views 22 secs 0 comments

ਮਨੁੱਖੀ ਮਨ, ਨਸ਼ੇ ਤੇ ਇਸ ਦਾ ਹੱਲ

ਲੇਖ
April 25, 2026

ਮਨੁੱਖੀ ਮਨ ਇਸ ਬ੍ਰਹਿਮੰਡ ਵਿਚ ਸਭ ਤੋਂ ਵਧੇਰੇ ਗੁੰਝਲਦਾਰ ਸ਼ੈਅ ਹੈ। ਇਸ ਦੀਆਂ ਬਰੀਕੀਆਂ ਦਾ ਇਕ ਛੋਟਾ ਜਿਹਾ ਹਿੱਸਾ ਵੀ ਅਸੀਂ ਅਜੇ ਸਮਝ ਨਹੀਂ ਸਕੇ। ਮਨੁੱਖੀ ਮਨ ਦੀਆਂ ਕੁਝ ਸਿਫ਼ਤਾਂ ਤੇ ਨਿਯਮ ਹਨ, ਜਿਨ੍ਹਾਂ ਨੂੰ ਸਮਝ ਕੇ ਹੀ ਮਨੁੱਖ ਆਪਣੇ ਵਿਹਾਰ ਅਤੇ ਜੀਵਨ ਉੱਤੇ ਕਾਬੂ ਪਾ ਸਕਦਾ ਹੈ।

ਇਕ ਵਿਅਕਤੀ ਦੀਆਂ ਆਦਤਾਂ ਅਤੇ ਵਰਤਾਵ ਨੂੰ ਨਿਰਧਾਰਤ ਕਰਨ ਵਿਚ ਮਨ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮਨੁੱਖੀ ਮਨ ਤਬਦੀਲੀ ਵੀ ਚਾਹੁੰਦਾ ਹੈ ਅਤੇ ਤਬਦੀਲੀ ਨੂੰ ਨਾ ਪਸੰਦ ਵੀ ਕਰਦਾ ਹੈ। ਇਹ ਬੜਾ ਆਪਾ ਵਿਰੋਧੀ ਲੱਗ ਸਕਦਾ ਹੈ। ਇਹ ਮਨੁੱਖੀ ਮਨ ਦੀਆਂ ਗੁੰਝਲਾਂ ਦੀ ਇਕ ਝਾਕੀ ਮਾਤਰ ਹੀ ਹੈ। ਮਨੁੱਖੀ ਮਨ ਦਾ ਨਸ਼ਿਆਂ ਵੱਲ ਝੁਕਣਾ ਅਜਿਹੀਆਂ ਗੁੰਝਲਦਾਰ ਸਥਿਤੀਆਂ ਦੀ ਹੀ ਪੈਦਾਵਾਰ ਹੁੰਦਾ ਹੈ।

ਵਰਜਿਤ ਚੀਜ਼ਾਂ ਵੱਲ ਮਨੁੱਖੀ ਮਨ ਦੀ ਵਧਵੀਂ ਉਤਸੁਕਤਾ :-

ਉਤਸੁਕਤਾ ਮਨੁੱਖੀ ਮਨ ਦਾ ਇਕ ਵਿਸ਼ੇਸ਼ ਲੱਛਣ ਹੈ, ਮਨੁੱਖੀ ਮਨ ਉਸ ਪਾਸੇ ਨੂੰ ਜ਼ਿਆਦਾ ਅਕਰਸ਼ਿਤ ਹੁੰਦਾ ਹੈ, ਜਿਸ ਪਾਸੇ ਜਾਣਾ ਵਰਜਿਤ ਹੋਵੇ। ਚੜ੍ਹਦੀ ਜਵਾਨੀ ਦੀ ਉਮਰੇ ਵਿਵੇਕ ਵਿਚ ਘੱਟ ਤੇ ਤਜ਼ਰਬੇ ਕਰਨ ਵਿਚ ਜ਼ਿਆਦਾ ਦਿਲਚਸਪੀ ਹੁੰਦੀ ਹੈ। ਨਸੀਹਤਾਂ ਤੇ ਦੂਸਰਿਆਂ ਦੇ ਜੀਵਨ ਸਿੱਟੇ ਇਸ ਉਮਰ ਨੂੰ ਘੱਟ ਹੀ ਅਪੀਲ ਕਰਦੇ ਹਨ, ਖ਼ਾਸ ਤੌਰ ‘ਤੇ ਜਦੋਂ ਨਸੀਹਤਾਂ ਦੇਣ ਵਾਲਿਆਂ ਦੀ ਕਹਿਣੀ ਤੇ ਕਰਨੀ ਵਿਚ ਵੱਡਾ ਪਾੜਾ ਮੌਜੂਦ ਹੋਵੇ। ਨੌਜਵਾਨ ਵਿਵੇਕ ਤੋਂ ਸੱਖਣੀ ਉਤਸੁਕਤਾ ਵੱਸ ਹੋ ਕੇ ਇਸ ਰਸਤੇ ‘ਤੇ ਚੱਲ ਪੈਂਦੇ ਹਨ। ਬਹੁਤ ਵਾਰ ਇਸ ਤੋਂ ਪਹਿਲਾਂ ਕਿ ਹੋਸ਼ ਆਵੇ, ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਨਸ਼ਿਆਂ ਦਾ ਸਮਾਜੀਕਰਨ :-

