ਗੁਰਬਾਣੀ ਵਿਸ਼ਵ ਮਾਨਵਤਾ ਲਈ ਪੱਥ ਪ੍ਰਦਰਸ਼ਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੌਰਾਨ ਸੰਸਾਰ ਭ੍ਰਮਣ ਕਰਦਿਆਂ ਸਮੁੱਚੀ ਲੋਕਾਈ ਨੂੰ ਜੋ ਉਪਦੇਸ਼ ਦਿੱਤਾ, ਉਸ ਦਾ ਮੁੱਖ ਸਾਰ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ ਹੈ ਜਿਸ ਵਿਚ ਜੀਵਨ ਦੀ ਨੀਂਹ ਕਿਰਤ ‘ਤੇ ਹੀ ਉਸਾਰੀ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥
(ਅੰਗ ੫੨੨)
ਪ੍ਰਭੂ ਭਗਤੀ ਵੀ ਕੇਵਲ ਨਿਰੋਗ ਸਰੀਰ ਨਾਲ ਹੀ ਹੋ ਸਕਦੀ ਹੈ ਤੇ ਨਿਰੋਗਤਾ ਕੰਮ ਕਰਨ ਵਾਲੇ ਸਰੀਰ ਨੂੰ ਹੀ ਨਸੀਬ ਹੁੰਦੀ ਹੈ। ਵਿਹਲੜ ਤੇ ਨਿਕੰਮਾ ਵਿਅਕਤੀ ਕਦੀ ਵੀ ਅਰੋਗ ਨਹੀਂ ਹੋ ਸਕਦਾ। ਸਿਆਣਿਆਂ ਦੇ ਕਥਨ ਅਨੁਸਾਰ ‘ਵਿਹਲਾ ਮਨ ਸ਼ੈਤਾਨ ਦੀ ਟਕਸਾਲ’ ਹੋ ਜਾਂਦਾ ਹੈ। ਜਿਸ ਦੇ ਹੱਥ ਵਿਚ ਕੋਈ ਕਿਰਤ-ਕਾਰ ਨਹੀਂ, ਉਹ ਵਿਅਕਤੀ ਜੀਵਨ ਦੇ ਅਸਲ ਭੇਦਾਂ ਨੂੰ ਅਨੁਭਵ ਨਹੀਂ ਕਰ ਸਕਦਾ। ਦੂਜੇ ਪਾਸੇ ਕਿਰਤ ਜੀਵਨ ਨੂੰ ਰਸਿਕ ਬਣਾਉਂਦੀ ਹੈ, ਸਹਾਰਾ ਬਖਸ਼ਦੀ ਹੈ ਤੇ ਬਲ ਪ੍ਰਦਾਨ ਕਰਦੀ ਹੈ। ਨਿਰਮਾਣ ਹੋ ਕੇ ਕਿਰਤ ਕਰਦਿਆਂ, ਕਿਰਤੀ ਦਾ ਰੱਬੀ ਭਰੋਸਾ ਵੱਧਦਾ ਹੈ ਅਤੇ ਬਰਕਤਾਂ ਵੀ ਘਰ ਵਿਚ ਆ ਵਿਛਦੀਆਂ ਹਨ। ਆਪਣੇ ਕੰਮ ਵਿਚ ਰੁੱਝੇ ਜੀਵ ਨੂੰ ਮਾੜਾ ਚਿਤਵਨ ਅਤੇ ਕੰਗਾਲਤਾ ਦੇ ਮਾੜੇ ਕਰਮ ਕਰਨ ਦੀ ਸੋਚ ਦਾ ਵੀ ਸਮਾਂ ਨਹੀਂ ਲੱਗਦਾ। ਕਿਰਤ ਮਨੁੱਖ ਦੀ ਲੋੜ ਹੈ। ਇਹ ਉਸ ਦਾ ਉਸਾਰੂ ਤੇ ਉਭਾਰੂ ਕਰਮ ਹੈ।
