views 28 secs 0 comments

ਨਸ਼ਿਆਂ ਦੀ ਬੁਨਿਆਦ ਦੇ ਦਿਨ

ਲੇਖ
April 28, 2026

ਦਵਾਈਆਂ ਦੀ ਭਾਲ ਅਤੇ ਕਾਢ ਨੇ ਮਨੁੱਖੀ ਜ਼ਿੰਦਗੀ ਵਿਚੋਂ ਦਰਦ ਨੂੰ ਬਾਹਰ ਕੱਢ ਸੁੱਟਣ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦਵਾਈਆਂ ਦਾ ਕੇਂਦਰੀ ਨੁਕਤਾ ਲੋਕਾਂ ਨੂੰ ਦਰਦ ਤੋਂ ਰਾਹਤ ਪਹੁੰਚਾਉਣਾ ਹੈ ਤੇ ਦਰਦ ਇਕ ਅਜਿਹਾ ਲੱਛਣ ਹੈ ਜੋ ਵਿਅਕਤੀ ਦੀ ਅਸੁਖਾਵੀਂ ਜ਼ਿੰਦਗੀ ਨੂੰ ਤਹਿ ‘ਤੇ ਲਿਆਉਂਦਾ ਹੈ ਤੇ ਵਿਅਕਤੀ ਨੂੰ ਇਸ ਦਰਦ-ਨਿਪਟਾਰੇ ਲਈ ਕੋਈ ਕਦਮ ਪੁੱਟਣ ਲਈ ਪ੍ਰੇਰਦਾ ਹੈ।

ਦਵਾਈਆਂ ਦੇ ਇਕ ਵਰਗ ਵਿਚ ਨਸ਼ੀਲੀਆਂ ਦਵਾਈਆਂ ਦਾ ਵਿਸ਼ੇਸ਼ ਵਰਗ ਹੈ ਜੋ ਕਿ ਮੁੱਖ ਤੌਰ ‘ਤੇ ‘ਦਰਦ-ਨਿਵਾਰਕ ਹੋਣ ਦੇ ਨਾਲ-ਨਾਲ ਸਰੀਰ ‘ਤੇ ਅਜਿਹਾ ਪ੍ਰਭਾਵ ਛੱਡਦਾ ਹੈ ਕਿ ਵਿਅਕਤੀ ਉਨ੍ਹਾਂ ਨੂੰ ਦੁਬਾਰਾ-ਦੁਬਾਰਾ ਲੈਣ ਲਈ ਲਪਕਦਾ ਹੈ। ਨਸ਼ੀਲੀਆਂ ਦਵਾਈਆਂ ਬਾਰੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਹ ਦਵਾਈਆਂ, ਜਿਨ੍ਹਾਂ ਨੂੰ ਡਾਕਟਰ ਨਹੀਂ ਲਿਖ ਕੇ ਦਿੰਦਾ, ਵਿਅਕਤੀ ਖ਼ੁਦ ਹੀ ਕੈਮਿਸਟ ਕੋਲ ਲੈਣ ਜਾਂਦਾ ਹੈ। ਉਸ ਵਿਅਕਤੀ ਨੂੰ ਦਵਾਈ ਲੈਣ ਦੀ ਲੋੜ ਕਿਸੇ ਵਿਸ਼ੇਸ਼ ਬੀਮਾਰੀ ਦੇ ਇਲਾਜ ਲਈ ਨਹੀਂ, ਸਗੋਂ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਲਈ ਪੈਂਦੀ ਹੈ। ਇਹ ਆਦਤ ਏਨੀ ਵੱਧ ਜਾਂਦੀ ਹੈ ਕਿ ਆਰਥਿਕ ਤੌਰ ‘ਤੇ ਮੁਸ਼ਕਿਲ ਹੋ ਜਾਂਦੀ ਤੇ ਸਮਾਜਿਕ ਸਬੰਧਾਂ ਵਿਚ ਵਿਗਾੜ ਪੈ ਜਾਂਦਾ ਹੈ। ਜਿਸ ਦਾ ਅੰਤਿਮ ਸਿੱਟਾ ਇਹ ਹੁੰਦਾ ਹੈ ਕਿ ਵਿਅਕਤੀ ਮਾਨਸਿਕ ਤੌਰ ‘ਤੇ ਸੰਤੁਲਨ ਖੋ ਬੈਠਦਾ ਹੈ।

ਉਹ ਕਿਹੜੀ ਪ੍ਰਕ੍ਰਿਆ ਹੈ ਜਿਸ ਦੌਰਾਨ ਇਹ ‘ਦਰਦ-ਨਿਵਾਰਕ ਦਵਾਈਆਂ, ਮਨੁੱਖੀ ਜ਼ਿੰਦਗੀ ਵਿਚੋਂ ਦਰਦ ਨੂੰ ਮਨਫ਼ੀ ਕਰਦੇ-ਕਰਦੇ, ਪੂਰੀ ਜ਼ਿੰਦਗੀ ਨੂੰ ਸਗੋਂ ਦਰਦ ਨਾਲ ਭਰ ਦਿੰਦੀਆਂ ਹਨ ਅਤੇ ਇਸ ਦਰਦ ਦਾ ਪਰਛਾਵਾਂ ਪਰਿਵਾਰ, ਸਮਾਜ ਅਤੇ ਦੇਸ਼ ਉੱਪਰ ਸਪੱਸ਼ਟ ਨਜ਼ਰ ਆਉਣ ਲੱਗ ਪੈਂਦਾ ਹੈ।

