1 views 20 secs 0 comments

ਖਾਲਸਾਈ ਚੜ੍ਹਦੀ ਕਲਾ ਦੀ ਅਮੀਰ ਪਰੰਪਰਾ

ਲੇਖ
March 11, 2026

ਇਹ ਗੱਲ ਸਾਰੇ ਸੰਸਾਰ ਦੇ ਇਤਿਹਾਸਕਾਰਾਂ ਲਈ ਹੈਰਾਨੀ ਭਰੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਸ਼ਹੀਦੀਆਂ ਤੋਂ ਬਾਅਦ, ਜਿਸ ਸਮੇਂ ਸਿੱਖਾਂ ਪੁਰ ਕਹਿਰਾਂ ਦੇ ਜ਼ੁਲਮ ਢਾਹੇ ਜਾ ਰਹੇ ਸਨ, ਉਨ੍ਹਾਂ ਦਾ ਖੁਰਾ-ਖੋਜ ਮਿਟਾ ਦੇਣ ਲਈ ਸ਼ਿਕਾਰ ਮੁਹਿੰਮਾਂ ਛੇੜ ਦਿੱਤੀਆਂ ਗਈਆਂ ਸਨ। ਅਤੇ ਉਨ੍ਹਾਂ ਦੇ ਸਿਰਾਂ ਦੇ ਮੁੱਲ ਨਿਸ਼ਚਿਤ ਕਰ ਦਿੱਤੇ ਗਏ ਸਨ। ਉਨ੍ਹਾਂ ਹਾਲਾਤਾਂ ਵਿੱਚ ਵੀ ਸਿੱਖ ਜੰਗਲਾਂ-ਬੇਲਿਆਂ ਵਿੱਚ ਸਿਰ ਛੁਪਾਈ ਫਿਰਦੇ ਚੜ੍ਹਦੀਕਲਾ ਵਿੱਚ ਹੀ ਵਿਚਰਦੇ ਦਿਖਾਈ ਦਿੰਦੇ ਸਨ। ਨਾ ਤਾਂ ਉਨ੍ਹਾਂ ਵਿੱਚ ਨਿਰਾਸ਼ਾ ਨਜ਼ਰ ਆਉਂਦੀ ਸੀ ਤੇ ਨਾ ਹੀ ਚੇਹਰਿਆਂ ਪੁਰ ਉਦਾਸੀਨਤਾ ਜਾਂ ਥਕਾਵਟ ਦੇ ਚਿੰਨ੍ਹ। ਪੰਥ ਪ੍ਰਕਾਸ਼ ਦੇ ਕਰਤਾ ਦੇ ਸ਼ਬਦਾਂ ਵਿੱਚ:

‘ਨਾਹਿੰ ਜ਼ਖੀਰੋ ਸਿੰਘਨ ਪਾਸ। ਸਸਤ੍ਰ ਬਸਤਰ ਹੀਨ ਸੁ ਖਾਸ।
ਨਾਂਗੇ ਖਰੇ, ਔ ਭੁਖੇ ਪਯਾਸੇ। ਦਾਰੂ ਸਿੱਕਾ ਨਹਿ ਕਛੁ ਪਾਸੇ। ਹਾਟ ਪਟਨ ਬਾਜ਼ਾਰ ਸੁ ਨਾਹੀਂ।
ਰੋਗੀ ਔਖਧ ਬਿਨ ਮਰ ਜਾਹੀਂ।

ਵਰਗੇ ਹਾਲਾਤ ਵੀ ਉਨ੍ਹਾਂ ਦੇ ਦਿਲਾਂ ਵਿੱਚ ਢਹਿੰਦੀ ਕਲਾ ਜਾਂ ਕਦਮਾਂ ਵਿੱਚ ਡਗਮਗਾਹਟ ਨਾ ਲਿਆ ਸਕੇ। ਇਨ੍ਹਾਂ ਹਾਲਾਤਾਂ
ਵਿੱਚ ਵੀ ਉਹ ਚੜ੍ਹਦੀ ਕਲਾ ਵਿੱਚ ਹੀ ਵਿਚਰਦੇ ਰਹੇ ਸਨ। ਇਸਦਾ ਕਾਰਨ ਇਹ ਸੀ ਕਿ ‘ਗੁਰਬਚਨਨ ਕੀ ਉਨਕੋ ਆਸ।
ਯਹੀ ਖ਼ਜਾਨੋ ਸਿੰਘਨ ਪਾਸ।’

