views 16 secs 0 comments

ਗੁਰਮਤਿ ਪਰਿਪੇਖ ਵਿਚ ਮਨੁੱਖੀ ਜੀਵਨ ਦਾ ਉਦੇਸ਼

ਲੇਖ
March 16, 2026

ਜੀਵ ਇਸ ਧਰਤੀ ‘ਤੇ ਪਰਮਾਤਮਾ ਦੀ ਸਿਰਮੌਰ ਘਾੜਤ ਅਤੇ ਚੇਤਨ ਗਵਾਹੀ ਬਣ ਕੇ ਸਥਾਪਿਤ ਹੋਇਆ ਹੈ। ਇਸ ਕਰ ਕੇ ਪਰਮਾਤਮਾ ਨੇ ਇਸ ਦੀ ਝੋਲੀ ਵਿਚ ਬਹੁਤ ਸਾਰੀਆਂ ਸੁਗਾਤਾਂ ਪਾ ਦਿੱਤੀਆਂ ਹਨ ਜਿਨ੍ਹਾਂ ਨਾਲ ਧਰਤੀ ‘ਤੇ ਜੀਵਨ ਨਿਰਬਾਹ ਕੀਤਾ ਜਾ ਸਕਦਾ ਹੈ। ਸਮੇਂ ਦੀ ਚਾਲ ਦੇ ਨਾਲ-ਨਾਲ ਜ਼ਰੂਰਤਾਂ ਸਿਰ ਚੁੱਕਦੀਆਂ ਹਨ। ਸਮੇਂ ਤੋਂ ਪਹਿਲਾਂ ਪ੍ਰਾਪਤੀ ਦੀ ਲਾਲਸਾ ਮਨੁੱਖ ਨੂੰ ਖੁਆਰ ਵੀ ਕਰਦੀ ਹੈ ਅਤੇ ਅਕ੍ਰਾਮਕ ਬਣਾ ਕੇ ਸਤਿ ਵੱਲੋਂ ਮੁਨਕਰ ਹੋਣ ਵੱਲ ਤੋਰਦੀ ਹੈ। ਮਨੁੱਖ ਅਗਿਆਨਤਾਵੱਸ ਪ੍ਰਭੂ ਨਾਲੋਂ ਦੂਰੀ ਬਣਾਈ ਜਾਂਦਾ ਹੈ। ਗੁਰੂ ਸਾਹਿਬ ਸ਼ਬਦ ਦੇ ਮਾਧਿਅਮ ਰਾਹੀਂ ਮਨੁੱਖ ਨੂੰ ਉਸ ਆਹਰ (ਮਾਨਸਿਕ ਉੱਦਮ) ਪ੍ਰਤੀ ਸੁਚੇਤ ਕਰਦੇ ਹਨ ਜਿਸ ਨਾਲ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ ਅਤੇ ਉਸ ਆਹਰ (ਵਿਅਰਥ ਮਾਨਸਿਕ ਫਿਕਰ) ਪ੍ਰਤੀ ਨਿਸ਼ਚਿੰਤ ਹੋਣ ਦੀ ਪ੍ਰੇਰਨਾ ਕਰਦੇ ਹਨ, ਜਿਸ ਦੀ ਜ਼ਿੰਮੇਵਾਰੀ ਨਿਭਾਉਣ ਲਈ ਉਹ ਨਿਰੰਕਾਰ ਆਪ ਰੁਝਿਆ ਹੋਇਆ ਹੈ। ਗੁਰਬਾਣੀ ਵਿਚ ਇਸ ਸੱਚ ਦੀ ਪੁਸ਼ਟੀ ਇਸ ਰੂਪ ਵਿਚ ਹੋਈ ਮਿਲਦੀ ਹੈ:

ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ (ਅੰਗ ੧੦)

ਇੱਥੇ ਉਸ ਵਿਅਰਥ ਮਾਨਸਿਕ ਉੱਦਮ ਤੋਂ ਪ੍ਰਹੇਜ਼ ਲਈ ਸੁਚੇਤ ਕੀਤਾ ਜਾ ਰਿਹਾ ਹੈ ਜਿਸ ਦੀ ਜ਼ਿੰਮੇਵਾਰੀ ਕਰਤਾਰ ਦੀ ਹੈ। ਮਨੁੱਖ ਧਰਤੀ ‘ਤੇ ਕਰਨ ਕੀ ਆਇਆ ਹੈ? ਕੀ ਉਸ ਨੇ ਪਰਮਾਤਮਾ ਨਾਲ ਕੋਈ ਇਕਰਾਰ ਕੀਤਾ ਸੀ, ਜਿਸ ਦੀ ਪ੍ਰਾਪਤੀ ਲਈ ਉਸ ਨੇ ਮਨੁੱਖਾ ਜੂਨੀ ਪ੍ਰਾਪਤ ਕੀਤੀ? ਸਵਾਲ ਵਾਜ਼ਬ ਹੈ ਅਤੇ ਜਵਾਬ ਭਾਈ ਗੁਰਦਾਸ ਜੀ ਦੇ ਕਬਿੱਤ ਸਵੱਯੇ ਅਨੁਸਾਰ ਹੈ:

ਅਸਨ ਬਸਨ ਸੰਗ ਲੀਨੇ ਅਉ ਬਚਨ ਕੀਨੇ,
ਜਨਮ ਲੈ ਸਾਧ ਸੰਗਿ ਸ੍ਰੀ ਗੁਰ ਅਰਾਧਿ ਹੈ॥
ਈਹਾਂ ਆਏ ਦਾਤਾ ਬਿਸਰਾਏ ਦਾਸੀ ਲਪਟਾਏ,
ਪੰਚ ਦੂਤ ਭੂਤ ਭ੍ਰਮ ਭ੍ਰਮਤ ਅਸਾਧਿ ਹੈ॥੪੯੮॥

ਅਸਲ ਵਿਚ ਜੀਵ ਮੂਲ (ਪਰਮਾਤਮਾ) ਨਾਲੋ ਖੁੰਝ ਗਿਆ ਅਤੇ ਮੂਲ ਤੋਂ ਜੋ ਉਤਪਤੀ ਹੋਈ ਉਸ ਨਾਲ ਰੁਝ ਜਾਣ ਕਰ ਕੇ ਵਿਕਾਰਾਂ ਦੀ ਸੰਘਣੀ ਦਲਦਲ ਵਿਚ ਖੁਭ ਗਿਆ। ਆਪਣੀ ਸੁਭਾਵਿਕ ਬਿਰਤੀ ਕਰਕੇ ਸਥੂਲ ਨਾਲ ਸਾਂਝ ਗਹਿਰਾਉਂਦੀ ਗਈ ਅਤੇ ਉਸ ਦੇ ਤਾਤਵਿਕ ਗਿਆਨ ਨਾਲੋਂ ਪਰਦਾ ਵਧਦਾ ਗਿਆ। ਅਗਿਆਨਤਾ ਦਾ ਇਹ ਮੰਜ਼ਰ ਹੈ ਕਿ ਮਨੁੱਖ ਸਭ ਕੁਝ ਦਾਤ ਨੂੰ ਸਮਝ ਬੈਠਾ, ਦਾਤੇ ਵੱਲੋਂ ਮੁਖ ਮੋੜ ਲਿਆ। ਆਪਣੀ ਇਸ ਅਗਿਆਨਤਾ ਕਰਕੇ ਉਮਰ-ਏ-ਦਰਾਜ਼ ਗੁਜ਼ਰਨ ਦੇ ਨਾਲ ਅਸ਼ਾਂਤੀ ਅਤੇ ਅਸਥਿਰਤਾ ਮਗਰੋਂ ਨਹੀਂ ਲੱਥੀ, ਜੋਕ ਵਾਂਗੂੰ ਚਿੰਬੜੀ ਰਹੀ, ਸਤਿ ਦਾ ਸਾਰਾ ਰਸ ਚੂਸਦੀ ਰਹੀ। ਜਿਨ੍ਹਾਂ ਇਸ ਜੋਕ ਨੂੰ ਲਾਹੁਣ ਦਾ ਯਤਨ ਕੀਤਾ ਉਨ੍ਹਾਂ ਦੀ ਸਦ ਪ੍ਰਭੂ ਨੇ ਸੁਣੀ। ਉਹ ਆਸ ਨਾਲ ਜੀਉਂਦੇ-ਜੀਉਂਦੇ ਇਸ ਬੇਰਹਿਮ ਤੋਂ ਸੁਚੇਤ ਵੀ ਰਹੇ ਅਤੇ ਇਸ ਨੂੰ ਖ਼ਬਰਦਾਰ ਵੀ ਕਰਦੇ ਰਹੇ।