ਜੇਕਰ ਅਸੀਂ ਮਨੁੱਖੀ ਵਿਕਾਸ ਦੇ ਉਮਰਾਂ ਨਾਲ ਜੁੜੇ ਵਰਤਾਰੇ ਵੱਲ ਝਾਤੀ ਮਾਰੀਏ ਤਾਂ ਬੱਚੇ ਦੇ ਆਪਣੇ ਆਲੇ-ਦੁਆਲੇ ਦੇ ਸਮਝਣ ਦੇ ਦਿਨਾਂ (ਤਕਰੀਬਨ ੨ ਸਾਲ) ਦੀ ਉਮਰ ਤੋਂ ਲੈ ਕੇ ਮੁੱਢਲੀ ਕਿਸ਼ੋਰ ਅਵੱਸਥਾ ਦੇ ਦਿਨਾਂ (ਤਕਰੀਬਨ ੧੩-੧੪ ਸਾਲ) ਤੱਕ ਸਾਰੇ ਬੱਚੇ ਹੀ ਨਸ਼ਿਆਂ ਪ੍ਰਤੀ ਨਾਂਹ-ਪੱਖੀ ਵਤੀਰਾ ਰੱਖਦੇ ਹਨ
ਇੱਥੋਂ ਤੱਕ ਕਿ ਬਹੁਤਿਆਂ ਦਾ ਸੁਭਾਅ ਨਸ਼ਿਆਂ ਪ੍ਰਤੀ ਨਫ਼ਰਤ ਵਾਲਾ ਹੁੰਦਾ ਹੈ। ਭਾਵੇਂ ਉਹ ਬੱਚੇ ਉਨ੍ਹਾਂ ਪਰਿਵਾਰਾਂ ਦੇ ਹੀ ਕਿਉਂ ਨਾ ਹੋਣ ਜਿਥੇ ਘਰ ਵਿਚ ਪਿਉ ਅਤੇ ਹੋਰ ਰਿਸ਼ਤੇਦਾਰ ਰੋਜ਼ਾਨਾਂ ਸ਼ਰਾਬ ਆਦਿ ਪੀਂਦੇ ਹੋਣ।

ਫਿਰ ਇਹ ਵਰਤਾਰਾ ਕਿਉਂ ਵਾਪਰਦਾ ਹੈ? ਕਿਉਂਕਿ ਉਹ ਬੱਚੇ ਜੋ ਕਦੇ ਨਸ਼ਿਆਂ ਤੋਂ ਨਫ਼ਰਤ ਕਰਦੇ ਹਨ, ਖ਼ੁਦ ਹੀ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ।

ਇਸ ਸਥਿਤੀ ਨੂੰ ਜਾਨਣ ਲਈ, ਇਕ ਸਰਵੇਖਣ ਦਾ ਹਵਾਲਾ ਦੇਣਾ ਚਾਹਾਂਗਾ-ਇਸ ਸਰਵੇਖਣ ਵਿਚ, ਸ਼ਰਾਬ ਪੀਣ ਵਾਲੇ ਲੋਕਾਂ ਵਿਚ (ਇਹ ਨਸ਼ਾ ਜੋ ਕਿ ਸਮਾਜਿਕ ਤੌਰ ‘ਤੇ ਪ੍ਰਵਾਣਿਤ ਨਸ਼ਾ ਹੈ) ਬਾਰੇ ਇਕ ਸਵਾਲ ਇਹ ਪੁੱਛਿਆ ਗਿਆ ਕਿ ਉਹ ਸ਼ਰਾਬ ਕਿਉਂ ਪੀਂਦੇ ਹਨ ? ਕੀ ਕਾਰਨ ਹੈ?

ਉਸ ਸਰਵੇਖਣ ਦੇ ਜੁਆਬ, ਕੁਝ ਇਸ ਤਰ੍ਹਾਂ ਸਨ :-

ਸ਼ਰਾਬ ਖੁਸ਼ੀ ਪ੍ਰਗਟਾਉਣ ਦਾ ਸਭ ਤੋਂ ਵਧੀਆ ਢੰਗ ਹੈ, ਕਈ ਵਾਰੀ ਮਸਤੀ ਵਿਚ ਆਉਣ ਨੂੰ ਜੀ ਕਰਦਾ ਹੈ, ਇਸ ਨਾਲ ਮੇਰੀਆਂ ਚਿੰਤਾਵਾਂ ਤੇ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ, ਉਹਨਾਂ ਨੂੰ ਭੁੱਲਣ ਵਿਚ ਮੇਰੀ ਮਦਦ ਕਰਦੀ ਹੈ। ਸ਼ਰਾਬ ਨਾਲ ਮੇਰੇ ਸਵੈ-ਭਰੋਸੇ ਵਿਚ ਵਾਧਾ ਹੁੰਦਾ ਹੈ ਤੇ ਮੈਨੂੰ ਆਪਣਾ ਆਪ ਮਜ਼ਬੂਤ ਲੱਗਦਾ ਹੈ; ਮੈਂ ਸ਼ਰਾਬ ਪੀਨਾ, ਜਦੋਂ ਮੈਂ ਤਨਾਉ ਵਿਚ ਹੁੰਦਾ ਹਾਂ; ਮੈਂ ਸ਼ਰਾਬ ਪੀਨਾ, ਕਿਉਂਕਿ ਮੇਰੇ ਕੋਲ ਕੁਝ ਹੁੰਦਾ ਨਹੀਂ ਕਰਨ ਨੂੰ; ਇਸ ਕਰਕੇ ਪੀ ਲਈਦੀ ਹੈ ਕਿ ਚਾਰ ਦੋਸਤ ਮਿਲੇ ਹਾਂ, ਚਲੋ ਪੀ ਲਵੋ।

