ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਅੱਗੇ ਤੋਰਦਿਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਅਤੇ ਪੰਗਤ ਦੀ ਭਾਵਨਾ ਨੂੰ ਪੱਕਾ ਕੀਤਾ। ਊਚ-ਨੀਚ, ਜਾਤ-ਪਾਤ, ਗਰੀਬ-ਅਮੀਰ ਜਦ ਸਭ ਇੱਕ ਪੰਗਤ ਵਿਚ ਬੈਠ ਕੇ ਖਾਣ ਤਾਂ ਭਿੱਟ ਦਾ ਅਹਿਸਾਸ (ਜੋ ਕਿ ਨਫ਼ਰਤ ਪੈਦਾ ਕਰਦਾ ਹੈ) ਖਤਮ ਹੋ ਜਾਂਦਾ ਹੈ। ਸ਼ਹਿਨਸ਼ਾਹ ਅਕਬਰ ਜਦ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਲਈ ਸ੍ਰੀ ਗੋਇੰਦਵਾਲ ਸਾਹਿਬ ਆਇਆ ਤਾਂ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਮਰਯਾਦਾ ਅਨੁਸਾਰ ਉਸ ਨੇ ਵੀ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਵਰਣ-ਭੇਦ ਮੇਟਣ ਲਈ ਬਾਉਲੀ ਤਿਆਰ ਕਰਵਾਈ । ਬਾਉਲੀ ਦਾ ਜਲ ਸਭਲਈ ਸਾਂਝਾ ਸੀ । ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਜਿਹੜਾ ਸਰੀਰ ਜਨਮਦਾ ਹੈ ਉਸ ਦੀ ਕੋਈ ਜਾਤ ਨਹੀਂ।
੫੦੦ ਸਾਲ ਪਹਿਲਾਂ ਸਮਾਜ ਵਿਚ ਇਸਤਰੀ ਦਾ ਦਰਜਾ ਬਹੁਤ ਨੀਵਾਂ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਦਾ ਪ੍ਰਗਟਾਵਾ ਕਰਦਿਆਂ ਉਸ ਦੇ ਸਤਿਕਾਰ ਹਿੱਤ ਅਵਾਜ਼ ਉਠਾਈ। ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਨੂੰ ਪਰਪੱਕ ਕੀਤਾ। ਉਸ ਸਮੇਂ ਇਸਤਰੀ ਨੂੰ ਘਰ ਦੀ ਚਾਰ ਦੀਵਾਰੀ ਵਿਚ ਰਹਿਣ ਦੀ ਆਗਿਆ ਸੀ। ਬਾਹਰ ਜਾਣ ਲਈ ਸਿਰ ਤੋਂ ਪੈਰਾਂ ਤਕ ਉਸ ਨੂੰ ਕੱਪੜੇ ਨਾਲ ਢੱਕਣਾ ਹੁੰਦਾ ਸੀ। ਬਾਹਰ ਜਾਣ ਲਈ ਜਾਂ ਕਿਸੇ ਵੀ ਕੰਮ ਵਿਚ ਸ਼ਾਮਲ ਹੋਣ ਲਈ ਇਸਤਰੀ ਘੁੰਡ ਕੱਢ ਕੇ ਹੀ ਜਾਂਦੀ ਸੀ । ਸ੍ਰੀ ਗੁਰੂ ਅਮਰਦਾਸ ਜੀ ਨੇ ਆਗਿਆ ਕੀਤੀ ਕਿ ਗੁਰੂ-ਦਰਬਾਰ ਵਿਚ ਜਾਂ ਸੰਗਤ ਵਿਚ ਕੋਈ ਵੀ ਇਸਤਰੀ ਘੁੰਡ ਕੱਢ ਕੇ ਨਾ ਆਏ। ਜਦ ਹਰੀਪੁਰ ਦਾ ਰਾਜਾ ਹਰੀ ਚੰਦ ਆਪ ਜੀ ਦੇ ਦਰਸ਼ਨ ਲਈ ਆਇਆ ਤਾਂ ਉਸ ਦੀ ਛੋਟੀ ਰਾਣੀ ਘੁੰਡ ਕੱਢ ਕੇ ਆਈ। ਸ੍ਰੀ ਗੁਰੂ ਅਮਰਦਾਸ ਜੀ ਨੇ ਰਾਣੀ ਨੂੰ ਵੇਖਦਿਆਂ ਹੀ ਕਿਹਾ ਕਿ ਘੁੰਡ ਕੱਢਣਾ ਠੀਕ ਨਹੀਂ ਹੈ। ਇਸ ਤਰ੍ਹਾਂ ਇਸਤਰੀ ਨੂੰ ਗ਼ੁਲਾਮੀ ਦੀ ਇਸ ਰੀਤ ਤੋਂ ਅਜ਼ਾਦ ਕੀਤਾ।
ਉਸ ਸਮੇਂ ਲੜਕੀ ਦੇ ਜਨਮ ਨੂੰ ਪਰਵਾਰ ਉੱਤੇ ਬੋਝ ਸਮਝਿਆ ਜਾਂਦਾ ਸੀ। ਜੋ ਵੀ ਇਸਤਰੀ ਲੜਕੀ ਨੂੰ ਜਨਮ ਦਿੰਦੀ ਉਸ ਨੂੰ ਮੰਦੇ ਭਾਗਾਂ ਵਾਲੀ ਸਮਝਿਆ ਜਾਂਦਾ ਸੀ ਤੇ ਪਰਵਾਰ ਵਾਲਿਆਂ ਦੀ ਕਰੋਪੀ ਦਾ ਸ਼ਿਕਾਰ ਹੁੰਦੀ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਜ਼ੁਲਮ ਦਾ ਵਿਰੋਧ ਕੀਤਾ। ਗੁਰੂ ਜੀ ਨੇ ਕੁੜੀ-ਮਾਰ (ਧੀ ਦੀ ਹੱਤਿਆ), ਧੀ ਦਾ ਪੈਸਾ, ਧਾਨ ਖਾਣ ਵਾਲੇ, ਹਰ ਵੇਲੇ ਦੀ ਆਕੜ (ਐਬ) ਰੱਖਣ ਵਾਲੇ ਮਨੁੱਖ ਨਾਲ ਸਾਂਝ ਰੱਖਣ ਵਾਲੇ ਨੂੰ ਵੀ ਫ਼ਿਟਕਾਰ ਪਾਈ ਹੈ।
ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ॥ ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ॥ (ਅੰਗ ੧੪੧੩)
ਉਸ ਸਮੇਂ ਭਾਰਤ ਵਿਚ ਮਰਦ ਦੀ ਚਿਤਾ ‘ਤੇ ਇਸਤਰੀ ਦੇ ਸੜ ਮਰਨ ਦੀ ਇਕ ਭਿਆਨਕ ਰਸਮ ਪ੍ਰਚਲਿਤ ਸੀ ਜਿਸ ਨੂੰ ਸਤੀ ਹੋਣਾ ਆਖਿਆ ਜਾਂਦਾ ਸੀ।
ਸਾਰੀਆਂ ਇਸਤਰੀਆਂ ਮਨ ਦੀ ਇੱਛਾ ਨਾਲ ਹੀ ਪਤੀ-ਚਿਖਾ ‘ਤੇ ਨਹੀਂ ਸਨ ਸੜ ਮਰਦੀਆਂ ਸਗੋਂ ਉਨ੍ਹਾਂ ਨੂੰ ਜਬਰਦਸਤੀ ਸਤੀ ਕੀਤਾ ਜਾਂਦਾ ਸੀ । ਜਿਸ ਔਰਤ ਨੂੰ ਸਤੀ ਕਰਨਾ ਹੁੰਦਾ ਸੀ, ਉਸ ਇਸਤਰੀ ਨੂੰ ਸੁੰਦਰ ਬਸਤਰ ਪਹਿਨਾ ਕੇ ਉਸ ਦੀ ਗੋਦ ਵਿਚ ਪਤੀ ਦਾ ਮੁਰਦਾ ਸਰੀਰ ਰੱਖ ਕੇ ਬਿਠਾ ਦਿੱਤਾ ਜਾਂਦਾ ਸੀ । ਆਸ-ਪਾਸ ਲੱਕੜਾਂ ਚਿਣ ਦਿੱਤੀਆਂ ਜਾਂਦੀਆਂ ਸਨ । ਚਿਤਾ ਨੂੰ ਅੱਗ ਲਗਾਉਣ ਵੇਲੇ ਜ਼ੋਰ-ਜ਼ੋਰ ਨਾਲ ਢੋਲ ਤੇ ਛੈਣੇ ਵਜਾਏ ਜਾਂਦੇ ਸਨ। ਤਾਂ ਕਿ ਉਸ ਸ਼ੋਰ ਵਿਚ ਸਤੀ ਹੋ ਰਹੀ ਇਸਤਰੀ ਦੀਆਂ ਚੀਖਾਂ ਬਾਹਰ ਵਾਲੇ ਨਾ ਸੁਣਨ ਅਤੇ ਉਸ ਇਸਤਰੀ ਦੀਆਂ ਚੀਖਾਂ ਸੁਣ ਕੇ ਸ਼ਮਸ਼ਾਨ ਭੂਮੀ ‘ਤੇ ਆਈਆਂ ਕੁੜੀਆਂ ਜਾਂ ਇਸਤਰੀਆਂ ਡਰ ਨਾ ਜਾਣ। ਕੁਝ ਆਦਮੀ ਲੰਬੇ-ਲੰਬੇ ਬਾਂਸ ਲੈ ਕੇ ਖੜੇ ਰਹਿੰਦੇ ਤਾਂ ਕਿ ਸਤੀ ਹੋਣ ਵਾਲੀ ਡਰ ਦੀ ਮਾਰੀ ਤੇ ਰੋਂਦੀ ਚੀਖਾਂ ਮਾਰਦੀ ਚਿਖਾ ਵਿੱਚੋਂ ਬਾਹਰ ਕੁੱਦਣ ਦਾ ਯਤਨ ਕਰਦੀ ਤਾਂ ਉਸ ਨੂੰ ਲੰਬੇ ਬਾਂਸ ਨਾਲ ਧੱਕ ਕੇ ਅੰਦਰ ਕਰ ਦਿੰਦੇ ਸਨ । ਲੰਬੇ ਬਾਂਸ ਇਸ ਲਈ ਫੜ੍ਹਦੇ ਸਨ ਤਾਂ ਕਿ ਉਨ੍ਹਾਂ ਨੂੰ ਸੇਕ ਨਾ ਲਗੇ । ਸ੍ਰੀ ਗੁਰੂ ਅਮਰਦਾਸ ਜੀ ਉਚਾਰਨ ਕਰਦੇ ਹਨ ਕਿ ਉਹ ਇਸਤਰੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ ਪਤੀ ਦੀ ਲੋਥ ਦੇ ਨਾਲ ਸੜ ਮਰਦੀਆਂ ਹਨ। ਪਤੀ ਦੇ ਮਰਨ ‘ਤੇ ਜਿਹੜੀ ਇਸਤਰੀ ਪਤੀ-ਪਿਆਰ ਨੂੰ ਵਿਸਾਰਦੀ ਨਹੀਂ ਅਤੇ ਉਸ ਦੇ ਵਿਛੋੜੇ ਨੂੰ ਭੁੱਲਦੀ ਨਹੀਂ, ਉਹੋ ਹੀ ਸਤੀ ਹੈ। ਪਤੀ ਦੀ ਲਾਸ਼ ਨਾਲ ਸੜਨ ਵਾਲੀ ਸਤੀ ਨਹੀਂ। ਜੋ ਪਤੀ ਦੀ ਮੌਤ ‘ਤੇ ਵਿਛੋੜੇ ਦੀ ਸੱਟ ਨਾਲ ਹੀ ਮਰ ਜਾਣ ਉਸ ਨੂੰ ਸਤੀ (ਹੋ ਗਈ) ਸਮਝਣਾ ਚਾਹੀਦਾ ਹੈ :
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ ॥ ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ ॥
(ਅੰਗ ੭੮੭)
ਉਨ੍ਹਾਂ ਇਸਤਰੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ, ਪਤਿਬਤ-ਧਰਮ ਵਿਚ ਰਹਿੰਦੀਆਂ ਹਨ। ਸਦਾ ਉੱਦਮ ਨਾਲ ਆਪਣਾ ਧਰਮ ਚੇਤੇ ਰੱਖਦੀਆਂ ਹਨ। ਸਤੀ ਉਹ ਹੈ ਜੋ ਪਤੀ ਦੀ ਮੌਤ ‘ਤੇ ਸੰਤੋਖ ਰੱਖਦੀ ਹੈ, ਇਸ ਨੂੰ ਰੱਬੀ ਭਾਣਾ ਸਮਝ ਕੇ ਜਰਦੀ ਹੈ। ਆਪਣੇ ਪਤੀ ਦੀ ਯਾਦ ਨੂੰ ਸਦਾ ਮਨ ਵਿਚ ਚੇਤੇ ਰੱਖਦੀ ਹੈ !
