ਕੇਸਗੜ੍ਹ ਸਾਹਿਬ ਦਾ ਟਿਕਾਣਾ ਹੈ, ਦੀਵਾਨ ਸੱਜ ਰਿਹਾ ਹੈ, ਕੜਾਹ ਪ੍ਰਸ਼ਾਦ ਲੱਠੇ ਦੀਆਂ ਚਾਦਰਾਂ ਪਰ ਸੱਜ ਰਿਹਾ ਹੈ, ਗਿਰਦ ਸੰਗਤ ਬੈਠੀ ਹੈ, ਦਿਲਸ਼ਾਦ (ਗੁਰੂ ਗੋਬਿੰਦ ਸਿੰਘ ਜੀ) ਆਏ। ਪੰਜ ਜੀਵਨ ਮੁਕਤ ਨਾਲ ਆਏ ਹਨ। ਆਪ ਆ ਕੇ ਸਿੰਘਾਸਨ ‘ਤੇ ਸੱਜ ਗਏ। ਆਹਾ! ਅੱਜ ਕੀ ਸਰੂਪ ਹੈ? ਚਿੱਟਾ ਸਫੈਦ ਦਸਤਾਰਾ ਤੇ ਜਾਮਾ ਹੈ, ਚਿੱਟਾ ਕਮਰਕੱਸਾ ਹੈ, ਵਿਚ ਸ੍ਰੀ ਸਾਹਿਬ ਹੈ, ਇਹੋ ਲਿਬਾਸ ਨਿੱਤਰੇ ਸੱਜਣਾਂ ਦਾ ਹੈ, ਜੋ ਸੀਸ ਦੇਣ ਨਿੱਤਰੇ ਸਨ। ਆਪ ਸਿੰਘਾਸਨ ਪਰ ਬੈਠ ਗਏ, ਆਪਣੇ ਅੱਗੇ ਇਕ ਸਫੈਦ ਚਮਕਦਾ ਸਰਬ ਲੋਹ ਦਾ ਬਾਟਾ ਰੱਖ ਲਿਆ, ਇਸ ਵਿਚ ਆਪ ਦਾ ਖੰਡਾ ਫਿਰਨ ਲੱਗਾ…. ਆਪ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ… ਪੰਜ ਪਿਆਰੇ ਡਾਹਢੇ ਪਿਆਰ ਵਿਚ ਇਕਾਗਰ ਖੜੇ ਆਪ ਦਾ ਹੁਕਮ ਪਾ ਕੇ ਵਾਹਿਗੁਰੂ ਨਾਮ ਦਾ ਜਾਪ ਕਰ ਰਹੇ ਹਨ। ਸੰਗਤ ਸਾਰੀ ਇਕ ਮੂਰਤਿ ਸਮਾਨ ਖੜੀ ਤੱਕ ਰਹੀ ਸੀ ਕਿ ਅੱਜ ਪਤਾ ਨਹੀਂ ਕੀਹ ਹੋਣਾ ਹੈ… ਜਦ ਸਤਿਗੁਰ ਆਪਣੀ ਬਾਣੀ ਪੜ੍ਹ ਚੁਕੇ ਤਦ ਪੰਜਾਂ ਨੂੰ ਉਹ ਜੋ ਤਿਆਰ ਕੀਤਾ ਸੀ, ਜਿਸ ਨੂੰ ਸਤਿਗੁਰੂ ਨੇ ‘ਅੰਮ੍ਰਿਤ’ ਆਖਿਆ, ਪੰਜਾਂ ਨੂੰ ਛਕਾਇਆ, ਅੱਖਾਂ ‘ਤੇ ਛੱਟੇ ਮਾਰੇ, ਕੇਸਾਂ ਵਿਚ ਦਸਮ ਦੁਆਰ ਟਿਕਾਣੇ ਪਾਇਆ ਤੇ ਹਰ ਵੇਰ ਮੂਲ ਮੰਤਰ ਦਾ ਜਾਪ ਕਰਵਾਇਆ, ਹਰ ਵੇਰ ਗੱਜ ਕੇ ਆਖਿਆ ਤੇ ਅਖਵਾਇਆ:
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹ॥
ਹੁਣ ਇਨ੍ਹਾਂ ਪੰਜਾਂ ਨੂੰ ਸਤਿਗੁਰੂ ਜੀ ਨੇ ਕਿਹਾ—ਤੁਸੀਂ ਹੋ ਹੁਣ ‘ਮੈਂ’
ਤੇ ਮੈਂ ਹਾਂ ਤੁਸੀਂ
ਹਾਂ ਤੁਸੀਂ ਹੋ
‘ਖਾਲਸਾ’
ਹੁਣ ਸਤਿਗੁਰੂ ਦੀ ਪਿਆਰੀ ਤੇਜਮਯ ਸੂਰਤ ਸਿੰਘਾਸਨ ਪਰ ਖੜ੍ਹੀ ਹੋ ਗਈ ਤੇ ਲਲਕਾਰ ਕੇ ਆਵਾਜ਼ ਦਿੱਤੀ-
‘ਖੰਡਾ ਪ੍ਰਿਥਮੇ ਸਾਜ ਕੈ ਜਿਨ ਸਭ ਸੈਂਸਾਰ ਉਪਾਇਆ’
ਉਸ ਦਾ ਧਿਆਨ ਕਰੋ।
ਮੌਤ ਪਹਿਲਾਂ ਬਣੀ। ਮਗਰੋਂ ਸਰੀਰ। ਸਰੀਰ ਨਹੀਂ ਰਹੇਗਾ, ਮੌਤ ਆਵੇਗੀ ਜ਼ਰੂਰ ਇਕ ਦਿਨ, ਤਾਂ ਤੇ ਨਾ ਡਰੋ ਮੌਤ ਕੋਲੋਂ। ਸਦਾ ਤਿਆਰ ਰਹੋ ਮੌਤ ਲਈ… ਹਾਂ ਪਰ ਦੇਖੋ, ਜਿਸ ਤਰ੍ਹਾਂ ਖਾਲਸਾ ਤੁਹਾਡੇ ‘ਚ ਮੈਂ ਪ੍ਰਵੇਸ਼ ਕਰਾਉਂਦਾ ਹਾਂ, ਤੁਸਾਂ ਤੋਂ ਬਾਹਰਲੇ ਰਸਤੇ ਖਾਲਸਾ ਨਿਰਾ ਨਾਮ ਮਾਤਰ ਨਹੀਂ, ਖਾਲਸਾ ਜੀਉਂਦਾ ਆਦਰਸ਼
ਨਿਸ਼ਾਨਾ ਹੈ। ਖਾਲਸਾ ਜਾਦੂ ਹੈ ਜੋ ਰੂਹ ਫੂਕਦਾ ਹੈ। ਖਾਲਸਾ ਇਕ ਨਿਸ਼ਾਨ ਹੈ ਜਿਸ ਪਰ ਤੁਸਾਂ ਸ਼ਹੀਦ ਹੋਣਾ ਹੈ ਤੇ ਸਭ ਕੁਛ ਸਦਕੇ ਕਰਨਾ ਹੈ। ਖ਼ਾਲਸਾ ਮੇਰੇ ਅੰਦਰੋਂ ਜੰਮਿਆ ਹੈ, ਤੁਸਾਂ ਅੰਦਰ ਗਿਆ ਹੈ… ਮੈਂ ਅਰਸ਼ਾਂ ਤੋਂ ਖਾਲਸਾ ਲਿਆ ਕੇ ਤੁਹਾਡੇ ਵਿਚ ਪਰਵੇਸ਼ਿਆ ਹੈ।
ਹਾਂ ਜਗਤ! ਵੇਖ ਤੇਰੇ ਭਾਰ ਹਰਨ ਨਮਿੱਤ ਮੈਂ ਅਜ਼ਲ ਤੋਂ ਗੁਰੂ, ਸ਼ੁਰੂ ਤੋਂ ਗੁਰੂ ਸਿਰਜਨਹਾਰ ਦਾ ਪੁੱਤ ਹੋ ਕੇ ਚੇਲਾ ਬਣਦਾ ਹਾਂ, ਸਿੱਖ ਬਣਦਾ ਹਾਂ, ਜੋ ‘ਖਾਲਸਾ’ ਮੇਰੇ ਅੰਦਰ ਬਾਹਰ ਦੇ ਰਸਤੇ ਭੀ ਪਰਵੇਸ਼ ਕਰੇ ਅਰ ਮੈਂ ਭੀ ਹੋਵਾਂ
‘ਖਾਲਸਾ’।
ਉਸ ਤਰ੍ਹਾਂ ਜਿਸ ਤਰ੍ਹਾਂ ਮੈਂ ਕੀਤਾ ਹੈ ਤੁਹਾਨੂੰ।
ਇਹ ਗਰਜਵੀਂ ਸੱਦ ਦੇਂਦੇ ਸਾਰ ਆਪ ਸਿੰਘਾਸਨ ਤੋਂ ਛਾਲ ਮਾਰ ਕੇ ਉਤਰੇ ਅਤੇ ਹੇਠਾਂ ਖੜ੍ਹੇ ਹੋ ਗਏ। ਪੰਜਾਂ ਪਿਆਰਿਆਂ ਨੂੰ ਕਿ—ਤੁਸੀਂ ਹੋ ਖਾਲਸਾ। ਸੋ ਖਾਲਸਾ ਜੀ! ਹੁਣ ਮੇਰੇ ਵਿਚ ਤੁਸੀਂ ਵਸਾਓ ਖਾਲਸਾ, ਅੰਮ੍ਰਿਤ ਦੇ ਰਸਤੇ। ਪਹਿਲਾਂ ਤਾਂ ਪੰਜੇ ਪਿਆਰੇ ਕੰਬੇ ਪਰ ਫੇਰ:
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ॥ (ਪੰਨਾ ੧੩੯੯)
ਉਥੇ ਅਰ ਉਸੀ ਤਰ੍ਹਾਂ ਅੰਮ੍ਰਿਤ ਤਿਆਰ ਕਰਨ ਲੱਗ ਪਏ। ਅੰਮ੍ਰਿਤ ਤਿਆਰ
ਕਰ ਕੇ ਦਾਤੇ ਨੂੰ ਦਾਨ ਕੀਤਾ ਅੰਮ੍ਰਿਤ ਤੇ ਆਖਿਆ:
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥
ਦੇਖੋ ਗੁਰੂ ਅਵਤਾਰ, ਗੁਰੂਆਂ ਦਾ ਗੁਰੂ, ਅਜ਼ਲ ਦਾ ਗੁਰੂ ਬਣ ਗਿਆ ‘ਖਾਲਸਾ’ ।
ਇਸ ਵੇਲੇ ਇਕ ਧੁਨਿ ਉਠੀ ਸਾਰੀ ਸੰਗਤ ਵਿੱਚੋਂ:
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਖਾਲਸਾ ਸਜ ਕੇ ਗੁਰੂ ਸਿੰਘਾਸਨ ‘ਤੇ ਬੈਠ ਗਿਆ, ਫੇਰ ਪੰਜਾਂ ਨੂੰ ਆਖਿਆ ‘ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਜੀ, ਸੰਗਤ ਵਿਚ ਉੱਚੇ ਖੜ੍ਹੇ ਹੋ ਕੇ ਦਰਸ਼ਨ ਦਿਉ ਤੇ ਆਖੋ, ਖਾਲਸਾ ਅਰਸ਼ਾਂ ਤੋਂ ਆ ਗਿਆ ਹੈ, ਅੱਜ ਹੋ ਗਿਆ ਹੈ ਖਾਲਸੇ ਦਾ ਜਨਮ ਤੇ
ਗੱਜ ਕੇ ਗਜਾ ਦਿਉ:
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹ॥
ਆਖ ਦਿਉ, ਇਹ ਖਾਲਸਾ ਸਰਮ ਖੰਡ ਤੋਂ ਵਾਹਿਗੁਰੂ ਦਾ ਘੱਲਿਆ ਆਇਆ ਹੈ। ਫਤਹ ਸਦਾ ਉਸ ਵਾਹਿਗੁਰੂ ਦੀ ਹੈ। ਸੋ ਫਤਹ ਤੇ ਖਾਲਸਾ ਦੋਵੇਂ ਵਾਹਿਗੁਰੂ ਦੇ ਹੋਏ। ਇੱਕੋ ਮਾਲਕ ਦੇ ਹੋਣ ਕਰਕੇ, ਇੱਕੋ ਦੇਸ਼ ਦੇ ਹੋਣ ਕਰਕੇ ‘ਫਤਹ’ ਤੇ ‘ਖਾਲਸਾ’ ਇਕੱਠੇ ਹੀ ਵਿਚਰਨਗੇ।
ਭਾਈ ਸਾਹਿਬ ਭਾਈ ਵੀਰ ਸਿੰਘ ਜੀ