ਇਹ ਜਵਾਬ ਲਗਭਗ ਸਾਰੇ ਨਸ਼ਿਆਂ ਦੀ ਵਰਤੋਂ ਦੀ ਮਾਨਸਿਕ ਸਥਿਤੀ ਦਰਸਾਉਂਦੇ ਹਨ। ਜੇਕਰ ਇਹਨਾਂ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਆਪਾਂ ਨਸ਼ਈ

ਦੀ ਮਾਨਸਿਕ ਸਥਿਤੀ ਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ :

(ੳ) ਇਕੱਲਤਾ ਦਾ ਅਹਿਸਾਸ, (ਅ) ਸਮੱਸਿਆਵਾਂ ਦਾ ਹੱਲ,

(ੲ) ਆਪਣੇ ਆਪ ‘ਤੇ ਭਰੋਸਾ ਨਾ ਹੋਣਾ, (ਸ) ਮਸਤੀ ਜਾਂ ਖ਼ੁਸ਼ੀ ਵਿਚ ਆਉਣਾ।

ਜੇਕਰ ਇਨ੍ਹਾਂ ਚਾਰੇ ਸਥਿਤੀਆਂ ਦਾ ਇਕ ਕੇਂਦਰ ਬਿੰਦੂ ਲੱਭਣਾ ਹੋਵੇ ਤਾਂ ਉਹ ਹੈ ‘ਦਰਦ ਨਿਵਾਰਨ। ਮਨੁੱਖ ਸਮਾਜਿਕ ਪ੍ਰਾਣੀ ਹੈ ਜੋ ਇਕੱਲਾ ਹੋਣ ‘ਤੇ ਦਰਦ ਮਹਿਸੂਸ ਕਰਦਾ ਹੈ। ਸਮੱਸਿਆਵਾਂ ਵੇਲੇ ਜਾਂ ਉਨ੍ਹਾਂ ਨੂੰ ਨਜਿੱਠਣ ਦਾ ਹੀਆ ਨਾ ਹੋਣਾ ਵੀ ‘ਦਰਦਾ ਦੇਂਦਾ ਹੈ । ਵਿਹਲਾਪਣ, ਕੁਝ ਕਰਨ ਨੂੰ ਨਾ ਹੋਣਾ ਜਾਂ ਕੁਝ ਕਰਨ ਵਿਚ ਖ਼ੁਸ਼ੀ ਨਾ ਹੋਣੀ; ਤਾਂ ਇਨ੍ਹਾਂ ਹਾਲਾਤਾਂ ਵਿਚ ਵਿਅਕਤੀ ‘ਨਸ਼ੇ ਦਾ ਸਹਾਰਾ’ ਲੈ ਕੇ ‘ਵਕਤੀ ਖੁਸ਼ੀ’ ਹਾਸਿਲ ਕਰਦਾ ਹੈ।

ਨਸ਼ੇ ਕਰਨ ਨਾਲ ਵਾਪਰਦਾ ਕੀ ਹੈ ?

ਇਸ ਬਾਰੇ ਜਾਣਕਾਰੀ ਹਾਸਿਲ ਕਰਕੇ ਆਪਾਂ ਗੱਲਾਂ ਨੂੰ ਹੋਰ ਸਪੱਸ਼ਟ ਕਰ ਸਕਦੇ ਹਾਂ।
ਸ਼ਰਾਬ ਦੀ ਉਦਾਹਰਣ ਨਾਲ ਹੀ ਗੱਲ ਕਰਦੇ ਹਾਂ ਕਿ ਦਰਅਸਲ ਨਸ਼ੇ ਸਰੀਰ ਵਿਚ ਪ੍ਰਵੇਸ਼ ਕਰਨ ਮਗਰੋਂ ਕਿਸ ਤਰ੍ਹਾਂ ਦਾ ਅਸਰ ਕਰਦੇ ਹਨ ?