(ਸਤੀ) ਇਸਤਰੀਆਂ ਆਪਣੇ ਖਸਮ ਦੇ ਜਿਊਂਦਿਆਂ ਉਸ ਦੀ ਸੇਵਾ ਕਰਦੀਆਂ ਹਨ। ਪਤੀ ਨੂੰ ਆਪਣਾ ਸਮਝਦੀਆਂ ਹਨ ਤਾਂ ਦੁੱਖ-ਸੁੱਖ ਵਿਚ ਬਰਾਬਰ ਸਾਥ ਨਿਭਾਉਂਦੀਆਂ ਹਨ। ਪਰ ਜਿਨ੍ਹਾਂ ਨੇ ਖਸਮ ਨੂੰ ਖਸਮ ਨਾ ਜਾਤਾ, ਉਹ ਕਿਉਂ ਦੁੱਖ ਸਹਿਣ? ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਏ, ਉਹ ਔਖੇ ਵੇਲੇ ਨੇੜੇ ਨਹੀਂ
ਢੁਕਦੀਆਂ :
ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ॥
ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ॥
ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ॥
ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ॥ (ਅੰਗ ੭੮੭)
ਜਿਹੜੀ ਪਤਨੀ ਨੂੰ ਪਤੀ ਨਾਲ ਸੱਚਾ ਪਿਆਰ ਹੈ ਉਹ ਪਤੀ ਦੀ ਮੌਤ ‘ਤੇ ਉਂਝ ਹੀ ਕਾਫੀ ਦੁੱਖ ਸਹਿ ਲੈਂਦੀ ਹੈ। ਅਜਿਹੀ ਇਸਤਰੀ ਜਿਉਂਦੀ ਹੀ ਸਤੀ ਹੈ। ਜਿਸ ਨੂੰ ਪਤੀ ਦੀ ਕਦਰ ਨਹੀਂ ਜਾਂ ਜਿਸ ਨਾਲ ਪਿਆਰ ਨਹੀਂ ਉਸ ਦਾ ਪਤੀ ਦੀ ਲਾਸ਼ ਨਾਲ ਸੜ ਮਰਨਾ ਫਜ਼ੂਲ ਹੈ। ਪਿਆਰ ਤੋਂ ਸੱਖਣੀ ਪਤਨੀ ਆਪਣੇ ਪਤੀ ਤੋਂ ਦੂਰ ਹੀ ਰਹੇਗੀ ਭਾਵੇਂ ਉਹ ਜਿਊਂਦਾ ਹੋਵੇ ਜਾਂ ਮਰਿਆ ਹੋਵੇ।
ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਕਿਸੇ ਇਸਤਰੀ ਨੂੰ ਸਤੀ ਨਾ ਹੋਣ ਦਿੱਤਾ ਜਾਏ। ਬਾਅਦ ਵਿਚ ਸਤੀ ਦੀ ਰਸਮ ਨੂੰ ਬੰਦ ਕਰਨ ਦਾ ਹੁਕਮ ਅਕਬਰ ਨੇ ਸੰਨ ੧੫੮੪ ਈ: ਵਿਚ ਕੀਤਾ। ਇਸ ਹੁਕਮ ਅਧੀਨ ਕਿਸੇ ਨੂੰ ਕੋਈ ਜਬਰੀ ਸਤੀ ਨਹੀਂ ਕਰ ਸਕਦਾ। ਪਰ ਮਰਜ਼ੀ ਨਾਲ ਔਰਤ ਸਤੀ ਹੋ ਸਕਦੀ ਸੀ।