ਕਿਰਤ ਜੀਵਨ ਨੂੰ ਉਤਸ਼ਾਹ ਤੇ ਉਮਾਹ ਬਖਸ਼ਦੀ ਹੈ। ਇਸ ਤੋਂ ਬਿਨਾ ਮਨੁੱਖੀ ਸਰੀਰ ਨਿਕੰਮਾ ਹੋ ਜਾਂਦਾ ਹੈ ਤੇ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਕਿਰਤ ਨਾਲ ਆਰਥਿਕ ਤੇ ਆਤਮਿਕ ਦੋਵੇਂ ਲਾਭ ਪ੍ਰਾਪਤ ਹੁੰਦੇ ਹਨ। ਕਿਰਤੀ ਮਨੁੱਖ ਵਾਧੂ ਚੰਚਲ ਦੌੜਾਂ ਅਤੇ ਵਿਕਾਰਾਂ ਵਿਚ ਨਹੀਂ ਫੱਸਦਾ। ਕਿਰਤ ਨੂੰ ਪੂਜਾ ਮੰਨਣ ਵਾਲੇ ਲੇਖਕ ਪ੍ਰੋ. ਪੂਰਨ ਸਿੰਘ ਲਿਖਦੇ ਹਨ ਕਿ ਜਦੋਂ ਸੁੱਚੇ ਅਤੇ ਕਸਬੀ ਹੱਥ ਧਰਮ ਈਮਾਨ ਦੀ ਤਪਾਵਸ ਵਿਚ ਸੁੱਚੀ ਕਿਰਤ ਵਿਚ ਮਗਨ ਹੁੰਦੇ ਹਨ ਤਾਂ ਮਾਨੋਂ ਅਸੰਖ ਪਾਪਾਂ ਦਾ ਖੰਡਨ ਹੋ ਰਿਹਾ ਹੁੰਦਾ ਹੈ। ਸੁੱਚੀ ਕਿਰਤ ਅਜਿਹੀ ਕਸਤੂਰੀ ਹੈ ਜੋ ਜੀਵਨ ਨੂੰ ਸੁਗੰਧਿਤ ਬਣਾ ਦਿੰਦੀ ਹੈ।
ਇਹ ਜੀਵਨ ਨੂੰ ਜਾਣਨ, ਮਾਣਨ ਅਤੇ ਆਦਰਸ਼ ਜੀਵਨ ਵਿਚ ਢਾਲਣ ਦਾ ਸ੍ਰੇਸ਼ਟ ਸੁਖ਼ਾਲਾ ਰਸਤਾ ਹੈ। ਸੁੱਚੀ ਕਿਰਤ ਕਰਨ ਵਾਲੇ ਦੇ ਹੱਥ ਪੈਰ ਆਪ- ਮੁਹਾਰੇ ਪਵਿੱਤਰ ਹੋ ਜਾਂਦੇ ਹਨ। ਮਾਨਸਿਕ ਚਿਤਵਨ ਕਿੰਨਾ ਵੀ ਉੱਚਾ ਹੋਵੇ, ਰੂਹ ਨੂੰ ਮੈਲਾ ਕਰਦਾ ਹੈ ਪਰ ਸਰੀਰ ਨਾਲ ਕੀਤੀ ਕਿਰਤ ਸਦਕਾ ਰੂਹ, ਪਿਆਰ ਤੇ ਰੱਬ ਦੀ ਰੱਬਤਾ ਵਿਚ ਜੀਉਣ ਲੱਗ ਜਾਂਦੀ ਹੈ। ਦਇਆ, ਤਿਆਗ, ਉਦਾਰਤਾ, ਰਜ਼ਾ ਆਦਿ ਮਹਾਨ ਗੁਣ ਸੱਚੀ ਕਿਰਤ ਵਿੱਚੋਂ ਹੀ ਪਨਪਦੇ ਹਨ। ਸੋ ਕਿਰਤ ਨਾਲ ਸਹਿਜੇ ਹੀ ਦੈਵੀ ਗੁਣ ਸਾਡੇ ਹਿਰਦਿਆਂ ਵਿਚ ਪ੍ਰਵੇਸ਼ ਕਰਦੇ ਹਨ। ਜਿਵੇਂ-ਜਿਵੇਂ ਇਹ ਦੈਵੀ ਗੁਣ ਜੀਵ ਦੇ ਅੰਦਰ ਸਮਾਉਂਦੇ ਜਾਂਦੇ ਹਨ ਤਿਵੇਂ ਤਿਵੇਂ ਉਹ ਜੀਵ ਪਰਉਪਕਾਰ ਲਈ ਅੱਗੇ ਆਉਂਦੇ ਹਨ। ਗੁਰਬਾਣੀ ਦਾ ਫੁਰਮਾਨ ਹੈ:
ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ॥
(ਅੰਗ ੮੧੫)
ਗੁਰੂ ਸਾਹਿਬ ਜਦੋਂ ‘ਘਾਲਿ ਖਾਇ ਕਿਛੁ ਹਥਹੁ ਦੇਇ’ ਦੀ ਗੱਲ ਕਰਦੇ ਹਨ ਤਾਂ ਇਹ ਘਾਲ ਦੁਨਿਆਵੀ ਕਿਰਤ ਵੀ ਹੈ ਅਤੇ ਇਹ ਘਾਲ ਸਿਮਰਨ ਦਾ ਰੂਪ ਵੀ ਹੈ। ਜਿਸ ਨੇ ਕੋਈ ਕਿਰਤ ਕਮਾਈ ਹੀ ਨਹੀਂ ਕੀਤੀ ਉਹ ਵੰਡੇਗਾ ਕੀ?