ਇਹ ਬੜੀ ਮੰਦਭਾਗੀ ਕਹਾਣੀ ਹੈ ਕਿ ਅਸੀਂ ਪੰਜਾਬੀਆਂ ਨੇ ਬਹੁਤ ਸਾਰੇ ਨਸ਼ਿਆਂ ਦਾ ਸਮਾਜੀਕਰਨ ਕਰ ਦਿੱਤਾ ਹੈ। ਪੰਜਾਬ ਦੇ ਲੋਕ ਸ਼ਰਾਬ ਨੂੰ ਤਾਂ ਨਸ਼ਾ ਹੀ ਨਹੀਂ ਸਮਝਦੇ। ਵਿਆਹ ਸ਼ਾਦੀ, ਖ਼ੁਸ਼ੀ-ਗਮੀ ਜਾਂ ਕਿਸੇ ਸਮਾਜਿਕ ਉਤਸਵ ਉੱਤੇ ਸ਼ਰਾਬ ਦੀ ਤਾਂ ਖੁੱਲ੍ਹੀ ਮੰਡੀ ਹੀ ਲਗਾ ਦਿੱਤੀ ਜਾਂਦੀ ਹੈ। ਵਿਆਹ ਸ਼ਾਦੀਆਂ ਦੀਆਂ ਜੋ ਪਾਰਟੀਆਂ ਅੱਜ ਮੈਰਿਜ ਪੈਲਸਾਂ ਵਿਚ ਕੀਤੀਆਂ ਜਾ
ਰਹੀਆਂ ਹਨ। ਮੈਂ ਉਨ੍ਹਾਂ ਵਿਚ ੧੩-੧੪ ਸਾਲ ਤੋਂ ੧੮-੧੯ ਸਾਲ ਤੱਕ ਦੇ ਨੌਜਵਾਨਾਂ ਨੂੰ ਵੱਖਰੇ ਟੇਬਲਾਂ ‘ਤੇ ਸ਼ਰਾਬ ਦੀ ਖੁੱਲ੍ਹੀ ਵਰਤੋਂ ਕਰਦਿਆਂ ਵੇਖਦਾ ਹਾਂ। ਬਹੁਤ ਸਾਰੇ ਪੱਛਮੀ ਦੇਸ਼ਾਂ ਵਿਚ ਇਹ ਕਾਨੂੰਨ ਹੈ ਕਿ ਜੇਕਰ ਤੁਹਾਡਾ ੧੬-੧੭ ਸਾਲ ਦਾ ਬੱਚਾ ਮੇਰੇ ਘਰ ਵਿਚ ਗੈਸਟ ਦੇ ਤੌਰ ‘ਤੇ ਆਇਆ ਹੋਇਆ ਸ਼ਰਾਬ ਪੀ ਲਵੇ ਤਾਂ ਮੈਨੂੰ ੬ ਮਹੀਨੇ ਦੀ ਕੈਦ ਹੋ ਸਕਦੀ ਹੈ। ਮੈਨੂੰ ਪਿਛਲੇ ਸਾਲ ਮਾਲਵੇ ਦੇ ਕੁਝ ਇਲਾਕਿਆਂ ਵਿਚ ਵਿਚਰਨ ਦਾ ਮੌਕਾ ਮਿਲਿਆ। ਮੈਂ ਇਕ ਵਿਚੋਲੇ ਨੂੰ ਲੜਕੇ ਪਰਿਵਾਰ ਦੀ ਅਮੀਰੀ ਦੀਆਂ ਸਿਫ਼ਤਾਂ ਕਰਦਿਆਂ ਸੁਣਿਆਂ, ਵਿਚੋਲਾ ਦੱਸ ਰਿਹਾ ਸੀ ਕਿ ਲੜਕਾ ਪਰਿਵਾਰ ਬਹੁਤ ਅਮੀਰ ਹੈ। ੧੨-੧੪ ਹਜ਼ਾਰ ਰੁਪਏ ਦੀ ਤਾਂ ਇਨ੍ਹਾਂ ਦਾ ਬਾਬਾ ਅਫੀਮ ਹੀ ਖਾ ਜਾਂਦਾ ਹੈ । ਇਸ ਪ੍ਰਕਾਰ ਨਸ਼ਿਆਂ ਨੂੰ ਪਰਿਵਾਰਕ ਤੇ ਸਮਾਜਿਕ ਤੌਰ ‘ਤੇ ਪ੍ਰਵਾਨਿਤ ਕਰਦੇ ਅਸੀਂ ਖ਼ੁਦ ਹੀ ਜਵਾਨੀ ਨੂੰ ਨਸ਼ਿਆਂ ਦੇ ਲੜ ਲਾ ਰਹੇ ਹਾਂ।

