views 17 secs 0 comments

ਨਾਮ ਦਾ ਸੰਕਲਪ

ਲੇਖ
June 11, 2026

ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ॥ ਵਿਸਰਿਆ ਜਿਨ੍ਹ ਨਾਮੁ ਤੇ ਭੁਇ ਭਾਰੁ ਥੀਏ॥(ਅੰਗ -488)

ਨਾਮ, ਵਿਸ਼ਾਲ ਤੇ ਸਰਬ-ਵਿਆਪੀ ਅਕਾਲਪੁਰਖ ਦੇ ਸਰਲ ਹਸਤਾਖਰ ਹਨ।

ਗੁਰਬਾਣੀ ਨਾਮ ਦੀ ਮਹਿਮਾ ਦਾ ਅਮੁਲ ਭੰਡਾਰ ਹੈ, ਨਿਖੁਟ ਖ਼ਜ਼ਾਨਾ ਹੈ। ‘ਨਾਨਕ ਕੈ ਘਰਿ ਕੇਵਲ ਨਾਮੁ’ ਦੀ ਇਹ ਸੰਖੇਪ ਪੰਗਤੀ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ ਕਿ ਗੁਰਸਿੱਖੀ ਵਿਚ ਨਾਮ ਦੀ ਅਤਿਅੰਤ ਮਹੱਤਤਾ ਹੈ। ਇਸੇ ਲਈ ਇਸ ਜੀਵਨ ਜਾਚ ਨੂੰ ਨਾਮ ਮਾਰਗ ਕਹਿ ਕੇ ਵਖਰਿਆਇਆ ਜਾਂਦਾ ਹੈ। ਗੁਰਬਾਣੀ ਦੇ 1430 ਵਿਸ਼ਾਲ ਅੰਗਾਂ (ਪੰਨਿਆਂ) ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਸ ਨਾਮ ਦੀ ਹੀ ਕੀਰਤੀ ਗਾਈ ਗਈ ਹੈ। ਨਾਮ ਸਮੁੱਚੇ ਸੰਸਾਰ ਦਾ ਆਧਾਰ ਹੈ। ਇਸੇ ਦੇ ਆਸਰੇ ਤੇ ਹੀ ਖੰਡ, ਬ੍ਰਹਮੰਡ, ਧਰਤੀ, ਅਕਾਸ਼ ਟਿਕੇ ਹੋਏ ਹਨ।

ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥

(ਅੰਗ 284)

ਨਾਮ ਦੇ ਨਿਯਮ ਨੇ ਸਭ ਨੂੰ ਆਪਣੇ ਆਪਣੇ ਕਾਰੇ ਲਾਇਆ ਹੋਇਆ ਹੈ ਤੇ ਕੋਈ ਵੀ ਇਸ ਵਿਰਾਟ ਪਸਾਰੇ ਵਿਚ ਖਲਲ ਪਾਉਣ ਦੀ ਤੌਫੀਕ ਨਹੀਂ ਰੱਖਦਾ। ਹਰ ਪਾਸੇ ਨਾਮ ਦਾ ਹੀ ਰਾਜ ਹੈ, ਉਸੇ ਦੀ ਹੀ ਮਰਿਆਦਾ ਹੈ, ਉਸੇ ਦੀ ਹੀ ਜੈ ਜੈ ਕਾਰ ਹੈ, ਉਸੇ ਦਾ ਹੀ ਬੋਲਬਾਲਾ ਹੈ, ਉਸ ਤੋਂ ਬਾਹਰ ਕੁਝ ਵੀ ਨਹੀਂ ਤੇ ਉਸ ਤੋਂ ਖਾਲੀ ਕੋਈ ਥਾਂ ਨਹੀਂ।

ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ॥
(ਅੰਗ-4)