ਕਿਰਤੀ ਲਈ ਜਿੱਥੇ ਪਰਉਪਕਾਰ ਲਈ ਜ਼ੋਰਦਾਰ ਪ੍ਰੇਰਨਾ ਹੈ, ਉੱਥੇ ਨਿੰਦਿਆ, ਚੁਗਲੀ, ਹੰਕਾਰ ਤੋਂ ਬਚਣ ਲਈ ਟੈਗ ਵੀ ਨਾਲ ਲੱਗਾ ਹੋਇਆ ਹੈ। ਹਰ ਸਮੇਂ ਸੁਚੇਤ ਰਹਿਣ ਦੀ ਪ੍ਰੇਰਨਾ ਹੈ ਕਿ ਕਿਰਤ ਤੋਂ ਉਪਜੇ ਸ਼ੁਭ ਦੈਵੀ ਗੁਣ ਅਤੇ ਉਨ੍ਹਾਂ ਕਰਕੇ ਕੀਤੇ ਪਰਉਪਕਾਰੀ ਕਰਮ ਹੰਕਾਰ ਰਹਿਤ ਹੋਣ। ਗੁਰਬਾਣੀ ਨੇ ਕਿਰਤ ਦਾ ਵਿਹਾਰਕ ਸਰੂਪ ਦਰਸਾਇਆ ਹੈ। ਕਿਰਤ ਦਾ ਮਾਰਗ ਜੀਵਨ ਨੂੰ ਕਿਰਿਆਸ਼ੀਲ ਬਣਾਉਂਦਾ ਹੈ ਅਤੇ ਨਿੱਜਵਾਦ ਤੋਂ ਉੱਪਰ ਉਠ ਕੇ ਪਰਉਪਕਾਰ ਦਾ ਸੰਦੇਸ਼ ਦਿੰਦਾ ਹੈ। ਗੁਰੂ ਸਾਹਿਬ ਦੀ ਬਾਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਅਤੇ ਹੱਥੋਂ ਦੇਣ ਦੀ ਅਧਿਆਤਮਕ ਬਿਰਤੀ ਦੀ ਸੇਧ ਦਿੰਦੀ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਅੰਗ ੧੨੪੫)
ਠੱਗੀ-ਠੋਰੀ ਨਾਲ ਰਿਸ਼ਵਤ ਜਾਂ ਬੇਈਮਾਨੀ ਕਰ ਕੇ ਨਿਲੱਜੇ ਹੋ ਕੇ ਚੰਗਾ ਖਾਣ-ਪੀਣ, ਭੋਗਣ ਨੂੰ ਕਿਤੇ ਵੀ ਪ੍ਰਵਾਨਿਆ ਨਹੀਂ ਗਿਆ। ਗੁਰਬਾਣੀ ਨੇ ਪ੍ਰਭੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਪਤਵੰਤੇ ਹੋਣ ਦੀ ਜੀਵਨ-ਜੁਗਤ ਦਰਸਾਈ ਹੈ। ਮਾਨਵੀ ਸਮਾਨਤਾ ਅਤੇ ਸਵੈ-ਸਤਿਕਾਰ ‘ਤੇ ਆਧਾਰਿਤ ਹੱਕ ਅਤੇ ਇਨਸਾਫ਼ ਵਾਲਾ ਜੀਵਨ ਗੁਰਮਤਿ ਦੇ ਬੁਨਿਆਦੀ ਅਸੂਲ ਹਨ:
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥
(ਅੰਗ ੧੪੨)
ਗੁਰਬਾਣੀ ਵਿਚ ਹੱਕ-ਹਲਾਲ ਦੀ ਕਿਰਤ ਕਮਾਈ ਕਰਨ ‘ਤੇ ਬਲ ਦਿੱਤਾ ਗਿਆ ਹੈ। ਜ਼ਿੱਲਤ ਦੀ ਜ਼ਿੰਦਗੀ ਜੀਊਣ ਨੂੰ ਨਕਾਰਿਆ ਗਿਆ ਹੈ। ਹਰਾਮ ਦੀ ਕਮਾਈ ਨੂੰ ਮੁਸਲਮਾਨਾਂ ਲਈ ਸੂਰ ਦਾ ਮਾਸ ਖਾਣ ਅਤੇ ਹਿੰਦੂਆਂ ਨੂੰ ਗਊ ਦਾ ਮਾਸ ਖਾਣ ਦੇ ਸਮਾਨ ਦੱਸਦਿਆਂ ਪਰਾਇਆ ਹੱਕ ਅਤੇ ਮਾੜੀ ਕਮਾਈ ਕਰਨ ਤੋਂ ਸਖ਼ਤੀ ਨਾਲ ਵਰਜਿਆ ਗਿਆ ਹੈ। ਕਿਰਤ ਦਾ ਇਹ ਮਾਡਲ ਲੋਕ-ਹਿੱਤ ਅਤੇ ਅਗਾਂਹ ਵਧੂ
ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
(ਅੰਗ ੧੪੧)
ਲੋਕਾਂ ਦਾ ਲਹੂ ਚੂਸਣਾ ਕਿਰਤ ਨਹੀਂ, ਸ਼ੋਸ਼ਣ ਹੈ, ਕੁਕਿਰਤ ਹੈ:
ਗਰੀਬਾ ਉਪਰਿ ਜੇ ਖਿੰਜੈ ਦਾੜੀ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ॥ (ਅੰਗ ੧੯੯)
ਸੰਚਨ ਬਿਰਤੀ ਸੁਰਤ ਨੂੰ ਉੱਚਾ ਨਹੀਂ ਹੋਣ ਦਿੰਦੀ। ਗੁਰੂ ਸਾਹਿਬਾਨ ਨੇ ਸੁਕਿਰਤ ਦਾ ਸੰਬੰਧ ਸਮਾਜ ਦੇ ਭਲੇ ਨਾਲ ਜੋੜਿਆ ਹੈ। ਗੁਰਬਾਣੀ ਦਾ ਫੁਰਮਾਨ ਹੈ:
ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤ ਕਰੀਐ॥
(ਅੰਗ ੬੨੧)
ਜਿੱਥੇ ਗੁਰੂ ਸਾਹਿਬ ਸਵਾਸ-ਸਵਾਸ ਬੰਦਗੀ ਦੀ ਪ੍ਰੇਰਨਾ ਦਿੰਦੇ ਹਨ, ਉੱਥੇ ਨਾਲ ਹੀ ਨੇਕ-ਕਮਾਈ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ।
ਭਗਤ ਸ਼ੇਖ ਫਰੀਦ ਜੀ ਨੇ ਤਾਂ ਅਜਿਹੇ ਕੰਮਾਂ ਤੋਂ ਵੀ ਜੀਵ ਨੂੰ ਵਰਜਿਆ ਹੈ ਜੋ ਗੁਣ ਵਾਲੇ ਨਹੀਂ ਹਨ:
ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥ (ਅੰਗ ੧੩੮੧)
ਪਛਤਾਵੇ ਤੇ ਸ਼ਰਮਿੰਦਗੀ ਵਾਲੇ ਕਰਮ ਕਰਨ ਤੋਂ ਵਰਜਦਿਆਂ ਗੁਰੂ ਸਾਹਿਬ ਦਾ ਸੰਦੇਸ਼ ਹੈ:
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥
(ਅੰਗ ੯੧੮)
ਧਰਮੀ ਲੋਕਾਂ ਵੱਲੋਂ ਕਿਰਤ ਤੋਂ ਮੂੰਹ ਮੋੜਨ ਨੂੰ ਨਕਾਰਦਿਆਂ ਗੁਰੂ ਸਾਹਿਬ ਫੁਰਮਾਉਂਦੇ ਹਨ:
ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥
(ਅੰਗ ੧੨੪੫)