ਮਾਂ-ਬਾਪ ਦੀ ਅਣਗਹਿਲੀ ਅਤੇ ਬੇਮੁਹਾਰ ਖੁੱਲ੍ਹਾਂ:-

ਹਰ ਮਾਂ-ਬਾਪ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰਵਾ ਸਕਣ ਤਾਂ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖੂਬਸੂਰਤ ਬਣ ਸਕੇ। ਇਸ ਨਿਸ਼ਾਨੇ ਦੀ ਪੂਰਤੀ ਲਈ ਮਾਂ-ਬਾਪ ਬਹੁਤ ਮਿਹਨਤ ਕਰਦੇ ਹਨ ਅਤੇ ਆਪਣੇ ਕਿੱਤੇ ਵਿਚ ਬਹੁਤ ਜ਼ਿਆਦਾ ਰੁਝ ਜਾਂਦੇ ਹਨ। ਆਪਣੇ ਬੱਚਿਆਂ ਨਾਲ ਉਹ ਕੁਆਲਿਟੀ ਟਾਈਮ ਨਹੀਂ ਬਿਤਾਉਂਦੇ। ਕੇਸ ਹਿਸਟਰੀ ਲੈਦਿਆਂ ਮੈਂ ਬਹੁਤ ਵਾਰ ਨਸ਼ਿਆਂ ਵਿਚ ਡੁੱਬੇ ਨੌਜਵਾਨਾਂ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਘਰ ਦੇ ਸਾਨੂੰ ਪੜਾਈ ਦੇ ਨਾਂ ਥੱਲੇ ਜਿੰਨੇ ਪੈਸੇ ਮੰਗੋ ਦੇ ਦਿੰਦੇ ਸਨ ਤੇ ਕਦੇ ਹਿਸਾਬ ਨਹੀਂ ਸਨ ਪੁੱਛਦੇ। ਇਸ ਪ੍ਰਕਾਰ ਖੁੱਲ੍ਹੇ ਪੈਸੇ ਦਾ ਹੋਣਾ, ਵਾਧੂ ਸਮੇਂ ਦਾ ਹੋਣਾ ਅਤੇ ਕੋਈ ਰੋਕ-ਟੋਕ ਨਾ ਹੋਣੀ, ਜਵਾਨੀ ਨੂੰ ਕੁਰਾਹੇ ਪਾਉਣ ਵਿਚ ਸਹਾਈ ਹੁੰਦੀ ਹੈ। ਬਹੁਤੀ ਵਾਰੀ ਤਾਂ ਜਦੋਂ ਕੋਈ ਕਿਸੇ ਮਾਂ-ਬਾਪ ਦੇ ਧਿਆਨ ਵਿਚ ਲਿਆਉਂਦਾ ਹੈ ਕਿ ਤੁਹਾਡਾ ਬੱਚਾ ਗ਼ਲਤ ਸੰਗਤ ਵਿਚ ਹੈ ਜਾਂ ਨਸ਼ੇ ਲੈਂਦਾ ਹੈ ਤਾਂ ਮਾਂ-ਬਾਪ ਇਸ ਹਕੀਕਤ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹੁੰਦੇ ਹਨ। ਇਥੋਂ ਤੱਕ ਕਿ ਕਈ ਵਾਰ ਤਾਂ ਸਾਰੇ ਸਮਾਜ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਨੌਜਵਾਨ ਨਸ਼ਿਆਂ ਵੱਲ ਜਾ ਰਿਹਾ ਹੈ ਪਰ ਮਾਂ-ਬਾਪ ਇਨਕਾਰ ਕਰਦੇ ਰਹਿੰਦੇ ਹਨ। ਫਿਰ ਜਦੋਂ ਮਾਂ-ਬਾਪ ਆਖ਼ਰ ਵਿਚ ਮਜ਼ਬੂਰੀ ਵੱਸ ਮੰਨਦੇ ਹਨ ਕਿ ਉਨ੍ਹਾਂ ਦਾ ਬੱਚਾ ਗ਼ਲਤ ਰਸਤੇ ਉੱਤੇ ਪੈ ਗਿਆ ਹੈ ਤਾਂ ਉਦੋਂ ਤੱਕ ਹਾਲਤ ਪੇਚੀਦਾ ਹੋ ਚੁੱਕੀ ਹੁੰਦੀ ਹੈ। ਜਿਸ ਸਮੱਸਿਆ ਨੂੰ ਥੋੜੀ ਜਿਹੀ ਪ੍ਰਫੈਸ਼ਨਲ ਹੈਲਪ ਅਤੇ ਕੌਂਸਲਿੰਗ ਨਾਲ ਹੱਲ ਕੀਤਾ ਜਾ ਸਕਦਾ ਸੀ, ਉਹ ਬਹੁਤ ਅੱਗੇ ਵੱਧ ਜਾਂਦੀ ਹੈ।

