views 6 secs 0 comments

ਸੱਚਾ ਮਰਦ

ਲੇਖ
April 25, 2026

ਹਮੂੰ ਮਰਦ ਬਾਯਦ ਸ਼ਵਦ ਸੁਖਨ ਵਰ॥
ਨ ਸ਼ਿਕਮੇ ਦਿਗਰ ਦਰ ਦਹਾਨੈ ਦਿਗਰ॥
(ਸ੍ਰੀ ਗੁਰੂ ਗੋਬਿੰਦ ਸਿੰਘ ਜੀ)

ਫ਼ਾਰਸੀ-ਪੰਜਾਬੀ ਕੋਸ਼ ਵਿਚ ਮਰਦ ਦੇ ਸਮ-ਅਰਥੀ ਸ਼ਬਦ ਸ਼ਖ਼ਸ, ਮਾਨਸ, ਬਹਾਦਰ ਤੇ ਦਲੇਰ ਆਦਿ ਵੀ ਹਨ। ਉਧਰ ਸਾਡੇ ਲੋਕ-ਸਾਹਿਤ ਵਿਚ ਪ੍ਰਚਲਤ ਹੈ ਕਿ ਆਹ ਕੰਮ ਤਾਂ ਮਰਦ ਨੂੰ ਮੇਹਣਾ ਹੈ, ਭਾਵ ਮਰਦਊਪੁਣਾ, ਸ਼ਖ਼ਸੀਅਤ, ਮਾਨਵਤਾ, ਬਹਾਦਰੀ ਤੇ ਦਲੇਰੀ ਸ਼ਬਦ ਮਰਦ ਦੀ ਮਰਦਾਨਗੀ ਨਾਲ ਜੁੜੇ ਹੋਏ ਹਨ। ਇਸੇ ਲਈ ਇਸ ਦੁਨੀਆਂ ਵਿਚ ਉਨ੍ਹਾਂ ਲੋਕਾਂ ਦੀਆਂ ਵਾਰਾਂ ਜਾਂ ਕਥਾਵਾਂ ਪ੍ਰਚਲਤ ਹੋਈਆਂ ਜੋ ਸਮਾਜ ਦੀ ਕਸਵੱਟੀ ਉੱਪਰ ਪੂਰੇ-ਸੂਰੇ ਉਤਰੇ ਜਾਂ ਇੰਝ ਕਹੋ ਕਿ ਜਿਨ੍ਹਾਂ ਮਰਦਾਂ ਵਾਲੀ ਗੱਲ ਕੀਤੀ। ਭਾਵੇਂ ਵਿਸ਼ਵ ਦੀ ਗਿਣਤੀ ਜਾਂ ਜਨ-ਗਣਨਾ, ਮਰਦਾਂ/ਔਰਤਾਂ ਦੀ ਗਿਣਤੀ ‘ਤੇ ਹੀ ਨਿਰਭਰ ਹੈ ਪਰ ‘ਸੱਚਾ ਮਰਦ’ ਕਿਸ ਨੂੰ ਕਿਹਾ ਜਾ ਸਕਦਾ ਹੈ?

ਸੰਸਾਰ ਦੇ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ‘ਜ਼ਫ਼ਰਨਾਮਾ’ (ਫ਼ਤਿਹ ਦਾ ਖ਼ਤ) ਵਿਚ ਦਿੱਤਾ ਹੈ। ਇਹ ਖ਼ਤ ਜੋ ਔਰੰਗਜ਼ੇਬ ਬਾਦਸ਼ਾਹ ਨੂੰ ਦਸਮ ਪਿਤਾ ਜੀ ਨੇ ਲਿਖਿਆ, ਉਸ ਵਿਚ ਸੱਚੇ ਮਰਦ ਦੀ ਪਰਿਭਾਸ਼ਾ ਇਸ ਕਰਕੇ ਸਮਝਾਈ ਕਿਉਂਕਿ ਔਰੰਗਜ਼ੇਬ ਦੀ ਕਥਨੀ ਤੇ ਕਰਨੀ ‘ਚ ਵੱਡਾ ਅੰਤਰ ਸੀ। ਉਹ ਲੋਕਾਈ ਦੀਆਂ ਨਜ਼ਰਾਂ ਵਿਚ ਸੱਚਾ ਧਰਮੀ ਹੋਣ ਦਾ ਵਿਖਾਵਾ ਵੀ ਕਰਦਾ ਰਿਹਾ ਪਰ ਆਪਣੇ ਪਿਤਾ, ਭਰਾਵਾਂ ਤੋਂ ਲੈ ਕੇ ਆਮ ਲੋਕਾਂ ਉੱਪਰ ਜ਼ੁਲਮੋ-ਤਸ਼ੱਦਦ ਵੀ ਰੱਜ ਕੇ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜ਼ਫ਼ਰਨਾਮੇ’ ਵਿਚ ਕਥਨ ਕੀਤਾ ਹੈ ਕਿ (ਹਮੂੰ) ਉਹ ਮਰਦ ਚਾਹੀਦਾ (ਮਰਦ ਬਾਯਦ) ਹੈ ਜੋ ਬਚਨਾਂ ਦਾ ਪੱਕਾ (ਸੁਖਨ ਵਰ) ਹੋਵੇ, ਜਿਸ ਦੇ ਪੇਟ ਵਿਚ (ਸ਼ਿਕਮੇ-ਦਿਗਰ) ਕੁਝ ਹੋਰ ਹੋਵੇ ਅਤੇ ਮੂੰਹ ਉੱਤੇ (ਦਰ-ਦਹਾਨੇ) ਕੁਝ ਹੋਰ ਹੋਵੇ ਤਾਂ ਉਹ ਸੱਚਾ ਮਰਦ ਅਖਵਾਉਣ ਦਾ ਹੱਕਦਾਰ ਨਹੀਂ ਹੈ। ਇਹ ਹਰ ਯੁੱਗ ਵਿਚ ਜੀਵਨ ਦਾ ਸੱਚ ਹੈ ਭਾਵੇਂ ਇਹ ਸ਼ਬਦ ਪਰਥਾਇ ਔਰੰਗਜ਼ੇਬ ਹੀ ਹਨ ਪਰ ਇਹ ਸੰਦੇਸ਼ ਅੱਜ ਵੀ ਸਮੁੱਚੇ ਸੰਸਾਰ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿ ‘ਸੱਚਾ ਮਰਦ’ ਕਿਸ ਨੂੰ ਕਿਹਾ ਜਾ ਸਕਦਾ ਹੈ। ਇਹ ਸ਼ਬਦ ਅਤਿਕਥਨੀ ਨਹੀਂ ਕਿ ਸਮੁੱਚੀ ਮਾਨਵਤਾ ਦੇ ਸੁਧਾਰ ਲਈ ਦਸਮੇਸ਼ ਪਿਤਾ ਜੀ ਦੀ ਬਖਸ਼ਿਸ਼ ਇਹ ਸ਼ਬਦ ਰੂਪੀ ਕਸਵੱਟੀ ਹੈ।

ਡਾ. ਇੰਦਰਜੀਤ ਸਿੰਘ ਗੋਗੋਆਣੀ