ਗੁਰੂ ਸਾਹਿਬ ਦਾ ਸੰਦੇਸ਼ ਤਾਂ ਮਾਨਵ ਨੂੰ ਉੱਦਮੀ ਬਣਾਉਣਾ ਹੈ ਅਤੇ ਮਿਹਨਤ ਕਰਨ ਵਾਲੇ ਪਾਸੇ ਲਾਉਣਾ ਹੈ। ਅਧਿਆਤਮਕ ਉੱਨਤੀ ਤਾਂ ਸੁਕ੍ਰਿਤ ਨਾਲ ਹੀ ਹੋਣੀ ਹੈ। ਹੱਥੀਂ ਕਿਰਤ-ਕਾਰ ਕਰਨ ਵਿਚ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਇਹ ਵਿਹਾਰਕ ਅਮਲ ਕਿਰਤੀ ਲਈ ਅਨਮੋਲ ਪ੍ਰੇਰਣਾ ਦਾ ਸ੍ਰੋਤ ਬਣਦਾ ਹੈ। ਗੁਰੂ ਸਾਹਿਬ ਨੇ ਮੱਝੀਆਂ ਚਰਾਈਆਂ, ਮੋਦੀਖ਼ਾਨੇ ਵਿਚ ਨੌਕਰੀ ਕੀਤੀ ਅਤੇ ਜੀਵਨ ਦੇ ਅੰਤਲੇ ਸਮੇਂ ਕਰਤਾਰਪੁਰ ਸਾਹਿਬ ਵਿਖੇ ਖੇਤੀ ਕੀਤੀ। ਗੁਰੂ ਸਾਹਿਬ ਨੇ ਤਾਂ ਕਿਰਤੀ ਨੂੰ ਸੰਨਿਆਸੀਆਂ ਨਾਲੋਂ ਵੱਡਾ ਸਤਿਕਾਰ ਦਿੱਤਾ ਹੈ। ਸੰਨਿਆਸੀ ਤਾਂ ਫਿਰ ਕਿਰਤੀਆਂ ਗ੍ਰਿਹਸਤੀਆਂ ਦੇ ਘਰੋਂ ਮੰਗ ਕੇ ਖਾਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁੱਚੀ ਕਿਰਤ ਦੇ ਪਿਆਰ ਵਿਚ ਕਿਰਤੀ ਭਾਈ ਲਾਲੋ ਜੀ ਦੇ ਘਰ ਦੀ ਕੋਧਰੇ ਦੀ ਰੋਟੀ ਨੂੰ ਪ੍ਰਵਾਨ ਕੀਤਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਜੇ ਸੱਜਣ ਠੱਗ ਦੇ ਘਰ ਜਾਂਦੇ ਹਨ ਤਾਂ ਉਸ ਨੂੰ ਵੀ ਸੱਚੀ-ਸੁੱਚੀ ਕਿਰਤ ਕਰਨ ਲਈ ਪ੍ਰੇਰਦੇ ਹਨ ਅਤੇ ਸੰਸਾਰੀ ਸੁੱਖਾਂ ਪਿੱਛੇ ਪਰਾਇਆ ਧਨ ਦੌਲਤ ਲੁੱਟਣ ਤੋਂ ਵਰਜਦੇ ਹਨ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਦਸਾਂ ਨਹੁੰਆਂ ਦੀ ਹੱਥੀ ਕਿਰਤ ਨੂੰ ਜੀਵਨ ਵਿਚ ਵਿਹਾਰਕ ਤੌਰ ‘ਤੇ ਅਪਣਾਇਆ। ਖਡੂਰ ਸਾਹਿਬ ਪਹੁੰਚਦੇ ਹੀ ਆਪ ਨੇ ਕਿਰਤ ਕਰਨੀ ਅਰੰਭ ਕਰ ਦਿੱਤੀ।
‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿਚ ਕੇਸਰ ਸਿੰਘ ਛਿੱਬਰ ਲਿਖਦਾ ਹੈ:
ਵਾਣੁ ਵਟ ਕਰਨ ਗੁਜਰਾਨ॥
ਬਿਨਾ ਕਿਰਤ ਆਪਣੀ ਧਾਨ ਬਿਗਾਨਾ ਨਾ ਖਾਣ॥
