ਮਨੁੱਖੀ ਜਗਤ ਦੀਆਂ ਮੂਲ ਸਮੱਸਿਆਵਾਂ ਕੇਵਲ ਦੋ ਹੀ ਹਨ : ਉਹ ਹਨ ਚੋਰੀ ਤੇ ਯਾਰੀ। ਦੂਜੇ ਦੇ ਰੂਪ ਤੋਂ ਪ੍ਰਭਾਵਿਤ ਹੋਇਆ ਮਨੁੱਖ ਦੁਰਾਚਾਰੀ ਹੋ ਜਾਂਦਾ ਹੈ। ਦੂਜੇ ਦਾ ਧਨ ਪ੍ਰਭਾਵਿਤ ਕਰੇ ਤਾਂ ਲੋਭ-ਵੱਸ ਮਨੁੱਖ ਚੋਰ ਹੋ ਜਾਂਦਾ ਹੈ। ਚੋਰ ਤੋਂ ਦੂਜੇ ਦੇ ਧਨ ਨੂੰ ਖ਼ਤਰਾ ਹੈ। ਯਾਰ ਤੋਂ ਦੂਜੇ ਦੀ ਅਸਮਤ ਨੂੰ ਖ਼ਤਰਾ ਹੈ। ਔਰ ਜਦ ਚੋਰਾਂ ਤੇ ਯਾਰਾਂ ਦੀ ਤਾਦਾਦ ਬਹੁਤ ਜ਼ਿਆਦਾ ਹੋਵੇ ਤਾਂ ਅਸਮਤ ਤੇ ਧਨ ਬਚਾਉਣਾ ਬਹੁਤ ਔਖਾ ਹੋ ਜਾਂਦਾ ਹੈ। ਸਮਾਜ ਤੇ ਰਾਜਨੀਤੀ ਨੇ ਨਿਯਮ ਬਣਾਏ ਹਨ, ਪਰ ਇਨ੍ਹਾਂ ਨਿਯਮਾਂ ਨੂੰ ਤੋੜ ਕੇ ਚੋਰ ਯਾਰ ਆਪਣਾ ਕੰਮ ਕਰੀ ਜਾਂਦੇ ਹਨ। ਦੁਨੀਆਂ ਦੇ ਹਰ ਕੋਨੇ, ਹਰ ਦੇਸ਼ ਵਿਚ ਚੋਰੀ-ਯਾਰੀ ਮੌਜੂਦ ਹੈ।
ਕਮਜ਼ੋਰ ਤੇ ਛੋਟੇ ਮਨੁੱਖ, ਛੋਟੇ ਦੇਸ਼ ਤੇ ਛੋਟੀਆਂ ਕੌਮਾਂ ਛੋਟੇ ਪੱਧਰ ਦੀਆਂ ਚੋਰੀਆਂ ਕਰਦੇ ਹਨ, ਪਰ ਵੱਡੇ ਦੇਸ਼ ਤੇ ਵੱਡੀਆਂ ਕੌਮਾਂ ਤੇ ਵੱਡੇ ਮਨੁੱਖ ਵੱਡੇ ਪੱਧਰ ਦੀ ਚੋਰੀ ਕਰਦੇ ਹਨ । ਮਨੁੱਖ ਦੇ ਆਦਿ ਕਾਲ ਰਿਹਾ ਹੈ ਤੇ ਬਹੁਤ ਵੱਡੇ ਸੰਸਰ ਦੋ ਔਗੁਣਾਂ ਕਰਕੇ ਸੰਸਾਰ ਵਿਦਵਾਨਾਂ ਨੇ ਖੂਨ ਜ਼ਰ, ਜ਼ਮੀਨ, ਜ਼ੋਰੂ ਕਾਰਨ ਸਾਰੀਆਂ ਲੜਾਈਆਂ ਪਿੱਛੇ ਇਹੀ ਕਾਰਨ ਕੰਮ ਕਰ ਰਹੇ ਹਨ।
ਕਾਨੂੰਨ ਨਿਯਮ ਹਰ ਦੇਸ਼ ਵਿਚ ਮੌਜੂਦ ਹੈ, ਪਰ ਇਹ ਕਾਨੂੰਨ ਕੰਮ ਨਹੀਂ ਕਰ ਰਿਹਾ ਕਿਉਂਕਿ ਕਾਨੂੰਨ ਦੇ ਹੁੰਦਿਆਂ ਹੋਇਆਂ ਵੀ ਚੋਰੀ ਯਾਰੀ ਕਾਬੂ ਵਿਚ ਨਹੀਂ ਆ ਰਹੀ ਔਰ ਐਸਾ ਵੀ ਪ੍ਰਤੀਤ ਹੁੰਦਾ ਹੈ ਕਿ ਕਾਨੂੰਨ ਬਣਾਉਣ ਵਾਲੇ ਵੀ ਚੋਰ ਹਨ। ਕਾਨੂੰਨ ਰਾਜਨੀਤਕ