ਗੁਰੂ ਅਰਜਨ ਦੇਵ ਜੀ ਦੇ ਸਾਈਂ ਮੀਆਂ ਮੀਰ ਨੂੰ ਕਹੇ ਬਚਨ ਕਿ ‘ਤਸੀਹੇ ਇਸ ਕਾਰਨ ਝੱਲ ਰਹੇ ਹਾਂ ਕਿ ਕਸ਼ਟ ਸਹਾਰਦਿਆਂ ਵੀ ਸਬਰ ਦਾ ਪੱਲਾ ਨਾ ਛੱਡਿਆ ਜਾਏ ਅਤੇ ਵਾਹਿਗੁਰੂ ਨੂੰ ਕੋਸਣ ਦੀ ਬਜਾਏ, ਉਸਦੇ ਭਾਣੇ ਨੂੰ ਮਿੱਠਾ ਕਰ ਮੰਨਿਆ ਜਾਏ’, ਉਨ੍ਹਾਂ ਦਾ ਮਾਰਗ ਦਰਸ਼ਨ ਕਰ ਰਹੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ‘ਜੁ ਗੁਰ ਕਰਹੈ ਸੋਈ ਹੋਹੈਂ। ਇਸ ਕਾਰਨ ‘ਦੁਖ ਸੁਖ ਵਾਰ ਨਫੋ ਨੁਕਸਾਨੈ, ਭਾਣਾ ਗੁਰ ਕਾ ਖੁਸ਼ ਹੋ ਮਾਨੈ।’
ਇਸੇ ਵਿਸ਼ਵਾਸ ਕਾਰਨ ਹੀ ਮੌਤ ਨੂੰ ਮਖੌਲਾਂ ਕਰਨਾ ਸਿੱਖਾਂ ਦਾ ਸੁਭਾਉ ਬਣ ਗਿਆ ਹੋਇਆ ਸੀ। ਉਨ੍ਹਾਂ ਆਪਣੇ ਵਿਸ਼ਵਾਸ ਨੂੰ ਦ੍ਰਿੜ੍ਹ ਕਰੀ ਰੱਖਣ ਲਈ ਆਪਣੇ ਬੋਲੇ ਵੀ ਚੜ੍ਹਦੀ ਕਲਾ ਵਾਲੇ ਬਣਾ ਲਏ ਸਨ। ਜਿਵੇਂ ‘ਛੋਲਿਆਂ ਨੂੰ ਬਦਾਮ’, ‘ਭੁੱਖੇ ਰਹਿਣ’ ਨੂੰ ‘ਕੜਾਕੇ ਕਢਣਾ’, ‘ਘਾਹ’ ਨੂੰ ‘ਹਰਾ ਪਲਾਓ’, ਲੰਗਰ ਵਿੱਚ ਅੰਨ ਪਾਣੀ ਨਾ ਹੋਣ ਤੇ ਲੰਗਰ ਮਸਤਾਨਾ ਕਹਿਣਾ ਆਦਿ ਅਜਿਹੇ ਬੋਲ ਸਨ, ਜੋ ਉਨ੍ਹਾਂ ਦੇ ਦਿਲ ਵਿਚਲੀਆਂ ਭਾਵਨਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਿੱਚ ਸਹਾਇਕ ਹੁੰਦੇ ਸਨ।