(ਦੂਜਾ ਚਰਣ, ਪੰਨਾ ੫੩)
ਮੁੰਞ ਦਾ ਵਾਣ ਵੱਟਣਾ ਚੰਗੀ ਮੁਸ਼ੱਕਤ ਵਾਲਾ ਕਾਰਜ ਸੀ, ਜਿਸ ਨਾਲ ਪਿੰਡੇ ਵਿੱਚੋਂ ਪਸੀਨਾ ਨਿਕਲਦਾ ਅਤੇ ਵੰਡ ਛੱਕਣ ਲਈ ਬਲ ਪ੍ਰਦਾਨ ਹੁੰਦਾ ਸੀ। ਆਪ ਜੀ ਨੇ ਗੁਰੂ ਘਰ ਵਿਚ ਦਾਨ ਵਜੋਂ ਆਈ ਅਰਦਾਸ ਭੇਟਾ, ਮਾਇਆ ਦੇ ਵਰਤਾਉ ਨੂੰ ਲੰਗਰ ਪ੍ਰਬੰਧ ਵਜੋਂ ਵਿਕਸਿਤ ਕੀਤਾ।
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਗੁਰੂ-ਘਰ ਦਾ ਦਾਨ ਖਾਣ ਤੋਂ ਵਰਜ ਰੱਖਿਆ ਸੀ। ਪਰਵਾਰ ਨੂੰ ਵੀ ਕਿਰਤ ਵਜੋਂ ਪ੍ਰਾਪਤ ਹੋਈ ਆਮਦਨ ਨਾਲ ਗੁਜ਼ਾਰਾ ਕਰਨ ਲਈ ਕਿਹਾ ਸੀ । ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸੁਕ੍ਰਿਤ ਹਿੱਤ ਘੁੰਗਣੀਆਂ ਬਣਾ ਕੇ ਵੇਚਣ ਦਾ ਵਿਹਾਰਕ ਕਰਮ ਰਿਹਾ ਹੈ। ਆਪ ਦਾ ਸੰਦੇਸ਼ ਹੈ:
ਸੁਕ੍ਰਿਤੁ ਕਰਣੀ ਸਾਰ ਜਪਮਾਲੀ॥
(ਅੰਗ ੧੧੩੪)
ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਵਸਾਉਣ ਹਿੱਤ ਸਾਰੇ ਪ੍ਰਕਾਰ ਦੇ ਕਿਰਤੀਆਂ ਨੂੰ ਇੱਥੇ ਸੱਦ ਕੇ ਵੱਖੋ-ਵੱਖਰੇ ਕਾਰੋਬਾਰਾਂ ‘ਤੇ ਲਾਇਆ ਹੈ। ਕਿਰਤ ਅਤੇ ਕਿਰਤੀ ਨੂੰ ਮਾਣ ਦੇ ਰਹੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਰਤ-ਕਾਰ ਕਰਦੇ ਭਗਤ ਸਾਹਿਬਾਨ ਦੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕੀਤਾ।
‘ਸਾਖੀ ਸਾਹਿਤ’ ਵਿਚ ਜ਼ਿਕਰ ਆਉਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਹੱਥਾਂ ਵਿੱਚੋਂ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਕਿਰਤ ਨਹੀਂ ਸੀ ਕਰਦੇ। ਲੱਗਭਗ ਸਵਾ ਸੌ ਸਾਲ ਦੀ ਉਮਰ ਭੋਗਣ ਵਾਲੇ ਬਾਬਾ ਬੁੱਢਾ ਜੀ ਕਿਰਤੀ ਹੀ ਤਾਂ ਸਨ। ਆਪ ਪਸ਼ੂਆਂ ਨੂੰ ਚਰਾਉਂਦੇ ਰਹੇ। ਇਹ ਮਿਹਨਤ ਅਨੂਪ ਘਾੜਤ ਘੜਦੀ ਹੈ। ਭਾਈ ਮੰਝ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਬਖ਼ਸ਼ੀ ਸੇਵਾ ਕਰਦੇ, ਲੰਗਰ ਲਈ ਜੰਗਲ ਵਿੱਚੋਂ ਲਕੜੀਆਂ ਲਿਆਉਂਦੇ ਹਨ ਅਤੇ ਲੰਗਰ ਵਿੱਚੋਂ ਪਰਸ਼ਾਦਾ ਛਕਦੇ ਹਨ। ਗੁਰੂ ਸਾਹਿਬ ਨੇ ਕਿਰਤ ਕਰਨ ਲਈ ਕਿਹਾ। ਹੁਣ ਭਾਈ ਮੰਝ ਜੀ ਲੰਗਰ ਲਈ ਲੱਕੜਾਂ ਤੋਂ ਵਾਧੂ ਲੱਕੜ ਜੰਗਲ ਵਿੱਚੋਂ ਲਿਆਉਂਦੇ ਅਤੇ ਇਹ ਵਾਧੂ ਲੱਕੜ ਵੇਚ ਕੇ
ਉਦਰ ਪੂਰਤੀ ਕਰਦੇ।
ਜੇਕਰ ਕੰਮ ਕਰਨ ਦਾ ਸੁਭਾਅ ਨਹੀਂ ਬਣਿਆ ਤਾਂ ਬੇਅੰਤ ਕੁਦਰਤੀ ਸੋਮਿਆਂ ਦੇ ਹੁੰਦਿਆਂ ਵੀ ਦਲਿੱਦਰੀ ਤੇ ਗਰੀਬੀ ਬਣੀ ਰਹੇਗੀ। ਜਿੱਥੇ ਸੁਕ੍ਰਿਤ ਨਹੀਂ, ਉੱਥੇ ਜੀਵਨ ਵਿੱਚੋਂ ਚੰਗੇ ਗੁਣ ਮਨਫ਼ੀ ਹੋਣਗੇ। ਜੇ ਕਿਰਤ ਨੇਕ ਹੋਵੇਗੀ ਤਾਂ ਕਿਸੇ ਵੀ ਪ੍ਰਕਾਰ ਦੀ ਕਿਰਤ ਤੋਂ ਹੀਣ-ਭਾਵਨਾ ਨਹੀਂ ਉਪਜੇਗੀ। ਕੋਈ ਵੀ ਕੰਮ ਛੋਟਾ-ਵੱਡਾ ਨਹੀਂ ਹੁੰਦਾ ਕੇਵਲ ਚੰਗਾ-ਮਾੜਾ ਹੁੰਦਾ ਹੈ, ਜੋ ਕਿਸੇ ਵਿਅਕਤੀ ਦੀ ਈਮਾਨਦਾਰੀ ‘ਤੇ ਨਿਰਭਰ ਕਰਦਾ ਹੈ। ਧਰਮ ਦੀ ਕਿਰਤ ਨੂੰ ਉੱਚਾ ਸਥਾਨ ਦਿੰਦਿਆਂ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰਸਿੱਖ:
-ਕਿਰਤਿ ਵਿਰਤਿ ਕਰਿ ਧਰਮ ਦੀ ਖਟਿ ਖਵਾਲਣੁ ਕਾਰਿ ਕਰੇਹੀ। (ਵਾਰ ੧:੩)
-ਕਿਰਤਿ ਵਿਰਤਿ ਕਰ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ।
(ਵਾਰ ੬:੧੨)
-ਕਿਰਤ ਵਿਰਤ ਕਰਿ ਧਰਮੁ ਦੀ ਲੈ ਪਰਸਾਦ ਆਣਿ ਵਰਤੰਦਾ। (ਵਾਰ ੪੦:੧੧)