ਨਿਯਮ ਦੀ ਜਾਨ ਬੜੀ ਕਮਜ਼ੋਰ ਹੈ। ਇਸ ਵਿਚ ਛੋਟੇ ਚੋਰ, ਛੋਟੇ ਬਦਮਾਸ਼ ਪਕੜੇ ਜਾਂਦੇ ਹਨ। ਵੱਡੇ ਬਦਮਾਸ਼ ਜਾਲ ਤੋੜ ਕੇ ਲੰਘ ਜਾਂਦੇ ਹਨ। ਇਸ ਵਾਸਤੇ ਆਖਿਆ ਗਿਆ ਹੈ ਕਿ ਕਾਨੂੰਨ ਮਕੜੀ ਦਾ ਜਾਲਾ ਹੈ, ਇਸ ਵਿਚ ਛੋਟੇ ਛੋਟੇ ਕੀੜੇ ਫਸ ਜਾਂਦੇ ਹਨ ਤੇ ਵੱਡੇ ਜਾਲਾ ਤੋੜ ਕੇ ਲੰਘ ਜਾਂਦੇ ਹਨ। ਛੋਟੇ ਚੋਰ ਪਕੜੇ ਜਾਂਦੇ ਹਨ, ਪਰ ਵੱਡੇ ਚੋਰ ਜੋ ਸਾਰਾ ਦੇਸ਼ ਲੁੱਟ ਲੈਂਦੇ ਹਨ, ਸਾਰੀ ਕੌਮ ਨੂੰ ਧੋਖਾ ਦੇ ਜਾਂਦੇ ਹਨ, ਰਾਜ ਸਿੰਘਾਸਨ ‘ਤੇ ਬੈਠ ਕੇ ਪੂਜੇ ਜਾਂਦੇ ਹਨ। ਵੱਡੇ ਵੱਡੇ ਲੁਟੇਰਿਆਂ ਦੇ ਮਕਬਰੇ ਬਣੇ ਹੋਏ ਹਨ, ਸਮਾਧਾਂ ਬਣੀਆਂ ਹੋਈਆਂ ਹਨ ਤੇ ਵੱਡੇ ਵੱਡੇ ਚੋਰ ਉਥੇ ਫੁੱਲਾਂ ਦੀ ਮਾਲਾ ਰੋਜ਼ ਚਾੜ੍ਹਦੇ ਹਨ।
ਇਹ ਵੱਡੇ ਦੁਰਾਚਾਰੀ ਸੈਂਕੜੇ ਇਸਤਰੀਆਂ ਨੂੰ ਆਪਣੇ ਹਰਮਾਂ ਵਿਚ ਰੱਖ ਕੇ ਵੀ ਸਨਮਾਨਤ ਹੁੰਦੇ ਰਹੇ ਹਨ ਤੇ ਹੋ ਰਹੇ ਹਨ। ਕਿਸੇ ਇਕ ਵਿਅਕਤੀ ਦੀ ਜਿਸ ਨੇ ਜੇਬ ਕੱਟ ਲਈ ਹੈ, ਅਕਸਰ ਪਕੜਿਆ ਜਾਂਦਾ
ਹੈ, ਸਜ਼ਾ ਪਾਂਦਾ ਹੈ, ਪਰ ਜੋ ਸਾਰੇ ਦੇਸ਼ ਨੂੰ ਲੁੱਟ ਲੈਂਦਾ ਹੈ, ਉਹ ਫੁੱਲਾਂ ਦੀਆਂ ਮਾਲਾਂ ਨਾਲ ਸਨਮਾਨਤ ਹੁੰਦਾ ਹੈ। ਦੁਨੀਆਂ ਦੇ ਪੁਰਾਣੇ ਤੇ ਨਵੇਂ ਬਾਦਸ਼ਾਹ ਹੁਕਮਰਾਨ ਜਾਂ ਤਾਂ ਡਾਕੂ ਸਨ ਜਾਂ ਡਾਕੂਆਂ ਦੀ ਸੰਤਾਨ ਸਨ ਔਰ ਪਰੰਪਰਾ ਤੋਂ ਇਹ ਚਾਲ ਚੱਲੀ ਆ ਰਹੀ ਹੈ। ਚੋਰੀ ਯਾਰੀ ਦੀਆਂ ਇਨ੍ਹਾਂ ਦੋਹਾਂ ਕਮਜ਼ੋਰੀਆਂ ਨੇ ਮਨੁੱਖੀ ਦੁਨੀਆਂ ਨੂੰ ਨਰਕ ਬਣਾਇਆ ਹੋਇਆ ਹੈ। ਕੋਈ ਛੋਟਾ ਬਦਮਾਸ਼ ਕਿਸੇ ਇਕ ਦੀ ਅਸਮਤ ਲੁੱਟ ਲੈਂਦਾ ਹੈ, ਪਰ ਵੱਡੇ ਬਦਮਾਸ਼ ਰਖੇਲਾਂ ਤੇ ਹੋਰ ਅਨੇਕਾਂ ਇਸਤਰੀਆਂ ਦੀ ਅਸਮਤ ਬੜੇ ਸੰਯੋਜਿਕ ਢੰਗ ਨਾਲ ਲੁੱਟਦੇ ਆ ਰਹੇ ਹਨ। ਸ਼ਰਾਫ਼ਤ ਦਾ ਜਾਮਾ ਪਹਿਨ, ਕਈ ਛੋਟੇ ਬਦਮਾਸ਼ਾਂ ਨੇ ਵੇਸਵਾਵਾਂ ਦੇ ਬਾਜ਼ਾਰ ਨੂੰ ਜਨਮ ਦਿੱਤਾ ਹੈ। ਨਗਰ-ਬਧੂ ਦੀ ਪਰੰਪਰਾ ਆਦਿ ਕਾਲ ਤੋਂ ਚਲੀ ਆ