ਉਸ ਸਮੇ ਵਿਆਹ ਅਕਸਰ ਆਪਣੀਆਂ ਜਾਤਾਂ ਦੇ ਅੰਦਰ ਹੀ ਹੋਇਆ ਕਰਦੇ ਸਨ। ਉੱਚੀ ਜਾਤ ਵਾਲੇ ਨੀਵੀਂ ਜਾਤ ਵਿਚ ਵਿਆਹ ਨਹੀਂ ਸੀ ਕਰਦੇ, ਜੇ ਕੋਈ ਇਸਤਰੀ ਐਸਾ ਕਰਦੀ ਤਾਂ ਉਹ ਦੰਡ ਦੀ ਅਧਿਕਾਰੀ ਹੁੰਦੀ। ਉੱਚੀ ਜਾਤ ਦੇ ਮਰਦ ਤੇ ਨੀਵੇਂ ਜਾਤ ਦੀ ਔਰਤ ਤੋਂ ਜੋ ਬੱਚਾ ਪੈਦਾ ਹੁੰਦਾ ਉਸ ਨੂੰ ਚੰਡਾਲ ਕਿਹਾ ਜਾਂਦਾ । ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਅੰਦਰ ਗਰੀਬ-ਅਮੀਰ ਤੇ ਜਾਤ-ਪਾਤ ਦੀ ਦ੍ਰਿਸ਼ਟੀ ਨੂੰ ਬਦਲਿਆ। ਸਾਖੀਆਂ ਵਿਚ ਜਿਕਰ ਆਉਂਦਾ ਹੈ ਸੱਚਨ-ਸਚ ਦਾ ਵਿਆਹ ਜਾਤ-ਪਾਤ ਦੇ ਵਿਚਾਰ ਬਿਨਾਂ ਕੀਤਾ। ਗੁਰੂ ਸਾਹਿਬ ਨੇ ਆਪਣੀਆਂ ਪੁੱਤਰੀਆਂ ਦਾ ਰਿਸ਼ਤਾ ਵੀ ਬਿਨਾਂ ਸ਼੍ਰੇਣੀ ਵਿਚਾਰ ਤੋਂ ਕੀਤਾ। ਬੀਬੀ ਦਾਨੀ ਜੀ ਦਾ ਰਿਸ਼ਤਾ ਭਾਈ ਰਾਮਾ ਜੀ ਨਾਲ ਕੀਤਾ। ਭਾਈ ਰਾਮਾ ਜੀ ਦੀ ਘਰੋਗੀ ਹਾਲਤ ਬੜੀ ਸਧਾਰਨ ਸੀ । ਭਾਈ ਜੇਠਾ ਜੀ ( ਜੋ ਕਿ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸਨ) ਨਾਲ ਬੀਬੀ ਭਾਨੀ ਜੀ ਦਾ ਰਿਸ਼ਤਾ ਕੀਤਾ। ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਪ੍ਰੇਮੇ ਨਾਂ ਦਾ ਕੋਹੜੀ ਠੀਕ ਹੋ ਗਿਆ। ਗੁਰੂ ਜੀ ਨੇ ਉਸ ਦਾ ਨਾਮ ਮੁਰਾਰੀ ਰੱਖ ਕੇ ਸ਼ੀਹੇ ਉੱਪਲ ਦੀ ਪੁੱਤਰੀ ਦਾ ਵਿਆਹ ਉਸ ਨਾਲ ਕੀਤਾ।
ਉਸ ਸਮੇਂ ਪਤੀ-ਪਤਨੀ ਦੇ ਮਰਨ ਪਿੱਛੋਂ ਵਿਆਹ ਕਰਵਾ ਸਕਦਾ ਸੀ, ਪਰ ਪਤਨੀ ਨੂੰ ਪਤੀ ਨਾਲ ਹੀ ਮਰਨਾ ਪੈਂਦਾ ਸੀ। ਸ਼ਾਸਤਰਾਂ ਵਿਚ ਵਿਧਵਾ ਵਿਆਹ ਦੀ ਮਨਾਹੀ ਹੈ।
ਸ੍ਰੀ ਗੁਰੂ ਅਮਰਦਾਸ ਜੀ ਨੇ ਵਿਧਵਾ ਵਿਆਹ ਦੀ ਆਗਿਆ ਦਿੱਤੀ । ਫਾਸਟਰ ਨੇ ਆਪਣੇ ਸਫ਼ਰਨਾਮੇ ਵਿਚ ਲਿਖਿਆ ਹੈ ਕਿ ਵਿਧਵਾ ਵਿਆਹ ਦੀ ਆਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਕਰ ਗਏ ਸਨ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਉਸੇ ਨੂੰ ਅਮਲੀ ਰੂਪ ਪਹਿਨਾਇਆ।