ਸਾਡੇ ਦਿਮਾਗ਼ ਦੇ ਦੋ ਮੁੱਖ ਹਿੱਸੇ ਹਨ। ਸੈਰੀਬਰਮ ਤੇ ਸੈਰੀਬੈਲਮ। ਸੈਰੀਬਰਮ ਕਾਫ਼ੀ ਵੱਡਾ ਹਿੱਸਾ ਹੈ ਜੋ ਕਿ ਮਨੁੱਖ ਦੇ ਵਿਕਾਸ ਨਾਲ ਵਿਕਸਿਤ ਹੋਇਆ ਹੈ। ਇਹ ਮਨੁੱਖੀ ਵਿਵੇਕ, ਅਕਲਮੰਦ, ਤਰਕਸ਼ੀਲਤਾ ਵਾਲਾ ਹਿੱਸਾ ਹੈ। ਮਨੁੱਖ ਦੇ ਅੱਜ ਤੱਕ ਦੇ ਸਾਰੇ ਵਿਕਾਸ ਦਾ ਕਾਰਨ ਇਹੋ ਹੀ ਹੈ। ਦੂਸਰਾ ਹਿੱਸਾ ਸੈਰੀਬੈਲਮ, ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਜਿਵੇਂ ਭੁੱਖ, ਸੈਕਸ ਆਦਿ ਦਾ ਮਾਲਕ ਹੈ। ਵਿਕਾਸ ਦੇ ਦੌਰ ਵਿਚ ਇਹ ਹੌਲੀ-ਹੌਲੀ ਘੱਟ ਹੋਇਆ ਹੈ। ਇਹ ਕੁਦਰਤੀ ਪ੍ਰਵਿਰਤੀਆਂ ਹਨ। ਜਾਨਵਰਾਂ ਵਿਚ ਸਭ ਕੁਝ ਉਹਨਾਂ ਦੇ ਹਾਰਮੋਨਜ਼ ਰਾਹੀਂ ਕੰਟਰੋਲ ਹੁੰਦਾ ਹੈ। ਮਨੁੱਖ ਨੇ ਸਮਾਜ ਨੂੰ ਹੋਂਦ ਵਿਚ ਲਿਆ ਕੇ, ਕੁਝ ਨਿਯਮਾਂ ਨੂੰ ਬਣਾ ਕੇ ਇਕ ਕੰਟਰੋਲ ਸਮਾਜਿਕ ਮਾਹੌਲ ਕੋਲ ਵੀ ਰੱਖਿਆ ਹੈ, ਜੋ ਕਿ ਸਾਡੇ ਰੀਤੀ-ਰਿਵਾਜ਼ ਹਨ।

ਸ਼ਰਾਬ ਪੀਣ ਨਾਲ ਹੁੰਦਾ ਇਹ ਹੈ ਕਿ ਸੈਰੀਬਰਮ ਇਕ ਤਰ੍ਹਾਂ ਨਾਲ ਬੇਹੋਸ਼ ਹੋ ਜਾਂਦਾ ਹੈ। ਮਨੁੱਖ ਦੀ ਵਿਵੇਕ ਸ਼ਕਤੀ ਖ਼ਤਮ ਹੋ ਜਾਂਦੀ ਹੈ। ਇੰਜ ਕਹਿ ਲਵੋ ਕਿ ਅਕਲ ਨੂੰ ਤਾਲਾ ਲੱਗ ਜਾਂਦਾ ਹੈ। ਵਿਵੇਕ ਸ਼ਕਤੀ ਹੀ ਸੈਰੀਬੈਲਮ ਨੂੰ ਕੰਟਰੋਲ ਕਰਦੀ ਹੈ। ਹੁਣ ਇਸ ਸਥਿਤੀ ਵਿਚ ਸੈਰੀਬੈਲਮ ‘ਤੇ ਕੰਟਰੋਲ ਨਹੀਂ ਰਹਿੰਦਾ ਜਾਂ ਕਹਿ ਲਵੋ ਕਿ ਉਹ ਸਮਾਜਿਕ ਰੀਤੀ-ਰਿਵਾਜ਼ਾਂ ਦਾ ਬੰਧਨ ਚੁੱਕਿਆ ਜਾਂਦਾ ਹੈ ਤੇ ਮਨੁੱਖ ਦਾ ਵਿਵਹਾਰ ਲਾਪਰਵਾਹੀ ਵਾਲਾ, ਬੇਪਰਵਾਹੀ ਵਾਲਾ ਹੋ ਜਾਂਦਾ ਹੈ। ਉਸ ਨੂੰ ਸੰਗ ਨਹੀਂ ਰਹਿੰਦੀ (ਸਮਾਜਿਕ ਬੰਧਨ)। ਉਸ ਉੱਪਰ ‘ਪਸ਼ੂ ਪ੍ਰਵਿਰਤੀਆਂ ਹਾਵੀ ਹੋ ਜਾਂਦੀਆਂ ਹਨ।

ਇਸ ਤਰ੍ਹਾਂ ਨਾਲ ਜਦੋਂ ਕੋਈ ਨਸ਼ਾ ਕਰਦਾ ਹੈ ਤਾਂ ਉਸ ਦਾ ਭਰੋਸਾ ਵੱਧ ਜਾਂਦਾ ਹੈ, ਗੱਲ ਕਰਨ ਦੀ ਤਾਕਤ (ਬੋਲਣ ਦੀ-ਨਾ ਕਿ ਤਰਕ ਕਰਨ ਦੀ) ਵੱਧ ਜਾਂਦੀ ਹੈ। ਬੰਧਨ ਨਾ ਰਹਿਣ ਕਾਰਨ ਉਹ ਹਲਕਾ-ਹਲਕਾ ਮਹਿਸੂਸ ਕਰਦਾ ਹੈ।