ਰਹੀ ਹੈ। ਇਨ੍ਹਾਂ ਦੋ ਮੂਲ ਕਮਜੋਰੀਆਂ ਨੇ ਮਨੁੱਖੀ ਜੀਵਨ ਦਾ ਮੂਲ ਹੀ ਨਸ਼ਟ ਕਰ ਦਿੱਤਾ ਹੈ। ਜਿਸ ਸਮਾਜ ਵਿਚ ਚੋਰੀ ਯਾਰੀ ਜੀਵਨ ਦਾ ਅੰਗ ਬਣ ਜਾਵੇ ਤੇ ਵੱਡੇ ਚੋਰ ਤੇ ਵੱਡੇ ਬਦਮਾਸ਼ ਸਨਮਾਨਤ ਕੀਤੇ ਜਾਣ ਤਾਂ ਐਸੇ ਸਮਾਜ ਨੂੰ ਜੀਵਨ ਦੇ ਮੂਲ ਪਰਮਾਤਮਾ ਨਾਲ ਜੋੜਨਾ ਔਖਾ ਹੋ ਜਾਂਦਾ ਹੈ।
ਜਗਤ ਦੇ ਕੁੱਝ ਧਾਰਮਿਕ ਲੋਕ ਤੇ ਧਾਰਮਿਕ ਪ੍ਰਸੰਗ ਵੀ ਧਾਰਮਿਕ ਨਹੀਂ ਜਾਪਦੇ। ਹੂਰਾਂ ਤੇ ਅੰਗੂਰੀ ਸ਼ਰਾਬ ਦੀ ਇੱਛਾ ਨੂੰ ਮੁੱਖ ਰੱਖ ਕੇ ਨਿਮਾਜ਼ ਅਦਾ ਕਰਨੀ ਤੇ ਅਪੱਛਰਾਂ ਤੇ ਸੋਮ-ਰਸ ਦੀ ਆਸ਼ਾ ਨੂੰ ਮੁੱਖ ਰੱਖ ਪੂਜਾ ਪਾਠ ਕਰਨਾ- ਇਹ ਤਾਂ ਧਰਮ ਨੂੰ ਭ੍ਰਿਸ਼ਟ ਕਰਨ ਵਾਲੀ ਘਟਨਾ ਹੈ। ਜਦ ਕਾਮਨਾ ਇਤਨੀ ਮਲੀਨ ਹੈ ਤਾਂ ਇਸ ਮਲੀਨ ਕਾਮਨਾ ਅਧੀਨ ਧਾਰਮਿਕ ਕ੍ਰਿਤ ਕੀਤਾ ਜਾ ਰਿਹਾ ਹੈ ਤਾਂ ਐਸਾ ਮਨੁੱਖ ਜ਼ਰੂਰ ਵਿਕਾਰਾਂ ਦੇ ਖੱਡੇ ਵਿਚ ਗਿਰੇਗਾ। ਕਿਸੇ ਰਿਸ਼ੀ ਦਾ ਤਪ ਕੋਈ ਮੈਨਕਾ ਤੇ ਉਰਵਸ਼ੀ ਭੰਗ ਕਰ ਜਾਂਦੀ ਹੈ ਤੇ ਕਿਸੇ ਫ਼ਕੀਰ ਦੀ ਨਿਮਾਜ਼ ਕੋਈ ਹੂਰ ਕਜ਼ਾ (ਭੰਗ) ਕਰ ਜਾਂਦੀ ਹੈ।
ਜਦ ਇਨ੍ਹਾਂ ਦੀ ਕਾਮਨਾ ਨੂੰ ਮੁੱਖ ਰੱਖ ਕੇ ਹੀ ਜਪ ਤਪ ਕੀਤਾ ਜਾ ਰਿਹਾ ਸੀ ਤਾਂ ਕਾਮਨਾ ਤਾਂ ਅਧੀਰ (ਬੇਚੈਨ) ਕਰ ਦੇਂਦੀ ਹੈ। ਤੇ ਇਸ ਤਰ੍ਹਾਂ ਅਧੀਰ ਹੋਏ ਬੰਦੇ ਅਗਰ ਵਿਕਾਰਾਂ ਦੇ ਰਸਾਤਲ ਵਿਚ ਜਾ ਡਿੱਗੇ ਹਨ, ਇਹ ਤਾਂ ਸੁਭਾਵਕ ਹੀ ਸੀ।
