ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ p ਨੇ ਬੜੀ ਬਖ਼ਸ਼ਿਸ਼ ਕੀਤੀ, ਐਸੀ ਮਹਾਨ ਦੇਣ ਸੰਸਾਰ ਨੂੰ ਦਿੱਤੀ ਜੋ ਅੱਜ ਤੋਂ ਪਹਿਲਾਂ ਕੋਈ ਨਹੀਂ ਦੇ ਸਕਿਆ। ਇਸ ਮਹਾਨ ਦੇਣ ਦੇ ਸਾਹਮਣੇ ਅੱਜ ਸਾਰਾ ਸੰਸਾਰ ਨਤਮਸਤਕ ਹੋ ਰਿਹਾ ਹੈ।
ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਸ੍ਰੀ ਅੰਮ੍ਰਿਤ ਸਰੋਵਰ ਦੀ ਸੇਵਾ ਆਰੰਭ ਕਰਵਾਈ। ਉਹਨਾਂ ਦਾ ਆਸ਼ਾ ਸੀ ਸੰਸਾਰ ਨੂੰ ਐਸਾ ਮਹਾਨ ਤੀਰਥ ਦਿੱਤਾ ਜਾਵੇ ਜੋ ਸਰਬਸਾਂਝਾ ਹੋਵੇ, ਸਾਰੀ ਵਿਉਂਤ-ਬੰਦੀ ਤਿਆਰ ਸੀ। ਸੇਵਾ ਦੇ ਦੌਰਾਨ ਹੀ ਪਾਤਸ਼ਾਹ ਗੁਰਗੱਦੀ ਆਪਣੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਤੇ ਸਾਰਾ ਸੇਵਾ ਦਾ ਕੰਮ ਅੰਮ੍ਰਿਤ ਸਰੋਵਰ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ ਸਮਝਾ ਕੇ ਜੋਤੀ ਜੋਤ ਸਮਾ ਗਏ। ਗੁਰੂ ਅਰਜਨ ਦੇਵ ਜੀ ਨੇ ਪਿਤਾ ਜੀ ਦੇ ਆਸ਼ੇ ਅਨੁਸਾਰ ਅੰਮ੍ਰਿਤ-ਸਰੋਵਰ ਤਿਆਰ ਕਰਵਾਇਆ ਤੇ ਇਸ ਦੇ ਐਨ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ। ਇਹ ਅਸਥਾਨ ਤਿਆਰ ਹੋ ਗਿਆ। ਇਹ ਐਸਾ ਅਸਥਾਨ ਜੋ ਸੱਚਖੰਡ ਤੋਂ ਧਰਤੀ ਤੇ ਉਤਰ ਆਇਆ ਹੈ। ਇਸ ਦੀ ਬਣਤਰ ਵਿਲੱਖਣ ਰੱਖੀ ਗਈ। ਪਾਤਸ਼ਾਹ ਨੇ ਇਸ ਨੂੰ ਬੋਹਿਥ (ਜਹਾਜ਼) ਦੀ ਨਿਆਈਂ ਬਣਵਾਇਆ। ਜਿਸ ਤਰ੍ਹਾਂ ਸਮੁੰਦਰ ਨੂੰ ਪਾਰ ਕਰਨਾ ਹੋਵੇ ਤਾਂ ਜਹਾਜ਼ ਦੀ ਲੋੜ ਹੈ, ਇਸੇ ਤਰ੍ਹਾਂ ਭਵ-ਸਾਗਰ ਨੂੰ ਪਾਰ ਕਰਨ ਲਈ ਵੀ ਬੋਹਿਥ ਦੀ ਜ਼ਰੂਰਤ ਹੁੰਦੀ ਹੈ। ਸੋ, ਪਾਤਸ਼ਾਹ ਨੇ ਤਿਆਰ ਕਰ ਦਿੱਤਾ ਸਮੁੱਚੀ ਮਨੁੱਖਤਾ ਲਈ ਸਰਬ ਸਾਂਝਾ ਤੀਰਥ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਇਹ ਪੰਚਮ ਪਾਤਸ਼ਾਹ ਦੀ ਮਹਾਨ ਦੇਣ ਹੈ ਸੰਸਾਰ ਨੂੰ।