ਵਰਤਮਾਨ ਸਮੇਂ ਸਾਡੀ ਬਦਕਿਸਮਤੀ ਹੈ ਕਿ ਅਸੀਂ ਗੁਰੂ ਦਰਸਾਏ ਸਿਧਾਂਤ ਨੂੰ ਨਹੀਂ ਪਾਲ ਰਹੇ। ਹੱਥੀਂ ਕੰਮ ਕਰਨ ਨੂੰ ਅੱਜ ਸ਼ਾਨ ਦੇ ਉਲਟ ਸਮਝਿਆ ਜਾਂਦਾ ਹੈ। ਵਿਕਸਿਤ ਮੁਲਕਾਂ ਦੇ ਲੋਕ ਆਪਣੇ ਹੱਥੀਂ ਕੰਮ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ ਪਰ ਅਸੀਂ ਆਪਣੇ ਹੀ ਦੇਸ਼ ਵਿਚ ਨਿਰਾਦਰ ਅਤੇ ਅਸਤਿਕਾਰ ਦਾ ਜੀਵਨ ਜੀਉਣ ਲਈ ਮਜ਼ਬੂਰ ਹਾਂ। ਬੇਗੈਰਤ ਹੋ ਕੇ ਜੀਵਨ ਜੀਉਣ ਨਾਲੋਂ ਕਿਰਤ ਕਰ ਕੇ ਸਤਿਕਾਰਤ ਅਤੇ ਸਵੈ-ਵਿਸ਼ਵਾਸੀ ਹੋਇਆ ਜਾ ਸਕਦਾ ਹੈ। ਪੱਛਮੀ ਮੁਲਕਾਂ ਵਿਚ ਬੱਚੇ ਜਿੱਥੇ ਆਪਣੇ ਪੈਰੀਂ ਖੜੇ ਹੋਣ ਲਈ ਯਤਨਸ਼ੀਲ ਹੁੰਦੇ ਹਨ, ਉੱਥੇ ਕਿਸੇ ਵੀ ਕੰਮ ਨੂੰ ਘਟੀਆ ਨਹੀਂ ਸਮਝਿਆ ਜਾਂਦਾ। ਹਾਈ ਸਕੂਲ ਜਾਂ ਕਾਲਜ ਦਾ ਹਰ ਕੋਈ ਵਿਦਿਆਰਥੀ ਕੁਝ ਨਾ ਕੁਝ ਕਮਾਈ ਕਰ ਸਕਦਾ ਹੈ। ਆਪਣੀ ਕੀਤੀ ਕਮਾਈ ਨਾਲ ਸਤਿਕਾਰ ਹੁੰਦਾ ਹੈ, ਵਿਸ਼ਵਾਸ ਵੱਧਦਾ ਹੈ ਅਤੇ ਸੁਕ੍ਰਿਤ ਕਰਨ ਦੀ ਸੂਝ ਆਉਂਦੀ ਹੈ। ਕਿਰਤ ਕਰਨਾ ਅੱਜ ਸਮੇਂ ਦੀ ਲੋੜ ਹੈ। ਸੁਆਰਥੀ ਤੋਂ ਸੇਵਾਰਥੀ ਬਣਿਆ ਜਾਵੇ ਤਾਂ ਹੀ ਨਿੱਜ ਅਤੇ ਪਰ ਦਾ ਭਲਾ ਹੋ ਸਕਦਾ ਹੈ।
ਸੋ, ਜੀਵਨ ਵਿਚ ਸਫ਼ਲਤਾ ਲਈ ਮਨੁੱਖ ਨੂੰ ਸੱਚੀ ਕਿਰਤ ਕਰਦਿਆਂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਮਨੁੱਖ ਸਵੈ-ਪੜਚੋਲ ਕਰੇ, ਆਪਣੇ ਆਪ ‘ਤੇ ਭਰੋਸਾ ਰੱਖੇ ਤੇ ਜੀਵਨ ਦਾ ਟੀਚਾ ਮਿੱਥ ਕੇ ਚੱਲੇ।
ਅਜਿਹੇ ਜੀਵ ਖੁਸ਼ੀਆਂ ਵੰਡਣ ਅਤੇ ਦੂਜਿਆਂ ਦੇ ਕੰਮ ਆਉਣ ਦੀ ਸੁੰਦਰ ਚਾਲ ਵਿਚ ਨਰੋਈ ਸ਼ਖ਼ਸੀਅਤ ਦੇ ਮਾਲਕ ਬਣਦੇ ਹਨ। ਇੰਜ ਸੁਕ੍ਰਿਤ ਅਤੇ ਸਵੈ ਦੀ ਪਛਾਣ ਜੀਵ ਨੂੰ ਸਦਾ ਚੜ੍ਹਦੀ ਕਲਾ ਵੱਲ ਲੈ ਜਾਂਦੀ ਹੈ। ਜੇ ਅਸੀਂ ਗਰੀਬੀ ਅਤੇ ਦਲਿੱਦਰ ਤੋਂ ਮੁਕਤ ਹੋਣਾ ਹੈ ਤਾਂ ਕਿਰਤ ਕਰਨ ਦੇ ਧਰਮ ਨੂੰ ਮੰਨ ਕੇ ਹੀ ਪ੍ਰਵਾਨ ਹੋਇਆ ਜਾ ਸਕਦਾ ਹੈ।
-ਡਾ. ਕਵਲਜੀਤ ਕੌਰ