ਇਸ ਤਰ੍ਹਾਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਸ਼ਰਾਬ ਜਾਂ ਕਿਸੇ ਵੀ ਨਸ਼ੇ ਨਾਲ ਇਕ ਵੱਖਰੀ ਦੁਨੀਆਂ ਬਣਦੀ ਹੈ ਜੋ ਕਿ ਉਸ ਨੂੰ ਰੰਗੀਨ ਲੱਗਦੀ ਹੈ। ਪਰ ਨਸ਼ੇ ਤਾਂ ਆਰਜ਼ੀ ਹੁੰਦੇ ਹਨ ਅਤੇ ਨਸ਼ਈ ਇਕ ਵਾਰ ਉਸ ਦੁਨੀਆਂ ਵਿਚ ਜਾਣ ਮਗਰੋਂ ਫਿਰ ਵਾਪਸ ਨਹੀਂ ਪਰਤਣਾ ਚਾਹੁੰਦਾ ਤੇ ਵਾਰ-ਵਾਰ ਓਧਰ ਰੁਚਿਤ ਹੁੰਦਾ ਹੈ। ਉਸੇ ਮਾਹੌਲ ਦੀ ਲਾਲਸਾ ਕਰਦਾ ਹੋਇਆ, ਉਸ ਵੱਲ ਖਿੱਚਿਆ ਜਾਂਦਾ ਹੈ।

ਦੂਸਰੀ ਗੱਲ ਇਹ ਕਿ ਅਸੀਂ ਇਹ ਵੀ ਸਿੱਟਾ ਕੱਢ ਸਕਦੇ ਹਾਂ ਕਿ ਨਸ਼ਈ ਦੀ ਜ਼ਿੰਦਗੀ ਵਿਚ ਕਿਤੇ ਕੋਈ ਘਾਟ ਹੈ ਜੋ ਕਿ ਉਸ ਦੀ ਜ਼ਿੰਦਗੀ ਨੂੰ ਸੁਖਾਵਾਂ ਨਹੀਂ ਕਰ ਰਹੀ। ਦਰਅਸਲ ਅਚੇਤ ਮਨ ਵਿਚ ਉਹ ਉਸ ਤਰ੍ਹਾਂ ਦੀ ਜ਼ਿੰਦਗੀ (ਖੁਸ਼ੀਆਂ-ਖੇੜਿਆਂ ਵਾਲੀ, ਸਵੈ-ਭਰੋਸੇ ਵਾਲੀ, ਮਸਤੀ ਵਾਲੀ, ਬੰਧਨਾਂ ਤੋਂ ਛੁਟਕਾਰੇ ਵਾਲੀ) ਚਾਹੁੰਦਾ ਹੈ, ਜੋ ਉਸ ਨੇ ਨਸ਼ੇ ਦੇ ਲੋਰ ਵਿਚ ਦੇਖੀ ਜਾਂ ਕੁਝ ਸਮੇਂ ਲਈ ਜੀਵੀ ਹੁੰਦੀ ਹੈ ਜਾਂ ਇਸ ਤਰ੍ਹਾਂ ਕਹੀਏ ਕਿ ਜੇਕਰ ਉਸ ਵਿਅਕਤੀ ਨੂੰ ਅਜਿਹਾ ਰੰਗੀਨ ਮਾਹੌਲ ਮਿਲ ਜਾਵੇ ਤਾਂ ਉਹ ਨਸ਼ਿਆਂ ਵੱਲ ਕਿਉਂ ਜਾਵੇ?

ਹੁਣ ਅਸੀਂ ਵਾਪਸ ਉਸੇ ਗੱਲ ‘ਤੇ ਆਉਂਦੇ ਹਾਂ ਕਿ ਕੋਈ ਨਸ਼ਾ ਕਿਉਂ ਕਰਦਾ ਹੈ ਤੇ ਵਾਰੀ-ਵਾਰੀ ਉਸ ਵੱਲ ਕਿਉਂ ਖਿੱਚਿਆ ਜਾਂਦਾ ਹੈ।

ਇਸ ਦਾ ਵਿਗਿਆਨਕ ਵਿਸ਼ਲੇਸ਼ਣ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ? ਕੋਈ ਵੀ ਬੀਮਾਰੀ ਹੋਣ ਲਈ ਤਿੰਨ ਸਥਿਤੀਆਂ ਦੀ ਲੋੜ ਹੁੰਦੀ ਹੈ।

* ਮਨੁੱਖ (ਜਿਸ ਨੂੰ ਬੀਮਾਰੀ ਹੋਣੀ ਹੈ)।

* ਬੀਮਾਰੀ ਦਾ ਏਜੰਟ (ਜਿਵੇਂ ਜੀਵਾਣੂ, ਵਿਸ਼ਾਣੂ, ਕੋਈ ਰਸਾਇਣਕ ਪਦਾਰਥ-ਜਿਵੇਂ ਵਿਟਾਮਿਨ ਦੀ ਘਾਟ, ਉਸੇ ਤਰ੍ਹਾਂ ਜ਼ਿੰਦਗੀ ਵਿਚ ਪਿਆਰ ਦੀ ਘਾਟ, ਲੋਕਾਂ ਵੱਲੋਂ ਹੌਸਲੇ ਦੀ ਘਾਟ ਵਗੈਰਾ)।

* ਸਾਡਾ ਆਲਾ-ਦੁਆਲਾ (ਪਰਿਵਾਰਕ ਮਾਹੌਲ, ਸਕੂਲ, ਕਾਲਜ, ਕੰਮ ਵਾਲੀ ਥਾਂ, ਰਾਜਨੀਤੀ, ਆਰਥਿਕ ਮਾਹੌਲ, ਸਮਾਜਿਕ ਮਾਹੌਲ ਆਦਿ ।