ਮਨੁੱਖਤਾ ਦੀ ਕਲਿਆਣ ਲਈ ਪੰਚਮ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਇਹ ਦੂਜੀ ਸਭ ਤੋਂ ਵੱਡੀ ਦੇਣ ਹੈ ਸੰਸਾਰ ਨੂੰ। ਫਿਰ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਮਨੁੱਖਤਾ ਨੂੰ ਇਕ ਸੰਪੂਰਨ ਬਖ਼ਸ਼ਿਸ਼ ਕਰ ਦਿਤੀ। ਪਾਤਸ਼ਾਹ ਨੇ ਕਿਹਾ, ਆਓ ਜਿਹਨਾਂ ਆਪਣੇ ਤਪਦਿਆਂ ਹਿਰਦਿਆਂ ਨੂੰ ਠਾਰਣਾ, ਮੋਖਸ਼ ਨੂੰ ਪ੍ਰਾਪਤ ਕਰਨਾ “ਨਾਮ ਬਾਣੀ ਦਾ ਬੋਹਿਥ’ ਤਿਆਰ ਹੈ। ਜੋ ਇਸ ਜਹਾਜ਼ੇ ਚੜ੍ਹੇਗਾ ਉਹ ਭਵ-ਸਾਗਰ ਤੋਂ ਪਾਰ ਹੋ ਜਾਵੇਗਾ।
ਅੱਜ ਸਾਰੇ ਸੰਸਾਰ ਨੂੰ ਅਮਨ ਸ਼ਾਂਤੀ ਦੇਣ ਵਾਲਾ ਤੇ ਵਿਕਾਰਾਂ ਦੀ ਅੱਗ ਵਿਚ ਸੜਦੇ, ਤਪਦੇ ਹਿਰਦਿਆਂ ਨੂੰ ਸ਼ਾਂਤ ਕਰਨ ਵਾਲਾ ਜੇਕਰ ਕੋਈ ਅਸਥਾਨ ਹੈ, ਤਾਂ ਉਹ ਹੈ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ! ਸਾਰੀ ਮਨੁੱਖਤਾ ਦਾ ਸਾਂਝਾ ਅਸਥਾਨ। ਅਜੋਕੇ ਸਮੇਂ ਜਿੱਥੇ ਸੰਸਾਰ-ਭਰ ਵਿਚ ਅਸ਼ਾਂਤੀ ਵੱਧ ਰਹੀ ਹੈ, ਉਥੇ ਇਸ ਅਸਥਾਨ ਦੀ ਮਹੱਤਤਾ ਹੋਰ ਵੀ ਜ਼ਿਆਦਾ ਹੋ ਗਈ ਹੈ। ਜਿਉਂ-ਜਿਉਂ ਮਨੁੱਖ ਭਟਕ ਰਿਹਾ ਹੈ ਉਸਨੂੰ ਮਨ ਦਾ ਸਕੂਨ ਚਾਹੀਦਾ ਹੈ, ਤਿਉਂ-ਤਿਉਂ ਉਹ ਆਪਣੀ ਭਟਕਣਾ ਸ਼ਾਂਤ ਕਰਨ ਲਈ ਇਸ ਅਸਥਾਨ ਵਲ ਆ ਰਿਹਾ ਹੈ। ਕਿਉਂਕਿ ਉਸਦਾ ਵਿਸ਼ਵਾਸ ਹੈ ਕਿ ਇਸ ਅਸਥਾਨ ਤੋਂ ਇਲਾਵਾ ਹੋਰ ਕੋਈ ਅਸਥਾਨ ਨਹੀਂ ਹੈ ਜਿਥੋਂ ਸ਼ਾਂਤੀ ਮਿਲ ਸਕੇ। ਹਰ ਵਕਤ ਨਾਮ ਬਾਣੀ ਦਾ ਰਸ-ਭਿੰਨਾ ਕੀਰਤਨ ਇਥੋਂ ਦੀ ਆਤਮਕ ਖੁਰਾਕ ਹੈ।
ਜਿਸ ਵਕਤ ਇਸ ਅਸਥਾਨ ਦੇ ਦਰਸ਼ਨ ਕਰੀਦੇ ਹਨ ਤਾਂ ਇਸ ਦੇ ਰਚਨਹਾਰੇ ਤੋਂ ਬਲਿਹਾਰ-ਬਲਿਹਾਰ ਹੋਈਦਾ ਹੈ, ਕੈਸਾ ਸੱਚਖੰਡ ਦਾ ਨਕਸ਼ਾ ਤਿਆਰ ਕੀਤਾ ਹੈ। ਆਪ-ਮੁਹਾਰੇ ਮੂੰਹੋਂ ਨਿਕਲ ਜਾਂਦਾ ਹੈ:
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ ( ਅੰਗ ੧੩੬੨)
ਪੰਚਮ ਪਾਤਸ਼ਾਹ ਵਲੋਂ ਇਸ ਅਸਥਾਨ ਨੂੰ ਸਿਰਜਣਾ ਆਉਣ ਵਾਲੇ ਸਮੇਂ ਲਈ ਸੰਕੇਤ ਸੀ ਕਿ ਗੁਰਧਾਮ ਇਸ ਤਰਜ਼ ਦਾ ਹੋਣਾ ਚਾਹੀਦਾ ਹੈ। ਪਾਤਸ਼ਾਹ ਨੇ ਆਪਣੇ ਜੀਵਨ-ਕਾਲ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਅਸਥਾਨ ਬਣਵਾਏ। ਨਕਸ਼ਾ ਇਮਾਰਤ ਸਾਜੀ ਦਾ ਇਕੋ ਜਿਹਾ ਹੀ ਰਖਿਆ। ਇਹ ਪਾਤਸ਼ਾਹ ਨੇ ਪੂਰਨੇ ਪਾ ਕੇ ਦੱਸੇ ਹਨ।
ਖ਼ੈਰ, ਸਾਡੀ ਤਰਾਸਦੀ ਹੈ ਕਿ ਅਸਾਂ ਨੇ ਗੁਰੂ ਸਾਹਿਬ ਜੀ ਦੇ ਵਿਖਾਏ ਮਾਰਗ ‘ਤੇ ਪਹਿਰਾ ਨਹੀਂ ਦਿੱਤਾ।
ਅੱਜ ਸਾਬਤ ਹੋ ਚੁੱਕਾ ਹੈ ਕਿ ਕੁੱਲ ਮਨੁੱਖਤਾ ਦਾ ਅਗਰ ਕੋਈ ਸਰਬਸਾਂਝਾ ਧਰਮ ਗ੍ਰੰਥ ਹੈ ਤਾਂ ਉਹ ਹੈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ!’ ਸਾਰੀ ਦੁਨੀਆਂ ਵਿਚ ਜਿਤਨਾ ਮਾਨ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਹੋਰ ਕਿਸੇ ਧਰਮ ਗ੍ਰੰਥ ਦਾ ਨਹੀਂ ਹੁੰਦਾ। ਸੰਸਾਰ ਭਰ ਦੇ ਮਹਾਨ ਚਿੰਤਕਾਂ ਨੇ ਮੰਨ ਲਿਆ ਹੈ ਕਿ ਅਜੋਕੇ ਸਮੇਂ ਅਗਰ ਕੋਈ ਧਰਮ ਗ੍ਰੰਥ ਅਗਵਾਈ ਦੇ ਸਕਦਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਹੀ ਹਨ। ਇਸ ਦੀ ਬਾਣੀ ਤਪਦਿਆਂ ਹਿਰਦਿਆਂ ਨੂੰ ਸ਼ਾਂਤ ਕਰਨ ਦੇ ਸਮਰੱਥ ਤੇ ਸੰਸਾਰ ਵਿਚ ਅਮਨ ਸ਼ਾਂਤੀ ਦੀ ਬਹਾਲੀ ਦੀ ਜਾਮਨ ਹੈ। ਜੋ ਕੋਈ ਵੀ ਬਾਣੀ ਧਿਆਨ ਪੂਰਬਕ ਸੁਣ, ਪੜ੍ਹ ਲੈਂਦਾ ਉਸਦੇ ਕਪਾਟ ਖੁੱਲ੍ਹ ਜਾਂਦੇ ਹਨ, ਜੀਵਨ ਦੀ ਸੇਧ ਮਿਲ ਜਾਂਦੀ ਹੈ। ਜੀਵਨ ਦੀ ਐਸੀ ਅਗਵਾਈ ਹੋਰ ਕਿਤੋਂ ਨਹੀਂ ਮਿਲ ਸਕਦੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਤੇ ਅਥਾਹ ਬਾਣੀ ਰਚਨਹਾਰੇ ਗੁਰੂ ਅਰਜਨ ਦੇਵ ਜੀ ਨੇ ਸਿਰਫ ਤੇ ਸਿਰਫ ਮਨੁੱਖੀ ਕਲਿਆਣ ਖ਼ਾਤਰ ਇਹ ‘ਨਾਮ ਬਾਣੀ ਦਾ ਬੋਹਿਥ ਤਿਆਰ ਕੀਤਾ। ਇਸ ਦੇ ਸਦਕੇ ਅਣਗਿਣਤ ਭਵਸਾਗਰ ਤੋਂ ਤਰ ਗਏ, ਅਣਗਿਣਤ ਤਰ ਰਹੇ ਹਨ ਅਤੇ ਅਣਗਿਣਤ ਤਰਦੇ ਰਹਿਣਗੇ। ਜਦੋਂ ਦਾ ਸੰਸਾਰ ਰਚਿਆ ਹੈ ਅੱਜ ਤੱਕ ਕਿਸੇ ਇਹ ਉਪਰਾਲਾ ਨਹੀਂ ਕੀਤਾ ਮਨੁੱਖੀ ਕਲਿਆਣ ਖ਼ਾਤਰ। ਇਹ ਸਿਰਫ ਪੰਚਮ ਪਾਤਸ਼ਾਹ ਨੇ ਬਖ਼ਸ਼ਿਸ਼ ਕੀਤੀ ਹੈ। ਇਹ ਬਾਣੀ ਕਿਸੇ ਮਨੁੱਖ ਦੀ ਨਹੀਂ, ਇਹ ਤਾਂ ਖਸਮ (ਪ੍ਰਭੂ) ਦੀ ਧੁਰ ਦਰਗਾਹੀ ਬਾਣੀ ਹੈ। ਇਸ ਦੇ ਇਕ-ਇਕ ਬੋਲ, ਇਕ-ਇਕ ਅੱਖਰ, ਗੁਰੂ ਨਾਨਕ ਪਾਤਸ਼ਾਹ ਹਨ। ਤਾਂ ਹੀ ਅੱਜ ਇਤਨਾ ਮਾਣ ਸਤਿਕਾਰ ਹੈ।
ਪੰਚਮ ਪਾਤਸ਼ਾਹ ਨੇ ਜਗਤ-ਜਲੰਦੇ ਨੂੰ ਠਾਰਣ ਲਈ ਧੁਰ ਕੀ ਬਾਣੀ ਮਨੁੱਖਤਾ ਦੀ ਝੋਲੀ ਪਾਈ। ਪਰੰਤੂ ਐਸੇ ਸ਼ਾਂਤੀ ਦੇ ਪੁੰਜ ਨੂੰ ਸੌੜੀ ਸੋਚ ਵਾਲਿਆਂ ਨੇ ਵਕਤ ਦੀ ਹਕੂਮਤ ਵਲੋਂ ਅਨੇਕਾਂ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ। ਇਹ ਸਮਝਿਆ ਗਿਆ ਕਿ ਸ਼ਾਂਤੀ ਦੇ ਪੁੰਜ ਨੂੰ ਜਲਾ ਕੇ ਅਸੀਂ ਸ਼ਾਂਤ ਹੋ ਸਕਾਂਗੇ। ਪਰ ਉਹ ਕੀ ਜਾਨਣ ਕਿ ਜੋ ਜਗਤ ਜਲੰਦੇ ਨੂੰ ਠਾਰਨ ਦੇ ਸਮਰੱਥ ਆਪ ਪ੍ਰਮੇਸ਼ਰ ਹੈ। ਭਲਾ ਉਸਨੂੰ ਤੁਸੀਂ ਕੀ ਜਲਾ ਸਕਦੇ ਹੋ ? ਪੰਚਮ ਪਾਤਸ਼ਾਹ ਨੇ ਸਰਬੱਤ ਦੇ ਭਲੇ ਲਈ ਕੁਰਬਾਨੀ ਦਿੱਤੀ। ਸੱਚ ਲਈ ਕੁਰਬਾਨੀ ਦੇਣਾ ਵੀ ਇਕ ਐਸੀ ਦਾਤ ਪਾਤਸ਼ਾਹ ਵਲੋਂ ਹੀ ਸਿੱਖ-ਪੰਥ ਨੂੰ ਮਿਲੀ ਹੈ।
ਅਜੋਕੇ ਸਮੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਸੇਧ ਲੈਣ ਦੀ ਸਖ਼ਤ ਜ਼ਰੂਰਤ ਹੈ। ਪਾਤਸ਼ਾਹ ਦੀਆਂ ਦਾਤਾਂ ਮਹਾਨ ਹਨ। ਇਹਨਾਂ ਦਾਤਾਂ ਅੱਗੇ ਸਦਾ ਹੀ ਸਿਰ ਝੁਕਦਾ ਹੈ। ਜਿਸ ਦੀਆਂ ਦਾਤਾਂ ਇਤਨੀਆਂ ਮਹਾਨ ਹਨ, ਉਹ ਆਪ ਕੈਸਾ ਮਹਾਨ ਹੋਵੇਗਾ। ਗੁਰੂ ਕ੍ਰਿਪਾ ਕਰੇ ਅਸੀਂ ਆਪਣੇ ਜੀਵਨ ਨੂੰ ਗੁਰ-ਉਪਦੇਸ਼ਾਂ ਦੁਆਰਾ ਸਾਰਥਕ ਕਰ ਸਕੀਏ।