ਨਾਮ ਦੀ ਸ਼ਕਤੀ ਅਪਰੰਅਪਾਰ ਹੈ ਤੇ ਇਹ ਮੂਲ ਮੰਤਰ ਵਿਚ ਦੱਸੇ ਵਾਹਿਗੁਰੂ ਦੇ ਸਰੂਪ ਦਾ ਸੰਖੇਪ ਰੂਪ ਹੈ। ਇਸ ਰੂਪ ਨਾਲ ਅਭੇਦ ਹੋਣਾ ਮਨੁੱਖੀ ਜੀਵਨ ਦਾ ਲਕਸ਼ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ 36 ਮਹਾਂਪੁਰਸ਼ਾਂ ਨੇ ਇਸ ਨਾਮ ਦੀ ਸ਼ੋਭਾ ਭਿੰਨ ਭਿੰਨ ਢੰਗਾਂ ਵਿਚ ਕਰਕੇ ਮਨੁੱਖ ਮਾਤਰ ਨੂੰ ਸਮਝਾਇਆ ਹੈ ਕਿ ਉਹ ਨਾਮ ਰੂਪੀ ਅਕਾਲਪੁਰਖ ਨਾਲ ਜੁੜਨ ਲਈ ਹਰ ਉਪਰਾਲਾ ਜੁਟਾਵੇ ਕਿਉਂਕਿ ਇਸ ਮਨੋਰਥ ਦੀ ਸਿਧੀ ਲਈ ਮਾਨਸ ਦੋਹੀ ਉਸ ਨੂੰ ਬੇਹਤਰੀਨ ਅਵਸਰ ਪ੍ਰਦਾਨ ਕਰਦੀ ਹੈ। ਵਾਹਿਗੁਰੂ ਦੇ ਬੇਅੰਤ ਗੁਣਾਂਤਮਕ ਨਾਵਾਂ ਦਾ ਗੁਰਬਾਣੀ ਵਿਚ ਬੜਾ ਸੁਹਣਾ ਚਿਤਰਣ ਮੌਜੂਦ ਹੈ। ਉਹ ਪ੍ਰਿਤਪਾਲਕ ਹੈ, ਪਰਉਪਕਾਰੀ ਹੈ, ਸਚ ਦਾ ਸਰੂਪ ਹੈ, ਬਿਰਦ ਦੀ ਪੈਜ ਰੱਖਦਾ ਹੈ ਤੇ ਸਭ ਕੁਝ ਕਰਨ ਦੇ ਸਮਰੱਥ ਹੈ। ਉਸ ਦਾ ਕੀਤਾ ਮੋੜਨ ਵਾਲਾ ਕੋਈ ਨਹੀਂ ਕਿਉਂਕਿ ਉਸ ਦੇ ਤੁਲ ਦੂਜਾ ਕੋਈ ਹੈ ਹੀ ਨਹੀਂ। ਉਹ ਕਿਸੇ ਤੋਂ
ਡਰਦਾ ਨਹੀਂ ਤੇ ਵਿਨਾਸ਼ ਵੀ ਨਹੀਂ ਹੁੰਦਾ। ਉਸ ਦੇ ਕਿਹੜੇ ਕਿਹੜੇ ਗੁਣਾਂ ਦਾ ਵਿਖਿਆਨ ਕੀਤਾ ਜਾਵੇ। ਗੁਰੂ ਨਾਨਕ ਸਾਹਿਬ ਉਸ ਦੀ ਹਸਤੀ ਦੀ ਵਡਿਤਣ ਬਾਰੇ ਜਪੁਜੀ ਸਾਹਿਬ ਵਿਚ ਫਰਮਾਉਂਦੇ ਹਨ ਕਿ ਜੇਕਰ ਇਕ ਜੀਭ ਦੀਆਂ ਅਸੰਖ ਜੀਭਾਂ ਵੀ ਹੋ ਜਾਣ ਤੇ ਉਸ ਦਾ ਨਾਮ ਲੈਣ ਲੱਗ ਜਾਣ ਤਾਂ ਵੀ ਉਸ ਦੇ ਨਾਵਾਂ ਤੇ ਗੁਣਾਂ ਦਾ ਵਰਨਣ ਨਹੀਂ ਹੋ ਸਕਦਾ। ਗੁਰੂ ਅਰਜਨ ਦੇਵ ਜੀ ਨਾਮ ਨੂੰ ਅੰਮ੍ਰਿਤ ਦਾ ਦਰਜਾ ਦਿੰਦੇ ਫਰਮਾਉਂਦੇ ਹਨ ਕਿ ਜਿਸ ਨੇ ਅਕਾਲਪੁਰਖ ਦੀਆਂ ਬਹੁਪ੍ਰਕਾਰੀ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਉਸ ਨੂੰ ਨਾਮ ਜਪਣਾ ਤੇ ਭੁੰਚਣਾ ਚਾਹੀਦਾ ਹੈ।

ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥ ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ॥

ਅੰਗ-318

ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਪਵਿੱਤਰ ਨਾਮ ਨੂੰ ਇਕ ਅਮੋਲਕ ਰਤਨ ਸਮਝਦੇ ਹਨ ਤੇ ਨਾਲ ਇਹ ਤਾਕੀਦ ਵੀ ਕਰਦੇ ਹਨ ਕਿ ਇਹ ਰਤਨ ਰੂਪੀ ਨਾਮ ਪ੍ਰਾਪਤ ਕਰਨ ਹਿੱਤ ਸੱਚੇ ਗੁਰੂ ਦੀ ਸ਼ਰਨ ਵਿਚ ਆਉਣਾ ਅਤੀ ਅਵੱਸ਼ਕ ਹੈ :

ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ॥ ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ॥