ਮੀਡੀਆ, ਫਿਲਮ ਸਨਅਤ ਅਤੇ ਪੋਪ ਕਲਚਰ :-

ਮੀਡੀਆ ਇਸ ਸਮੱਸਿਆ

ਨੂੰ ਜਾਣੇ-ਅਣਜਾਣੇ ਗੁੰਝਲਦਾਰ ਬਣਾਉਣ ਵਿਚ ਆਪਣੀ ਭੂਮਿਕਾ ਨਿਭਾਅ ਰਿਹਾ
ਹੈ। ਸਿਰਫ਼ ਵਿੱਤੀ ਲਾਭ ਲਈ ਤੰਬਾਕੂ ਅਤੇ ਸ਼ਰਾਬ ਦੇ ਵਿਗਿਆਪਨ ਮੀਡੀਆ ਦੀਆਂ ਸੁਰਖੀਆਂ ਬਣਦੇ ਹਨ। ਫਿਲਮ ਸਨਅਤ, ਜਨ ਸ਼ਕਤੀ ਦੀ ਮਦਦ ਨਾਲ ਅਰਬਾਂ ਰੁਪਏ ਦਾ ਵਪਾਰ ਤਾਂ ਚਲਾਉਂਦੀ ਹੈ ਪਰ ਉਸੇ ਜਨਤਾ ਪ੍ਰਤੀ ਆਪਣਾ ਫਰਜ਼ ਪਹਿਚਾਨਣ ਤੋਂ ਇਨਕਾਰੀ ਹੈ। ਇੱਕ ਐਕਟਰ ਦਾ ਕੇਂਦਰੀ ਸਿਹਤ ਮੰਤਰੀ ਦੇ ਬਿਆਨ ਦੇ ਵਿਰੋਧ ਵਿਚ ਇਹ ਐਲਾਨ ਕਿ ਉਹ ਪਰਦੇ ਉੱਤੇ ਜਾਂ ਜਨਤਕ ਥਾਵਾਂ ਉੱਤੇ ਸਿਗਰਟ ਪੀਣ ਲਈ ਅਜ਼ਾਦ ਹੈ, ਇਹ ਉਸ ਦੀ ਦੀਵਾਲੀਆ ਸੋਚ ਦਾ ਹੀ ਚਿੰਨ੍ਹ ਹੈ। ਸਾਡੇ ਗਾਇਕ ਅਤੇ ਕਲਾਕਾਰ ਵੀ ਡਰੱਗ ਕਲਚਰ ਨੂੰ ਪ੍ਰਮੋਟ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਸ਼ਰਾਬ ਅਤੇ ਹਿੰਸਾ ਨੂੰ ਸਮਰਪਿਤ ਨਿਤ ਰੋਜ਼ ਨਵੇਂ ਗੀਤ ਰਿਲੀਜ਼ ਹੋ ਰਹੇ ਹਨ।