ਚੜ੍ਹਦੀ ਕਲਾ ਵਿੱਚ ਵਿਚਰਨ ਦਾ ਇਕ ਕਾਰਨ ਇਹ ਵੀ ਸੀ ਕਿ ਮੁਸੀਬਤਾਂ ਨੇ ਸਾਰਿਆਂ ਨੂੰ ਇਕੱਠਿਆਂ ਕਰ ਦਿੱਤਾ ਹੋਇਆ ਸੀ। ਉਹ ਇਕ ਦੂਜੇ ਪੁਰ ਜਾਨ ਛਿੜਕਣ ਲਈ ਸਦਾ ਤਤਪਰ ਰਹਿੰਦੇ ਸਨ : ‘ਸਿੱਖ ਸਿੱਖ ਪੈ ਵਾਰਤ ਪਰਾਨ।’ ਹਾਲਤ ਇਹ ਬਣ ਗਈ :
‘ਕੋਈ ਨਾ ਕਰੈ ਸ਼ਰੀਕਾ।
ਕੋਈ ਨਾ ਸੁਣਾਵੈ ਦੁੱਖ ਆਪਣੇ ਜੀਅ ਕਾ।”
ਕਾਜ਼ੀ ਨੂਰ ਮੁਹੰਮਦ, ਜੋ ਨਫਰਤ ਵਿੱਚ ਗ੍ਰਸਿਆ ਸਿੱਖਾਂ ਨੂੰ ‘ਸੱਗ’ (ਕੁੱਤੇ) ਤੱਕ ਦੇ ਨਾਂ ਨਾਲ ਸੰਬੋਧਨ ਕਰਨੋ ਸੰਕੋਚ ਨਹੀਂ ਸੀ ਕਰਦਾ, ਦੇ ਕਥਨ ਅਨੁਸਾਰ ‘ਸਿੱਖ ਆਗੂਆਂ ਵਿੱਚ ਭਰਾਵਾਂ ਵਾਲਾ ਪਿਆਰ ਸੀ।’ ਤਸੀਹੇ ਸਹਿੰਦਿਆਂ ਅਤੇ ਦੁੱਖਾਂ ਵਿੱਚ ਰਹਿੰਦਿਆਂ ਉਹ ਇਨ੍ਹਾਂ ਦੇ ਇਤਨੇ ਅਭਿਆਸੀ ਹੋ ਗਏ ਸਨ ਕਿ ਜੰਗਲਾਂ-ਬੇਲਿਆਂ ਵਿਚ ਛੁਪਦੇ-ਫਿਰਦਿਆਂ ਵੀ ਚੜ੍ਹਦੀ ਕਲਾ ਵਿੱਚ ਬਣੇ ਰਹਿਣਾ, ਉਨ੍ਹਾਂ ਦਾ ਸੁਭਾਅ ਬਣ ਗਿਆ
ਹੋਇਆ ਸੀ। ਘੋੜਿਆਂ ਦੀਆਂ ਕਾਠੀਆਂ ਉਨ੍ਹਾਂ ਦੇ ਘਰ ਬਣ ਗਏ ਸਨ।

ਪੰਜਾਬ ਦੇ ਚੱਪੇ-ਚੱਪੇ ਤੋਂ ਵਾਕਿਫ ਹੋਣ ਕਾਰਨ ਉਹ ਆਪਣੇ ਨੁਕਸਾਨ ਦੇ ਮੁਕਾਬਲੇ ਦੁਸ਼ਮਣ ਦਾ ਬਹੁਤਾ ਨੁਕਸਾਨ ਕਰਨ ਦੇ ਸਮਰੱਥ ਹੋ ਗਏ ਹੋਏ ਹਨ। ਉਨ੍ਹਾਂ ਦੀ ਜੰਗੀ-ਰਣਨੀਤੀ ਦੇ ਬਾਰੇ ਕਾਜ਼ੀ ਨੂਰ ਮੁਹੰਮਦ ਲਿਖਦਾ ਹੈ ਕਿ ‘ਜਦੋਂ ਉਹ ਮੈਦਾਨ ਵਿੱਚੋਂ ਭੱਜਦੇ ਜਾ ਰਹੇ ਹੋਣ ਤਾਂ ਇਹ ਨਾ ਸਮਝ ਲੈਣਾ ਕਿ ਉਹ ਹਾਰ ਮੰਨ, ਮੈਦਾਨ ਛੱਡ ਭੱਜ ਗਏ ਹਨ, ਸਗੋਂ ਇਹ ਤਾਂ ਉਨ੍ਹਾਂ ਦਾ ਜੰਗੀ ਪੈਂਤੜਾ ਹੁੰਦਾ ਹੈ। ਉਨ੍ਹਾਂ ਦੇ ਪਿਛਾਂਹ ਵੱਲ ਨੂੰ ਸਰਪਟ ਦੌੜਦੇ ਜਾਂਦੇ ਘੋੜ ਸਵਾਰ ਇਕ ਦਮ ਰੁਕ ਕੇ, ਅਜਿਹਾ ਭਰਵਾਂ ਵਾਰ ਕਰ ਬੈਠਦੇ ਹਨ ਕਿ ਦੁਸ਼ਮਣ ਉਨ੍ਹਾਂ ਦੇ ਅਚਾਨਕ ਹੋਏ ਇਸ ਹਮਲੇ ਕਾਰਨ ਇਤਨਾ ਹਕਬਕਾ ਜਾਂਦਾ ਹੈ ਕਿ ਉਸਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਕੀ ਕਰੇ, ਜਦੋਂ ਤੱਕ ਉਹ ਆਪਣੇ ਆਪ ਨੂੰ ਸੰਭਾਲਦਾ ਹੈ, ਸਿੱਖ ਆਪਣਾ ਵਾਰ ਕਰ, ਹਰਨ ਹੋ ਗਏ ਹੁੰਦੇ ਹਨ।

ਕਾਜ਼ੀ ਨੂਰ ਮੁਹੰਮਦ ਉਨ੍ਹਾਂ ਦੇ ਲੜਾਈ ਦੇ ਹੁਨਰ ਦੀ ਪ੍ਰਸੰਸਾ ਕਰਦਿਆਂ ਉਸਨੂੰ ਸਿੱਖਣ ਦੀ ਸਲਾਹ ਦਿੰਦਿਆਂ ਆਪਣੇ ਦੇਸ਼ ਦੇ ਫੌਜੀਆਂ ਨੂੰ ਕਹਿੰਦਾ ਹੈ ਕਿ ‘ਜੇ ਤੁਹਾਨੂੰ ਲੜਾਈ ਦੇ ਕਸਬ ਸਿੱਖਣ ਦਾ ਚਾਅ ਹੈ ਤਾਂ ਤੁਸੀਂ ਰਣਭੂਮੀ ਵਿੱਚ ਇਨ੍ਹਾਂ (ਸਿੱਖਾਂ) ਦੇ ਸਾਹਮਣੇ ਹੋਵੇ। ਉਹ ਤੁਹਾਨੂੰ ਜੰਗ ਦੇ ਅਜਿਹੇ ਢੰਗ ਸਿਖਾਉਣਗੇ ਕਿ ਸਾਰੇ ਹੀ ਅਸ਼-ਅਸ਼ ਕਰ ਉਠਣਗੇ। ਉਹ ਆਪਣੇ ਤਲਵਾਰਬਾਜ਼ਾਂ ਨੂੰ ਆਖਦਾ ਹੈ ਕਿ ਜੇ ਤੁਹਾਨੂੰ ਜੰਗੀ ਹੁਨਰ ਸਿੱਖਣ ਦਾ ਚਾਹ ਹੈ, ਤਾਂ ਤੁਸੀਂ ਇਨ੍ਹਾਂ ਪਾਸੋਂ ਸਿੱਖੋ ਕਿ ਕਿਵੇਂ ਲੜਾਈ ਦੇ ਮੈਦਾਨ ਵਿੱਚੋਂ ਆਪਣੇ-ਆਪ ਨੂੰ ਸਾਫ ਬਚਾ ਕੇ ਨਿਕਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਇਕ ਹੋਰ ਇਤਿਹਾਸਕਾਰ ਡਾ: ਸਿਨਹਾ ਲਿਖਦਾ ਹੈ ਕਿ ‘ਸਿੱਖਾਂ ਦੀ ਲੜਾਈ ਦਾ ਢੰਗ-ਤਰੀਕਾ ਬਹੁਤ ਹੀ ਨਿਰਾਲਾ ਅਤੇ ਅੱਡਰੀ ਕਿਸਮ ਦਾ ਸੀ। ਉਹ ਦੁਸ਼ਮਣ ਦਾ ਵਧੇਰੇ ਅਤੇ ਆਪਣਾ ਘੱਟ ਨੁਕਸਾਨ ਕਰਵਾਉਣ ਦੇ ਢੰਗ ਨੂੰ ਜਾਣਦੇ ਸਨ।