ਅੰਗ-40

ਪਾਪਾਂ ਦੀ ਮੈਲ ਨੂੰ ਧੋਣ ਵਾਲੇ ਅਤੇ ਸਹਿਜ ਅਵਸਥਾ ਵਿਚ ਪਹੁੰਚਾਉਣ ਵਾਲੇ ਸਦਾ ਨਵੇਂ ਨਕੋਰ ਇਸ ਨਾਮ ਦੀ ਪ੍ਰਾਪਤੀ ਦਾ ਢੰਗ ਗੁਰਬਾਣੀ ਵਿਚ ਸਤਿਗੁਰ ਦੀ ਸੰਗਤ ਤੇ ਸੇਵਾ ਦੱਸਿਆ ਗਿਆ ਹੈ। ਉਂਜ ਵੀ ਸੇਵਾ ਤੇ ਸਿਮਰਨ ਗੁਰਸਿੱਖੀ ਦੇ ਮੂਲ ਸਿਧਾਂਤ ਹਨ ਜਿਨ੍ਹਾਂ ਨੂੰ ਆਧਾਰ ਮੰਨ ਕੇ ਗੁਰਸਿੱਖੀ ਦਾ ਮਹਿਲ ਉਸਾਰਿਆ ਗਿਆ ਹੈ। ਅਕਾਲਪੁਰਖ ਤਕ ਰਸਾਈ ਪਾਉਣ ਲਈ ਇਹ ਦੋਨੋਂ ਅਤੀ ਮਹੱਤਵਪੂਰਨ ਹਨ। ਗੁਰੂ ਦੇ ਦੱਸੇ ਪੂਰਨਿਆਂ ਤੇ ਚੱਲ ਕੇ ਕੀਤੀ ਨਿਸ਼ਕਾਮ ਸੇਵਾ ਨਾਲ ਹਉਮੈ ਦੀ ਪਾਲ ਟੁਟਦੀ ਹੈ, ਮਨੁੱਖ ਹਲੀਮ ਹੁੰਦਾ ਹੈ, ਉਸ ਦਾ ਦੂਜੇ ਮਨੁੱਖ ਨਾਲ ਪਿਆਰ ਵਿਕਸਤ ਹੁੰਦਾ ਹੈ, ਨਫਰਤ ਤੇ ਪਰਾਏਪੁਣੇ ਦੀ ਦੀਵਾਰ ਢਹਿੰਦੀ ਹੈ, ਆਪਸੀ ਸੰਪਰਕ ਤੇ ਮੇਲ ਜੋਲ ਵਧਦਾ ਹੈ। ਸਰਬੱਤ ਦੇ ਭਲੇ ਦੀ ਭਾਵਨਾ ਹੋਰ ਪਰਬਲ ਹੁੰਦੀ ਹੈ। ਫਿਰ ਸੇਵਾ ਕਰਨ ਵਾਲੇ ਨੂੰ ਕੋਈ ਗ਼ੈਰ ਦਿਸਦਾ ਹੀ ਨਹੀਂ ਸਗੋਂ ਸਭ ਵਿਚ ਇਕੋ ਪ੍ਰਭੂ ਬਿਰਾਜਮਾਨ ਹੋਇਆ ਪ੍ਰਤੀਤ ਹੁੰਦਾ ਹੈ। ਇਹ ਸੇਵਾ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਉਤੇ ਵੀ ਭਰਵਾਂ ਅਸਰ ਕਰਕੇ ਇਨ੍ਹਾਂ ਦੁਸ਼ਟ ਰੁਚੀਆਂ ਨੂੰ ਲਗਾਮ ਲਗਾਉਂਦੀ ਹੈ, ਜਿਸ ਦੇ ਫਲ ਸਰੂਪ ਮਨੁੱਖ ਦੀ ਆਤਮਾ ਪਵਿੱਤਰ ਹੁੰਦੀ ਹੈ, ਮਨ ਨਿਰਮਲ ਹੁੰਦਾ ਹੈ, ਹਿਰਦਾ ਸ਼ੁਧੀ ਗਰਹਿਣ ਕਰਦਾ ਹੈ ਅਤੇ ਹੱਥ ਸੁੱਚੇ ਹੁੰਦੇ ਹਨ। ਅਜਿਹੀ ਹਾਲਤ ਵਿਚ ਨਾਮ ਸਿਮਰਨ ਦਾ ਮਹੱਤਵ ਹੀ ਕੁਝ ਹੋਰ ਹੋ ਜਾਂਦਾ ਹੈ। ਨਿਸ਼ਕਾਮ ਸੇਵਾ ਉਸ ਨੂੰ ਮਨੁੱਖਤਾ ਨਾਲ ਜੋੜਦੀ ਹੈ ਤੇ ਸਿਮਰਨ ਅਕਾਲਪੁਰਖ ਨਾਲ ਜੋੜਦਾ ਹੈ। ਸਿਮਰਨ ਦੀ ਖੁਰਾਕ ਹਜ਼ਮ ਕਰਨ ਲਈ ਸੇਵਾ ਦੀ ਕਸਰਤ ਕਰਨੀ ਜ਼ਰੂਰੀ ਹੈ ਤਾਂ ਜੋ ਨਾਮ ਪ੍ਰਾਪਤੀ ਦਾ ਰਾਹ ਸੁਖੈਲਾ ਹੋ ਜਾਵੇ ਤੇ ਮਨੁੱਖ ਵਿਚੋਂ ਦੁਈ ਭਾਵ ਮਿਟ ਜਾਵੇ ਤੇ ਉਸ ਦੀ ਹਰ ਪ੍ਰਕਾਰ ਦੀ ਸੋਚ ਤੇ
ਕਰਮ ਕੇਵਲ ਤੇ ਕੇਵਲ ਇਕ ਅਕਾਲਪੁਰਖ ਦੀ ਹਸਤੀ ਨਾਲ ਓਤ ਪੋਤ ਹੋਏ ਰਹਿਣ। ਫਿਰ ਅਜਿਹੇ ਮਨੁੱਖ ਲਈ ‘ਉਠਦਿਆਂ ਬਹਿੰਦਿਆਂ ਸੁਤਿਆਂ ਸਦਾ ਸਦਾ ਹਰਿ ਨਾਮੁ ਧਿਆਈ’ ਵਾਲੀ ਸਥਿਤੀ ਵਿਚ ਪਹੁੰਚਣਾ ਸਰਲ ਤੇ ਸੰਭਵ ਹੋ ਜਾਂਦਾ ਹੈ। ਹਾਂ ਜਿਸ ਗੱਲ ਤੋਂ ਉਸ ਨੇ ਹਰ ਸਮੇਂ ਸੁਚੇਤਤਾ ਵਰਤਣੀ ਹੈ ਉਹ ਇਹ ਹੈ ਕਿ ਹਉਮੈ ਨੂੰ ਆਪਣੀ ਹਸਤੀ ਦੇ ਨੇੜੇ ਨਾ ਫੜਕਣ ਦੇਣਾ ਕਿਉਂਕਿ:

ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥ ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ॥

ਅੰਗ-560

ਮਨਮੁੱਖ ਅਜਿਹਾ ਹੀ ਇਨਸਾਨ ਹੈ ਜੋ ਹਉਮੈ ਨਾਲ ਪਿਆਰ ਕਰਕੇ ਆਪਣੀ ਹਸਤੀ ਨੂੰ ਬਲਵਾਨ ਕਰਦਾ ਹੈ ਤੇ ਰੱਬ ਦਾ ਸ਼ਰੀਕ ਬਣ ਬਹਿੰਦਾ ਹੈ। ਬਾਬਾ ਫਰੀਦ ਜੀ ਅਜਿਹੇ ਮਨ ਮਤੀਏ ਬਾਰੇ ਹੀ ਕਹਿੰਦੇ ਹਨ ਕਿ ਨਾਮ ਦੀ ਬਾਰਸ਼ ਹੋਣ ਦੇ ਬਾਵਜੂਦ ਵੀ ਉਹ ਅਭਾਗਾ ਇਵੇਂ ਸੁੱਕਾ ਰਹਿ ਜਾਂਦਾ ਹੈ ਜਿਵੇਂ ਬਾਰਸ਼ ਪੈਣ ਦੇ ਬਾਵਜੂਦ ਉੱਚਾ ਟਿੱਲਾ ਸੁੱਕਾ ਰਹਿ ਜਾਂਦਾ ਹੈ। ਮਨਮੁਖ ਦੀ ਤਾਂ ਖੇਡ ਹੀ ਹੋਰ ਜਹੀ ਹੋ ਜਾਂਦੀ ਹੈ।

ਗੁਰਬਾਣੀ ਉਸ ਦਾ ਖਾਕਾ ਇਵੇਂ ਖਿਚਦੀ ਹੈ :

ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ॥ ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥ ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ (ਮਗਰੂਰ) ॥ ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ॥

ਅੰਗ-42

ਜਿਸ ਵਿਅਕਤੀ ਨੂੰ ਕਰਤਾ ਹੀ ਚਿਤ ਨਹੀਂ ਆ ਰਿਹਾ ਉਸ ਨੇ ਤਾਂ ਦਾਤ ਪਿਆਰੀ ਕੀਤੀ ਹੈ ਦਾਤਾਰੇ ਨੂੰ ਨਹੀਂ ਪਛਾਣਿਆ। ਅਜਿਹਾ ਮਨੁੱਖ ਮੂਰਖ ਹੈ, ਉਜੱਡ ਹੈ, ਭਟਕਿਆ ਹੋਇਆ ਹੈ ਸਗੋਂ ਚੋਰ ਹੈ :

ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ॥ ਜਿਨ੍ਹਿ ਕੀਤੇ ਤਿਸੈ ਨ ਜਾਣਨ੍ਹੀ ਬਿਨੁ ਨਾਵੈ ਸਭਿ ਚੋਰ॥