ਸਮਾਜ ਵਿਚ ਪਛਾਣ ਦਾ
ਸੰਕਟ :-

ਜਦੋਂ ਮਨੁੱਖ ਦੀਆਂ ਬੁਨਿਆਦੀ ਲੋੜਾਂ,

ਕੁੱਲੀ, ਗੁੱਲੀ ਤੇ ਜੁੱਲੀ ਅਸਾਨੀ ਨਾਲ ਪੂਰੀਆਂ ਹੋ ਜਾਂਦੀਆਂ ਹਨ ਤਾਂ ਮਨੁੱਖੀ ਮਨ ਸੁਭਾਵਿਕ ਤੌਰ ‘ਤੇ ਇਸ ਤੋਂ ਅੱਗੇ ਦਾ ਸਫ਼ਰ ਸ਼ੁਰੂ ਕਰਨਾ ਲੋਚਦਾ ਹੈ। ਮਨੁੱਖੀ ਵਿਸ਼ਵਾਸ ਬੜੇ ਸ਼ਕਤੀਸ਼ਾਲੀ ਹੁੰਦੇ ਹਨ। ਇਹ ਮਨੁੱਖ ਦੇ ਹਰ ਫੈਸਲੇ ਨੂੰ ਪ੍ਰਭਾਵਿਤ ਕਰਦੇ ਹਨ। ਓਪਰੇ ਰੂਪ ਵਿਚ ਇਹ ਪੰਜਾਬੀ ਮਨੁੱਖ ਦੀ ਬੌਧਿਕ ਕਚਿਆਈ ਹੀ ਹੈ ਕਿ ਬੁਨਿਆਦੀ ਲੋੜਾਂ ਤੋਂ ਅੱਗੇ ਦੇ ਸਫ਼ਰ ਵਿਚ ਇਹ ਇਕ ਤਰ੍ਹਾਂ ਨਾਲ ਗੁਆਚ ਜਿਹਾ ਗਿਆ ਹੈ। ਇਹੀ ਕਾਰਨ ਹੈ ਕਿ ਉਹ ਆਪਣੀ ਪਛਾਣ ਦੀ ਸਿਰਜਣਾ ਲੋਕ ਵਿਖਾਵੇ ਵਾਲੇ ਫੁਕਰੇਪਣ, ਨਿਤ ਦਿਨ ਸ਼ਰਾਬ ਦੀਆਂ ਪਾਰਟੀਆਂ, ਬਹੁਤ ਵੱਡੇ ਘਰ ਬਣਾ ਕੇ ਜਾਂ ਮਹਿੰਗੀਆਂ ਗੱਡੀਆਂ ਖਰੀਦ ਕੇ ਕਰਨ ਲਈ ਲਾਚਾਰ ਹੈ। ਅੱਧਖੜ ਪੀੜੀ ਦੀ ਇਹ ਤਰਸਯੋਗ ਹਾਲਤ ਨਾ ਤਾਂ ਨੌਜਵਾਨ ਪੀੜੀ ਨੂੰ ਪੜਾਈ ਲਿਖਾਈ ਵੱਲ ਹੀ ਪ੍ਰੇਰਿਤ ਕਰ ਸਕਦੀ ਹੈ ਅਤੇ ਨਾ ਹੀ ਨਸ਼ਿਆਂ ਤੋਂ ਦੂਰ ਰੱਖ ਸਕਦੀ ਹੈ।

ਸਹੀ ਰੋਲ ਮਾਡਲਾਂ ਦੀ ਅਣਹੋਂਦ:-

ਅੱਜ ਜ਼ਮਾਨਾ ਨਹੀਂ ਰਿਹਾ ਜਦੋਂ ਬੱਚਿਆਂ ਨੂੰ ਜੋ ਕਿਹਾ ਜਾਂਦਾ ਸੀ, ਉਹ ਉਹੀ ਕਰਦੇ ਸਨ। ਅੱਜ ਦੇ ਸਮੇਂ ਵਿਚ ਕਹਿੰਦੇ ਹਨ ਕਿ ਤੁਸੀਂ ਕਹੋ ਜੋ ਮਰਜ਼ੀ, ਅਸੀਂ ਉਹੋ ਕੁਝ ਕਰਾਂਗੇ ਜੋ ਤੁਸੀਂ ਕਰਦੇ ਹੋ। ਜਵਾਨ ਹੋ ਰਹੇ ਬੱਚੇ ਆਪਣੇ ਮਾਪਿਆਂ, ਅਧਿਆਪਕਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਦੇ ਵਿਚਾਰ ਸੁਣਦੇ ਹਨ, ਜੋ ਕਹਿੰਦੇ ਕੁਝ ਹੋਰ ਹਨ ਤੇ ਕਰਦੇ ਕੁਝ ਹੋਰ।

ਉਹ ਬੱਚਿਆਂ ਨੂੰ ਈਮਾਨਦਾਰੀ, ਸੱਚਾਈ, ਭਾਈਚਾਰਕ ਸਾਂਝ, ਨਿਮਰਤਾ, ਕਿਰਤ ਕਰਨ ਅਤੇ ਅਨੁਸ਼ਾਸਨ ਵਿਚ ਰਹਿਣ ਦੀ ਸਿੱਖਿਆ ਦਿੰਦੇ ਹਨ ਪਰ ਉਨ੍ਹਾਂ ਦੇ ਆਪਣੇ ਜੀਵਨ ਬੇਈਮਾਨੀ, ਧੋਖੇ, ਨਫਰਤ, ਹਉਮੈ ਅਤੇ ਅਨੁਸ਼ਾਸਨਹੀਣਤਾ ਨਾਲ ਭਰੇ ਹੋਏ ਹਨ। ਉਹ ਆਪਣੀ ਹਉਮੈ ਦਾ ਪ੍ਰਗਟਾਵਾ ਕਰਨ ਲਈ ਸਮਾਜਿਕ ਸਮਾਗਮਾਂ ਅਤੇ ਪਾਰਟੀਆਂ ਵਿਚ ਸ਼ਰਾਬ, ਸਿਗਰਟ ਅਤੇ ਹੋਰ ਨਸ਼ੇ ਵੀ ਵਰਤਾਉਂਦੇ ਹਨ, ਅਸੱਭਿਅਕ
ਭਾਸ਼ਾ ਬੋਲਦੇ ਹਨ। ਕੀ ਕਿਸੇ ਨੂੰ ਇਸ ਗੱਲ ਦੀ ਰੱਤੀ ਭਰ ਵੀ ਚਿੰਤਾ ਹੈ ਕਿ ਨੌਜਵਾਨ ਪੀੜ੍ਹੀ ਇਸ ਤੋਂ ਕਿਹੋ ਜਿਹਾ ਪ੍ਰਭਾਵ ਕਬੂਲਦੀ ਹੈ ਅਤੇ ਇਸ ਸਾਰੇ ਕੁਝ ਦਾ ਪ੍ਰਗਟਾਵਾ ਆਪਣੇ ਜੀਵਨ ਵਿਚ ਕਿਸ ਤਰ੍ਹਾਂ ਕਰੇਗੀ।