ਜੰਨਤ ਵਿਚ ਹੂਰਾਂ ਤੇ ਅੰਗੂਰੀ ਸ਼ਰਾਬ ਤੇ ਸਵਰਗ ਵਿਚ ਅਪੱਛਰਾਂ ਤੇ ਸੋਮਰਸ ਦੀ ਕਲਪਨਾ ਕਰ, ਇਨ੍ਹਾਂ ਲੋਕਾਂ ਨੇ ਸਵਰਗ ਜੰਨਤ ਦੀ ਮਹਿਮਾ ਨੂੰ ਹੀ ਆਮ ਮਨੁੱਖ ਦੀਆਂ ਨਜ਼ਰਾਂ ਤੋਂ ਓਝਲ ਕਰ ਦਿੱਤਾ ਹੈ। ਚੋਰੀ ਯਾਰੀ ਦੇ ਸੰਸਕਾਰ ਇਤਨੇ ਪ੍ਰਬਲ ਹਨ ਕਿ ਸਵਰਗ ਤੇ ਜੰਨਤ ਤਕ ਪਿੱਛਾ ਕਰਦੇ ਹਨ। ਇਸ ਤਰ੍ਹਾਂ ਦੀਆਂ ਮਨੌਤਾਂ ਕਮਜ਼ੋਰ ਬੰਦਿਆਂ ਦੀਆਂ ਘਾੜਤਾਂ ਹਨ ਤੇ ਧਰਮ ਨੂੰ ਮਨੁੱਖ
ਦੀਆਂ ਨਜ਼ਰਾਂ ਵਿਚ ਕਮਜ਼ੋਰ ਕਰਦੀਆਂ ਹਨ :
ਬਹਿਸ਼ਤੋ ਹੂਰੋ ਗਿਲਮਾਂ ਇਵਜ਼ੇ ਤਾਇਤ ਮੈਂ ਨਾ ਮਾਨੂੰਗਾ, ਇਨਹੀਂ ਬਾਤੋਂ ਸੇ ਐ ਵਾਇਜ਼ ਜ਼ਈਫ ਈਮਾਨ ਹੋਤਾ ਹੈ।(ਇਕਬਾਲ)
ਚੋਰ ਤੇ ਯਾਰ ਦਾ ਸਾਰਾ ਜੀਵਨ ਬਾਹਰ-ਮੁਖੀ ਹੈ। ਧਨ ਤੇ ਰੂਪ ਬਾਹਰੋਂ ਹੀ ਪ੍ਰਭਾਵਿਤ ਕਰਦਾ ਹੈ। ਧਰਮ ਦੀ ਸਾਰੀ ਸਾਧਨਾ ਅੰਤਰ-ਮੁਖੀ ਹੈ। ਜੈਸੇ ਜੈਸੇ ਬਿਰਤੀਆਂ ਅੰਤਰ-ਮੁਖੀ ਹੁੰਦੀਆਂ ਹਨ, ਤਿਵੇਂ ਤਿਵੇਂ ਰੂਪ ਤੇ ਧਨ ਦੀ ਪਕੜ ਘਟਦੀ ਹੈ।
ਭਗਤ ਨਾਮਦੇਵ ਜੀ ਤਾਂ ਫ਼ੈਸਲਾਕੁੰਨ ਗੱਲ ਕਰਦੇ ਹਨ ਕਿ ਜਿਸ ਦੇ ਅੰਦਰ ਪਰਾਏ ਧਨ ਤੇ ਰੂਪ ਦੀ ਪਕੜ ਨਹੀਂ ਹੈ, ਉਹੀ ਮਨੁੱਖ ਧਾਰਮਿਕ ਹੈ ਤੇ ਪਰਮਾਤਮਾ ਦਾ ਉਥੇ ਹੀ ਵਾਸਾ ਹੈ :
ਪਰ ਧਨ ਪਰ ਦਾਰਾ ਪਰਹਰੀ॥ਤਾ ਕੈ ਨਿਕਟਿ ਬਸੈ ਨਰਹਰੀ॥
ਮਹਾਤਮਾ ਤੁਲਸੀ ਜੀ ਦਾ ਕਹਿਣਾ ਹੈ ਕਿ ਜਿਸ ਨੂੰ ਪਰਾਇਆ ਧਨ ਮਿੱਟੀ ਤੇ ਪਰਾਇਆ ਰੂਪ ਮਾਂ ਦਿਖਾਈ ਦੇਵੇ ਤੇ ਪਰਮਾਤਮਾ ਫਿਰ ਵੀ ਨਾ ਮਿਲੇ, ਐਸਾ ਹੋ ਨਹੀਂ ਸਕਦਾ ਤੇ ਮੈਂ ਜਾਮਨ ਹਾਂ- ਮੈਂ ਮਿਲਾਵਾਂਗਾ।
ਪਰ ਧਨ ਕੋ ਮਿੱਟੀ ਸਮਝੋ ਪਰ ਤ੍ਰਿਆ ਮਾਤ ਸਮਾਨ। ਇਤਨੇ ਪਰ ਹਰੀ ਨਾ ਮਿਲੇ ਤੋਂ ਤੁਲਸੀ ਦਾਸ ਜ਼ਮਾਨ।
(ਤੁਲਸੀਦਾਸ)
ਜਗਤ-ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਾਵਨ ਰਚਨਾ ਅੰਦਰ ਸ਼ਾਇਰਾਨਾ ਅੰਦਾਜ਼ ਵਿਚ ਸਮਝਾਣ ਦੀ ਕੋਸ਼ਿਸ਼ ਕੀਤੀ ਹੈ। ਪਰ-ਧਨ ਨੂੰ ਹੱਥ ਪਾਉਣਾ ਤਾਂ ਮੁਸਲਿਮ ਲਈ ਸੂਰ ਤੇ ਹਿੰਦੂ ਲਈ ਗਊ ਦਾ ਮਾਸ ਖਾਣਾ ਹੈ :