ਨਸ਼ੇ (ਜੋ ਕਿ ਮਨੁੱਖੀ ਸਰੀਰ ਲਈ ਨੁਕਸਾਨਦਾਇਕ ਹਨ) ਦੀ ਜ਼ਿਆਦਾ ਵਰਤੋਂ ਨਾਲ ਦਿਮਾਗੀ ਸੰਤੁਲਨ ਕਾਇਮ ਨਹੀਂ ਰਹਿੰਦਾ। ਚੰਗੇ-ਮਾੜੇ ਦੀ ਤਮੀਜ ਨਹੀਂ ਰਹਿੰਦੀ। ਇਸ ਸਮਾਜਿਕ ਬੁਰਾਈ ਤੋਂ ਬਚਣਾ ਚਾਹੀਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਉਚਾਰਨ ਕਰਦੇ ਹਨ ਕਿ ਵਿਕਾਰਾਂ ਵਿਚ ਫਸਿਆ ਮਨੁੱਖ ਸ਼ਰਾਬ ਆਦਿ (ਹੋਰ ਨਸ਼ਿਆਂ) ਕੁਕਰਮ ਵਿਚ ਪੈਂਦਾ ਹੈ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਮੰਦੇ ਬੋਲ ਬੋਲਣ ਦਾ ਜੋਸ਼ ਆ ਜਾਂਦਾ ਹੈ। ਆਪਣੇ-ਪਰਾਏ ਦੀ ਪਛਾਣ ਨਹੀਂ ਰਹਿੰਦੀ। ਮਾਲਕ ਵੱਲੋਂ ਧੱਕੇ ਪੈਂਦੇ ਹਨ। ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ। ਐਸੀ ਚੰਦਰੀ ਸ਼ਰਾਬ ਨੂੰ ਜਿੱਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣਾ ਚਾਹੀਦਾ :
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥(ਅੰਗ-੫੫੪)
ਥਿਤਾਂ, ਵਾਰ ਮਨਾਉਣੇ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਨ ਬਣਦੇ ਹਨ। ਮੇਰ-ਤੇਰ ਪੈਦਾ ਕਰਦੇ ਹਨ। ਸਭ ਦਿਨ, ਰੁੱਤਾਂ, ਮੌਸਮ ਪਰਮਾਤਮਾ ਦੇ ਹੀ ਬਣਾਏ ਹੋਏ ਹਨ। ਮੂਰਖ ਮਨੁੱਖ ਹੀ ਥਿਤਾਂ ਤੇ ਵਾਰ ਮਨਾਉਂਦੇ ਫਿਰਦੇ ਹਨ :
ਥਿਤੀ ਵਾਰ ਸੇਵਹਿ ਮੁਗਧ ਗਵਾਰ ॥ (ਅੰਗ ੮੪੩)
ਪੁਰਾਣਾਂ ਅਨੁਸਾਰ ਮਨੁੱਖ ਦੇ ਮਰਨ ‘ਤੇ ਕਈ ਰੀਤੀਆਂ ਕੀਤੀਆਂ ਜਾਂਦੀਆਂ ਹਨ। ਗੁਰੂ ਸਾਹਿਬ ਨੇ ਮਨੁੱਖ ਦੇ ਮਰਨ ‘ਤੇ ਰੀਤੀਆਂ ਬਾਬਤ ਉਪਦੇਸ਼ ਦਿੱਤੇ। ਜਿਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਪੜਪੋਤੇ (ਬਾਬਾ ਮੋਹਰੀ ਜੀ ਦੇ ਪੋਤਰੇ ਅਤੇ ਆਨੰਦ ਜੀ ਦੇ ਸਪੁੱਤਰ ਬਾਬਾ ਸੁੰਦਰ ਜੀ) ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਅੰਤਮ ਸਮੇਂ ਕੋਲ ਬੈਠੇ ਸਨ, ਨੇ ‘ਸਦ’ ਸਿਰਲੇਖ ਵਾਲੀ ਛੇ ਪਉੜੀਆਂ ਦੀ ਬਾਣੀ ਵਿਚ ਕਲਮਬੰਦ ਕੀਤਾ। ਮਨੁੱਖ ਦੇ ਮਰਨ ‘ਤੇ ਜੋ ਹੇਠ ਲਿਖੀਆਂ ਰੀਤੀਆਂ ਕੀਤੀਆਂ ਜਾਂਦੀਆਂ ਹਨ ਤੇ ਜਿਸ ਤਰ੍ਹਾਂ ਰੋਣ-ਪਿੱਟਣ ਨਾਲ ਵਾਤਾਵਰਨ ਦਰਦਨਾਕ ਬਣ ਜਾਂਦਾ ਹੈ, ਉਸ ਲਈ ਗੁਰੂ ਸਾਹਿਬ ਨੇ ਕੁਰੀਤੀਆਂ ਦੀ ਟਿੱਪਣੀ ਇਸ ਤਰ੍ਹਾਂ ਕੀਤੀ ਹੈ :
ਇਨਸਾਨ ਦੇ ਮਰਨ ‘ਤੇ (ਸ਼ਾਸਤਰਾਂ ਦੀ ਮਰਯਾਦਾ ਅਨੁਸਾਰ) ਉਸ ਨੂੰ ਮੰਜੇ (ਜਾਂ ਪਲੰਗ) ਤੋਂ ਲਾਹ ਕੇ ਭੁੰਜੇ ਜ਼ਮੀਨ ‘ਤੇ ਲਿਟਾ ਦਿੱਤਾ ਜਾਂਦਾ ਹੈ। ਕਈ ਆਟੇ ਦਾ
ਦੀਵਾ ਜਗਾ ਦਿੰਦੇ ਹਨ ਤੇ ਬ੍ਰਾਹਮਣ ਨੂੰ ਭੇਟਾ ਲਈ ਚਾਂਦੀ-ਸੋਨੇ ਦਾ ਸਿੱਕਾ ਦਿੱਤਾ ਜਾਂਦਾ ਹੈ।
ਸਰੀਰ ਦੇ ਸਸਕਾਰ ਤੋਂ ਪਹਿਲਾਂ ਆਟੇ ਦੇ ਪੇੜੇ ਪੱਤਲਾਂ ਉੱਤੇ ਰੱਖ ਕੇ ਮਨਸਾਏ ਜਾਂਦੇ ਹਨ। ਸੂਰਜ ਵੱਲ ਮੂੰਹ ਕਰ ਕੇ ਚੁਲੀਆਂ ਵੀ ਭੇਟ ਕੀਤੀਆਂ ਜਾਂਦੀਆਂ ਹਨ, ਇਹ ਖਿਆਲ ਕੀਤਾ ਜਾਂਦਾ ਹੈ ਕਿ ਇਹ ਖੁਰਾਕ ਵਿਛੜੀ ਆਤਮਾ ਨੂੰ ਮਿਲੇਗੀ।
ਜਿਸ ਫੱਟੇ ‘ਤੇ ਮੁਰਦਾ ਸਰੀਰ ਚੁੱਕ ਕੇ ਲਿਜਾਇਆ ਜਾਂਦਾ ਹੈ ਉਸ ਫੱਟੇ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਵਡੇਰੀ ਉਮਰ ਦੇ ਪ੍ਰਾਣੀ ਦੇ ਪੋਤੇ-ਪੜਪੋਤੇ ਉੱਤੋਂ ਮਖਾਣੇ ਛੁਹਾਰੇ ਪੈਸੇ ਆਦਿਕ ਸੁੱਟਦੇ ਹਨ। ਇਸ ਰਸਮ ਨੂੰ ਬਿਬਾਣ ਕੱਢਣਾ ਕਿਹਾ ਜਾਂਦਾ ਹੈ।
ਘਰੋਂ ਬਿਬਾਣ ਲਿਜਾਣ ਸਮੇਂ ਮਿੱਟੀ ਦਾ ਕੋਰਾ ਘੜਾ ਨਾਲ ਲਿਜਾਇਆ ਜਾਂਦਾ ਹੈ। ਸ਼ਮਸ਼ਾਨ ਘਾਟ ਪਹੁੰਚ ਕੇ ਘੜਾ ਭੰਨਿਆ ਜਾਂਦਾ ਹੈ। ਮ੍ਰਿਤਕ ਦਾ ਪੁੱਤਰ ਬਹੁਤ ਉੱਚੀ ਧਾਹ ਮਾਰਦਾ ਹੈ। ਭਿਆਨਕ ਧਾਹ ਦੀ ਅਵਾਜ਼ ਨਾਲ ਮ੍ਰਿਤਕ ਦੀ ਆਤਮਾ ਜੋ ਸਰੀਰ ਦੇ ਮੋਹ ਕਰਕੇ ਉਸ ਦੇ ਦੁਆਲੇ ਭੌਂਦੀ ਰਹਿੰਦੀ ਹੈ, ਡਰ ਕੇ ਚਲੀ ਜਾਂਦੀ ਹੈ।