ਕਿੰਨੀ ਹੈਰਾਨਗੀ ਵਾਲੀ ਗੱਲ ਹੈ ਕਿ ਪ੍ਰਭੂ ਨੇ ਮਨੁੱਖ ਨੂੰ ਸਿਰਮੌਰ ਪਦਵੀ ਨਾਲ ਨਿਵਾਜਿਆ। ਬਾਕੀ ਸਭ ਜੀਵ ਇਸ ਦੇ ਪਾਣੀਹਾਰ ਥਾਪ ਕੇ ਇਸ ਦੀ ਬਾਦਸ਼ਾਹਤ ਨੂੰ ਇਸ ਧਰਤੀ ‘ਤੇ ਸਥਾਪਿਤ ਕੀਤਾ। ਜੀਵ ਆਪਣੀ ਸਿਰਮੌਰ ਨਿਯੁਕਤੀ ਦੇ ਗੁਮਾਨ ਵਿਚ ਇਸ ਕਦਰ ਖੁਭ ਗਿਆ ਕਿ ਭੇਜਣ ਵਾਲੇ ਦੀ ਯਾਦ ਹੀ ਨਹੀਂ ਰਹੀ।

ਇੱਥੇ ਗੱਲ ਇਹ ਵੀ ਨਹੀਂ ਕਿ ਉਸ ਨੂੰ ਭੇਜਣ ਵਾਲੇ ਦੇ ਬਾਰੇ ਬਿੱਲਕੁਲ ਵੀ ਪਤਾ ਨਹੀਂ। ਅਸਲ ਵਿਚ ਉਸ ਦੇ ਅੰਦਰ ਇਸ ਦੀ ਚੇਤਨਾ ਮੌਜੂਦ ਹੈ। ਉਹ ਦੱਬੀ ਕਿੰਨੀ ਡੂੰਘੀ ਪਈ ਹੈ, ਬਸ, ਵੇਖਣਾ ਇਹੀ ਲਾਜ਼ਮੀ ਹੈ। ਇਕ ਨੂਰ ਤੋਂ ਸਾਰੀ ਸ੍ਰਿਸ਼ਟੀ ਉਪਜੀ ਹੈ, ਇਸ ਕਰ ਕੇ ਉਸ ਨੂਰ ਦਾ ਅੰਸ਼ ਇਸ ਵਿਚ ਜ਼ਰੂਰ ਮੌਜੂਦ ਹੋਵੇਗਾ। ਇਹ ਸੰਭਵ ਹੀ ਨਹੀਂ ਕਿ ਜਿਸ ਬੀਜ ਤੋਂ ਦਰਖਤ ਪੈਦਾ ਹੋਵੇ ਉਸ ਦਾ ਅੰਸ਼ ਉਸ ਦੇ ਵਿਚ ਨਾ ਪਿਆ ਹੋਵੇ। ਖੈਰ, ਕੁਦਰਤ ਦੀ ਇਸ ਅਸਚਰਜ ਬਾਤ ਨੂੰ ਸਮਝਾਉਣ ਲਈ, ਜੀਵਨ ਦੇ ਰਹੱਸ ਨਾਲ ਰੂ-ਬ-ਰੂ ਕਰਵਾਉਣ ਲਈ ਪ੍ਰਭੂ ਵੱਲੋਂ ਪੈਗਾਮ ਰੱਬੀ ਪੁਰਖਾਂ ਰਾਹੀਂ ਸਮੇਂ-ਸਮੇਂ ਭੇਜੇ ਜਾਂਦੇ ਰਹੇ ਹਨ। ਇਸ ਨਾਲ ਕੁਰਾਹੇ ਪਈ ਮਨੁੱਖਤਾ ਰੱਬ ਵੱਲ ਪਰਤੀ, ਆਪਣੇ ਮੂਲ ਪ੍ਰਤੀ ਜਾਗਰੂਕ ਹੋਈ। ਰੱਬੀ ਪੁਰਖਾਂ ਦਾ ਅਵਾਜ਼ਾ ਬੜੀ ਚੇਤਨਾ ਵਾਲਾ ਹੈ ਜਿਸ ਨੂੰ ਸੁਣ ਕੇ ਰੂਹ ਕੰਬਦੀ ਅਤੇ ਤ੍ਰਭਕ ਕੇ ਗ਼ਫਲਤ ਦੀ ਨੀਦਰੋਂ ਜਾਗਦੀ ਹੈ, ਜਿਵੇਂ ਬਾਬਾ ਫਰੀਦ ਜੀ ਦਾ ਇਹ ਬਚਨ ਚੇਤਨਾ ਬਖਸ਼ਦਾ ਹੈ:

ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ॥
ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ॥

(ਅੰਗ ੧੩੭੯)

ਪ੍ਰਭੂ-ਰੱਤੜਿਆਂ ਦੇ ਇਨ੍ਹਾਂ ਪਾਕ ਬਚਨਾਂ ਤੋਂ ਜ਼ਾਹਿਰ ਹੈ ਕਿ ਮਨੁੱਖ ਗ਼ਫਲਤ ਵਿਚ ਹੀ ਸਮਾਂ ਗੁਜ਼ਾਰ ਰਿਹਾ ਹੈ। ਅਸਲ ਵਿਚ ਜਿਸ ਉੱਦਮ ਵਿਚ ਇਹ ਰੁਝਾ ਪਿਆ ਹੈ ਉਹ ਇਸ ਦੇ ਕਿਸੇ ਕੰਮ ਨਹੀਂ। ਜਿਸ ਕੰਮ ਬਾਬਤ ਮਨੁੱਖਾ ਦੇਹੀ ਮਿਲੀ ਹੈ ਉਹ ਕੁਝ ਹੋਰ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਅਨੁਸਾਰ:

ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥

 

ਇਹ ਤਾਂ ਸਪੱਸ਼ਟ ਹੋ ਗਿਆ ਕਿ ਮਨੁੱਖਾ ਸਰੀਰ ਪ੍ਰਭੂ-ਪ੍ਰਾਪਤੀ ਲਈ ਮਿਲਿਆ ਹੈ। ਕਰਨਾ ਕੀ ਪਵੇਗਾ ਜਿਸ ਨਾਲ ਮਿਲਾਪ ਯਕੀਨੀ ਬਣ ਜਾਵੇ ਅਤੇ ਆਪਣੀ ਵਾਰੀ
ਮਨੁੱਖ ਫਤਿਹ ਹਾਸਿਲ ਕਰ ਕੇ ਸੁਰਖਰੂ ਹੋ ਜਾਵੇ? ਸਭ ਤੋਂ ਪਹਿਲਾਂ ਲਾਜ਼ਮੀ ਹੈ ਕਿ ਮਨੁੱਖ ਦੋਪਾਸੜੀ ਪ੍ਰੀਤ ਤਿਆਗੇ, ਇੱਕੋ ਪਾਸੇ (ਪਰਮਾਤਮਾ ਵੱਲ) ਖੜਾ ਹੋਵੇ। ਗੁਰੂ। ਸਾਹਿਬ ਨੇ ਮਨ ਨੂੰ ਸੰਬੋਧਨ ਕਰ ਕੇ ਪਹਿਲੀ ਸ਼ਰਤ ਪ੍ਰਤੀ ਸੁਚੇਤ ਕਰਦਿਆਂ ਕਿਹਾ ਹੈ:

ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ॥

( ਅੰਗ ੨੫੭)