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਕਾਨੂੰਨ, ਧਰਮ ਤੇ ਸਮਾਜ ਦੀ ਵਾੜ ਨੂੰ ਤੋੜ, ਪਰਾਇਆ ਹੱਕ ਖਾਣਾ, ਆਪਣੇ ਡਿੱਗਣ ਲਈ ਖੂਹ ਪੁੱਟਣਾ ਹੈ।
ਜੰਗਲੀ ਹਿਰਨ ਕੁਦਰਤੀ ਘਾਸ ਛੱਡ ਕੇ ਵਾੜ ਤੋਂ ਛਾਲ ਮਾਰ ਰੋਜ਼ ਕਿਸਾਨ ਦੀ ਖੇਤੀ ਉਜਾੜਨ ਲੱਗ ਪਿਆ।
ਮਨੁੱਖ ਆਪਣੀ ਪ੍ਰਾਲਬਧ ਤੋਂ ਸੰਤੁਸ਼ਟ ਨਾ ਹੋ ਕੇ ਪਰਾਏ ਹੱਕ ਨੂੰ ਖੋਹਣ ਦੀ ਕੋਸ਼ਿਸ਼ ਕਰਦਾ ਹੈ।
ਆਖਿਰ ਇਕ ਦਿਨ ਹਿਰਨ ਕਿਸਾਨ ਦੇ ਵਿਛਾਏ ਜਾਲ ਵਿਚ ਫਸ ਜਾਂਦਾ ਹੈ। ਕਿਸਾਨ ਉਸ ਦੀ ਸੋਟੀਆਂ ਨਾਲ ਪਿਟਾਈ ਕਰਦਾ ਹੈ। ਉਸ ਦਾ ਅੰਗ ਅੰਗ ਤੋੜ ਦੇਂਦਾ ਹੈ। ਪਰਾਏ ਹੱਕ ਨੂੰ ਖੋਹਣ ਵਾਲਾ ਇਕ ਦਿਨ ਸਿਕੰਜੇ ਵਿਚ ਆਂਵਦਾ ਹੈ ਤੇ ਅਤਿਅੰਤ ਦੁੱਖ ਭੋਗਦਾ ਹੈ, ਪਰ ਅਕਾਲ ਪੁਰਖ ਨੂੰ ਵਿਸਾਰ ਕੇ ਪਰਾਈਆਂ ਖੇਤੀਆਂ ਬੇਫ਼ਿਕਰੀ ਨਾਲ ਉਜਾੜਨ ਦਾ ਫਲ ਤਾਂ ਪੀੜਾ, ਦੁੱਖ ਹੀ ਹੁੰਦਾ ਹੈ। ਐਸੀ ਬਿਪਤਾ ਵਿਚ ਹਰੀ ਹੀ ਬਚਾ ਸਕਦਾ ਹੈ, ਪਰ ਉਸ ਨਾਲ ਕੋਈ ਸੰਬੰਧ ਨਹੀਂ ਹੈ :
ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ॥
ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ॥
ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ॥
ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ॥
ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ॥
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ॥