ਇਸ ਪ੍ਰਕਾਰ ਤਿੰਨਾਂ ਦਾ ਸੁਮੇਲ ਹੀ ਨਸ਼ਿਆਂ ਵੱਲ ਪ੍ਰੇਰਿਤ ਕਰਦਾ ਹੈ ਅਤੇ ਜੇਕਰ ਕਿਸੇ ਤਰ੍ਹਾਂ ਵੀ ਭਵਿੱਖ ਵਿਚ ਨਸ਼ਿਆਂ ਨੂੰ ਖ਼ਤਮ ਕਰਨ ਦੀ ਕੋਈ ਯੋਜਨਾ ਬਨਾਉਣੀ ਹੈ, ਉਸ ਲਈ ਵੀ ਤਿੰਨੇ ਪਹਿਲੂ ਸਮਝਣ ਦੀ ਲੋੜ ਹੈ।

ਮਨੁੱਖ ਦਾ ਵਿਕਾਸ ਵੀ ਸਮਾਜਿਕ ਮਾਹੌਲ ਵਿਚ ਹੁੰਦਾ ਹੈ। ਉਸ ਦਾ ਆਲਾ-ਦੁਆਲਾ ਹੀ ਮਨੁੱਖੀ ਸ਼ਖ਼ਸੀਅਤ ਨੂੰ ਉਸਾਰਦਾ, ਸੰਵਾਰਦਾ, ਨਿਖਾਰਦਾ ਹੈ ਜਾਂ ਇਸ ਦੇ ਉੱਲਟ ਉਸ ਦੀ ਸ਼ਖ਼ਸੀਅਤ ਨੂੰ ਤੋੜ ਦਿੰਦਾ ਹੈ। ਇਸ ਤਰੀਕੇ ਨਾਲ ਨਸ਼ਿਆਂ ਵਿਚ ਡੁੱਬੇ ਸਮਾਜ ਨੂੰ ਸਮਝਣ ਅਤੇ ਸਹੀ ਦਿਸ਼ਾ ਵੱਲ ਲੈ ਜਾਣ ਲਈ ਮਾਹੌਲ ਦਾ ਬਹੁਤ ਵੱਡਾ ਹੱਥ ਹੈ। ਜੇ ਕਿਸੇ ਵਿਅਕਤੀ ਦੀ ਪਰਵਰਿਸ਼ ਚੰਗੇ-ਸਿਹਤਮੰਦ ਮਾਹੌਲ ਵਿਚ ਹੋਈ ਹੋਵੇਗੀ ਤਾਂ ਉਸ ਤਾਕਤਵਰ ਸ਼ਖ਼ਸੀਅਤ ਦੇ ਤਹਿਤ ਉਹ ਕਿਸੇ ਅਣਸੁਖਾਵੇਂ ਵਾਤਾਵਰਣ ਵਿਚ ਉਲਾਰ ਨਹੀਂ ਹੋਵੇਗਾ। ਭਾਵ ਨਸ਼ਿਆਂ ਦਾ ਸਹਾਰਾ ਨਹੀਂ ਲੱਭੇਗਾ। ਇਸ ਤਰ੍ਹਾਂ ਆਲਾ-ਦੁਆਲਾ ਸਾਡਾ ਸਮਾਜ ਨਸ਼ਿਆਂ ਤੋਂ ਬਚਾਅ ਲਈ ਦੋਹਰੀ ਭੂਮਿਕਾ ਅਦਾ ਕਰਦਾ ਹੈ।

ਨਸ਼ੇ ਕਰਨ ਵਾਲੇ ਲੋਕਾਂ ਦੇ ਆਲੇ-ਦੁਆਲੇ ਫੈਲੇ ਕੁਝ ਕੁ ਕਾਰਨਾਂ ਦਾ ਵੇਰਵਾ ਲਈਏ ਤਾਂ ਉਹ ਪ੍ਰਤੱਖ ਰੂਪ ਵਿਚ ਇਸ ਤਰਾਂ ਦੇ ਹਨ : ਟੁੱਟੇ-ਥਿੜਕੇ ਘਰ, ਪਤੀ-ਪਤਨੀ ਵਿੱਚ ਤਣਾਉ, ਬੇਰੁਜ਼ਗਾਰੀ, ਘੱਟ ਰੁਜ਼ਗਾਰੀ, ਘਰ ਤੋਂ ਦੂਰੀ, ਸ਼ਹਿਰੀ ਜੀਵਨ ਦੀਆਂ ਪਰੇਸ਼ਾਨੀਆਂ, ਅਧੂਰਾ ਪਰਿਵਾਰ (ਮਾਂ ਜਾਂ ਪਿਉ ਦਾ ਨਾ ਹੋਣਾ), ਸੋਹਣੇ ਸੁਪਨੇ, ਤਲਖ਼ ਹਕੀਕਤਾਂ, ਨਸ਼ਿਆਂ ਤੱਕ ਆਸਾਨ ਪਹੁੰਚ, ਦਵਾਈਆਂ ਦਾ ਗਲਤ
ਇਸਤੇਮਾਲ ਵਗੈਰਾ-ਵਗੈਰਾ। ਇਸ ਤੋਂ ਇਲਾਵਾ ਅਪ੍ਰਤੱਖ ਕਾਰਨ ਹੋਰ ਵੀ ਹਨ ਜੋ ਕਿ ਮਨੁੱਖ ਦੇ ਅਚੇਤ ਮਨ ਵਿਚ ਦੱਬੇ ਹੋਏ ਪ੍ਰਭਾਵ ਹੀ ਜ਼ਿਆਦਾਤਰ ਮਨੁੱਖ ਨੂੰ ਕ੍ਰਿਆਸ਼ੀਲ ਕਰਦੇ ਹਨ। ਇਹ ਪ੍ਰਭਾਵ ਵੀ ਜ਼ਿਆਦਾਤਰ ਬਚਪਨ ਵੇਲੇ ਕਬੂਲੇ ਹੁੰਦੇ ਹਨ, ਜਦੋਂ ਕਿ ਬੱਚਾ ਬਹੁਤਾ ਬਿਬੇਕਸ਼ੀਲ ਨਹੀਂ ਹੁੰਦਾ ਅਤੇ ਮਾਹੌਲ ਵਿਚੋਂ ਉਸ ਨੂੰ ਬਿਬੇਕਸ਼ੀਲ ਜੁਆਬ ਨਹੀਂ ਮਿਲਦਾ।

