views 4 secs 0 comments

ਧੂਪ

ਲੇਖ
February 05, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਸੰਸਕ੍ਰਿਤ ਤੇ ਫਾਰਸੀ ਭਾਸ਼ਾਵਾਂ ਦੇ ਅਨੇਕਾਂ ਸ਼ਬਦ ਇੱਕ ਜੈਸੇ ਹਨ, ਜਿਨਾਂ ਦੇ ਅਰਥ ਵੱਖਰੇ ਹਨ ਉਦਾਹਰਨ ਦੇ ਤੌਰ ‘ਤੇ ਜਨ ਤੇ ਕਰਮ; ਸੰਸਕ੍ਰਿਤ ਦੇ ਵਿੱਚ ‘ਜਨ’ ਦਾਸ ਨੂੰ ਕਹਿੰਦੇ ਨੇ ਤੇ ਫਾਰਸੀ ਦੇ ਵਿੱਚ ਇਸਤਰੀ ਨੂੰ, ਫਾਰਸੀ ਦੇ ਵਿੱਚ ‘ਬਖਸ਼ਿਸ਼’ ਨੂੰ ਕਰਮ ਕਿਹਾ ਜਾਂਦਾ ਤੇ ਸੰਸਕ੍ਰਿਤ ਦੇ ਵਿੱਚ ਹੱਥਾਂ ਦੇ ਨਾਲ ਕਰਨ ਨੂੰ ਕਰਮ ਆਖਦੇ ਹਨ।
ਪਰ ਇੱਕ ਭਾਸ਼ਾ ਦੇ ਵਿੱਚ ਵੀ ਇੱਕ ਸ਼ਬਦ ਦੇ ਅਨੇਕਾਂ ਅਰਥ ਹੁੰਦੇ ਹਨ, ਜਿਵੇਂ ਧੂਪ, ਜਿਸ ਨੂੰ ਆਮ ਬੋਲ ਚਾਲ ਦੇ ਵਿੱਚ ਧੁੱਪ ਆਖਿਆ ਜਾਂਦਾ ਹੈ।
ਸੂਰਜ ਦੀਆਂ ਧਰਤੀ ‘ਤੇ ਪਈਆਂ ਹੋਈਆਂ ਕਿਰਨਾਂ ਨੂੰ ਧੂਪ ਆਖਿਆ ਜਾਂਦਾ ਹੈ, ਭਗਤ ਸ੍ਰੀ ਸੈਣ ਜੀ ਕਮਲਾ ਪਤੀ ਤੋਂ ਬਲਿਹਾਰ ਜਾਣਾ ਹੀ ਧੂਪ ਦੀਪ ਤੇ ਘਿਓ ਆਦਿਕ ਦੇ ਨਾਲ ਸਜਾ ਕੇ ਆਰਤੀ ਕਰਨਾ ਮੰਨਦੇ ਹਨ। ਫੁਰਮਾਨ ਹੈ:

ਧੂਪ ਦੀਪ ਘ੍ਰਿਤ ਸਾਜਿ ਆਰਤੀ।।
ਵਾਰਨੇ ਜਾਉ ਕਮਲਾਪਤੀ।।

ਉੱਥੇ ਹੀ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਮਲਯ ਪਰਬਤ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ, ਦਾ ਫੁਰਮਾਨ ਕਰਦੇ ਹਨ:

ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।।
(ਸ੍ਰੀ ਗੁਰੂ ਗ੍ਰੰਥ ਸਾਹਿਬ,੧੩)

