1 views 6 secs 0 comments

ਪਰਮੇਸਰੁ ਪਾਰਬ੍ਰਹਮ ਬੇਅੰਤ

ਲੇਖ
April 24, 2026

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਦਰਬਾਰ ਲੱਗਾ ਹੋਇਆ ਸੀ। ਸੰਗਤਾਂ ਬਰਕਤਾਂ ਦੀਆਂ ਝੋਲੀਆਂ ਭਰਨ ਲਈ ਆ ਰਹੀਆਂ ਸਨ। ਭੱਟ ਬਾਣੀਕਾਰ ਭੱਟ ਹਰਿਬੰਸ ਜੀ, ਗੁਰੂ ਸਾਹਿਬ ਦੇ ਦਰਬਾਰ ਦੀ ਸੋਭਾ ਦਾ ਵਰਣਨ ਕਰਦਿਆਂ ਬਿਆਨ ਕਰਦੇ ਹਨ, ‘ਸਤਿਗੁਰਾਂ ਦੇ ਦਰਬਾਰ ਵਿਚ ਕਦੇ ਨਾ ਮੁੱਕਣ ਵਾਲਾ ਨਾਮ ਰੂਪੀ ਗੰਗਾ ਜਲ ਵਹਿ ਰਿਹਾ ਹੈ ਜਿਸ ਵਿਚ ਸਾਰੀ ਸੰਗਤ ਇਸ਼ਨਾਨ ਕਰਦੀ ਹੈ। ਵੇਦ ਵਿਆਸ ਤੇ ਬ੍ਰਹਮਾਂ ਆਦਿ ਵਰਗੇ ਵੱਡੇ-ਵੱਡੇ ਦੇਵਤੇ ਤੇ ਰਿਸ਼ੀ ਮੁਨੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦਰ ਉੱਤੇ ਹਾਜ਼ਰ ਰਹਿਣ ਵਿਚ ਆਪਣਾ ਚੰਗਾ ਭਾਗ ਸਮਝਦੇ ਹਨ ਅਤੇ ਆਪਣੇ ਮੂੰਹੋਂ ਪ੍ਰਭੂ ਦਾ ਜੱਸ ਗਾਇਨ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਮੇਰੇ ਵਰਗੇ ਲਈ ਤਾਂ ਸਤਿਗੁਰਾਂ ਦੀ ਬਾਣੀ ਹੀ ਸਭ ਕੁਝ ਹੈ। ਆਪ ਜੀ ਦੇ ਸਿਰ ‘ਤੇ ਨਿਰੰਕਾਰ ਦਾ ਚਵਰ ਛਤਰ ਝੁੱਲ ਰਿਹਾ ਹੈ। ਇਹ ਸਭ ਪ੍ਰਭੂ ਦੀ ਬਖ਼ਸ਼ਿਸ਼ ਹੈ ਤੇ ਆਪ ਜੀ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਹੀ ਸਦਾ ਉਚਾਰਨ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅੰਗਦ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲ ਕੇ ਸ੍ਰੀ ਗੁਰੂ ਰਾਮਦਾਸ ਜੀ ਪਰਮਾਤਮਾ ਵਿਚ ਲੀਨ ਹੋ ਗਏ ਹਨ। ਹੇ ਭਾਈ! ਸਤਿਗੁਰੂ ਅਰਜਨ ਪਾਤਸ਼ਾਹ ਜੀ ਰਾਹੀਂ ਸੋਭਾ ਤਾਂ ਜਗਤ ਵਿਚ ਪਹਿਲਾਂ ਦੀ ਤਰ੍ਹਾਂ ਹੀ ਪਸਰ ਰਹੀ ਹੈ। ਫੁਰਮਾਨ ਹੈ:

ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ॥

ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ॥

ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ॥

ਗੁਰ ਅਰਜੁਨ ਸਿਰਿ ਛਤ੍ਰ ਆਪਿ ਪਰਮੇਸਰਿ ਦੀਅਉ॥

ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਮਹਿ ਗਯਉ॥
ਹਰਿਬੰਸ ਜਗਤਿ ਜਸੁ ਸੰਚਰਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ॥੧॥ (ਅੰਗ ੧੪੦੯)

ਸਤਿਗੁਰਾਂ ਦੇ ਦਰਬਾਰ ਦੀ ਸੋਭਾ ਸੁਣ ਕੇ ਸਹਿਗਲ ਗੋਤ ਦੇ ਭਾਈ ਗੰਗੂ, ਭਾਈ ਨਾਉ, ਭਾਈ ਰਾਮਾ, ਭਾਈ ਉਦਾ ਅਤੇ ਭਾਈ ਧਰਮਾ ਪੰਜੇ ਸਤਿਗੁਰਾਂ ਦੀ ਹਜੂਰੀ
ਵਿਚ ਪਹੁੰਚੇ ਤੇ ਨਮਸਕਾਰ ਕੀਤੀ। ਕੁਝ ਦਿਨ ਸੰਗਤ ਕੀਤੀ ਫਿਰ ਸਿੱਖ ਬਣ ਗਏ। ਉਨ੍ਹਾਂ ਨੇ ਇਕ ਦਿਨ ਸਤਿਗੁਰੂ ਜੀ ਨੂੰ ਪ੍ਰਸ਼ਨ ਕਰਦਿਆਂ ਕਿਹਾ ‘ਹੇ ਪਾਤਸ਼ਾਹ ਜੀ ! ਵੇਦ-ਕਤੇਬ ਆਦਿ ਗ੍ਰੰਥ, ਰਿਸ਼ੀ ਮੁਨੀ ਅਵਤਾਰ, ਪੰਡਤ, ਵਿਦਵਾਨ ਸਭ ਕਹਿੰਦੇ ਹਨ ਕਿ ਨਿਰੰਕਾਰ ਬੇਅੰਤ ਹੈ । ਸਭ ਉਸ ਨੂੰ ਖੋਜਦੇ ਰਹੇ ਹਨ ਅਤੇ ਹੁਣ ਵੀ ਖੋਜ ਰਹੇ ਹਨ ਪਰ ਉਸ ਦਾ ਅੰਤ ਨਹੀਂ ਜਾਣ ਸਕੇ। ਜੀਵਨ ਮੁਕਤੀ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਜੀ ਦਾ ਰੂਪ ਹਨ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਤਾਂ ਪਰਮਾਤਮਾ ਦੇ ਅੰਤ ਨੂੰ ਜਾਣਦੇ ਹੋਣਗੇ। ਕਿਉਂਕਿ ਜਦੋਂ ਪਾਤਸ਼ਾਹ ਜੀ ਆਪ ਬ੍ਰਹਮ ਸਰੂਪ ਹਨ ਅਤੇ ਆਪਣੇ ਅੰਤ ਬਾਰੇ ਸਭ ਕੋਈ ਜਾਣਦਾ ਹੈ। ਜਿਸ ਬਾਰੇ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਅੰਕਤ ਕੀਤਾ ਹੈ:

‘ਬੇਦ ਕਤੇਬ ਮੁਨੀ ਅਵਤਾਰ। ਪੰਡਿਤ ਯਾਨੀ ਭਏ ਹਜ਼ਾਰ।

ਸਭਹਿਨਿ ਭਾਖਯੋ ਬ੍ਰਹਮ ਅਨੰਤ। ਖੋਜਿ ਰਹੇ ਨਹਿ ਪਾਯਹੁ ਅੰਤ॥੩॥

ਬ੍ਰਹਮ ਜੁ ਕਹੈ ਸੱਚਿਦਾ ਨੰਦ ।
ਸ਼੍ਰੀ ਨਾਨਕ ਸੋ ਰੂਪ ਮੁਕੰਦ। ਬ੍ਰਹਮ ਅਵਤਾਰ ਕਰੈ ਬੱਖਯਾਤ। ਜਾਨੇ ਪਰੇ ਸਭਿਨਿ ਸਾਖ੍ਯਾਤ॥੪॥ ਸੋ ਤੌ ਅੰਤ ਜਾਨਤੇ ਹੋਇ। ਅਪਨੋ ਅੰਤ ਲਖੈ ਸਭਿ ਕੋਇ।

(ਰਾਸਿ ਤੀਜੀ, ਅਧਿ ੫੫)

ਪਾਤਸ਼ਾਹ ਜੀ ਨੇ ਸਿੱਖਾਂ ਦੀ ਸ਼ੰਕਾ ਸੁਣੀ ਤੇ ਬਚਨ ਕੀਤਾ ‘ਹੇ ਭਾਈ! ਜੇ ਨਿਰੰਕਾਰ ਦਾ ਕੋਈ ਆਦਿ ਅੰਤ ਹੁੰਦਾ ਤਾਂ ਸਤਿਗੁਰੂ ਜੀ ਉਸ ਬਾਰੇ ਬਾਣੀ ਵਿਚ ਉਚਾਰਨ ਕਰਦੇ। ਉਸ ਦਾ ਕੋਈ ਆਦਿ ਤੇ ਅੰਤ ਨਹੀ ਉਹ ਪ੍ਰਭੂ ਬੇਮਿਸਾਲ ਹੀ ਨਿਰਗੁਣ ਤੋਂ ਸਰਗੁਣ ਸਰੂਪ ਵਿਚ ਪ੍ਰਗਟ ਹੁੰਦਾ ਹੈ। ਇਸ ਲਈ ਉਸ ਨੂੰ ਬੇਅੰਤ ਕਹਿਣਾ ਹੀ ਠੀਕ ਲੱਗਦਾ ਹੈ। ਉਸ ਦਾ ਹੈ। ਉਸ ਨੂੰ ਬੇਅੰਤ ਕਹਿਣਾ ਹੀ ਉਸ ਦਾ ਅੰਤ ਪਾਉਣਾ ਹੈ। ਇਸ ਬਾਰੇ ਸ਼ੰਕਾ ਮਨ ਵਿਚ ਨਹੀਂ ਲਿਆਉਣੀ। ਉਹ ਪ੍ਰਭੂ ਸਭ ਵਿਚ ਵੱਸਦਾ ਹੈ। ਇਹ ਗੱਲ ਸਮਝੋ ਤੇ ਸਭ ਨੂੰ ਪ੍ਰੇਮ ਕਰੋ ਤੇ ਮੁਖ ਤੋਂ ਵਾਹਿਗੁਰੂ ਜੀ ਦਾ ਜਾਪ ਜਪਿਆ ਕਰੋ। ਹਰ ਇਕ ਵਿਚ ਪ੍ਰਭੂ ਦਾ ਸਰੂਪ ਹੀ ਸਮਝੋ ਤੇ ਪਛਾਣੋ। ਇਸ ਤਰ੍ਹਾਂ ਤੁਹਾਡੀ ਮੁਕਤੀ ਹੋਵੇਗੀ ਤੇ ਜਨਮ ਮਰਨ ਦਾ ਬੰਧਨ ਕੱਟਿਆ ਜਾਵੇਗਾ। ਯਥਾ:-

‘ਆਦਿ ਅੰਤ ਬ੍ਰਹਮ ਕੀ ਜੇ ਹੋਇ । ਸ੍ਰੀ ਨਾਨਕ ਜੀ ਉਚਰਤਿ ਸੋਇ।

ਜਿਸਕੈ ਕਬਹੂੰ ਆਦਿ ਨ ਅੰਤ। ਕਹਿਬੋ ਤਿਸ ਕੋ ਬਨਹਿ ਬਿਅੰਤ॥੬॥…

ਤਿਨਹੁਂ ਬੇਦ ਮਹਿਂ ਕਯੋ ਬਿਅੰਤ। ਹੁਤੀ ਜਿ ਕਹਿਤੇ ਆਦਿ ਰੁ ਅੰਤ। ਕਹਿਨ ਬਿਅੰਤੁ ਅੰਤ ਇਹ ਜਾਨਹੁ। ਅਪਰ ਨ ਸੰਸੈ ਕੈਸੇ ਆਨਹੁ॥੮॥…

ਕਿਹ ਸੋਂ ਦੋਹ ਨਹੀਂ ਮਨ ਠਾਨਹੁ। ਏਕ ਬ੍ਰਹਮ ਕੋ ਰੂਪ ਪਛਾਨਹੁ।

ਇਸ ਤੇ ਹੁਇ ਤੁਮਰੋ ਕੱਲ੍ਯਾਨ। ਜਨਮ ਮਰਨ ਦਾ ਬੰਧਨ ਹਾਨਿ॥੧੦॥ (ਉਹੀ)

ਨਿਰੰਕਾਰ ਦੀ ਬੇਅੰਤਤਾ ਬਾਰੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿਚ ਇਸ ਤਰ੍ਹਾਂ ਫੁਰਮਾਇਆ ਹੈ:

– ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹੀ ਜਾਨਹਿ ਭੇਦ॥

ਅਵਤਾਰ ਨ ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ॥ (ਅੰਗ ੮੯੪)

– ਸੰਕਰਾ ਨਹੀ ਜਾਨਹਿ ਭੇਵ॥ ਖੋਜਤ ਹਾਰੇ ਦੇਵ॥
ਦੇਵੀਆ ਨਹੀ ਜਾਨੈ ਮਰਮ॥
ਸਭ ਉਪਰਿ ਅਲਖ ਪਾਰਬ੍ਰਹਮ॥੨॥ (ਉਹੀ)

ਸਤਿਗੁਰਾਂ ਦੇ ਬਚਨ ਸੁਣ ਕੇ ਭਾਈ ਭਾਈ ਗੰਗੂ, ਭਾਈ ਨਾਊ, ਭਾਈ ਰਾਮਾ, ਭਾਈ ਧਰਮਾ ਅਤੇ ਭਾਈ ਉਦਾ ਸਹਿਗਲ ਦੀ ਸ਼ੰਕਾ ਦੂਰ ਹੋ ਗਈ ਤੇ ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਤੇ ਪ੍ਰਭੂ ਰੂਪ ਸਤਿਗੁਰੂ ਜੀ ਦੀ ਸੇਵਾ ਕਰਦੇ ਰਹੇ ਅੰਤ ਪਰਮਪਦ ਨੂੰ ਪ੍ਰਾਪਤ ਹੋ ਗਏ। ਇਨ੍ਹਾਂ ਦਾ ਨਾਮ ਵਰਣਨ ਭਾਈ ਗੁਰਦਾਸ ਜੀ ਨੇ ਇੰਝ ਕੀਤਾ ਹੈ:-

ਗੰਗੂ ਨਾਉ ਸਹਗਲਾ ਰਾਮਾ ਧਰਮਾ ਉਦਾ ਭਾਈ।
(ਵਾਰ ੧੧-੧੯)

-ਪ੍ਰੋ. ਬਲਵਿੰਦਰ ਸਿੰਘ ਜੌੜਾਸਿੰਘਾ