ਜਿਨ੍ਹਾਂ ਦਾ ਰਣਭੂਮੀ ਵਿੱਚ ਸਿੱਖਾਂ ਨਾਲ ਆਮੋ-ਸਾਹਮਣਾ ਹੋਇਆ ਹੈ। ਉਨ੍ਹਾਂ ਫੌਜੀ ਕਮਾਂਡਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਸਿੱਖਾਂ ਨੂੰ ਹਰਾਇਆ ਜਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ। ਉਹ ਅਛੋਪਲੇ ਜਿਹੇ ਆਉਂਦੇ ਹਨ ਅਤੇ ਸ਼ੇਰਾਂ ਵਾਂਗ ਟੁੱਟ ਪੈਂਦੇ ਹਨ, ਜਦੋਂ ਤੱਕ ਅਸੀਂ ਸੰਭਾਲਦੇ ਹਾਂ, ਉਹ ਆਪਣਾ ਕੰਮ ਕਰ ਹਰਨ ਹੋ ਗਏ ਹੁੰਦੇ ਹਨ।

ਸ਼ਹੀਦਾਂ ਦੀ ਪ੍ਰੇਰਨਾ :

ਜਿਵੇਂ ਕਿ ਅਰੰਭ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕੋਈ
ਵੀ ਅਜਿਹਾ ਜ਼ੁਲਮ ਬਾਕੀ ਨਹੀਂ ਸੀ ਰਹਿ ਗਿਆ ਹੋਇਆ ਸੀ. ਜੋ ਸਿੱਖਾਂ ਪੁਰ ਢਾਹਿਆ ਨਾ ਗਿਆ ਹੋਵੇ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਣਾ. ਸੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਵੱਖ ਕੀਤਾ ਜਾਣਾ, ਉਨ੍ਹਾਂ ਤੋਂ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਦਇਆਲਾ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਜਾਣਾ, ਉਬਲਦੀ ਦੇਗ ਵਿਚ ਉਬਾਲਿਆ ਜਾਣਾ ਅਤੇ ਰੂੰ ਵਿਚ ਲਪੇਟ ਕੇ ਸਾੜਿਆ ਜਾਣਾ, ਸਾਹਿਬਜ਼ਾਦਿਆਂ ਦਾ ਨੀਂਹਾਂ ਵਿੱਚ ਚਿਣਿਆ ਜਾਣਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਬੂਰਿਆਂ ਨਾਲ ਨੋਚ-ਨੋਚ ਕੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਣਾ ਆਦਿ ਅਨੇਕਾਂ ਅਜਿਹੀਆਂ ਸ਼ਹੀਦੀਆਂ ਸਨ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸਿੱਖ ਸ਼ਹੀਦਾਂ ਦੀ ਝੜੀ ਲੱਗ ਗਈ ਸੀ।

ਇਨ੍ਹਾਂ ਸ਼ਹੀਦੀਆਂ ਦੇ ਪਿੱਛੇ ਗੁਰੂ ਸਾਹਿਬਾਨ ਵੱਲੋਂ ਸਥਾਪਤ ਉਹ ਆਦਰਸ਼ ਅਤੇ ਅਸੂਲ ਵੀ ਕੰਮ ਕਰ ਰਹੇ ਸਨ, ਜਿਨ੍ਹਾਂ ਅਨੁਸਾਰ ਗਰੀਬ-ਮਜ਼ਲੂਮ ਦੀ ਜ਼ਬਰ-ਜ਼ੁਲਮ ਤੇ ਅਨਿਆਇ ਤੋਂ ਰਖਿਆ ਨਿਸ਼ਚਿਤ ਕੀਤੀ ਗਈ ਹੋਈ ਸੀ। ਇਕ ਗੱਲ ਇਹ ਵੀ ਧਿਆਨ ਮੰਗਦੀ ਹੈ ਕਿ ਇਨ੍ਹਾਂ ਸ਼ਹੀਦੀਆਂ ਦੇ ਪਿੱਛੇ ਨਾ ਤਾਂ ਕੋਈ ਸੁਆਰਥ ਸੀ ਤੇ ਨਾ ਹੀ ਕਿਸੇ ਤਰ੍ਹਾਂ ਦੇ ਨਿਜੀ ਹਿਤ ਸਬੰਧਤ ਸਨ। ਜੇ ਕੁੱਝ ਸੀ ਤਾਂ ਗੁਰੂ ਸਾਹਿਬ ਵੱਲੋਂ ਬਖਸ਼ਿਆ ਜਬਰ ਤੇ ਜ਼ੁਲਮ ਦਾ ਨਾਸ ਕਰਨ ਦਾ ਦ੍ਰਿੜ੍ਹ ਇਰਾਦਾ।