ਭਾਈ ਕਾਨ੍ਹ ਸਿੰਘ ਨਾਭਾ ਦੁਬਾਰਾ ਰਚਿਤ ‘ਮਹਾਨ ਕੋਸ਼’ ਦੇ ਅਨੁਸਾਰ ਸੰਸਕ੍ਰਿਤ ਦਾ ਸ਼ਬਦ ਧੂਪ ਗੁਗਲ, ਚੰਦਨ ਕੁਠ ਕੇਸਰ, ਮੋਥਾ ਕਪੂਰ ਅਗੁਰ ਜਾਤੀਫਲ ਆਦਿ ਸੁਗੰਧ ਵਾਲੇ ਪਦਾਰਥਾਂ ਦਾ ਧੂਆ।
ਭਾਈ ਕਾਨ ਸਿੰਘ ਨਾਭਾ ਲਿਖਦੇ ਹਨ ਦੇਵ ਮੰਦਰਾਂ ਅਤੇ ਸਮਾਜਾਂ ਦੇ ਵਿੱਚ ਧੂਪ ਧੁਖਾਉਣ ਦੀ ਰੀਤੀ ਬਹੁਤ ਪੁਰਾਣੀ ਹੈ ਤੇ ਇਸ ਨੂੰ ਲਾਭਦਾਇਕ ਜਾਣ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰੇ ਹੀ ਮਤਾਂ ਨੇ ਅੰਗੀਕਾਰ ਕੀਤਾ ਹੈ… ਡਾਕਟਰ ਗੁਰਚਰਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਸੂਰਜ ਦੀ ਧੁਪ, ਸੁਗੰਧ ਵਾਲਾ ਧੂੰਆਂ ਪੈਦਾ ਕਰਨ ਵਾਲੇ ਪਦਾਰਥ ਲਿਖਦੇ ਹਨ।
ਧੂਪ: ਧੂਆਂ ਪਵਿੱਤਰ ਦਾ ਸੰਖੇਪ ਹੈ।
ਪਦਾਰਥਾਂ ਨੂੰ ਜਲਾਉਣ ਦੇ ਨਾਲ ਅੱਗ ਅਤੇ ਧੂੰਆਂ ਇਕੱਠੇ ਹੀ ਪ੍ਰਗਟ ਹੁੰਦੇ ਹਨ, ਧੂੰਏਂ ਦੀਆਂ ਵੀ ਅੱਗੋਂ ਦੋ ਕਿਸਮਾਂ, ਸੁਗੰਧ ਤੇ ਦੁਰਗੰਧ ਵਾਲਾ ਧੂੰਆਂ, ਧੂਂਆਂ ਹਵਾ ਪ੍ਰਦੂਸ਼ਣ ਦਾ ਸਭ ਤੋਂ ਪ੍ਰਮੁੱਖ ਕਾਰਨ ਹੈ ਜਿਸ ਨਾਲ ਸਾਹ ਸੰਬੰਧੀ ਬਿਮਾਰੀਆਂ ਜਿਵੇਂ ਦਮਾ ਖੰਘ ਤੇ ਫੇਫੜਿਆਂ ਦੇ ਰੋਗ ਪੈਦਾ ਹੁੰਦੇ ਹਨ। ਵਾਹਨਾਂ ਅਤੇ ਫੈਕਟਰੀਆਂ ਦਾ ਧੂੰਆਂ ਵਾਤਾਵਰਨ ਨੂੰ ਗੰਦਾ ਕਰਦਾ ਤੇ ਗਲੋਬਲ ਵਾਰਮਿੰਗ ਵਧਾਉਂਦਾ ਹੈ। ਧੂੰਆਂ ਅੱਖਾਂ ਵਿੱਚ ਜਲਨ, ਸਿਰ ਦਰਦ, ਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਬੱਚਿਆਂ ਤੇ ਬਜ਼ੁਰਗਾਂ ਦੇ ਉੱਪਰ ਇਸ ਦਾ ਪ੍ਰਭਾਵ ਹੋਰ ਵੀ ਵੱਧ ਹੁੰਦਾ ਹੈ।
ਵਿਦਵਾਨਾਂ ਦਾ ਮੰਨਣਾ ਕਿ ਪਵਿੱਤਰ ਧੂੰਏੰ ਦੀ ਮਹਿਕ ਮਨ ਨੂੰ ਸ਼ਾਂਤ ਕਰਦੀ ਹੈ, ਤੇ ਹਵਾ ਵਿੱਚ ਮੌਜੂਦ ਕੁਝ ਜੀਵਾਣੂਆਂ ਨੂੰ ਨਸ਼ਟ ਕਰਦੀ ਹੈ ਜਿਸ ਨਾਲ ਹਵਾ ਸ਼ੁੱਧ ਰਹਿੰਦੀ ਹੈ।

ਗਿ. ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