ਨਸ਼ੇ ਫੈਲਾਉਣ ਵਿਚ ਪ੍ਰਵਾਸੀ ਭਾਰਤੀਆਂ ਦਾ ਰੋਲ :-

ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਜਦੋਂ ਪੰਜਾਬ ਆਉਂਦੇ ਹਨ ਤਾਂ ਆਪਣੇ ਆਪਣੇ ਢੰਗ ਨਾਲ ਪੰਜਾਬੀ ਨਾਲ ਆਪਣੀ ਸਾਂਝ ਅਤੇ ਆਪਣੀ ਵਿਦੇਸ਼ੀ ਰੰਗ ਵਿਚ ਰੰਗੀ ਹੋਂਦ ਦਾ ਪ੍ਰਗਟਾਵਾ ਕਰਦੇ ਹਨ। ਕੁਝ ਪ੍ਰਵਾਸੀ ਪਰਿਵਾਰ ਜਦੋਂ ਦੋ-ਚਾਰ ਹਫ਼ਤਿਆਂ ਲਈ ਪੰਜਾਬ ਰਹਿੰਦੇ ਹਨ ਤਾਂ ਉਨ੍ਹਾਂ ਦਿਨਾਂ ਵਿਚ ਰੋਜ਼ ਮਹਿਫਲਾਂ ਸੱਜਦੀਆਂ ਹਨ ਅਤੇ ਦੇਸੀ-ਵਿਦੇਸ਼ੀ ਸ਼ਰਾਬ ਅਤੇ ਕਈ ਪ੍ਰਕਾਰ ਦੇ ਹੋਰ ਨਸ਼ੇ ਵਰਤਦੇ ਹਨ। ਇਹ ਆਪਣਾ ਮੌਜ-ਮੇਲਾ ਕਰਕੇ ਵਾਪਸ ਚਲੇ ਜਾਂਦੇ ਹਨ ਪਰ ਸਾਡੇ ਕਈ ਨੌਜਵਾਨਾਂ ਨੂੰ ਨਸ਼ਿਆਂ ਦੀ ਚੇਟਕ ਲਾ ਜਾਂਦੇ ਹਨ।

ਜੁਆਨੀ ਕੋਲ ਆਪਣੇ ਨਿਸ਼ਾਨਿਆਂ ਦਾ ਨਾ ਹੋਣਾ :-

ਇਹ ਵੀ ਇਕ ਦੁਖਾਂਤ

ਹੈ ਕਿ ਅੱਜ ਪੰਜਾਬ ਦੇ ਲੋਕਾਂ ਕੋਲ ਆਮ ਤੌਰ ਉੱਤੇ ਜਵਾਨੀ ਕੋਲ ਖਾਸ ਤੌਰ ‘ਤੇ ਕਿਸੇ ਨਿਸ਼ਚਿਤ ਅਤੇ ਸਾਰਥਿਕ ਨਿਸ਼ਾਨਿਆਂ ਦੀ ਅਣਹੋਂਦ ਹੈ। ਮਨੋਵਿਗਿਆਨੀ ਕਹਿੰਦੇ ਹਨ ਕਿ ਜਿਸ ਵਿਅਕਤੀ ਕੋਲ ਜੀਵਨ ਦਾ ਕੋਈ ਮਨੋਰਥ ਨਹੀਂ, ਉਹ ਮਾਨਸਿਕ ਤੌਰ ‘ਤੇ ਤੰਦਰੁਸਤ ਨਹੀਂ। ਇਸ ਤਰ੍ਹਾਂ ਨਿਸ਼ਾਨਿਆਂ ਤੋਂ ਸੱਖਣੀ ਜਵਾਨੀ ਨੂੰ ਕੋਈ ਵੀ ਮਾੜੀ ਸੋਚ ਵਾਲਾ ਵਿਅਕਤੀ ਉਧਾਲ ਸਕਦਾ ਹੈ।

ਕਾਮੁਕ ਸ਼ਕਤੀ ‘ਤੇ ਨਸ਼ਿਆਂ ਦਾ ਅਸਰ :-

ਸਾਡੇ ਲੋਕਾਂ ਵਿਚ ਵਿਸ਼ੇਸ਼ ਕਰਕੇ

ਨੌਜਵਾਨਾਂ ਵਿਚ ਇਸ ਕਿਸਮ ਦੇ ਭੁਲੇਖੇ ਹਨ ਕਿ ਨਸ਼ੇ ਲੈਣ ਨਾਲ ਵਿਅਕਤੀ ਦੀ ਕਾਮੁਕ ਸ਼ਕਤੀ ਵੱਧ ਜਾਂਦੀ ਹੈ। ਇਹ ਬਿਲਕੁਲ ਹੀ ਨਿਰਆਧਾਰ ਗੱਲ ਹੈ। ਅਸਲੀ ਤੱਥ ਇਹ ਹੈ ਕਿ ਨਸ਼ੇ ਲੈਣ ਨਾਲ ਬੰਦੇ ਦੀ ਕਾਮੁਕ ਤਾਕਤ ਕਮਜ਼ੋਰ ਹੁੰਦੀ ਹੈ ਅਤੇ ਇਥੋਂ ਤੱਕ ਕਿ ਸ਼ਰਾਬ ਜਿਹੇ ਨਸ਼ੇ ਤਾਂ ਬੰਦੇ ਨੂੰ ਨਿਪੁੰਸਕ ਬਣਾ ਦਿੰਦੇ ਹਨ।

ਨਸ਼ਿਆਂ ਨੂੰ ਰੋਕਣ, ਜਾਗਰੂਕਤਾ ਫੈਲਾਉਣ ਅਤੇ ਇਲਾਜ ਦੇ ਖੇਤਰ ਵਿਚ

ਸਰਕਾਰੀ ਸੰਸਥਾਵਾਂ ਦੀ ਘਾਟ :-

ਨਸ਼ਿਆਂ ਦੇ ਪਸਾਰੇ ਨੂੰ ਰੋਕਣ ਲਈ ਦੋ-ਤਰਫੀ ਲੜਾਈ ਲੜਨ ਦੀ ਲੋੜ ਹੈ। ਇਕ ਪਾਸੇ ਤਾਂ ਵੱਡੀ ਪੱਧਰ ਉੱਤੇ ਜਾਗਰੂਕਤਾ ਮੁਹਿੰਮ ਚਲਾਏ ਜਾਣ ਦੀ ਲੋੜ ਹੈ ਤਾਂ ਕਿ ਜਵਾਨ ਹੋ ਰਹੀ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚ ਪੈਣ ਤੋਂ ਰੋਕਿਆ ਜਾ ਸਕੇ ਅਤੇ ਦੂਜੇ ਪਾਸੇ ਉਹ ਲੋਕ ਜੋ ਇਸ ਬੀਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ ਉਨ੍ਹਾਂ ਨੂੰ ਵਿਗਿਆਨਕ ਤਰੀਕੇ ਨਾਲ ਇਸ ਦਲਦਲ ਵਿਚੋਂ ਕੱਢਿਆ ਜਾਵੇ ਅਤੇ ਮੁੜ ਵਸੇਬੇ ਦੇ ਰਾਹ ਪਾਇਆ ਜਾਵੇ। ਇਸ ਦੋ ਪਾਸੜ ਲੜਾਈ ਵਿਚ ਸਮਾਜਿਕ ਅਤੇ ਸਰਕਾਰੀ ਸੰਗਠਨਾਂ ਦੀ ਘਾਟ ਇਸ ਸਮੱਸਿਆ ਨੂੰ ਬਹੁਤ ਹੀ ਗੁੰਝਲਦਾਰ ਬਣਾ ਰਹੀ ਹੈ।

ਕੀ ਕੀਤਾ ਜਾਣਾ ਚਾਹੀਦਾ ਹੈ ? :-

ਭਾਵੇਂ ਕਿ ਇਹ ਸਮੱਸਿਆ ਬੜੀ ਘਾਤਕ ਅਤੇ ਗੁੰਝਲਦਾਰ ਹੈ ਪਰ ਇਸ ਦਾ ਹੱਲ ਏਨਾ ਪੇਚੀਦਾ ਨਹੀਂ। ਲੋੜ ਸਿਰਫ ਸਬੰਧਤ ਧਿਰਾਂ ਨੂੰ ਆਪਣੇ ਫਰਜ਼ ਪਹਿਚਾਨਣ ਤੇ ਨਿਭਾਉਣ ਦੀ ਹੈ। ਇੱਛਾ ਸ਼ਕਤੀ ਇਸ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ, ਲੋੜ ਹੈ ਕਿ ਵਿੱਦਿਅਕ ਅਦਾਰਿਆਂ ਵਿਚ ਨਸ਼ਿਆਂ ਦੇ ਪ੍ਰਭਾਵ ਬਾਰੇ ਸੈਮੀਨਾਰ ਕਰਵਾਏ ਜਾਣ। ਵਿਦਿਆਰਥੀਆਂ ਨੂੰ ਨਸ਼ਿਆਂ ਨਾਲ ਸੰਬੰਧਤ ਵੱਖ-ਵੱਖ ਪਹਿਲੂਆਂ ਉੱਤੇ ਗੋਸ਼ਟੀ ਵਿਚ ਸ਼ਾਮਿਲ ਕੀਤਾ ਜਾਵੇ। ਨੌਜਵਾਨ ਪੀੜੀ ਨੂੰ ਖੁੱਲ੍ਹ ਕੇ ਆਪਣੀ ਗੱਲ ਕਹਿਣ ਲਈ ਢੁਕਵਾਂ ਮੌਕਾ ਪ੍ਰਦਾਨ ਕੀਤਾ ਜਾਵੇ। ਮਾਂ-ਬਾਪ ਨੂੰ ਆਪਣੇ ਫਰਜ਼ ਪਹਿਚਾਨਣ ਤੇ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ। ਮਾਂ-ਬਾਪ ਦਾ ਬੱਚਿਆਂ ਨਾਲ ਸਿੱਧਾ ਸੰਪਰਕ ਨਾ ਹੋਣਾ ਬੜੀ ਖ਼ਤਰਨਾਕ ਗੱਲ ਹੈ।

