views 11 secs 0 comments

ਬਾਬਾ ਫਰੀਦ ਜੀ ਦੀ ਬਾਣੀ ਦਾ ਬਨਸਪਤੀ ਪਰਿਪੇਖ

ਲੇਖ
April 28, 2026

ਬਾਬਾ ਫਰੀਦ ਜੀ ਦੀ ਬਾਣੀ ਪੰਜਾਬੀ ਲੋਕਾਂ ਦੇ ਮੂੰਹ ਉੱਤੇ ਚੜ੍ਹੀ ਹੋਈ ਹੈ। ਆਪ ਲੋਕਾਂ ਵਿਚ ਅਧਿਆਤਮਕ ਅਤੇ ਧਾਰਮਿਕ ਰੁਚੀਆਂ ਨੂੰ ਉਭਾਰਨ ਵਿਚ ਹਰਦਿਲ ਅਜ਼ੀਜ਼ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਵੀ ਬਾਬਾ ਫ਼ਰੀਦ ਜੀ ਦੀਆਂ ਫ਼ਾਰਸੀ, ਅਰਬੀ, ਰੇਖ਼ਤਾ, ਹਿੰਦਵੀ ਤੇ ਪੰਜਾਬੀ ਰਚਨਾਵਾਂ ਮਿਲ ਜਾਂਦੀਆਂ ਹਨ। ਬਾਬਾ ਫਰੀਦ ਜੀ ਦੀ ਬਾਣੀ ਦੀ ਲੋਕਪ੍ਰਿਯਤਾ ਇਸੇ ਲਈ ਵਧੇਰੇ ਉੱਭਰ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਇਹ ਡੂੰਘੇ ਰੂਹਾਨੀ ਅਨੁਭਵ ਨੂੰ ਸਰਲ ਭਾਸ਼ਾ ਤੇ ਸ਼ੈਲੀ ਵਿਚ ਪੇਸ਼ ਕਰਨ ਵਿਚ ਸਮਰੱਥ ਹੈ। ਉਨ੍ਹਾਂ ਦੀ ਰਚੀ ਬਾਣੀ ਵਿਚ ਪੰਜਾਬੀ ਮਾਂ-ਬੋਲੀ ਦਾ ਉਤਕ੍ਰਿਸ਼ਟ ਖਜ਼ਾਨਾ ਸਾਂਭਿਆ ਹੋਇਆ ਹੈ।

ਬਾਬਾ ਸ਼ੇਖ ਫਰੀਦ ਜੀ ਨੇ ਘਰੇਲੂ ਜ਼ਿੰਦਗੀ ਨਾਲ ਸੰਬੰਧਿਤ ਬਹੁਤ ਸਾਰੇ ਬਨਸਪਤੀ ਅਲੰਕਾਰ, ਚਿੰਨ੍ਹ, ਸ਼ੈਲੀ ਨੂੰ ਹੰਢਾਏ ਅਨੁਭਵ ਦੇ ਰੂਬਰੂ ਬੜੀ ਸੰਜੀਦਗੀ ਨਾਲ ਰੂਪਮਾਨ ਕੀਤਾ ਹੈ। ਜਿੱਥੇ ਬਾਬਾ ਜੀ ਨੇ ਡਾਲੀ (ਟਾਹਣੀ) ਦੀ ਗੱਲ ਕੀਤੀ ਹੈ ਉਥੇ ਪਲਵੈ (ਪੱਤਿਆਂ) ਅਤੇ ਸੂਲਾਂ (ਕੰਡਿਆਂ ਦੀਆਂ ਚੋਭਾਂ) ਨੂੰ ਵੀ ਪੇਸ਼ ਕੀਤਾ ਹੈ:

-ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ॥

– ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ॥

ਫੁੱਲ ਅਤੇ ਫਲ ਦਾ ਵਰਣਨ ਕਰਦਿਆਂ ਭਗਤ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਪਹਿਲੇ ਪਹਿਰ ਅੰਦਰ ਸਾਈਂ ਦਾ ਸਿਮਰਨ ਕਰਨ ਨਾਲ ਫੁੱਲ ਤੇ ਰਾਤ ਦੇ ਅੰਤਲੇ ਛਣ ਫਲ ਵਾਂਗ ਜਾਪਦੇ ਹਨ:

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ॥(ਅੰਗ ੧੩੮੪)

ਸਫੈਦ ਰੰਗ ਦਾ ਇਕ ‘ਕਵਲ ਦਾ ਫੁੱਲ, ਪਾਣੀ ‘ਚ ਉੱਗਿਆ ਹੁੰਦਾ ਹੈ। ਭਗਤ ਫਰੀਦ ਜੀ ਆਖਦੇ ਹਨ ਜੀਵ ਰੂਪੀ ਪੰਛੀ ਤਲਾਅ ਨੂੰ ਰੌਣਕ ਦੇਣ ਵਾਲੇ ਤੁਰ ਗਏ ਹਨ, ਤਲਾਅ ਸੁੱਕ ਗਿਆ ਹੈ, ਕੇਵਲ ਇਕੱਲਾ ‘ਕਵਲ’ ਰਹਿ ਗਿਆ ਹੈ। ਭਾਵ ਪਰਮਾਰਥ ਦੇ ਰਾਹ ‘ਤੇ ਆਖ਼ਰ ਨੂੰ ਗੁਰਮੁਖ ਹੀ ਲੱਗਦੇ ਹਨ:

ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ॥

ਗੂੜ੍ਹੇ ਸ਼ੋਖ ਲਾਲ ਰੰਗ ਦੇ ਫੁੱਲ ‘ਕਸੁੰਭੜੇ` ਦਾ ਵਰਣਨ ਵੀ ਆਇਆ ਹੈ:

ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥ (ਅੰਗ ੭੯੫)

ਭਗਤ ਫਰੀਦ ਜੀ ਦੀ ਬਾਣੀ ਵਿਚ ਗ਼ਰੀਬ ਲੋਕਾਂ ਵੱਲੋਂ ਰਿੰਨ੍ਹ ਕੇ ਅਥਵਾ ਪੀਹ
ਕੇ ਆਟੇ ਦੀ ਰੋਟੀ ਕਾਠ (ਕੋਧਰਾ) ਦਾ ਜ਼ਿਕਰ ਵੀ ਆਇਆ ਹੈ। ਕੋਧਰੇ ਦੇ ਖੇਤ ਵਿਚ (ਭਾਵ ਜਗਤ ਦੇ ਮੋਹ-ਪਿਆਰ ਵਿਚ) ਹੰਸ ਜਾ ਉਤਰਦੇ ਹਨ ਅਤੇ ਬੰਦੇ ਉਨ੍ਹਾਂ ਨੂੰ ਪਰ੍ਹੇ ਹਟਾਉਣ ਲਈ ਜਾਂਦੇ ਹਨ। ਪਰ ਗਾਫ਼ਲ ਪ੍ਰਾਣੀ ਨਹੀਂ ਜਾਣਦਾ ਕਿ ਹੰਸ ਮੋਟੇ ਅਨਾਜ ਨੂੰ ਨਹੀਂ ਖਾਂਦਾ ਨਾਲੇ ਸਾਦੇ ਭੋਜਨ ਦੀ ਸਾਰਥਕਤਾ ਦਰਸਾਉਣ ਲਈ ‘ਰੋਟੀ ਕਾਠ ਕੀ’ ਵਰਣਨ ਕਰਦੇ ਹਨ:

ਹੰਸੁ ਉਡਰਿ ਕੋਧੈ ਪਇਆ ਲੋਕੁ ਵਿਡਾਰਣਿ ਜਾਇ॥

-ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧਾ ਖਾਇ॥

-ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥

ਬਾਬਾ ਜੀ ਕਪਾਹ ਅਤੇ ਤਿਲਾਂ ਬਾਰੇ ਲਿਖਦੇ ਹਨ ਜੋ ਉਨ੍ਹਾਂ ਨਾਲ ਬੀਤੀ ਹੈ ਪਰ ਕਾਗਜ਼, ਮਿੱਟੀ ਦੇ ਭਾਂਡਿਆਂ ਅਤੇ ਕੋਇਲੇ ਦੀ ਕੀ ਦਸ਼ਾ ਹੋਈ ਹੈ, ਉਹ ਧਿਆਨ ਮੰਗਦੀ ਹੈ:

ਫਰੀਦਾ ਵੇਖ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ॥ ਕਮਾਦੈ ਅਰੁ ਕਾਗਦੈ ਕੰਨੇ ਕੋਇਲਿਆਹ॥

ਬਾਬਾ ਜੀ ਫ਼ਰਮਾਉਂਦੇ ਹਨ ਕਿ ਜ਼ਿਮੀਂਦਾਰ ਕਿੱਕਰ ਬੀਜ ਕੇ ਬਿਜੌਰ ਦੇਸ਼ ਦੇ ਅੰਗੂਰ ਭਾਲਦਾ ਫਿਰਦਾ ਹੈ:

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
(ਅੰਗ ੧੩੭੯)

ਹਿੰਗ ਇਕ ਪੌਦੇ ਤੋਂ ਰਸ ਰੂਪ ਵਿਚ ਨਿਕਲਿਆ ਗੰਧਦਾਰ ਪਦਾਰਥ ਹੈ, ਜੋ ਦਾਲ ਸਬਜ਼ੀ ਵਿਚ ਵੀ ਵਰਤਿਆ ਜਾਂਦਾ ਹੈ। ਈਰਾਨ ਅਤੇ ਅਫ਼ਗਾਨਿਸਤਾਨ ਦੀ ਸਦਾ-ਬਹਾਰ ਜੜ੍ਹੀ ਬੂਟੀ ਹੈ। ਬਾਬਾ ਫਰੀਦ ਜੀ ਆਖਦੇ ਹਨ ਜੋ ਕਸਤੂਰੀ ਦੀ ਸੁਗੰਧੀ ਭਜਨ-ਬੰਦਗੀ ਨਾਲ ਪ੍ਰਾਪਤ ਹੋਣੀ ਸੀ ਉਹ ਤਾਂ ਚਲੀ ਗਈ ਹੈ ਪਰ ਹਿੰਗ ਦੀ ਬਦਬੋ ਵਿਚ ਬੇੜ੍ਹੀ ਰਹੀ। ਭਾਵ ਜ਼ਿੰਦਗੀ ਬਣੀ ਤਾਂ ਭਗਤੀ ਲਈ ਸੀ ਪਰ ਅਣਗਹਿਲੀ ਕਰਕੇ ਸੁਹਣਾ ਮੌਕਾ ਖੁੰਝ ਗਿਆ:

ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ॥ (ਅੰਗ ੧੩੭੯)
ਤਿਲ ਦੇ ਨਿੱਕੇ ਜਿਹੇ ਬੀਜ ਵਿੱਚੋਂ ਤੇਲ ਕੱਢਿਆ ਜਾਂਦਾ ਹੈ। ਸੁਆਸਾਂ ਰੁਪੀ ਤਿਲ ਥੋੜ੍ਹੇ ਹਨ ਪਰ ਜੀਵਨ ਨੂੰ ਵਿਚਾਰ ਨਾਲ ਚਲਾਉਣਾ ਜ਼ਰੂਰੀ ਹੈ। ਜਦ ਉਹ ਮਾਲਕ ਨਿਰਮਲਤਾ ਤੇ ਮਾਸੂਮੀਅਤ ‘ਤੇ ਖੁਸ਼ ਹੁੰਦਾ ਹੈ, ਚਤੁਰਾਈਆਂ ਤੇ ਨਖਰਿਆਂ ‘ਤੇ ਨਹੀਂ ਰੀਝਦਾ, ਤਾਂ ਮੈਂ ਵੀ ਇਨ੍ਹਾਂ ਗੱਲਾਂ ਉੱਤੇ ਘੱਟ ਮਾਣ ਕਰਾਂ:

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ॥(ਅੰਗ ੧੩੭੮)

ਖਜੂਰ ਬਾਰੇ ਬਾਬਾ ਫਰੀਦ ਜੀ ਸੰਕੇਤ ਕਰਦੇ ਹਨ ਕਿ ਰੱਬ ਦੀਆਂ ਖਜੂਰਾਂ ਪੱਕੀਆਂ ਹਨ ਤੇ ਮਾਖਿਉਂ ਦੀਆਂ ਨਦੀਆਂ ਵਗਦੀਆਂ ਹਨ। ਇਨ੍ਹਾਂ ਬਹਿਸ਼ਤੀ ਚੀਜ਼ਾਂ
ਦਾ ਸਵਾਦ ਇਥੇ ਹੀ ਸਾਧ-ਸੰਗਤ ਵਿਚ ਪ੍ਰਾਪਤ ਹੋ ਸਕਦਾ ਹੈ। ਛੇਤੀ ਕਰੋ, ਉਮਰ ਲੰਘ ਰਹੀ ਹੈ:

ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨਿ॥

ਜੋ ਜੋ ਵੰਞੈ ਡੀਹੜਾ ਸੋ ਉਮਰ ਹਥ ਪਵੰਨਿ॥ (ਅੰਗ ੧੩੮੨)

ਮਜੀਠੈ ਰੰਗ ਦਾ ਵਰਣਨ ਵੀ ਭਗਤ ਫਰੀਦ ਜੀ ਦੀ ਬਾਣੀ ਵਿਚ ਅੰਕਿਤ ਹੈ।

ਇਕ ਵੇਲ ਦੀ ਡੰਡੀ ਵਿਚ ਪੱਕਾ ਲਾਲ ਰੰਗ ਹੁੰਦਾ ਹੈ। ਇਸ ਦੀਆਂ ਜੜ੍ਹਾਂ ਉਬਾਲ ਕੇ ਰੰਗ ਚੰਗਾ ਗੂੜਾ ਹੁੰਦਾ ਹੈ। ਇਹ ਇਕ ਸਦਾਬਹਾਰ ਵੇਲ ਹੈ, ਜਿਸ ਦਾ ਮੁੱਢ ਏਸ਼ੀਆ ਅਤੇ ਯੂਰਪ ਹੈ। ਬਾਬਾ ਜੀ ਨੇ ਇਸੇ ਤਰ੍ਹਾਂ ‘ਦਭੁ’ (ਘਾਹ ਦੀ ਇਕ ਕਿਸਮ) ਸਬਜ਼ੀ ਦੀਆਂ ਕੁਲੀਆਂ ‘ਗੰਦਲਾਂ’ਅਤੇ ‘ਜੰਗਲ’ ਦਾ ਵਰਣਨ ਵੀ ਕੀਤਾ ਹੈ:

-ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ॥

-ਫਰੀਦਾ ਥੀਉ ਪਵਾਹੀ ਦਭੁ॥

-ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡ ਲਿਵਾੜਿ॥

ਬਾਬਾ ਫਰੀਦ ਜੀ ਫ਼ਰਮਾਉਂਦੇ ਹਨ, ਓਹ ਗਾਫ਼ਲ ਪ੍ਰਾਣੀ ! ਤੂੰ ਵਣ-ਵਣ ਅੰਦਰ ਦਰਖ਼ਤਾਂ ਦੇ ਕੰਡੇ ਕਿਉਂ ਤੋੜਦਾ ਫਿਰਦਾ ਹੈਂ? ਰੱਬ ਤਾਂ ਤੇਰੇ ਦਿਲ ਦੇ ਅੰਦਰ ਵੱਸਦਾ ਹੈ:

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥

ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥

ਡਾ. ਜਸਬੀਰ ਸਿੰਘ ਸਰਨਾ