ਇਹ ਤਿੰਨੇ ਪਹਿਲੂਆਂ ਦਾ ਸੁਮੇਲ ਹੀ, ਅਜਿਹੀ ਸਥਿਤੀ ਪੈਦਾ ਕਰਦਾ ਹੈ। ਕਿ ਵਿਅਕਤੀ ਨਸ਼ਿਆਂ ਵੱਲ ਖਿੱਚਿਆ ਜਾਂਦਾ ਹੈ।

ਕਿਸ਼ੋਰ ਅਵੱਸਥਾ : ਨਸ਼ਿਆਂ ਦੀ ਬੁਨਿਆਦ ਦਾ ਸਮਾਂ ਕਿਵੇਂ ਹੈ?

ਕਿਸ਼ੋਰ ਅਵੱਸਥਾ ਵਿਚ ਜੋ ਸਰੀਰਕ, ਮਾਨਸਿਕ ਅਤੇ ਸਮਾਜਿਕ ਤਬਦੀਲੀਆਂ ਵਾਪਰਦੀਆਂ ਹਨ ਜਾਂ ਜਿਸ ਤਰ੍ਹਾਂ ਦੀਆਂ ਸਰੀਰਕ, ਮਾਨਸਿਕ ਅਤੇ ਸਮਾਜਿਕ ਤਬਦੀਲੀਆਂ ਸਾਹਮਣੇ ਉਸ ਨੂੰ ਦੋ-ਚਾਰ ਹੋਣਾ ਪੈਂਦਾ ਹੈ, ਉਹ ਨਿਸ਼ਚਿਤ ਹੀ ਤਨਾਉਪੂਰਨ ਹੁੰਦੀਆਂ ਹਨ ਅਤੇ ਜੇਕਰ ਉਨ੍ਹਾਂ ਨੂੰ ਸਹਿਜਪੂਰਨ ਢੰਗ ਨਾਲ ਨਹੀਂ ਨਜਿੱਠਿਆ ਜਾਂਦਾ ਤਾਂ ਉਹ ਨਿਸ਼ਚਿਤ ਹੀ ਨਸ਼ਿਆਂ ਵਿਚ ਆਪਣਾ ਰਾਹ ਤਲਾਸ਼ ਕਰਦੀਆਂ ਹਨ।

ਕਿਸ਼ੋਰ ਅਵੱਸਥਾ ਦੇ ਵਿਕਾਸ ਦੇ ਦੋ ਅਹਿਮ ਪਹਿਲੂ ਹਨ :

* ਤਜਰਬੇ ਕਰਨਾ
* ਉਮਰ ਦਾ ਤਨਾਉਪੂਰਨ ਮਾਹੌਲ ਤੇ ਫਿਰ ਨਸ਼ੇ ਵੀ ਹਰ ਪਾਸੇ ਆਰਾਮ ਨਾਲ ਮਿਲ ਜਾਣ, ਤਾਂ ਇਹ ਤਿੰਨ ਪਹਿਲੂ ਨਸ਼ੇ ਦੀ ਸ਼ੁਰੂਆਤ ਕਰਨ ਵਿਚ ਸਹਾਈ ਬਣਦੇ ਹਨ।

ਨਸ਼ਿਆਂ ਦੀ ਪਹਿਲੀ ਸ਼ੁਰੂਆਤ ਬਾਰੇ ਹੋਏ ਇਕ ਸਰਵੇਖਣ ਅਨੁਸਾਰ ਨਸ਼ਿਆਂ ‘ਚ ਗ੍ਰਸਤ ਹੋਣ ਦੀ ਉਮਰ ੧੩ ਤੋਂ ੨੪ ਕੁ ਸਾਲ ਹੈ।

ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਠਵੀਂ ਤੋਂ ਦਸਵੀਂ ਤੱਕ ਦੇ ਸਮੇਂ ਵਿਚ, ਸਕੂਲ ਵਿਚ ਜਾ ਰਹੇ ਬੱਚਿਆਂ ਵਿਚ ਨਸ਼ਿਆਂ ਦੀ ਜੋ ਵਰਤੋਂ ਹੁੰਦੀ ਹੈ ਉਹ ਸੜਕ ਦੇ ਹਰ ਮੋੜ ‘ਤੇ ਮਿਲ ਜਾਂਦੇ ਹਨ ਅਤੇ ਸ਼ਰਾਬ ਦੀ ਵਰਤੋਂ, ਖਾਸ ਕਰ ਪੰਜਾਬ ਵਿਚ ਹਰ ਜਸ਼ਨ ਦੇ ਮੌਕੇ (ਜਨਮ ਦਿਨ, ਵਿਆਹ ਆਦਿ) ਹੁੰਦੀ ਦੇਖੀ ਜਾਂਦੀ ਹੈ। ਇਸੇ ਲਈ ਸ਼ਰਾਬ ਅਤੇ ਤੰਬਾਕੂ ਨੂੰ ‘ਨਸ਼ਿਆਂ ਦਾ ਪ੍ਰਵੇਸ਼ ਦਰਵਾਜ਼ਾ’ ਵੀ ਕਹਿੰਦੇ ਹਨ। ਜਦੋਂ ਵੀ ਪਹਿਲੀ ਵਾਰ ਕੋਈ ਇਨ੍ਹਾਂ ਨਸ਼ਿਆਂ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਭਾਵੇਂ ਪਤਾ ਵੀ ਹੋਵੇ ਕਿ ਇਸ ਦਾ ਆਦੀ ਹੋ ਕੇ ਨੁਕਸਾਨ ਹੋਵੇਗਾ, ਪਰ ਹਰ ਵਿਅਕਤੀ ਇਹ ਸੋਚਦਾ ਹੈ ਕਿ ਇਹ ਮੇਰੇ ਨਾਲ ਨਹੀਂ ਵਾਪਰ ਸਕਦਾ। ਇਕ ਵਾਰੀ ਤਜਰਬਾ ਕਰਕੇ ਦੇਖੀਏ ਤਾਂ ਸਹੀ ਕਿ ਹੁੰਦਾ ਕੀ ਹੈ? ਇਸੇ ਭਾਵਨਾ ਦਾ ਫਾਇਦਾ ਹੀ ਉਹ ਨੌਜਵਾਨ ਲੈਂਦੇ ਹਨ ਜੋ ਲੋਕਾਂ ਨੂੰ ਨਸ਼ਿਆਂ ਵੱਲ ਖਿੱਚ ਕੇ ਹੋਰਾਂ ਨੂੰ ਆਪਣਾ ਜੋਟੀਦਾਰ ਬਣਾਉਣਾ ਚਾਹੁੰਦੇ ਹਨ। ਸਮਕਾਲੀ ਦੋਸਤਾਂ ਦੇ ਗਰੁੱਪ ਦਾ ਦਬਾਅ ਵੀ, ਕਈ ਵਾਰ ਤਜਰਬਾ ਕਰਨ ਲਈ ਪ੍ਰੇਰਦਾ ਹੈ ਤੇ ਮਨ ਵਿਚ ਇਹੀ ਹੁੰਦਾ ਹੈ ‘ਕੀ ਹੋਣ ਲੱਗਿਐ, ਅੱਜ ਕਰ ਕੇ ਦੇਖੀਏ ਤਾਂ ਸਹੀ’।

ਪਰ ਇਕ ਸਰਵੇਖਣ ਇਹ ਵੀ ਦੱਸਦਾ ਹੈ ਕਿ ਜੇ ਸੌ ਵਿਅਕਤੀ ਤਜਰਬਾ ਕਰਨ ਲਈ ਨਸ਼ੇ ਸ਼ੁਰੂ ਕਰਨ ਤਾਂ ਉਸ ਵਿਚੋਂ ਚਾਰ ਫੀਸਦੀ ਨਸ਼ਈ (ਨਸ਼ੇ ਦੇ ਆਦੀ, ਜਿਨ੍ਹਾਂ ਨੂੰ ਭਵਿੱਖ ਵਿਚ ਨਸ਼ੇ ਛੁਡਾਉਣ ਲਈ ਉਪਰਾਲੇ ਕਰਨੇ ਪੈਣ) ਹੋ ਜਾਂਦੇ ਹਨ। ਸ਼ਰਾਬ ਅਤੇ ਤੰਬਾਕੂ ਦੇ ‘ਸਮਾਜਿਕ ਮਾਨਤਾ ਪ੍ਰਾਪਤ ਸੇਵਨ ਕਰਨ ਦੀ ਤਾਦਾਦ ਤਾਂ ਬਹੁਤ ਵੱਡੀ ਹੈ।

ਨਸ਼ਿਆਂ ਦੇ ਇਸ ਪਰਿਪੇਖ ਵਿੱਚ ਗੱਲ ਕਰੀਏ ਤਾਂ ਅੱਜ ਨੌਜਵਾਨਾਂ ਨੂੰ ਬਰਬਾਦ ਕਰਨ ਲਈ ਕਈ ਅਜਿਹੇ ਨਸ਼ੇ ਸਮੈਕ ਵਰਗੇ ਚੱਲ ਪਏ ਹਨ ਜੋ ਇੱਕ ਵਾਰੀ ਤਜਰਬਾ ਕਰਨ ਬਾਅਦ ਹੀ ਵਿਅਕਤੀ ਨੂੰ ਉਸ ਦਾ ਆਦੀ ਬਣਾ ਦਿੰਦੇ ਹਨ। ਫਿਰ ਬਰਬਾਦੀ ਤੋਂ ਇਲਾਵਾ ਪੱਲੇ ਕੁਝ ਵੀ ਨਹੀਂ ਪੈਂਦਾ ।

-ਡਾ. ਸ਼ਿਆਮ ਸੁੰਦਰ ਦੀਪਤੀ
(ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ)