ ਜੋ ਹਰ ਇਕ ਦੀ ਆਤਮਾ ਨੂੰ ਮੋਹਿਤ ਕਰ ਲੈਂਦਾ ਸੀ। ਨਿੰਮ੍ਰਤਾ, ਕਿਰਤ ਕਰਨੀ, ਵੰਡ ਛਕਣਾ ਤੇ ਇਸ਼ਨਾਨ ਆਦਿ ਵੀ ਹਜ਼ੂਰ ਦੀ ਮਹਾਨ ਦੇਣ ਹੈ, ਪਰ ਵਿਸਥਾਰ ਦੇ ਭੈ ਤੋਂ ਸੰਕੋਚ ਕੀਤਾ ਹੈ ਅਤੇ ਉਪਰੋਕਤ ਵਿਚਾਰਾਂ ਨੂੰ ਵੀ ਸੰਖੇਪ ਤੇ ਸੰਜਮ ਨਾਲ ਕਲਮ-ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ।

ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ(ਸਵ.)