ਇਕ ਦਾ ਆਸਰਾ ਤੱਕ ਕੇ, ਉਸ ਦੀ ਉਸਤਤ ਵਿਚ ਜੁੜ ਕੇ ਆਪਣਾ ਮਨੋਰਥ ਸਾਧਿਆ ਜਾ ਸਕਦਾ ਹੈ। ਜੀਵਨ-ਪਦ-ਪ੍ਰਾਪਤੀ ਦੀ ਇਹ ਬੜੀ ਉੱਤਮ ਜੁਗਤੀ ਹੈ। ਸਮਝ ਕਿਉਂ ਨਹੀਂ ਪੈ ਰਹੀ? ਇਹ ਸਵਾਲ ਬੜਾ ਅਹਿਮ ਹੈ। ਮਨੁੱਖ ਅਤੇ ਪਰਮਾਤਮਾ ਦੇ ਵਿਚਕਾਰ ‘ਮੈਂ’, ‘ਮੇਰੀ’ ਦਾ ਬੜਾ ਵੱਡਾ ਬੰਨ੍ਹ ਹੈ। ਇਸ ਨੂੰ ਤੋੜੇ ਬਗੈਰ ਸਫਲਤਾ ਯਕੀਨੀ ਨਹੀਂ ਬਣਾਈ ਜਾ ਸਕਦੀ। ਮਨੁੱਖ ਆਪਣੀ ਹੋਂਦ ਪ੍ਰਤੀ ਜ਼ਿਆਦਾ ਭਰੋਸੇਮੰਦ ਬਣਨ ਕਰਕੇ ਹੀ ਠੇਡੇ ਖਾਂਦਾ ਹੈ। ਇਸ ਦੀ ‘ਮੇਰੀ-ਮੇਰੀ’ ਵਾਲੀ ਰੱਟ ਇਸ ਦੀ ਪਰਮਾਤਮਾ ਨਾਲੋਂ ਪਲ-ਪਲ ਵਿੱਥ ਪਾਈ ਜਾਂਦੀ ਹੈ, ਜਿਸ ਕਰਕੇ ਮਿਲਾਪ ਵਾਲਾ ਸੰਜੋਗ ਨਹੀਂ ਬਣ ਸਕਦਾ। ਗੁਰਬਾਣੀ ਇਸ ਗੱਲ ਦੀ ਸਾਖੀ ਭਰਦੀ ਹੈ ਕਿ ਇਹ ‘ਮੈਂ-ਮੇਰੀ’ ਵਾਲਾ ਬੰਨ੍ਹ ਟੁੱਟਣ ਦੀ ਦੇਰ ਹੈ, ਪਰਮਾਤਮਾ ਪ੍ਰਤੱਖ ਹੋ ਜਾਵੇਗਾ। ਭਗਤ ਕਬੀਰ ਜੀ ਇਸ ਦਾ ਯਕੀਨ ਦਿਵਾਉਂਦੇ ਹਨ:

ਜਬ ਲਗੁ ਮੇਰੀ ਮੇਰੀ ਕਰੈ॥ ਤਬ ਲਗੁ ਕਾਜੁ ਏਕੁ ਨਹੀ ਸਰੈ॥ ਜਬ ਮੇਰੀ ਮੇਰੀ ਮਿਟਿ ਜਾਇ॥ ਤਬ ਪ੍ਰਭ ਕਾਜੁ ਸਵਾਰਹਿ ਆਇ॥ (ਅੰਗ ੧੧੬੦)

ਮੈਂ, ਮੇਰੀ ਵਾਲੀ ਬੜੀ ਸੂਖਮ ਬਿਮਾਰੀ ਹੈ। ਸਥੂਲ ਰੂਪ ਵਿਚ ਨਜ਼ਰ ਨਹੀਂ ਆਉਂਦੀ, ਪਰ ਘੁਣ ਵਾਗੂੰ ਅੰਦਰੋਂ-ਅੰਦਰ ਖਤਮ ਕਰਦੀ ਜਾਂਦੀ ਹੈ। ਇਸ ਦਾ ਇਲਾਜ ਸਾਧ-ਸੰਗਤ ਵਿੱਚੋਂ ਪ੍ਰਾਪਤ ਹੋ ਸਕਦਾ ਹੈ, ਜੇਕਰ ਉਸ ਪਾਸੇ ਉੱਦਮ ਕੀਤਾ ਜਾਵੇ। ਭਾਈ ਗੁਰਦਾਸ ਜੀ ਅਨੁਸਾਰ ਸੱਚਾ ਗੁਰੂ ਅਰਥਾਤ ਪਰਮਾਤਮਾ ਤਾਂ ਮਨੁੱਖ ਨੂੰ ਗਲ ਨਾਲ ਲਾਉਣ ਲਈ ਤਿਆਰ ਹੈ, ਪਰ ਮਨੁੱਖ ਨੂੰ ਵੀ ਚਾਹੀਦਾ ਹੈ ਕਿ ਉਹ ਹਉਮੈਂ ਦੀ ਕੰਧ ਟੱਪ ਕੇ ਅਧਿਆਤਮਿਕ ਮੰਡਲ ਵਿਚ ਵਿਚਰਨਾ ਸਿੱਖੇ:

ਚਰਨ ਸਰਨਿ ਗੁਰ ਏਕ ਪੈਂਡਾ ਜਾਇ ਚਲ,
ਸਤਿਗੁਰ ਕੋਟਿ ਪੈਂਡਾ ਆਗੇ ਹੋਇ ਲੇਤ ਹੈ॥

(ਕਬਿੱਤ ਸਵੈਯੇ)

ਇਹ ਪ੍ਰਤੱਖ ਹੋ ਗਿਆ ਹੈ ਕਿ ਸੱਚੇ ਗੁਰੂ ਤੋਂ ਬਗੈਰ ਰਸਤਾ ਨਹੀਂ ਲੱਭਣਾ ਅਤੇ ਰਸਤੇ ਪਏ ਬਿਨਾਂ ਮੰਜ਼ਿਲ ‘ਤੇ ਪਹੁੰਚਿਆ ਨਹੀਂ ਜਾ ਸਕਦਾ। ਮਨੁੱਖ ਨਿਰੇ ਬੌਧਿਕ ਗਿਆਨ ਕਰਕੇ ਕਈ ਵਾਰੀ ਸਮੱਸਿਆਵਾਂ ਵਿਚ ਉਲਝ ਜਾਂਦਾ ਹੈ। ਉਸ ਦੀ ਤਾਰਕਿਕ ਬਿਰਤੀ ਪ੍ਰੇਮ ਦੀ ਰਮਜ਼ ਨੂੰ ਸਮਝਣ ਤੋਂ ਸੱਖਣੀ ਰਹਿ ਜਾਂਦੀ ਹੈ। ਅਕਲ ਆਪਣੇ ਆਪ ਵਿਚ ਬੜੀ ਵਡਮੁੱਲੀ ਹੈ ਪਰ ਪ੍ਰੇਮ ਤੋਂ ਸੱਖਣੀ ਅਕਲ ਪਰਮਾਤਮਾ ਵੱਲ ਰੁਚਿਤ ਨਹੀਂ ਹੋ ਸਕਦੀ। ਪ੍ਰੇਮ ਪੂਰਨ ਸਮਰਪਨ ਦੀ ਜਗਿਆਸਾ ਪੈਦਾ ਕਰ ਕੇ ਅੱਗੇ ਦਾ ਰਸਤਾ ਦਿਖਾਉਂਦਾ ਹੈ ਤੇ ਅਕਲ ਮਾਪ-ਤੋਲ ਵਿਚ ਉਲਝਾ ਕੇ ਬੰਧਨ ਪੈਦਾ ਕਰਦੀ ਹੈ। ਯਕੀਨਨ ਇਸ ਕਰਕੇ ਹੀ ਦਸਵੇਂ ਪਾਤਸ਼ਾਹ ਜੀ ਨੇ ਇਹ ਬਾਤ ਕਹੀ:

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥

ਪ੍ਰੇਮ ਆਤਮਾ ਦੀ ਧੁਰ ਅੰਦਰਲੀ ਸਦ ਹੈ। ਇਸ ਤਕ ਪਹੁੰਚ ਬਣਾਉਣ ਲਈ ਸੰਪੂਰਨ ਸਮਰਪਨ ਦੀ ਲੋੜ ਹੁੰਦੀ ਹੈ। ਗੱਲੀਂ-ਬਾਤੀਂ ਜਾਂ ਉਪਰਲੇ ਤਲ ‘ਤੇ ਇਜ਼ਹਾਰ ਕੋਈ ਅਰਥ ਨਹੀਂ ਰੱਖਦਾ। ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਹਨ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥
(ਅੰਗ ੧੪੧੨)

