views 5 secs 0 comments

ਭੁਝੰਗੀਆਂ ਦੀ ਬੀਰ ਗਾਥਾ

ਲੇਖ
February 25, 2026

ਪੰਜਾਬ ਦੇ ਇਤਿਹਾਸ ਵਿਚ ਸਿੱਖ ਭੁਝੰਗੀਆਂ ਦੀ ਬੀਰ ਗਾਥਾ ਦਾ ਕਈ ਥਾਂ ਚਰਚਾ ਹੈ । ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜਿਵੇਂ ਨਿਰਭੈਤਾ ਤੇ ਦਿੜ੍ਹਤਾ ਦਾ ਸਬੂਤ ਦੇ ਕੇ ਆਪਣਾ ਬਲੀਦਾਨ ਦਿੱਤਾ, ਉਹ ਕਮਾਲ ਦੀ ਘਟਨਾ ਹੈ ਤੇ ਉਸ ਨੇ ਤਮਾਮ ਛੋਟੇ ਵੱਡੇ ਪੰਜਾਬੀਆਂ ਨੂੰ ਡੂੰਘੀ ਤਰ੍ਹਾਂ ਪ੍ਰਭਾਵਤ ਕੀਤਾ ਹੈ ।

ਫਿਰ ਜਿਸ ਸਮੇਂ ਮੁਗ਼ਲਾਂ ਦੇ ਜ਼ਮਾਨੇ ਦਿੱਲੀ ਵਿਚ ਸਿੱਖਾਂ ਦਾ ਕਤਲਾਮ ਹੋਣ ਲੱਗਾ ਤਾਂ ਇਨ੍ਹਾਂ ਫੜੇ ਗਏ ਸਿੱਖਾਂ ਵਿਚ ਇਕ ਛੋਟੀ ਉਮਰ ਦਾ ਬੱਚਾ ਵੀ ਸੀ । ਜਦ ਉਸ ਦੀ ਮਾਤਾ ਨੂੰ ਪਤਾ ਲੱਗਾ ਕਿ ਮੇਰਾ ਬੱਚਾ ਸਿੱਖਾਂ ਦੇ ਨਾਲ ਫੜਿਆ ਗਿਆ ਤੇ ਦਿੱਲੀ ਲਿਆਂਦਾ ਗਿਆ ਹੈ ਤਾਂ ਉਹ ਵੀਚਾਰੀ ਮਮਤਾ ਦੀ ਮਾਰੀ ਭੱਜੀ ਭੱਜੀ ਬਾਦਸ਼ਾਹ ਫਰੁਖਸੀਯਰ ਦੇ ਦਰਬਾਰ ਆਈ ਤੇ ਆਪਣੀ ਅਰਜ਼ੀ ਅੰਦਰ ਪਹੁੰਚਾਈ ।

ਬਾਦਸ਼ਾਹ ਨੇ ਸਾਰੀ ਗੱਲ ਸਮਝ ਕੇ ਸਰਬਰਾਹ ਖ਼ਾਂ ਕੋਤਵਾਲ ਨੂੰ ਕਹਿਲਾ ਭੇਜਿਆ ਕਿ ਇਸ ਮਾਈ ਦੇ ਬੱਚੇ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਹ ਭੁਲੇਖੇ ਵਿਚ ਫੜ ਕੇ ਲਿਆਂਦਾ ਗਿਆ ਹੈ ।

ਇਹ ਪਰਚਾ ਲੈ ਕੇ ਮਾਈ ਦੌੜੀ-ਦੌੜੀ ਉਸ ਕਤਲਗਾਹ ਪਾਸ ਪਹੁੰਚੀ ਤਾ ਸਾਰੀ ਵਿਥਿਆ ਦੱਸੀ । ਉਸ ਸਮੇਂ ਕਤਾਰਾਂ ਵਿਚ ਖੜੋਤੇ ਸਿੱਖਾਂ ਦੀ ਕਤਲਾਮ ਜਾਰੀ ਸੀ ਤੇ ਵਾਰੀ ਵਾਰੀ ਹਰ ਸਿੱਖ ਦਾ ਸੀਸ ਕੱਟਿਆ ਜਾ ਰਿਹਾ ਸੀ ।

ਮਾਈ ਨੇ ਆਪਣਾ ਬੱਚਾ ਦੇਖਿਆ ਤੇ ਦੌੜ ਕੇ ਅੱਗੇ ਹੋ ਕੇ ਉੱਚੀ ਉੱਚੀ ਪੁਕਾਰਿਆ, ਕਿ ‘ਔਹ ! ਮੇਰਾ ਲਾਲ ਗਲਤੀ ਨਾਲ ਫੜ ਕੇ ਇਥੇ ਲਿਆਂਦਾ ਗਿਆ ਹੈ, ਸਿੱਖਾਂ ਨਾਲ ਇਸ ਦਾ ਕੋਈ ਸਬੰਧ ਨਹੀਂ, ਇਸ ਨੂੰ ਛੱਡ ਦਿੱਤਾ ਜਾਵੇ । ਇਹ ਮਿਹਰਵਾਨ ਬਾਦਸ਼ਾਹ ਦਾ ਫੁਰਮਾਨ ਹੈ।’

ਇਹ ਕਹਿੰਦਿਆਂ ਉਸ ਨੇ ਉਹ ਰੁੱਕਾ ਕੋਤਵਾਲ ਦੇ ਹਵਾਲੇ ਕਰ ਦਿੱਤਾ । ਕੋਤਵਾਲ ਨੇ ਫੌਰਨ ਸਿਪਾਹੀ ਭੇਜ ਕੇ ਉਸ ਬਾਲਕ ਨੂੰ ਧਰੂਹ ਲਿਆਂਦਾ। ਲੇਕਿਨ ਇਸ ਭੁਝੰਗੀ ਦੇ ਦਿਲ ਵਿਚ ਸਿੰਘਾਂ ਦੀਆਂ ਕੁਰਬਾਨੀਆਂ ਸਾਹਵੇਂ ਦੇਖ ਕੇ
ਇਤਨਾ ਚਾਉ ਤੇ ਵਲਵਲਾ ਪੈਦਾ ਹੋ ਗਿਆ ਕਿ ਉਸ ਨੇ ਆਪਣੀ ਮਾਤਾ ਨਾਲ ਜਾਣੋਂ ਇਨਕਾਰ ਕਰ ਦਿੱਤਾ ਤੇ ਜ਼ੋਰ ਜ਼ੋਰ ਦੀ ਉੱਚੀ ਅਵਾਜ਼ ਨਾਲ ਕਿਹਾ—

‘ਮੇਰੀ ਮਾਂ ਝੂਠ ਬੋਲ ਰਹੀ ਹੈ, ਮੈਂ ਸਿੱਖਾਂ ਦੇ ਨਾਲ ਹੀ ਆਇਆ ਹਾਂ ਤੇ ਦਿਲੋਂ ਮਨੋਂ ਸਿੱਖ ਹਾਂ ਤੇ ਸਿੱਖ ਸੂਰਮਿਆਂ ਵਾਂਗ ਹੀ ਸ਼ਹੀਦੀ ਜਾਮ ਪੀਵਾਂਗਾ ।’

ਇਹ ਕਹਿ ਕੇ ਉਹ ਦੁੜੰਗੇ ਮਾਰਦਾ ਮੁੜ ਕਤਲਗਾਹ ਵੱਲ ਚਲਿਆ ਗਿਆ ਤੇ ਜੱਲਾਦ ਨੇ ਉਸ ਦਾ ਸੀਸ ਕੱਟ ਕੇ ਉਸ ਨੂੰ ਆਪਣੇ ਬਜ਼ੁਰਗ ਸਾਥੀਆਂ ਪਾਸ ਪਹੁੰਚਾ ਦਿੱਤਾ ।

ਇਹ ਘਟਨਾ ਮੁਸਲਮ ਲਿਖਾਰੀ ਖਾਫ਼ੀ ਖਾਂ ਨੇ ਅੱਖੀਂ ਵੇਖ ਕੇ ਆਪਣੀ ਫਾਰਸੀ ਤਵਾਰੀਖ ਵਿਚ ਦਰਜ ਕੀਤੀ ਹੈ।

ਬੰਦਾ ਸਿੰਘ ਬਹਾਦਰ ਦਾ ਚਾਰ ਸਾਲਾ ਪੁੱਤਰ ਅਜੈ ਸਿੰਘ ਵੀ ਇਸੇ ਮੌਕੇ ‘ਤੇ ਬੜੀ ਨਿਰਦੈਤਾ ਨਾਲ ਕਤਲ ਕਰ ਦਿੱਤਾ ਗਿਆ ।

ਇਸੇ ਤਰ੍ਹਾਂ ਦੀ ਇਕ ਬੀਰ ਗਾਥਾ ੧੯ਵੀਂ ਸਦੀ ਦੀ ਹੈ । ੧੭ ਜਨਵਰੀ ੧੮੭੨ ਨੂੰ ਮਲੇਰਕੋਟਲੇ ਲਾਗੇ ਅੰਗਰੇਜ਼ ਡਿਪਟੀ ਕਮਿਸ਼ਨਰ ਮਿ: ਕਾਵਨ ਨੇ ੫੦ ਨਾਮਧਾਰੀ ਸਿੰਘਾਂ ਨੂੰ ਜਮਾਲ ਪੁਰੇ ਦੀ ਰੱਖ ‘ਚ ਤੋਪਾਂ ਮੂਹਰੇ ਖੜੇ ਕਰ ਕੇ ਉਡਾ ਦਿੱਤਾ ਸੀ । ਇਨ੍ਹਾਂ ਬੀਰ ਬਹਾਦਰ ਸਿੰਘਾਂ ਵਿਚ ਇਕ ੧੨-੧੩ ਸਾਲ ਦਾ ਭੁਝੰਗੀ ਬਿਸ਼ਨ ਸਿੰਘ ਵੀ ਸੀ, ਪਿੰਡ ਰੜ ਦਾ ਨਿਵਾਸੀ ਮਾਈ ਖੇਮ ਕੌਰ ਦਾ ਪੁੱਤਰ। ਜਦੋਂ ਉਸ ਨੇ ਸਿੰਘਾਂ ਤੋਪਾਂ ਦੇ ਸਾਹਵੇਂ ਤੂੰਬੇ ਉਡਦੇ ਦੇਖੇ ਤਾਂ ਉਸਦੇ ਮਨ ‘ਚ ਰੋਹ ਪੈਦਾ ਹੋ ਗਿਆ, ਉਸ ਦੀਆਂ ਅੱਖਾਂ ਲਾਲ ਸੂਹੀਆਂ ਹੋ ਗਈਆਂ ਤੇ ਡੌਲੇ ਫਰਕਣ ਲੱਗੇ, ਉਹ ਰਹਿ ਨਾ ਸਕਿਆ। ਉਸ ਨੇ ਜਲਾਲ ਵਿਚ ਆ ਕੇ ਮਿਸਟਰ ਕਾਵਨ ਦੀ ਦਾੜ੍ਹੀ ਫੜ ਲਈ ਤੇ ਸੰਘੀ ਜਾ ਘੁੱਟੀ। ਇਥੇ ਮਿਸਟਰ ਕਾਵਨ ਦੀ ਪਤਨੀ-ਮੇਮ ਵੀ ਬੈਠੀ ਸੀ, ਉਸ ਨੇ ਪਹਿਲਾਂ ਇਹ ਕੋਸ਼ਿਸ਼ ਕੀਤੀ ਸੀ ਕਿ ਇਸ ਬਾਲਕ ਨੂੰ ਛੱਡ ਦਿੱਤਾ ਜਾਵੇ ਤੇ ਬਾਕੀ ਸਿੱਖਾਂ ਵਾਂਗ ਤੋਪ ਮੂਹਰੇ ਨਾ ਕੀਤਾ ਜਾਵੇ। ਪਰ ਜਦ ਭੁਝੰਗੀ ਨੇ ਫਿਰੰਗੀ ਕਾਵਨ ਦੀ ਸੰਘੀ ਹੀ ਜਾ ਘੁੱਟੀ ਤਾਂ ਉਹ ਮੇਮ ਵੀ ਠਠੰਬਰ ਕੇ ਰਹਿ ਗਈ ਤੇ ਸਿਪਾਹੀਆਂ ਨੇ ਫੌਰਨ ਉਸੇ ਥਾਂ ਭੁਝੰਗੀ ਨੂੰ ਤਲਵਾਰ ਨਾਲ ਟੋਟੇ ਟੋਟੇ ਕਰ ਦਿੱਤਾ।

ਪ੍ਰੋ: ਪਿਆਰਾ ਸਿੰਘ ਪਦਮ