ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ॥
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। (ਵਾਰ ੧:੪੮)
ਸਿੱਖ ਧਰਮ ਦੇ ਮਹਾਨ ਵਿਦਵਾਨ ਤੇ ਦਾਰਸ਼ਨਿਕ ਭਾਈ ਗੁਰਦਾਸ ਜੀ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਉੱਪਰ ਸੁਸ਼ੋਭਿਤ ਹੋਣ ਉਪਰੰਤ ਉਚਾਰੇ ਗਏ ਉਪਰੋਕਤ ਸ਼ਬਦਾਂ ਰਾਹੀਂ ਗੁਰੂ ਸਾਹਿਬ ਦੀਆਂ ਕੁਝ ਵਿਸ਼ੇਸ਼ ਵਡਿਆਈਆਂ ਦੀ ਝਲਕ ਪ੍ਰਤੱਖ ਦਿਖਾਈ ਦੇਂਦੀ ਹੈ।
“ਪੰਜਿ ਪਿਆਲੇ” ਤੋਂ ਭਾਵ ਹੈ ਸ਼ੁਭ ਗੁਣ-ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ।
ਪੰਜਿ ਪੀਰ ਦੇ ਅਰਥ ਹਨ- ਸ੍ਰੀ ਗੁਰੂ ਨਾਨਕ ਸਾਹਿਬ ਤੋਂ ਸ੍ਰੀ ਗੁਰੂ ਅਰਜਨ ਸਾਹਿਬ ਤਕ ਪੰਜ ਪਾਤਸ਼ਾਹੀਆਂ। “ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ” ਤੋਂ ਭਾਵ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇੱਕੋ ਜੋਤ ਦੇ ਦੋ ਸਰੂਪ ਸਨ, ਸਰੀਰਾਂ ਵਿਚ ਹੀ ਭੇਦ ਸੀ, ਜੋਤ ਇੱਕੋ ਹੀ ਸੀ। ਜੋਤ ਭਾਵ ਆਤਮਾ ਤਾਂ ਸਦਾ ਸਜੀਵ ਰਹਿੰਦੀ ਹੈ। ਬਿਨਸਦਾ ਤਾਂ ਸਰੀਰ ਹੈ। “ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ” ਇਹ ਪੰਕਤੀਆਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਸਿਫਤਾਂ ਤੇ ਵਿਸ਼ੇਸ਼ਤਾਵਾਂ ਦੀਆਂ ਪ੍ਰਤੀਕ ਹਨ।
ਇਸ ਤਰ੍ਹਾਂ ਸਿੱਖ ਗੁਰੂ ਸਾਹਿਬਾਨ ਦਸ ਜਾਮਿਆਂ ਵਿਚ ਸੰਸਾਰ ਦਾ ਉੱਧਾਰ ਕਰਨ ਹਿੱਤ ਸਮੇਂ-ਸਮੇਂ ਪ੍ਰਕਾਸ਼ ਹੋਏ, ਪਰ ਉਨ੍ਹਾਂ ਵਿਚ ਜੋਤ ਇੱਕੋ ਹੀ ਸੀ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਤਮਾ ਨੇ ਭਾਈ ਲਹਿਣਾ ਜੀ ਵਿਚ ਪ੍ਰਵੇਸ਼ ਕਰ ਕੇ, ਉਨ੍ਹਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ, ਉਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਪ੍ਰਵੇਸ਼ ਹੁੰਦੀ ਹੋਈ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਅਖੀਰ ਵਿਚ ਦਸਵੇਂ ਜਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚ ਆ ਬਿਰਾਜੀ ਤੇ “ਗੁਰੂ ਨਾਨਕ-ਗੋਬਿੰਦ ਰੂਪ” ਅਖਵਾਈ। ਪ੍ਰਸਿੱਧ ਇਤਿਹਾਸਕਾਰ ਡਾ. ਗੋਕਲ ਚੰਦ ਨਾਰੰਗ ਲਿਖਦਾ ਹੈ ਕਿ ਜਿਸ ਖਾਲਸੇ ਦੀ ਸਾਜਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਉਸ ਦੀ ਮਿੱਟੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੋਈ ਸੀ । ਜਿਸ ਫੌਲਾਦ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦਾ ਪਹਿਰਾਵਾ ਬਣਾਇਆ, ਉਸ ਦਾ ਲੋਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤਾ । ਜੋ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਧ-ਸੰਗਤ ਵਿਚ ਵਰਤਾਇਆ, ਉਸੇ ਸ਼ਬਦ ਤੇ ਸ਼ਬਦ ਦਾ ਜਾਪ ਕਰਨ ਵਾਲੀ ਸੰਗਤ ਦੀ ਰੱਖਿਆ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੀ ਉਨ੍ਹਾਂ ਆਦਰਸ਼ਾਂ ਦਾ ਹੀ ਪ੍ਰਚਾਰ ਕੀਤਾ ਜੋ ਉਨ੍ਹਾਂ ਤੋਂ ਪਹਿਲੇ ਹੋਏ ਪੰਜ ਗੁਰੂ ਸਾਹਿਬਾਨ ਨੇ ਕੀਤਾ ਸੀ। ਛੇਵੇਂ ਪਾਤਸ਼ਾਹ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ, ਆਪਣੇ ਲਈ ਕੋਈ ਇਲਾਕੇ ਨਹੀਂ ਹਥਿਆਏ, ਆਪਣੀ ਕੋਈ ਨਿੱਜੀ ਜਾਇਦਾਦ ਨਹੀਂ ਬਣਾਈ, ਬਲਕਿ ਲੋਕਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਦੀ ਜਾਚ ਸਿਖਾਈ ਅਤੇ ਉਨ੍ਹਾਂ ਅੰਦਰ ਸਵੈਮਾਣ ਦੀ ਭਾਵਨਾ ਜਗਾਈ। ਲੜਾਈਆਂ ਵੀ ਉਨ੍ਹਾਂ ਆਪ ਨਹੀਂ ਲੜੀਆਂ, ਸਗੋਂ ਉਨ੍ਹਾਂ ਦੇ ਗ਼ਲੇ ਆ ਪਈਆਂ ਤੇ ਉਨ੍ਹਾਂ ਸੂਰਬੀਰ ਯੋਧਿਆਂ ਵਾਂਗ ਡਟ ਕੇ ਮੁਕਾਬਲਾ ਕੀਤਾ ਤੇ ਚਾਰੇ ਜੰਗਾਂ ਜਿੱਤ ਕੇ ਸੰਸਾਰ ਨੂੰ ਦੱਸ ਦਿੱਤਾ ਕਿ ਜਾਤੀ ਤੇ ਕੌਮੀ ਅਣਖ ਲਈ ਜੇ ਔਂਕੜਾਂ ਤੇ ਮੁਸ਼ਕਿਲਾਂ ਨਾਲ ਜੂਝਣਾ ਪਵੇ, ਤਾਂ ਡਟ ਕੇ ਟਾਕਰਾ ਕਰਨਾ ਹੀ ਉੱਚਿਤ ਹੈ, ਆਪ ਦੀ ਕਿਰਪਾਨ ਕੇਵਲ ਸ਼ਕਤੀ ਦਾ ਹੀ ਚਿੰਨ ਨਹੀਂ ਸੀ, ਭਗਤੀ ਦਾ ਪ੍ਰਤੀਕ ਵੀ ਸੀ। ਇਸ ਨਾਲ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਖਾਏ ਰਸਤੇ ਨੂੰ ਹੀ ਮੂਰਤੀਮਾਨ ਕੀਤਾ।
ਧਰਮ ਦੀ ਰੱਖਿਆ ਲਈ ਜੋ ਬੀਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬੀਜਿਆ ਸੀ, ਉਹ ਹੁਣ ਵੱਧ ਫੁਲ ਕੇ ਰੁੱਖ਼ ਬਣ ਚੁੱਕਾ ਸੀ । ਜੋ ਦੀਨਾਂ, ਕਮਜ਼ੋਰਾਂ, ਲਿਤਾੜੇ ਹੋਇਆਂ ਨੂੰ ਆਪਣੀ ਛਾਂ ਥੱਲੇ ਪਨਾਹ ਦੇਣ ਯੋਗ ਹੋ ਗਿਆ ਸੀ । ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ‘ਜਾਬਰ’ ਕਹਿਣ ਦੀ ਦਲੇਰੀ ਕੀਤੀ ਸੀ । ਉਸ ਦੀ ਫੌਜ ਨੂੰ “ਪਾਪ ਕੀ ਜੰਝ” ਕਹਿਣ ਦਾ ਸਾਹਸ ਕੀਤਾ ਸੀ। ਉਸ ਨੂੰ ਜਰਵਾਣਾ ਕਹਿਣ ਦੀ ਜ਼ੁਰਅੱਤ ਕੀਤੀ ਸੀ, ਹਿੰਦੁਸਤਾਨ ‘ਤੇ ਹਮਲਾ ਕਰਨ ਵਾਲਾ ਜਮ ਕਿਹਾ ਸੀ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੇਸ਼-ਵਾਸੀਆਂ ਅੰਦਰ ਜ਼ੁਲਮ ਵਿਰੁੱਧ ਖੜ੍ਹੇ ਹੋਣ ਦਾ ਸਾਹਸ ਪੈਦਾ ਕੀਤਾ, ਉਨ੍ਹਾਂ ਨੂੰ ਸਵੈਮਾਣ ਲਈ ਜੂਝਣ ਦਾ ਢੰਗ ਸਿਖਾਇਆ ਤੇ ਬਦੋ-ਬਦੀ ਗ਼ਲ ਪਈਆਂ ਜੰਗਾਂ ਨੂੰ ਲੜਿਆ ਤੇ ਜਿੱਤ ਪ੍ਰਾਪਤ ਕੀਤੀ ਤਾਂ ਗੁਰੂ ਸਾਹਿਬ ਨੇ ਉਹੋ ਹੀ ਕਾਰਜ ਕੀਤਾ ਜੋ ਪਹਿਲੇ ਪਾਤਸ਼ਾਹ ਨੇ ਧਰਮ ਰਾਹੀਂ ਪ੍ਰਚਾਰਿਆ ਸੀ। ਉਨ੍ਹਾਂ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਕੇ ਦੇਸ਼-ਵਾਸੀਆਂ ਅੰਦਰ ਸਾਹਸ ਪੈਦਾ ਕੀਤਾ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਪਾਵਨ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ‘ਅਕਾਲ ਬੁੰਗਾ’ ਦੀ ਸਿਰਜਣਾ ਕੀਤੀ, ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਪਵਿੱਤਰ ਨਾਮ ਨਾਲ ਸਮੂਹ ਸੰਸਾਰ ਵਿਖੇ ਚਾਨਣ-ਮੁਨਾਰਾ ਬਣ ਰੋਸ਼ਨੀ ਪ੍ਰਦਾਨ ਕਰ ਰਿਹਾ ਹੈ। ਇਸ ਪਾਵਨ ਅਸਥਾਨ ਦੀ ਸਥਾਪਨਾ ਦਾ ਕਾਰਨ ਸੰਸਾਰਿਕ ਅਤੇ ਰਾਜਨੀਤਿਕ ਮਸਲਿਆਂ ‘ਤੇ ਵੀਚਾਰ ਉਪਰੰਤ ਫੈਸਲਾ ਲੈਣਾ ਸੀ । ਇਸੇ ਪਵਿੱਤਰ ਸਥਾਨ ‘ਤੇ ਬੀਰ-ਰਸੀ ਵਾਰਾਂ ਰਾਹੀਂ ਯੋਧੇ ਅਤੇ ਸੂਰਮੇ ਤਿਆਰ ਹੋਣ ਲੱਗ ਪਏ। ਦੂਰ-ਦੁਰਾਡੇ ਤੋਂ ਸਿੱਖ ਸ਼ਸਤਰਾਂ ਅਤੇ ਘੋੜਿਆਂ ਸਮੇਤ ਭੇਟਾ ਲੈ ਕੇ ਪੁੱਜਣ ਲੱਗੇ ਅਤੇ ਗੁਰੂ ਸਾਹਿਬ ਦੀ ਫੌਜ ਵਿਚ ਚਾਅ ਨਾਲ ਭਰਤੀ ਹੋਣ ਲੱਗ ਪਏ। ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਰੱਖਿਆ ਦੇ ਪੱਖ ਤੋਂ ਆਪ ਜੀ ਨੇ ਛੇਤੀ ਹੀ ਇਕ ਕਿਲ੍ਹਾ (ਲੋਹਗੜ੍ਹ) ਵੀ ਬਣਾਇਆ। ਫੌਜਾਂ ਦੀ ਤਿਆਰੀ ਦੇ ਮਨੋਰਥ ਕੇਵਲ ਜ਼ਬਰ ਤੇ ਜ਼ੁਲਮ ਵਿਰੁੱਧ ਗਰੀਬ ਅਤੇ ਧਰਮ ਦੀ ਰੱਖਿਆ ਲਈ ਤੇ ਨਿਤਾਣੀ ਅਤੇ ਨਿਆਸਰੀ ਹੋਈ ਭਾਰਤੀ ਜਨਤਾ ‘ਚ ਸਵੈਮਾਣ ਅਤੇ ਅਣਖ ਦੀ ਰੂਹ ਫੂਕਣ ਲਈ ਸਨ । ਡਾ. ਗੋਕਲ ਚੰਦ ਨਾਰੰਗ ਅਨੁਸਾਰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮਨੋਰਥ ਸ਼ਾਹੀ ਫੌਜ਼ਾਂ ‘ਤੇ ਜਿੱਤ ਪ੍ਰਾਪਤ ਕਰਨ ਦਾ ਨਹੀਂ ਸੀ, ਬਲਕਿ ਮਹੱਤਵਪੂਰਨ ਗੱਲ ਤਾਂ ਇਹ ਸੀ ਕਿ ਉਨ੍ਹਾਂ ਦਾ ਮਨੋਰਥ ਆਪਣੇ ਸਮੇਂ ਦੀ ਤਾਕਤਵਰ ਤੇ ਬਲਵਾਨ ਇਕ ਵੱਡੀ ਹਕੂਮਤ ਵਿਰੁੱਧ ਟੱਕਰ ਲੈ ਕੇ ਉਸ ਦਾ ਭਰਮ ਚੂਰ-ਚੂਰ ਕਰਨਾ ਸੀ।” 66
ਭਾਈ ਗੁਰਦਾਸ ਜੀ ਦੇ ਕਹੇ ਅਨੁਸਾਰ ਗੁਰੂ ਸਾਹਿਬ ਬਹੁ-ਪਰਉਪਕਾਰੀ ਵੀ ਸਨ। ਸਬਰ, ਸੰਤੋਖ, ਸ਼ਹਿਣਸ਼ੀਲਤਾ, ਸੰਜਮ ਤੇ ਸਦਭਾਵਨਾ ਉਨ੍ਹਾਂ ਦੇ ਮੁੱਖ ਗੁਣ ਸਨ। ਆਪ ਹਰ ਜਾਤੀ, ਹਰ ਧਰਮ, ਹਰ ਵਿਅਕਤੀ ਨਾਲ ਪਿਆਰ ਕਰਦੇ ਸਨ।
ਕਿਸੇ ਨਾਲ ਈਰਖਾ, ਦਵੈਸ਼, ਦੁਸ਼ਮਣੀ ਉਨ੍ਹਾਂ ਕਦੇ ਨਹੀਂ ਸੀ ਕੀਤੀ। ਉਹ ਜ਼ਾਹਰ ਤੇ ਬਾਤਨ ਇੱਕੋ ਜਿਹੇ ਸਨ। ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਸਨ। ਉਨ੍ਹਾਂ ਨੇ ਸ੍ਰੀ ਹਰਿਗੋਬਿੰਦਪੁਰ ਨਗਰ ਵਿਖੇ ਮੁਸਲਮਾਨਾਂ ਲਈ ਉਚੇਚੀ ਮਸੀਤ ਬਣਵਾਈ।
ਉਨ੍ਹਾਂ ਅੰਦਰ ਪਰਾਈ ਪੀੜ ਜਰਨ ਦਾ ਕਿਤਨਾ ਮਹਾਨ ਗੁਣ ਸੀ, ਇਸ ਦਾ ਪਤਾ ਗਵਾਲੀਅਰ ਦੇ ਕਿਲ੍ਹੇ ਵਿਚ ਬਿਦੋਸ਼ੇ ਕੈਦੀ ਰਾਜਿਆਂ ਦੀ ਸਹਾਇਤਾ ਕਰ ਕੇ, ਉਨ੍ਹਾਂ ਨੂੰ ਮੁਕਤ ਕਰਾਉਣ ਦੀ ਘਟਨਾ ਤੋਂ ਲੱਗਦਾ ਹੈ। ਏਸੇ ਕਰਕੇ ਆਪ ਨੂੰ ਬੰਦੀ-ਛੋੜ ਦਾਤਾ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਆਪ ਹਮੇਸ਼ਾਂ ਫੁਰਮਾਇਆ ਕਰਦੇ ਸਨ, ਗਰੀਬ ਦਾ ਮੂੰਹ, ਗੁਰੂ ਦੀ ਗੋਲਕ, ਭਾਵ ਗਰੀਬ ਭੁੱਖੇ ਤੇ ਲੋੜਵੰਦਾਂ ਦੇ ਮੂੰਹ ਵਿਚ ਭੋਜਨ ਪਾਉਣਾ, ਗੁਰੂ ਨੂੰ ਭੇਟ ਚੜਾਉਣ ਦੇ ਤੁਲ ਹੈ। ਗੁਰੂ ਸਾਹਿਬ ਬਾਰੇ ਡਾ. ਇੰਦੂ ਭੂਸ਼ਨ ਬੈਨਰਜੀ ਆਖਦਾ ਹੈ ਕਿ ਇਹੀ ਕਾਰਨ ਹਨ ਕਿ ਗੁਰੂ ਸਾਹਿਬ ਨੂੰ ਸਾਰੇ ਦਿਲੋਂ ਚਾਹੁੰਦੇ ਸਨ ਤੇ ਪਿਆਰ ਕਰਦੇ ਸਨ ਤੇ ਹਰ ਦੁੱਖ, ਤਕਲੀਫ ਤੇ ਬਿਖੜੇ ਸਮੇਂ ਉਨ੍ਹਾਂ ਦਾ ਸਾਥ ਚਾਹੁੰਦੇ ਤੇ ਦੇਂਦੇ ਸਨ।
– ਪ੍ਰਕਾਸ਼ ਕੌਰ