ਇਸ ਸਮੇਂ ਦੌਰਾਨ ਸਿੱਖਾਂ ਦਾ ਆਚਰਣ ਵੀ ਸਿਖਰਾਂ ਪੁਰ ਸੀ। ਜਿਸਦੀ ਮਿਸਾਲ ਉਸ ਸਮੇਂ ਪ੍ਰਚੱਲਤ ਰਹੇ ਇਸ ਕਥਨ ਤੋਂ ਮਿਲਦੀ ਹੈ : ‘ਬਾਹਰ ਆਏ ਨੀਂ ਨਿਹੰਗ ਬੂਹੇ ਖੋਲ੍ਹ ਦੇ ਨਿਸੰਗ।’

ਕਾਜ਼ੀ ਨੂਰ ਮੁਹੰਮਦ ਵੱਲੋਂ ਬਿਆਨੀ ਇਕ ਘਟਨਾ ਇਸ ਗੱਲ ਦੀ ਸਾਖੀ ਇੰਜ ਭਰਦੀ ਹੈ। ਉਹ ਲਿਖਦਾ ਹੈ ਕਿ ਇਕ ਵਾਰ ਸਿੱਖਾਂ ਨੂੰ ਸੂਹ ਲੱਗੀ ਕਿ ਨੇੜੇ ਹੀ ਮੁਗਲਾਂ ਦਾ ਇਕ ਕੈਂਪ ਲੱਗਾ ਹੋਇਆ ਹੈ। ਉਹ ਝੱਟ ਹੀ ਤਲਵਾਰਾਂ ਸੂਤ, ਘੋੜਿਆਂ ਤੇ ਸਵਾਰ ਹੋ ਵਾਹੋਦਾਹੀ ਭਜ ਪਏ। ਜਦੋਂ ਉਹ ਕੈਂਪ ਦੇ ਨੇੜੇ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਕੈਂਪ ਮੁਗਲ ਸਿਪਾਹੀਆਂ ਦਾ ਨਹੀਂ, ਸਗੋਂ ਉਨ੍ਹਾਂ ਦੀਆਂ ਬੇਗਮਾਂ ਦਾ ਹੈ, ਤਾਂ ਉਨ੍ਹਾਂ ਝੱਟ ਹੀ ਤਲਵਾਰਾਂ ਮਿਆਨ ਵਿੱਚ ਪਾ, ਘੋੜਿਆਂ ਦੇ ਮੂੰਹ ਮੋੜ ਲਏ। ਉਹ (ਕਾਜ਼ੀ ਨੂਰ ਮੁਹੰਮਦ) ਲਿਖਦਾ ਹੈ ਕਿ ‘ਸਾਬਾਸ਼ ਸੱਗਾਂ ਦੀ ਕੌਮ, ਜੋ ਦੁਸ਼ਮਣ ਦੀ ਮਾਂ-ਬੇਟੀ ਨੂੰ ਆਪਣੀ ਮਾਂ-ਬੇਟੀ ਸਵੀਕਾਰਦੀ ਅਤੇ ਉਸਦਾ ਸਨਮਾਨ ਕਰਦੀ ਹੈ।
ਇਹੀ (ਕਾਜੀ ਨੂਰ ਮੁਹੰਮਦ) ਹੋਰ ਲਿਖਦਾ ਹੈ ਕਿ ਜੇ ਲੜਾਈ ਲੜਦਿਆਂ ਕਿਸੇ ਦੁਸ਼ਮਣ ਦੀ ਪਗੜੀ ਉਤਰ ਜਾਏ ਤਾਂ ਇਹ ਝਟ ਆਪਣਾ ਹੱਥ ਰੋਕ ਉਸਨੂੰ ਆਪਣੀ ਪੱਗ ਸੰਭਾਲਣ ਦੀ ਤਾਕੀਦ ਕਰਦਿਆਂ ਆਖਦੇ ਹਨ ਕਿ ‘ਆਪਣੀ ਪੱਗ ਸੰਭਾਲ, ਮੈਂ ਤੇਰੀ ਇਜ਼ਤ ਉਛਾਲਣ ਨਹੀਂ ਆਇਆ।” ਕੇਸਰ ਸਿੰਘ ਛਿੱਬਰ ਸਿੱਖਾਂ ਦੇ ਆਚਰਣ ਦੀ ਤਸਵੀਰ ਖਿਚਦਿਆਂ ਲਿਖਦਾ ਹੈ:

‘ਸਿੱਖ ਆਹੇ ਕਿਰਤੀ ਧਰਮ ਦੀਆਂ ਮੂਰਤਾਂ।
ਅੰਦਰ ਗਊ ਦਾ,
ਬਾਹਰ ਸ਼ੇਰ ਦੀਆਂ ਸੂਰਤਾਂ।’

ਉਸ ਸਮੇਂ ਦੇ ਸਿੱਖਾਂ ਦੇ ਆਚਰਣ ਦੇ ਸਬੰਧ ਵਿੱਚ ਪੰਥ ਪ੍ਰਕਾਸ਼ ਦੇ ਕਰਤਾ ਨੇ ਇਕ ਥਾਂ ਇਉਂ ਲਿਖਿਆ ਹੈ :

ਆਪ ਸਹੈਂ ਵੈ ਨੰਗ ਭੁੱਖ।
ਦੇਖ ਸਕੈਂ ਨਹਿ ਸਿੰਘਨ ਦੁੱਖ।

ਇਸ ਪਿੱਛੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਆਦਰਸ਼ ਵੀ ਕੰਮ ਕਰ ਰਿਹਾ ਸੀ, ਜੋ ਉਨ੍ਹਾਂ ਨੇ ‘ਹਮ ਲੈ ਜਾਨਹੁ ਪੰਥ ਉਚੇਰੇ’, ਦੇ ਨਿਸ਼ਾਨੇ ਨੂੰ ਮਿਥ ਕੇ ਕਾਇਮ ਕੀਤਾ ਸੀ। ਇਤਿਹਾਸ ਵਿੱਚ ਆਉਂਦਾ ਹੈ ਕਿ ਇਕ ਜੰਗ ਦੇ ਦੌਰਾਨ ਸਿੱਖ ਮਾਲ ਅਸਬਾਬ ਦੇ ਨਾਲ ਦੁਸ਼ਮਣ ਦੀ ਇਕ ਲੜਕੀ ਵੀ ਪਕੜ ਲਿਆਏ। ਗੁਰੂ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਹੀ ਉਨ੍ਹਾਂ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਲੁਟੇ ਮਾਲ ਦੇ ਨਾਲ ਇਸ ਲੜਕੀ ਨੂੰ ਵੀ ਸਤਿਕਾਰ ਸਹਿਤ ਉਸਦੇ ਘਰ ਤੱਕ ਪਹੁੰਚਾ ਦੇਣ। ਇਹ ਆਦੇਸ਼ ਸੁਣ ਕੁੱਝ ਸਿੱਖਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਵੀ ਬਦਲਾ ਲੈਣ ਦੀ ਆਗਿਆ ਹੋਣੀ ਚਾਹੀਦੀ ਹੈ? ਇਹ ਸੁਣ ਗੁਰੂ ਸਾਹਿਬ ਨੇ ਕਿਹਾ ਕਿ ‘ਹਮ ਲੈ ਜਾਨਹੁ ਪੰਥ ਉਚੇਰੇ।
ਨਾਹਿ ਅਧੋਗਤੀ ਬਿਖ ਪਹੁਚਾਵੇ ਤਾਂ ਤੇ ਰਲ ਮਲ ਕਰਨ ਹਟਾਵੈ।

ਸਿੱਖਾਂ ਨੂੰ ਅਜਿਹੇ ਕੁਕਰਮਾਂ ਤੋਂ ਬਚਣਾ ਚਾਹੀਦਾ ਹੈ ਜੋ ਅਧੋਗਤੀ ਵੱਲ ਲੈ ਜਾਂਦੇ ਸਨ। ਗੁਰੂ ਸਾਹਿਬ ਵੱਲੋਂ ਨਿਸ਼ਚਿਤ ਇਸ ਆਦਰਸ਼ ਪੁਰ ਪਹਿਰਾ ਦਿੰਦਿਆਂ ਸਿੱਖਾਂ ਨੇ ਆਪਣੇ ਉੱਚ ਆਚਰਣ ਨੂੰ ਜਿਸ ਤਰ੍ਹਾਂ ਕਾਇਮ ਰੱਖਿਆ, ਉਸ ਦੇ ਫਲਸਰੂਪ ਅਨੇਕਾਂ ਨਵੇਂ ਸਿੱਖ ਬਣੇ ਅਤੇ ਸਿੱਖਾਂ ਪ੍ਰਤੀ ਅਜਿਹੀ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਕਿ ਅੰਗ੍ਰੇਜ਼ੀ ਰਾਜ ਦੇ ਅਰੰਭਕ ਸਮੇਂ ਦੌਰਾਨ ਜੱਜ ਇਕ ਸਿੱਖ ਦੀ ਗੁਆਹੀ ਤੇ ਹੀ ਅੰਤਿਮ ਫੈਸਲੇ ਦੇ ਦਿਆ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਸਿੱਖ ਝੂਠ ਨਹੀਂ ਬੋਲ ਸਕਦਾ।

ਸਿੱਖੀ ਦਾ ਪ੍ਰਚਾਰ :

ਇਸ ਸੰਘਰਸ਼ ਦੇ ਪੂਰਣ ਸਮੇਂ ਦੌਰਾਨ ਜਿੱਥੇ ਸਿੱਖ ਆਪਣੀ ਹੋਂਦ ਕਾਇਮ ਰੱਖਣ ਅਤੇ ਗਰੀਬ-ਮਜ਼ਲੂਮ ਦੀ
ਰੱਖਿਆ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਜਬਰ ‘ਤੇ ਜ਼ੁਲਮ ਨੂੰ ਠਲ੍ਹ ਪਾਣ ਲਈ ਜੂਝ ਰਹੇ ਸਨ। ਉਸ ਸਮੇਂ ਨਿਰਮਲਿਆਂ ਅਤੇ ਸੇਵਾ-ਪੰਥੀਆਂ ਵੱਲੋਂ ਸਿੱਖੀ ਦੇ ਪ੍ਰਚਾਰ ਦੀ ਘਾਟ ਨੂੰ ਪੂਰਿਆਂ ਕਰਨਾ। ਜਾਰੀ ਰੱਖਿਆ ਗਿਆ। ਭਾਵੇਂ ਇਨ੍ਹਾਂ ਦਾ ਪ੍ਰਚਾਰ ਦਬਿਆ-ਘੁੱਟਿਆ ਸੀ, ਫਿਰ ਵੀ ਇਸਨੇ ਸਿੱਖੀ ਦੀ ਜੋਤ ਨੂੰ ਜਗਦਿਆਂ ਰੱਖਿਆ ਹੋਇਆ ਸੀ।

ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਨਿਰਮਲੇ ਸਾਧੂਆਂ ਦੇ ਪ੍ਰਚਾਰ ਨੇ ਉਸ ਘਾਟ ਨੂੰ ਪੂਰਿਆਂ ਕਰਦਿਆਂ ਸਿੱਖੀ ਦੀ ਜੋਤ ਨੂੰ ਜਗਦਿਆਂ ਰੱਖਣ ਵਿੱਚ ਵੱਡਾ ਹਿੱਸਾ ਪਾਇਆ। ਜਦ ਦਰਬਾਰ ਸਾਹਿਬ ਵਿੱਚ ਦੀਵਾ ਤੱਕ ਜਗਾਣ ਦੀ ਮਨਾਹੀ ਸੀ ਤਾਂ ਸੇਵਾ ਪੰਥੀ ਭਾਈ ਪਰਮਾ ਨੰਦ ਪੁਠੀ ਤਾਰੀ ਤਰ ਹਰ ਰੋਜ਼ ਦੀਵਾ ਜਗਾ ਜਾਂਦੇ ਸਨ। ਇਸ ਸਾਰੇ ਤੋਂ ਪ੍ਰੇਰਣਾਂ ਲੈ ਕੇ ਅੱਜ ਸਾਨੂੰ ਸਿੱਖਾਂ ਨੂੰ ਆਪਣਾ ਜੀਵਨ ਉੱਚਾ ਸੁੱਚਾ ਬਣਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਵੀ ਆਪਣੀ ਕੌਮ ਦੀ ਸ਼ਾਨਦਾਰ ਵਿਰਾਸਤ ਵਿੱਚ ਵਾਧਾ ਕਰ ਸਕੀਏ।

ਜਸਵੰਤ ਸਿੰਘ ਅਜੀਤ