ਸਰੀਰ ਦੇ ਸੜਨ ਪਿੱਛੋਂ ਬਚੀਆਂ ਅਸਥੀਆਂ ਗੰਗਾ ਵਿਚ ਪ੍ਰਵਾਹ ਕਰਨੀਆਂ ਜ਼ਰੂਰੀ ਹਨ, ਅਜਿਹਾ ਨਾ ਕਰਨ ‘ਤੇ ਮ੍ਰਿਤਕ ਪ੍ਰਾਣੀ ਦੀ ਗਤੀ ਨਹੀਂ ਹੋ ਸਕਦੀ।
ਮ੍ਰਿਤਕ ਪ੍ਰਾਣੀ ਦੀ ਆਤਮਾ (ਮਰਨ ਪਿੱਛੋਂ) ਤੇਰ੍ਹਾਂ ਦਿਨ ਪ੍ਰੇਤ ਬਣੀ ਰਹਿੰਦੀ ਹੈ। ਛੱਡੇ ਹੋਏ ਘਰ ਦੁਆਲੇ ਹੀ ਘੁੰਮਦੀ ਰਹਿੰਦੀ ਹੈ।
ਮ੍ਰਿਤਕ ਦੀ ਆਤਮਾ ਨੂੰ ਪ੍ਰੇਤ ਜੂਨ ਵਿੱਚੋਂ ਕੱਢ ਕੇ ਪਿਤਰ ਲੋਕ ਤਕ ਪਹੁੰਚਾਉਣ ਲਈ ਕਿਰਿਆ ਕੀਤੀ ਜਾਂਦੀ ਹੈ। ਉੱਥੇ ਪਹੁੰਚਣ ਲਈ ੩੬੦ ਦਿਨ ਲੱਗਦੇ ਹਨ। ਕਿਰਿਆ ਪੰਡਤ ਕਰਦੇ ਹਨ।
ਗੁਰੂ ਸਾਹਿਬ ਨੇ ਅੰਤਮ ਸਮੇਂ ਇਹ ਉਪਦੇਸ਼ ਦਿੱਤਾ ਕਿ ਪਿੱਛੋਂ ਕਿਸੇ ਨੇ ਰੋਣਾ ਜਾਂ ਧਾਹ ਨਹੀਂ ਮਾਰਨੀ। ਸਗੋਂ ਕੀਰਤਨ ਕਰਨਾ ਹੈ। ਵਿਅਕਤੀ ਪ੍ਰਭੂ ਦੀ ਰਜ਼ਾ ਅਨੁਸਾਰ ਆਉਂਦਾ ਤੇ ਚਲਾ ਜਾਂਦਾ ਹੈ। ਰੋਣਾ ਨਹੀਂ ਚਾਹੀਦਾ, ਅਸੀਸ ਦੇਣੀ ਚਾਹੀਦੀ ਹੈ। ਆਤਮਾ ਦਾ ਪ੍ਰੇਤ ਬਣ ਕੇ ਫਿਰਦੇ ਰਹਿਣਾ ਨਿਰਮੂਲ ਵਿਚਾਰ ਹੈ। ਪਿੰਡ ਪੱਤਲ ਅਤੇ ਕਿਰਿਆ ਵੀ ਭਰਮ ਹੈ। ਇੱਥੇ ਜਗਾਇਆ ਹੋਇਆ ਦੀਵਾ ਪਰਲੋਕ ਦੇ ਰਾਹ ਨੂੰ ਚਾਨਣਾ ਨਹੀਂ ਦੇ ਸਕਦਾ। ਅੱਗੇ ਦੀ ਖੁਰਾਕ ਨਾਮ ਹੀ ਹੈ ਉੱਥੇ ਰਾਹ ਦਾ ਚਾਨਣ ਵੀ ਨਾਮ-ਰੂਪੀ-ਦੀਵਾ ਹੀ ਕਰਦਾ ਹੈ। ਗੰਗਾ ਵਿਚ ਫੁੱਲ ਪਾ ਦੇਣ ਨਾਲ ਗਤੀ ਨਹੀਂ ਹੁੰਦੀ। ਆਤਮਾ ਨੇ ਸਰੀਰ ਦੁਆਰਾ ਜੋ ਕਰਮ ਕੀਤੇ ਹਨ, ਗਤੀ ਤਾਂ ਉਸੇ ਦੁਆਰਾ ਹੈ। ਬਿਬਾਣ ਕੱਢਣਾ ਫਜ਼ੂਲ ਕਿਰਿਆ ਹੈ :
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ (ਅੰਗ ੯੨੩)
ਗੁਰਦੀਪ ਸਿੰਘ ਲੁਧਿਆਣਾ