ਅੰਗ-427

ਗੁਰਬਾਣੀ ਤਦੇ ਸੰਗਤ ਨੂੰ ਗੁਰੂ ਦਾ ਦਰਜਾ ਦਿੰਦੀ ਹੈ ਤੇ ਨਾਮ ਪ੍ਰਾਪਤੀ ਲਈ ਸੰਗਤ ਦੀ ਸੰਗਤ ਵਿਚ ਜੁੜਨਾ ਲਾਹੇਵੰਦਾ ਹੈ ਕਿਉਂਕਿ ਇਵੇਂ ਕਰਨ ਨਾਲ ਵੀ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੀ ਭਾਵਨਾ ਨੂੰ ਫਲ ਲੱਗਦੇ ਹਨ ਤੇ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੀ ਸੋਝੀ ਦਾ ਅਵਸਰ ਪ੍ਰਦਾਨ ਹੁੰਦਾ ਹੈ। ਗੁਰਬਾਣੀ ਦੇ ਇਸ ਸੰਗਤੀ ਸੰਕਲਪ ਤੇ ਅਮਲ ਕਰਨ ਨਾਲ ਮਨੁੱਖ ਨਾਮ ਦੀ ਪ੍ਰਾਪਤੀ ਲਈ ਘਰ ਬਾਹਰ ਛੱਡ ਕੇ ਜੰਗਲਾਂ ਵਿਚ ਜਾ ਕੇ ਧੂਣੀਆਂ ਲਾਣ ਦੇ ਫੋਕਟ ਕਰਮ ਕਾਂਡਾਂ ਤੋਂ ਬਚ ਜਾਂਦਾ ਹੈ ਕਿਉਂਕਿ ਬਾਣੀ ਉਸ ਨੂੰ ਸਪੱਸ਼ਟ ਮਾਰਗ ਦੱਸਦਿਆਂ ਸੁਚੇਤ ਕਰਦੀ ਹੈ ਕਿ ਪ੍ਰਭੂ ਪ੍ਰਾਪਤੀ ਲਈ ਸੰਸਾਰ ਤਿਆਗਣ ਦੀ ਲੋੜ ਨਹੀ : ਸੰਸਾਰ ਵਿਚ ਵਿਚਰਦਿਆਂ ਹੋਇਆਂ ਉਸ ਨੂੰ ਪਹਿਚਾਨਣਾ, ਖੋਜਣਾ ਤੇ ਪਾਉਣਾ ਹੈ। ਗੁਰਬਾਣੀ ਸੰਸਾਰ ਤੋਂ ਮੁਕਤ ਹੋਣ ਦੀ ਥਾਂ ਸੰਸਾਰ ਵਿਚ ਮੁਕਤ ਹੋ ਕੇ ਜੀਣ ਦੀ ਗੱਲ ਤੇ ਜ਼ੋਰ ਦੇਂਦੀ
ਹੈ। ਅਕਾਲਪੁਰਖ ਕੇਵਲ ਜੰਗਲਾਂ ਤੇ ਪਹਾੜਾਂ ਵਿਚ ਹੀ ਨਹੀਂ ਉਹ ਤਾਂ ਘਟ ਘਟ ਵਿਚ ਸਮਾਇਆ ਹੋਇਆ ਹੈ, ‘ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥
ਰਾਮ ਬਿਨਾ ਕੋ ਬੋਲੈ ਰੇ॥ ਅੰਗ-988

ਪ੍ਰਮਾਤਮਾ ਦੀ ਬਾਦਸ਼ਾਹਤ ਤਾਂ ਹਰ ਹਿਰਦੇ ਅੰਦਰ ਹੈ ਫਿਰ ਉਸ ਪ੍ਰਮਾਤਮਾ ਨੂੰ ਜੰਗਲਾਂ ਵਿਚ ਕੀ ਜਪਣਾ ਹੋਇਆ? ਉਹ ਤਾਂ ਸਾਡੇ ਅੰਦਰ ਬਿਰਾਜਮਾਨ ਹੈ ਅਤੇ ਹਰ ਵਕਤ ਸੁਲਭ ਹੈ।

ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥

ਅੰਗ-293

ਇਸ ਲਈ

ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ॥ ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥

ਅੰਗ-903

ਸਪੱਸ਼ਟ ਹੈ ਰੱਬ ਦੇ ਨਾਮ ਦੀ ਪ੍ਰਾਪਤੀ ਲਈ ਦਿਖਾਵੇ ਦੀ ਕਿਸੇ ਪੈਂਤੜੇਬਾਜ਼ੀ ਦੀ ਲੋੜ ਨਹੀਂ ਤੇ ਨਾ ਹੀ ਇਸ ਦਾ ਕੋਈ ਮਹੱਤਵ ਹੈ।

ਗੁਰਬਾਣੀ ਵਿਚ ਨਾਮ ਦੇ ਸੰਕਲਪ ਨੂੰ ਮੁੱਖ ਆਧਾਰ ਮੰਨਦਿਆਂ ਹੋਇਆਂ ਇਹ ਸਭ ਕਰਮ ਕਾਂਡ, ਪਾਪ ਪੁੰਨ, ਪੂਜਾ ਅਰਚਾ, ਤੀਰਥ ਭਰਮਣ ਤੇ ਦਾਨ ਇਸ਼ਨਾਨ ਨਾਮ ਦੀ ਵਿਡੱਤਣ ਅੱਗੇ ਹੇਚ ਤੇ ਤੁਛ ਹਨ। ਗੁਰਬਾਣੀ ਫਰਮਾਣ ਹੈ :

ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥

ਅੰਗ-401

ਗੁਰੂ ਦੀ ਕ੍ਰਿਪਾ ਦੁਆਰਾ ਨਾਮ ਦੀ ਸੁੱਚੀ ਦਾਤ ਮਿਲ ਜਾਵੇ ਤਾਂ ਇਸ ਦੇ ਸਾਹਮਣੇ ਸਭ ਕੁਝ ਹੇਚ ਹੈ ਤੇ ਇਸਦੇ ਤੁਲ ਕੁਝ ਵੀ ਨਹੀਂ :

ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥

ਅੰਗ-405

ਵਿਕਾਰਾਂ ਦੀ ਹਦ ਤੋਂ ਦੂਰ ਲੈ ਜਾਣ ਵਾਲਾ ਨਾਮ ਤਾਂ ਵਸਤ ਅਗੋਚਰ ਹੈ, ਨਿਧੀਆਂ ਦਾ ਖਜ਼ਾਨਾ ਹੈ, ਤ੍ਰਿਪਤੀ ਦਾ ਸੋਮਾ ਹੈ, ਅਮੋਲਕ ਹੀਰਾ ਹੈ, ਅਲੌਕਿਕ ਕ੍ਰਿਸ਼ਮਾ ਹੈ, ਸੁੱਚੀ ਕਾਰ ਹੈ, ਸੁਚੱਜੀ ਵਰਤਣ ਹੈ, ਸੁਜੱਸ ਵਿਹਾਰ ਹੈ ਇਸ ਲਈ ਇਸ ਦੇ ਸਿਮਰਨ ਨੂੰ ਛੱਡ ਕੇ ਕਿਸੇ ਹੋਰ ਵਸਤੂ ਮਗਰ ਲੱਗਣਾ ਨਾਦਾਨੀ ਹੈ, ਨਾਲਾਇਕੀ ਹੈ।

ਹਰਿ ਕਾ ਨਾਮੁ ਨ ਜਪਸਿ ਗਵਾਰਾ ਕਿਆ ਸੋਚਹਿ ਬਾਰੰਬਾਰਾ॥

ਅੰਗ-655

ਇਸ ਲਈ ਵਣਜ ਸੱਚੇ ਨਾਮ ਦਾ ਹੀ ਸੋਭਦਾ ਹੈ। ਇਹੀ ਸੱਚਾ ਸੌਦਾ ਹੈ ਜਿਸ ਦੇ ਲਾਭਾਂ ਨੇ ਸਾਡਾ ਅਸਾਸਾ ਬਣ ਕੇ ਮਰਨ ਉਪਰੰਤ ਵੀ ਸਾਡੇ ਨਾਲ ਜਾਣਾ ਹੈ :

ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥ ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥

ਅੰਗ-288

ਗੁਰਬਾਣੀ ਵਿਚ ਥਾਂ ਪਰ ਥਾਂ ਉਪਦੇਸ਼ ਹੈ ਕਿ ‘ਨਾਵੈ ਜੇਵਡੁ ਹੋਰ ਧਨ ਨਾਹੀ ਕੋਇ’। ਇਸ ਸੰਸਾਰ ਵਿਚ ਅਤੇ ਅਕਾਲਪੁਰਖ ਦੇ ਦਰਬਾਰ ਦਾ ਉਹੀ ਸ਼ਾਹ ਹੈ, ਜਿਸ ਪਾਸ ਨਾਮ ਦੀ ਦਾਤ ਹੈ। ਹੁਕਮ ਹੈ :

ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ॥ ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ॥

ਅੰਗ-543/44

ਇਸ ਲਈ ਜੇਕਰ ਵਾਹਿਗੁਰੂ ਦਾ ਨਾਂ ਹੀ ਨਹੀਂ ਸੇਵਿਆ ਗਿਆ ਤਾਂ ਜ਼ਿੰਦਗੀ ਦਾ ਹੋਰ ਪ੍ਰਯੋਜਨ ਹੀ ਕੀ ਰਿਹਾ? ਇਹ ਮਨੁੱਖਾ ਦੇਹੀ ਸਾਨੂੰ ਇਸ ਖੇਤਰ ਵਿਚ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਲਾਲਚ, ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਦੇ ਪ੍ਰਭਾਵਾਂ ਦੇ ਵਸ ਵਿਚ ਆ ਕੇ ਮਨੁੱਖ ਆਪਣੇ ਆਪ ਨੂੰ ਅਜਿਹਾ ਕਸੂਤਾ ਫਸਾ ਲੈਂਦਾ ਹੈ ਕਿ ਉਸ ਦਾ ਇਸ ਮਾਇਆ ਜਾਲ ਵਿਚੋਂ ਛੁਟਕਾਰਾ ਮੁਸ਼ਕਿਲ ਹੋ ਜਾਂਦਾ ਹੈ :

ਭੂਲਿਓ ਮਨੁ ਮਾਇਆ ਉਰਝਾਇਓ॥

ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ॥

ਅੰਗ-702

ਅਜਿਹੇ ਮਨੁੱਖ ਦਾ ਸੰਸਾਰ ਆਗਮਨ ਬਿਰਥਾ ਜਾਂਦਾ ਹੈ ਤੇ ਉਹ ਆਵਾ ਗਵਣ ਦੇ ਚੱਕਰ ਵਿਚ ਹੀ ਭਟਕਦਾ ਹੋਇਆ ਮੋਖ ਦਵਾਰੇ ਤੋਂ ਦੂਰ ਹੋਰ ਦੂਰ ਹੁੰਦਾ ਜਾਂਦਾ ਹੈ। ਨਤੀਜੇ ਵਜੋਂ ਪ੍ਰਭੂ ਦੇ ਦਰਬਾਰ ਵਿਚ ਪਹੁੰਚ ਕੇ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਹੁੰਦਾ ਹੈ, ਉਹ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਹੈ। ਉਸ ਦੀ ਕਿਸੇ ਪਾਸੇ ਢੋਈ ਨਹੀਂ ਹੁੰਦੀ। ਸੁੱਖਾਂ ਤੋਂ ਉਹ ਕੋਹਾਂ ਦੂਰ ਹੋ ਜਾਂਦਾ ਹੈ। ਇਸ ਪ੍ਰਥਾਏ ਮਹਾਂਵਾਕ ਹੈ:

ਲਾਜ ਮਰੈ ਜੋ ਨਾਮੁ ਨ ਲੇਵੈ ॥ ਨਾਮ ਬਿਹੂਨ ਸੁਖੀ ਕਿਉ ਸੋਵੈ॥

ਅੰਗ-1149

ਇਹ ਤਾਂ ਕਿੱਕਰ ਬੀਜ ਕੇ ਦਾਖ ਬਿਜੋਰੀਆਂ ਪ੍ਰਾਪਤ ਕਰਨ ਦੀ ਲਾਲਸਾ ਹੋਈ ਜੋ ਪੂਰੀ ਹੋਣੀ ਅਸੰਭਵ ਹੈ। ਨਾਮ ਜਲ ਨਾਲ ਹੀ ਤ੍ਰਿਸ਼ਨਾ ਦੀ ਅੱਗ ਠੰਡੀ ਹੋ ਸਕਦੀ ਹੈ ਤੇ ਨਾਮ ਜਲ ਗੁਰੂ ਦੀ ਕ੍ਰਿਪਾ ਦੀ ਬਦੌਲਤ ਪ੍ਰਾਪਤ ਹੋ ਸਕਦਾ ਹੈ। ਗੁਰੂ ਦੀ ਮਿਹਰ ਭਰੀ ਇਕ ਨਿਗਾਹ ਨਾਲ ਪ੍ਰਾਣੀ ਸੰਸਾਰਕ ਚਿੱਕੜ ਵਿਚ ਹੱਥ ਡੋਬਣ ਤੋਂ ਬਚ ਸਕਦਾ ਹੈ :

ਕੀਚੜਿ ਹਾਥੁ ਨ ਬੂਡਈ ਏਕਾ ਨਦਰਿ ਨਿਹਾਲਿ॥ ਨਾਨਕ ਗੁਰਮੁਖਿ ਉਬਰੇ ਗੁਰੂ ਸਰਵਰੁ ਸਚੀ ਪਾਲਿ॥ ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ॥ ਜਨਮਿ ਮਰੈ ਭਰਮਾਈਐ ਜੇ ਲਖ ਕਰਮ ਕਮਾਹਿ ॥

ਅੰਗ-1411

ਜੇ ਨਦਰ ਸਵੱਲੀ ਹੋ ਜਾਵੇ ਤਾਂ ਤੇ ਕੌਡਾ ਰਾਕਸ਼ ਵੀ ਤਰ ਸਕਦਾ ਹੈ ਤੇ ਠਗ ਵੀ ਸੱਜਣ ਹੋ ਨਿਬੜਦਾ ਹੈ। ਇਸੇ ਲਈ ਗੁਰਬਾਣੀ ਵਿਚ ਨਦਰਿ, ਬਖਸ਼ਿਸ਼, ਮਿਹਰ, ਕਿਰਪਾ ਦੀ ਵਿਸ਼ੇਸ਼ ਮਹੱਤਤਾ ਹੈ ਜੋ ਸਾਨੂੰ ਨਾਮ ਦੀ ਅਮੁਲ ਦਾਤ ਪ੍ਰਾਪਤੀ ਵਿਚ ਸਹਾਈ ਹੋ ਸਕਦੀ ਹੈ। ਗੁਰੂ ਪਸੀਜ ਜਾਵੇ ਤਾਂ ਸਭ ਕੁਝ ਸੰਭਵ ਹੈ :

ਨੀਚਹ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨ ਡਰੈ॥ ਨਾਮਦੇਵ ਕਬੀਰ ਤਿਲੋਚਨ ਸਧਨਾ ਸੈਨੁ ਤਰੈ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥

ਅੰਗ-1106

ਜਿਵੇਂ ਕਿ ਜ਼ਿਕਰ ਕੀਤਾ ਜਾ ਚੁੱਕਾ ਹੈ ਨਾਮ ਅਕਾਲਪੁਰਖ ਦਾ ਆਪਣਾ ਨਾਂ ਹੈ, ਉਸ ਦਾ ਜਸ ਹੈ, ਉਸ ਦੀ ਕੀਰਤੀ ਹੈ ਇਸ ਲਈ ਉਸ ਵਿਚ ਉਸ ਦੀ ਵਿਸਮਾਦੀ ਹਸਤੀ ਦੇ ਗੁਣਾਂ ਦੀ ਪਛਾਣ ਵੀ ਨਾਮ ਤੋਂ ਹੀ ਹੋ ਸਕਦੀ ਹੈ। ਗੁਰਬਾਣੀ ਇਸ ਕਾਰਨ ਕਰਕੇ ਵੀ ਮਨੁੱਖ ‘ਤੇ ਜ਼ੋਰ ਪਾਉਂਦੀ ਹੈ ਕਿ ਉਹ ਸਾਰੇ ਸਦਾਚਾਰੀ, ਸਮਾਜਿਕ ਤੇ ਅਧਿਆਤਮਿਕ ਗੁਣਾਂ ਦਾ ਵੀ ਧਾਰਨੀ ਬਣੇ ਜਿਹੜੇ ਗੁਣ ਅਕਾਲਪੁਰਖ ਦੇ ਵਸਫਾਂ ਨੂੰ ਸ਼ੋਭਨੀਕ ਬਣਾਉਂਦੇ ਹਨ। ਇਵੇਂ ਗੁਰਬਾਣੀ ਨਾਮ ਰਸੀਏ ਲਈ ਪਹਿਲੀ ਮੰਗ ਇਹ ਕਰਦੀ ਹੈ ਕਿ ਉਹ ਕਿਰਦਾਰ ਦਾ ਉੱਚਾ ਹੋਵੇ, ਵਿਹਾਰ ਦਾ ਸੁੱਚਾ ਹੋਵੇ, ਸੱਚ ਦਾ ਉਪਾਸ਼ਕ ਹੋਵੇ ਤੇ ਹਰ ਪ੍ਰਕਾਰ ਦੇ ਸ਼ੁਭ ਗੁਣਾਂ ਦਾ ਪ੍ਰੀਤਵਾਨ ਹੋਵੇ ਕਿਉਂਕਿ ਸੁਚੇ ਭਾਂਡੇ ਵਿਚ ਹੀ ਸੁੱਚੀ ਚੀਜ਼ ਟਿਕ ਸਕਦੀ ਹੈ। ਹੁਣ ਇਥੇ ਸਵਾਲ ਉਠਦਾ ਹੈ ਕਿ ਫਿਰ ਮਨੁੱਖ ਕਿਹੋ ਜਿਹਾ ਹੋਵੇ ਤਾਂ ਜੋ ਨਾਮ ਦਾ ਵਾਸਾ ਉਸ ਵਿਚ ਹੋ ਸਕੇ? ਗੁਰੂ ਤੇਗ਼ ਬਹਾਦਰ ਸਾਹਿਬ ਅਜਿਹੇ ਮਨੁੱਖ ਦਾ ਖਾਕਾ ਇਵੇਂ ਖਿਚਦੇ ਹਨ:

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥

ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥ ਰਹਾਉ ॥

ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥

ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥

ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥

ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ॥

ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ॥

ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ ਅੰਗ-633/34

ਇਸ ਅਵਸਥਾ ਤੇ ਅਪੜ ਕੇ ਨਾਮ ਤੇ ਨਾਮੀ ਵਿਚ ਅੰਤਰ ਮੁਕ ਜਾਂਦਾ ਹੈ ਅਤੇ ਇਲਾਹੀ ਆਨੰਦ ਭਰੀ ਸਹਿਜ ਅਵਸਥਾ ਸਭ ਪਾਸੇ ਪਸਰ ਜਾਂਦੀ ਹੈ। ਮਨੁੱਖ ਦੁਨੀਆਂ ਦੇ ਕਾਰ ਵਿਹਾਰ ਕਰਦਾ ਹੋਇਆ ਵੀ ਆਪਣੀ ਲਿਵ ਵਾਹਿਗੁਰੂ ਦੇ ਸੱਚੇ ਨਾਮ ਨਾਲ ਜੋੜੀ ਰੱਖਦਾ ਹੈ ਜਾਂ ਇਵੇਂ ਕਹਿ ਲਵੋ ਕਿ ਲਿਵ ਜੁੜੀ ਰਹਿੰਦੀ ਹੈ। ਸਵਾਸ ਸਵਾਸ ਸਿਮਰਨ ਚਲਦਾ ਰਹਿੰਦਾ ਹੈ ਤੇ ਨਾਮ ਦਾ ਅੰਮ੍ਰਿਤ ਨਿਹਾਲ ਕਰਦਾ ਰਹਿੰਦਾ ਹੈ। ਇਥੇ ਪਹੁੰਚ ਕੇ ਜੇ ਹੋਰ ਸਭ ਕੁਝ ਵੀ ਭੁਲ ਜਾਏ ਤਦ ਵੀ ਇਕ ਗੱਲ ਜ਼ਰੂਰ ਚੇਤੇ ਰਹਿੰਦੀ ਹੈ ਤੇ ਉਹ ਹੈ:

ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥

ਅੰਗ-24

ਨਾਮ ਜਪਣ ਵਾਲੇ ਪਰਾਣੀ ਦੀ ਘਾਲ ਥਾਏਂ ਪੈਂਦੀ ਹੈ ਅਤੇ ਉਸਦਾ ਪਾਰ ਉਤਾਰਾ ਹੋ ਜਾਂਦਾ ਹੈ।

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥

ਅੰਗ-8

ਸਰੂਪ ਸਿੰਘ ਅਲੱਗ