ਰੂਪ ਦੇ ਰਸੀਏ ਭੌਰੇ ਸਮਾਨ ਹੁੰਦੇ ਹਨ ਤੇ ਵੱਖ ਵੱਖ ਰੂਪ ਦੇ ਰਸ ਵਿਚ ਭਟਕਦੇ ਹਨ। ਆਖਿਰ ਰੂਪ ਦਾ ਰਸ ਲੈਂਦੇ ਲੈਂਦੇ ਇਕ ਦਿਨ ਆਪਣੇ ਜੀਵਨ ਦਾ ਰਸ ਗਵਾ, ਦੁੱਖਾਂ ਦੀ ਭੱਠੀ ਵਿਚ ਪੈਂਦੇ ਹਨ। ਅੰਜਾਮ ਨੂੰ ਭੁਲਾ, ਪਰ ਤਨ ਦੇ ਰਸੀਆਂ ਦਾ ਅੰਤ ਅਤੀ ਪੀੜਾਦਾਇਕ ਹੁੰਦਾ ਹੈ :
ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ॥
ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ॥ ਬੀਚਾਰਿ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ॥ ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ॥ ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ॥ ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ॥
ਫੁੱਲ ਫੁੱਲ ‘ਤੇ ਭਟਕਣਾ ਤੇ ਅੰਤ ਨੂੰ ਦੁੱਖ ਸਹਾਰਨਾ ਇਹ ਭੋਰਾ ਬਿਤੀ ਹੈ। ਵੈਸੇ ਤਾਂ ਮਨੁੱਖ ਅਨੰਤ ਕਮਜ਼ੋਰੀਆਂ ਦਾ ਪੁਤਲਾ ਹੈ, ਪਰ ਕੁਛ ਮੂਲ ਕਮਜ਼ੋਰੀਆਂ ਹਨ ਜਿਨ੍ਹਾਂ ਕਰਕੇ ਜਨਮ ਮਰਨ ਦੇ ਅਸਾਧ ਦੁੱਖਾਂ ਦੀ ਸ਼ੰਖਲਾ ਚੱਲ ਪੈਂਦੀ ਹੈ। ਉਨ੍ਹਾਂ ਮੂਲ ਕਮਜ਼ੋਰੀਆਂ ਵਿੱਚੋਂ ਜ਼ਬਾਨ ਦੇ ਚਸਕੇ ਵੀ ਇਕ ਬੁਨਿਆਦੀ ਅਵਗੁਣ ਹੈ।
ਦਰਅਸਲ ਅਸਲੀ ਸਵਾਦ ਤਾਂ ਭੁੱਖ ਵਿਚ ਹੈ, ਪਰ ਜ਼ਬਾਨ ਦੇ ਚਸਕਿਆਂ ਹੇਠ ਆਇਆ ਮਨੁੱਖ ਭੁੱਖ ਤੋਂ ਬਿਨਾਂ ਵੀ ਖਾਈ ਜਾਂਦਾ ਹੈ। ਸਿਰਫ਼ ਰਸਨਾ ਦੇ ਰਸ ਅਧੀਨ ਹੋਇਆ ਮਨੁੱਖ ਇਹ ਵੇਖਦਾ ਹੀ ਨਹੀਂ ਕਿ ਬਿਨਾਂ ਭੁੱਖ ਦੇ ਖਾਧੇ ਹੋਏ ਪਦਾਰਥ ਰੋਗਾਂ ਨੂੰ ਜਨਮ ਦੇਂਦੇ ਹਨ।