ਮਨੁੱਖ ਦੀ ਮੰਜ਼ਿਲ ਸਤ ਹੈ; ਰਸਤਾ ਸਹਿਜ; ਰਾਹਦਾਰੀ ਨਾਮ ਤੇ ਦ੍ਰਿੜ੍ਹਤਾ ਪ੍ਰੇਮ, ਜਿਸ ਕਰਕੇ ਸਫਲਤਾ ਯਕੀਨੀ ਬਣ ਜਾਣੀ ਹੈ। ਇਹ ਲਫ਼ਜ਼ੀ ਇਕ ਸਤਰ ਭਾਵੇਂ ਬੜਾ ਵੱਡਾ ਅਰਥ ਰੱਖਦੀ ਹੈ ਅਤੇ ਸੌਖੀ ਪ੍ਰਤੀਤ ਹੁੰਦੀ ਹੈ, ਪਰ ਇਸ ‘ਤੇ ਚਲ ਕੇ ਮੰਜ਼ਿਲ ਸਰ ਕਰਨੀ ਬੜੀ ਬਿਖਮ ਕਾਰ ਹੈ। ਇਸ ਨੂੰ ਯਕੀਨੀ ਬਣਾਉਣ ਲਈ ਸੱਚੇ ਗੁਰੂ ਦੀ ਅਹਿਮ ਜ਼ਰੂਰਤ ਹੈ ਤੇ ਸੱਚੀ ਭਾਲ ਤੋਂ ਬਿਨਾਂ ਸੱਚਾ ਗੁਰੂ ਮਿਲਣਾ ਸੰਭਵ ਨਹੀਂ। ਦਸ ਗੁਰੂ ਸਾਹਿਬਾਨ ਨੇ ਆਪਣੀ ਰੂਹਾਨੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਟਿਕਾ ਕੇ, ਮਨੁੱਖਤਾ ਨੂੰ ਇਸ ਦੇ ਲੜ੍ਹ ਲਾ ਕੇ ਉਸ ਨੂੰ ਇਸ ਭਾਲ ਤੋਂ ਬਚਾ ਲਿਆ ਹੈ। ਜੀਵ ਦੀ ਜੀਵਨ-ਜੁਗਤੀ ਪ੍ਰਤੱਖ ਰੂਪ ਵਿਚ ਸਾਕਾਰ ਰੂਪ ਧਾਰਨ ਕਰ ਸਕਦੀ ਹੈ ਜੇਕਰ ਇਸ ਪ੍ਰਤੀ ਨਿਸ਼ਚਾ ਕਰੇ। ਕਦਮ-ਬਾ-ਕਦਮ ਮੰਜ਼ਿਲ ਵੱਲ ਸਫਰ-ਪੈਂਡਾ ਘਟਾਉਂਦਾ ਹੈ ਅਤੇ ਹੌਂਸਲਾ ਵਧਾਉਂਦਾ ਹੈ। ਗੁਰਮਤਿ ਮਾਰਗ ਮਨੁੱਖ ਨੂੰ ਆਪਣੇ ਮੂਲ ਵੱਲ ਤੁਰਨ ਦੀ ਚੇਨਤਾ ਨਾਲ ਭਰਦਾ ਹੀ ਨਹੀਂ, ਬਲਕਿ ਪਹੁੰਚਣ ਤਕ ਉਤਸ਼ਾਹਿਤ ਵੀ ਕਰਦਾ ਹੈ। ਮਨੁੱਖ ਅੰਦਰ ‘ਮੈਂ’, ‘ਮੇਰੀ’ ਕਰਕੇ ਬਣੀ ‘ਹਉਮੈਂ” ਦੀ ਵਲਗਣ ਗੁਰ-ਸ਼ਬਦ ਦੀ ਤਾਬ ਨਾਲ ਢਹਿ-ਢੇਰੀ ਹੋ ਕੇ ਆਪਣਾ ਵਜੂਦ ਗੁਆ ਲੈਂਦੀ ਹੈ।

ਦਲਜੀਤ ਸਿੰਘ