ਮਾਪਿਆਂ ਨੂੰ ਸਮਝਣ ਦੀ ਲੋੜ ਹੈ ਕਿ ਸਿਰਫ਼ ਬੱਚਿਆਂ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨਾ ਹੀ ਉਨ੍ਹਾਂ ਦਾ ਫਰਜ਼ ਨਹੀਂ, ਬੱਚਿਆਂ ਨਾਲ ਰਲ ਮਿਲ ਕੇ ਸਮਾਂ ਬਿਤਾਉਣਾ ਚਾਹੀਦਾ ਹੈ। ਇਸ ਦਾ ਕੋਈ ਹੋਰ ਬਦਲ ਨਹੀਂ ਹੈ। ਕਈ ਵਾਰ ਮਾਂ-ਬਾਪ ਨੂੰ ਸਖ਼ਤ ਪਿਆਰ ਵਿਖਾਉਣ ਦੀ ਲੋੜ ਹੁੰਦੀ ਹੈ। ਜਦੋਂ ਹੀ ਮਾਂ-ਬਾਪ ਨੂੰ ਆਪਣੇ ਬੱਚੇ ਬਾਰੇ ਪਹਿਲੀ ਸੂਚਨਾ ਮਿਲੇ ਕਿ ਕੁਝ ਗਲਤ ਹੋ ਰਿਹਾ ਹੈ ਤਾਂ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਨੀ ਚਾਹੀਦੀ, ਸਗੋਂ ਮਾਹਿਰਾਂ ਦੀ ਸਹਾਇਤਾ ਨਾਲ ਵਿਗੜੀ ਹਾਲਤ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਅੱਜ ਸਾਰੇ ਮਾਪਿਆਂ ਨੂੰ ਆਪਣੀ ਜੀਵਨ ਜਾਚ ਦੀ ਵੀ ਨਜ਼ਰਸਾਨੀ ਕਰਨੀ ਚਾਹੀਦੀ ਹੈ। ਇਹ ਸੰਭਵ ਨਹੀਂ ਕਿ ਹਰ ਖੁਸ਼ੀ ਗਮੀ ਦਾ ਇਜ਼ਹਾਰ ਸ਼ਰਾਬ ਵਰਗੇ ਨਸ਼ਿਆਂ ਦੀਆਂ ਪਾਰਟੀਆਂ ਸਜਾ ਕੇ ਕਰੀਏ ਤੇ ਉਮੀਦ ਵੀ ਕਰੀਏ ਕਿ ਨੌਜਵਾਨ ਪੀੜ੍ਹੀ ਇਸ ਤੋਂ ਅਭਿੱਜ ਰਹੇਗੀ। ਸਾਨੂੰ ਪੰਜਾਬੀਆਂ ਨੂੰ ਆਪਣੀ ਜੀਵਨ ਜਾਚ ਵਿਚ ਸਹਿਜ ਅਤੇ ਸਲੀਕਾ ਲਿਆਉਣ ਦੀ ਲੋੜ ਹੈ। ਅਸੀਂ ਵਿਖਾਵੇ ਵਿਚ ਬਹੁਤ ਫਸਦੇ ਹਾਂ। ਇਕ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿਚ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ। ਮਾਪਿਆਂ ਤੋਂ ਬਾਅਦ ਅਸਲ ਵਿਚ ਉਸੇ ਦੀ ਭੂਮਿਕਾ ਹੁੰਦੀ ਹੈ ਪਰ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਉਸ ਦਾ ਜੀਵਨ ਪਾਰਦਰਸ਼ੀ ਹੋਵੇ। ਸਮਾਜਿਕ ਜਥੇਬੰਦੀਆਂ ਨੂੰ ਵਿਉਂਤਬੰਦ ਤਰੀਕੇ ਨਾਲ ਇਸ ਮਸਲੇ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ।

-ਡਾ. ਪਵਿੱਤਰ ਸਿੰਘ