ਮਛਲੀ ਜੀਭ ਦੇ ਸੁਆਦ ਅਧੀਨ ਹੋਈ ਮਾਸ ਤਾਂ ਵੇਖਦੀ ਹੈ ਪਰ ਮਾਸ ਵਿਚ ਛੁਪੀ ਹੋਈ ਕੁੰਡੀ ਨਹੀਂ ਵਿਖਾਈ ਦੇਂਦੀ ਤੇ ਅੰਤ ਨੂੰ ਸਿਵਾਇ ਦੁੱਖਾਂ ਦੇ ਹੋਰ ਕੁਛ ਪ੍ਰਾਪਤ ਨਹੀਂ ਹੁੰਦਾ। ਭੁੱਖ ਨਾਲ ਇਤਨੇ ਮਨੁੱਖ ਨਹੀਂ ਮਰਦੇ, ਜਿਤਨੇ ਜ਼ਿਆਦਾ ਖਾਣ ਨਾਲ ਮਰਦੇ ਹਨ।
ਸੱਚ ਤਾਂ ਇਹ ਹੈ ਕਿ ਪਚਾਣ ਦੀ ਸ਼ਕਤੀ ਸੀਮਤ ਹੈ।
ਜਿਹੜਾ ਮਨੁੱਖ ਹਰ ਵਕਤ ਆਪਣੀ ਪਾਚਨ-ਸ਼ਕਤੀ ‘ਤੇ ਭਾਰੀ ਬੋਝ ਪਾਈ ਰੱਖਦਾ ਹੈ, ਉਸ ਦੇ ਸਰੀਰ ਦੀ ਸ਼ਕਤੀ ਜਲਦੀ ਛੀਨ ਹੋ ਜਾਵੇਗੀ। ਬਹੁਤ ਖਾਧਾ ਹੋਇਆ ਭੋਜਨ ਜਿਤਨੀ ਸ਼ਕਤੀ ਸਰੀਰ ਨੂੰ ਦੇਂਦਾ ਹੈ, ਉਸ ਤੋਂ ਦੁਗਣੀ ਪਚਾਣ ਵਿਚ ਖ਼ਤਮ ਹੋ ਜਾਂਦੀ ਹੈ।
ਇਸ ਤਰ੍ਹਾਂ ਜ਼ਿਆਦਾ ਖਾਣ ਵਾਲੇ ਦੀ ਉਮਰ ਘੱਟ ਜਾਂਦੀ ਹੈ। ਮੱਛੀ ਵਾਲੀ ਇਹ ਕਮਜ਼ੋਰੀ ਕਿ ਸਿਰਫ਼ ਮਾਸ ਦਿਖਾਈ ਦੇਣਾ, ਕੁੰਡੀ ਦਾ ਨਾ ਦਿਖਾਈ ਦੇਣਾ, ਮਨੁੱਖ ਵਿਚ ਵੀ ਹੈ। ਜ਼ਬਾਨ ਦੇ ਰਸ ਹੇਠ ਆਇਆ ਮਨੁੱਖ ਅਨੰਤ ਰੋਗ ਸਹੇੜ ਲੈਂਦਾ ਹੈ।
ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ॥
ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ॥
ਇਕ ਹੋਰ ਪ੍ਰਬਲ ਕਮਜ਼ੋਰੀ ਦਾ ਜਿਕਰ ਇਸੇ ਹੀ ਸ਼ਬਦ ਵਿਚ ਗੁਰੂ ਨਾਨਕ ਦੇਵ ਜੀ ਕਰਦੇ ਹਨ। ਜਦ ਕੋਈ ਮਨੁੱਖ ਧਰਮ ਦੀ ਦੁਨੀਆਂ ਵਿਚ ਪ੍ਰਤਿਸ਼ਠਾ ਵਾਲਾ ਹੋ ਜਾਂਦਾ ਹੈ, ਲੋਕੀਂ ਸਨਮਾਨ ਦੇਣ ਲੱਗ ਪੈਂਦੇ ਹਨ ਤਾਂ ਉਸ ਦੇ ਅੰਦਰ ਆਪਣਾ ਹੀ ਪੰਥ ਖੜਾ ਕਰਨ ਦੀ ਹਵਸ ਪੈਦਾ ਹੋ ਜਾਂਦੀ ਹੈ। ਧਰਮ ਤੇ ਅਕਾਲ ਪੁਰਖ ਦੇ ਨਾਮ ਦੀ ਮਿਲੀ ਪ੍ਰਤਿਸ਼ਠਾ ਨੂੰ ਉਹ ਆਪਣੀ ਪ੍ਰਤਿਸ਼ਠਾ ਸਮਝ ਲੈਂਦਾ ਹੈ ਤੇ ਇਸ ਤਰ੍ਹਾਂ ਖੁਦ ਖੁਦਾ ਹੋਣ ਦਾ ਦਾਵਾ ਕਰਦਾ ਹੈ। ਆਦਿ ਕਾਲ ਤੋਂ ਮਨੁੱਖ ਦੇ ਅੰਦਰ ਇਹ ਅਵਗੁਣ ਚੱਲਿਆ ਆ ਰਿਹਾ ਹੈ।
ਰਾਵਣ, ਹਰਨਾਖਸ਼, ਫ਼ਰਊਨ ਤੇ ਹੋਰ ਕਈ ਲੋਕਾਂ ਨੇ ਤਾਂ ਵਰਤਮਾਨ ਵਿਚ ਵੀ ਆਪਣੇ ਆਪ ਨੂੰ ਪਰਮਾਤਮਾ ਹੋਣ ਦਾ ਦਾਵਾ ਕੀਤਾ ਹੋਇਆ ਹੈ। ਪਰਮਾਤਮਾ ਦੇ ਨਾਮ ਕਰਕੇ ਮਿਲੀ ਪ੍ਰਤਿਸ਼ਠਾ ਨੂੰ ਆਪਣੀ ਪ੍ਰਤਿਸ਼ਠਾ ਸਮਝ ਕੇ ਆਪਣੇ ਆਪ ਨੂੰ ਪਰਮਾਤਮਾ ਆਖਣ ਦਾ ਬਹੁਤ ਪੁਰਾਣਾ ਰੋਗ ਮਨੁੱਖੀ ਦੁਨੀਆਂ ਅੰਦਰ ਚਲਿਆ ਆ ਰਿਹਾ ਹੈ।
ਵਗਦੇ ਦਰਿਆ ਵਿੱਚੋਂ ਕੋਈ ਲਹਿਰ ਉਛਲ ਕੇ ਦਰਿਆ ਨਾਲੋਂ ਵੱਖ ਹੋ ਕੇ ਵਗਣ ਲੱਗ ਪੈਂਦੀ ਹੈ ਤੇ ਉਸ ਨੂੰ ਦਰਿਆ ਹੋਣ ਦਾ ਮਾਣ ਹੋ ਜਾਂਦਾ ਹੈ, ਪਰ ਉਸ ਨੂੰ ਕੌਣ ਦੱਸੇ ਕਿ ਤੇਰਾ ਵਹਿਣ ਤਾਂ ਦਰਿਆ ਕਰਕੇ ਹੈ ਤੇ ਅਜੇ ਸਾਗਰ ਬਹੁਤ ਦੂਰ ਹੈ। ਪਰ ਉਛਲੀ ਹੋਈ ਇਹ ਲਹਿਰ ਜੋ ਵਹਿਣ ਬਣ ਕੇ ਵਗ ਰਹੀ ਹੈ, ਬੜੇ ਅਹੰਕਾਰ ਵਿਚ ਆਪਣੀ ਚਾਲ ਚੱਲ ਰਹੀ ਹੈ।
ਸੰਗਤ ਤੇ ਧਰਮ ਗ੍ਰੰਥਾਂ ਵਿੱਚੋਂ ਮਿਲਿਆ ਗਿਆਨ ਤੇ ਫਿਰ ਉਸ ਗਿਆਨ ਦੇ ਆਸਰੇ ‘ਤੇ ਆਪਣਾ ਪੰਥ ਚਲਾਉਣਾ ਇਕ ਆਮ ਰਹੁ-ਰੀਤੀ ਰਹੀ ਹੈ।
ਮਹਾਂਪੁਰਸ਼ ਗੁਰੂਆਂ ਦੀ ਬਾਣੀ ਧਰਮ ਗ੍ਰੰਥਾਂ ਦੇ ਬੋਲਾਂ ਤੋਂ ਮਿਲੇ ਅਨੁਭਵ ਨੂੰ ਆਪਣਾ ਨਿਜੀ ਅਨੁਭਵ ਆਖ, ਪਰਮਾਤਮਾ ਹੋਣ ਦਾ ਦਾਅਵਾ ਕਰਨਾ ਇਕ ਵੱਡਾ ਦੁਰਗੁਣ ਮਨੁੱਖੀ ਸਮਾਜ ਵਿਚ ਚੱਲਿਆ ਆ ਰਿਹਾ ਹੈ।
ਇਹ ਵੀ ਇਕ ਮਹਾਂ ਚੋਰੀ ਹੈ- ਦੂਜੇ ਦੇ ਖਿਆਲ, ਦੂਜੇ ਦੇ ਅਨੁਭਵ ਨੂੰ ਆਪਣਾ ਅਨੁਭਵ ਕਹਿਣਾ ਚੋਰੀ ਹੈ। ਧਨ-ਪਦਾਰਥ ਦੀ ਚੋਰੀ ਤੋਂ ਬਾਅਦ ਗੁਣ, ਕਲਾ, ਗਿਆਨ ਦੀ ਵੀ ਚੋਰੀ ਚੱਲੀ ਆ ਰਹੀ ਹੈ। ਔਰ ਚੋਰੀ ਤੇ ਯਾਰੀ ਮਨੁੱਖੀ ਸਮਾਜ ਦੀਆਂ ਦੋ ਮੂਲ ਕਮਜ਼ੋਰੀਆਂ ਹਨ ਤੇ ਇਨ੍ਹਾਂ ਮੂਲ ਕਮਜ਼ੋਰੀਆਂ ਕਰਕੇ ਦੁਨੀਆਂ ਨਰਕ ਬਣੀ ਹੋਈ ਹੈ।
ਗਿਆਨੀ ਸੰਤ ਸਿੰਘ ਮਸਕੀਨ
